ਪੰਛੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੰਛੀ [ਨਾਂਪੁ] ਜਨੌਰ, ਪਰਿੰਦਾ, ਪੰਖੇਰੂ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11156, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪੰਛੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੰਛੀ. ਸੰਗ੍ਯਾ—ਪ (पक्षिन्). ਪੰਖਾਂ ਵਾਲਾ ਜੀਵ. ਪੰਖੇਰੂ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11060, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪੰਛੀ ਸਰੋਤ :
ਡਾ.ਸੁਰਜੀਤ ਸਿੰਘ ਢਿੱਲੋਂ, ਸਾਬਕਾ ਪ੍ਰੋਫ਼ੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪੰਛੀਆਂ ਦੀ ਆਪਣੀ ਵੱਖਰੀ ਸ਼੍ਰੇਣੀ ਹੈ, ਜਿਸ ਨੂੰ ਐਵਿਜ਼ (Aves) ਸੱਦਿਆ ਜਾਂਦਾ ਹੈ। ਇਹ ਲਾਤੀਨੀ ਸ਼ਬਦ ਹੈ, ਜਿਸ ਦੇ ਅਰਥ ਵੀ ‘ਪੰਛੀ’ ਹੀ ਹੈ। ਪੰਛੀ ਉਡਣ ਯੋਗ ਪ੍ਰਾਣੀ ਹਨ ਅਤੇ ਇਨ੍ਹਾਂ ਦੇ ਸਰੀਰ ਖੰਭਾਂ ਅੰਦਰ ਸੁਰੱਖਿਅਤ ਹਨ। ਇਨ੍ਹਾਂ ਦੀ ਸਰੀਰਕ ਬਣਤਰ ਦਾ ਕਿਰਲਿਆਂ ਦੀ ਸਰੀਰਕ ਬਣਤਰ ਵਾਲਾ ਆਧਾਰ ਹੈ। ਪੰਛੀਆਂ ਦੀਆਂ ਅਗਲੀਆਂ ਟੰਗਾਂ ਖੰਭਾਂ ਨਾਲ ਜੜੀਆਂ ਹੋਈਆਂ ਹਨ ਅਤੇ ਇਹ ਉਡਣ ਲਈ ਵਰਤੋਂ 'ਚ ਆ ਰਹੀਆਂ ਹਨ। ਪੰਛੀਆਂ ਦੀਆਂ ਪਿਛਲੀਆਂ ਟੰਗਾਂ ਉਪਰ ਚਾਪੜੀਆਂ ਉਂਜ ਹੀ ਜੜੀਆਂ ਹੋਈਆਂ ਹਨ, ਜਿਵੇਂ ਕਿ ਕਿਰਲਿਆਂ ਦੀਆਂ ਟੰਗਾਂ ਉਪਰ। ਪੰਛੀਆਂ ਦੇ ਅੰਡੇ ਵੀ ਸਖ਼ਤ ਛਿਲੜ ਦੇ ਗਿਲਾਫ ਅੰਦਰ ਲਿਪਟੇ ਹੋਏ ਹਨ। ਪੰਛੀਆਂ ਦੀ ਕਿਰਲਿਆਂ ਨਾਲ ਸਾਂਝ ਬਸ ਇਥੋਂ ਤੱਕ ਹੀ ਹੈ, ਇਸ ਤੋਂ ਅਗਾਂਹ ਨਹੀਂ ।
ਪੰਛੀ ਆਲ੍ਹਣੇ ਆਪ ਉਸਾਰਦੇ ਹਨ ਅਤੇ ਉਨ੍ਹਾਂ 'ਚ ਹੀ ਇਹ ਅੰਡੇ ਦਿੰਦੇ ਹਨ। ਫਿਰ ਦਿੱਤੇ ਅੰਡਿਆਂ ਉਪਰ ਬੈਠ ਕੇ, ਇਹ ਉਨ੍ਹਾਂ ਨੂੰ ਉਸ ਸਮੇਂ ਤੱਕ ਗਰਮਾਉਂਦੇ ਰਹਿੰਦੇ ਹਨ, ਜਦ ਤੱਕ ਚੂਜ਼ੇ ਬਾਹਰ ਨਹੀਂ ਆ ਜਾਂਦੇ। ਆਪਣੇ ਆਪ ਯੋਗ ਹੋ ਜਾਣ ਤੱਕ, ਚੁਗਾਏ ਜਾ ਰਹੇ ਚੋਗੇ ਉਪਰ ਚੂਜ਼ੇ ਪਲਦੇ ਹਨ। ਪੰਛੀ ਭਾਵੇਂ ਕਿਧਰੇ ਵੀ ਵਿਚਰਨ, ਇਨ੍ਹਾਂ ਦਾ ਸਰੀਰਕ ਤਾਪਮਾਨ ਇਕਸਾਰ ਬਣਿਆ ਰਹਿੰਦਾ ਹੈ। ਇਸੇ ਕਾਰਨ , ਨਾ ਬਰਫਾਨੀ ਖੇਤਰ ਇਨ੍ਹਾਂ ਬਿਨਾਂ ਹਨ ਅਤੇ ਨਾ ਹੀ ਤਪਦੇ ਥਲ ।
ਪੰਛੀਆਂ ਦੀ ਸੋਹਜਮਈ ਨੁਹਾਰ ਉਡਣ ਅਨੁਕੂਲ ਫਬਵੀਂ ਢਲੀ ਹੋਈ ਹੈ। ਇਨ੍ਹਾਂ ਦੇ ਸਰੀਰ ਖੰਭਾਂ ਨਾਲ ਕਜੇ ਹੋਏ ਹਨ। ਪਰਾਂ ਉਪਰਲੇ ਅਤੇ ਪੂਛ ਉਪਰਲੇ ਖੰਭ ਸਰੀਰ ਉਪਰਲੇ ਖੰਭਾਂ ਨਾਲੋਂ ਵਖਰੀ ਵੰਨਗੀ ਦੇ ਹਨ, ਇਸ ਲਈ, ਕਿਉਂਕਿ ਇਹ ਉਡਣ ਦੇ ਉਪਕਰਨ ਹਨ। ਪੰਛੀਆਂ ਦੀ ਉਭਰਵੀਂ ਹੱਡੀ ਵਾਲੀ ਛਾਤੀ ਹੈ, ਜਿਸ ਨਾਲ ਪਰਾਂ ਦੀ ਹਰਕਤ ਲਈ ਜ਼ਿੰਮੇਵਾਰ ਨਰੋਈਆਂ ਮਾਸਪੇਸ਼ੀਆਂ ਜੜੀਆਂ ਰਹਿੰਦੀਆਂ ਹਨ। ਪੰਛੀਆਂ ਦਾ ਪਿੰਜਰ ਵੀ ਜਾਲੀਦਾਰ ਹੱਡੀਆਂ ਦਾ ਬਣਿਆ ਹੋਣ ਕਰਕੇ ਬੋਝਲ ਨਹੀਂ ਅਤੇ ਇਹ ਉਡਾਰੀ 'ਚ ਵਾਧਕ ਨਹੀਂ ਹੁੰਦਾ। ਪੰਛੀਆਂ ਦੇ ਸਰੀਰ ਅੰਦਰ ਹਵਾਦਾਰ ਮੋਕਲੇ ਫੇਫੜੇ ਹਨ ਅਤੇ ਹਵਾ ਨਾਲ ਭਰੇ ਥੈਲੇ ਫੇਫੜਿਆਂ ਨਾਲੋਂ ਵਖਰੇ ਹਨ। ਪੰਛੀਆਂ ਦੀ ਸਰੀਰਕ ਵਿਉਂਤ ਅਤੇ ਸਰੀਰ ਦੀ ਤੀਰ ਜਿਹੀ ਤਿਖੀ-ਤਿਰਸ਼ੀ ਨੁਹਾਰ, ਇਨ੍ਹਾਂ ਨੂੰ ਹਵਾ 'ਚ ਛੋਹਲੀਆਂ ਹਰਕਤਾਂ ਕਰਨ ਯੋਗ ਬਣਾ ਰਹੀਆਂ ਹਨ। ਪੰਛੀ ਹਵਾ 'ਚ ਉਡਦੇ ਹੋਏ ਦੂਰ–ਦੂਰ ਤੱਕ ਦੇਖ ਸਕਦੇ ਹਨ। ਆਪਣੇ ਸ਼ਿਕਾਰ ਨੂੰ ਇਹ ਦੂਰੋਂ ਆਕਾਸ਼ ਅੰਦਰੋਂ ਹੀ ਤਾੜ ਲੈਂਦੇ ਹਨ। ਫਿਰ ਝਪਟ ਕੇ ਉਸ ਨੂੰ ਦਬੋਚ ਲੈਣਾ ਇਨ੍ਹਾਂ ਲਈ ਸਹਿਲ ਹੋ ਜਾਂਦਾ ਹੈ।
ਪੰਛੀ ਭਾਂਤ–ਭਾਂਤ ਦੇ ਦੁਆਲਿਆਂ 'ਚ ਵਿਚਰਦੇ ਹਨ, ਜਿਨ੍ਹਾਂ ਅਨੁਕੂਲ ਇਨ੍ਹਾਂ ਦੀਆਂ ਟੰਗਾਂ, ਇਨ੍ਹਾਂ ਦੇ ਪੰਜੇ , ਇਨ੍ਹਾਂ ਦੀਆਂ ਚੁੰਜਾਂ ਅਤੇ ਇਨ੍ਹਾਂ ਦੀਆਂ ਪੂਛਾਂ ਢੱਲੀਆਂ ਹੋਈਆਂ ਹਨ। ਇਨ੍ਹਾਂ ਦਿਆਂ ਖੰਭਾਂ ਦੇ ਰੰਗ ਅਤੇ ਇਨ੍ਹਾਂ ਉਪਰ ਉਕਰੇ ਰੰਗਦਾਰ ਨਮੂਨੇ ਵੀ ਦੁਆਲੇ ਅਨੁਕੂਲ ਊਦੇ ਜਾਂ ਭੜਕੀਲੇ ਹੁੰਦੇ ਹਨ। ਸ਼ਿਕਾਰੀ ਪੰਛੀ, ਉਕਾਬ ਦੀ ਤਿਖੀ ਅਤੇ ਕੁੰਢੀ ਚੁੰਜ ਹੈ, ਜਿਹੜੀ ਕਿ ਬੋਟੀਆਂ ਚੂੰਢਣ ਲਈ ਬਣੀ ਹੋਈ ਹੈ। ਇਸ ਪੰਛੀ ਦੇ ਪੰਜੇ ਵੀ ਤਿਖੀਆਂ ਨਹੁੰਦਰਾਂ ਜੜੇ ਹਨ, ਜਿਹੜੇ ਸ਼ਿਕਾਰ ਨੂੰ ਫੱਟੜ ਕਰਕੇ, ਉਸ ਨੂੰ ਦਬੋਚ ਲੈਣ ਲਈ ਢੱਲੇ ਹੋਏ ਹਨ। ਉਧਰ, ਬਤਖ਼ ਅਤੇ ਮੁਰਗ਼ਾਬੀ ਦਾ ਸਰੀਰ ਅਤੇ ਇਨ੍ਹਾਂ ਦੇ ਪੰਜੇ ਪਾਣੀ 'ਚ ਤਿਰਨ ਅਨੁਕੂਲ ਵਿਕਸਿਤ ਹੋਏ ਹਨ। ਇਹ ਪੰਛੀ ਟੁੱਭੀ ਮਾਰ ਕੇ ਪਾਣੀ ਚੋਂ ਖ਼ੁਰਾਕ ਪ੍ਰਾਪਤ ਕਰਨ ਦੇ ਆਦੀ ਹਨ। ਪੈਂਗੁਇਨ ਵੀ ਛੋਹਲੇ ਤਿਰਦੇ ਪੰਛੀ ਹਨ, ਜਿਹੜੇ ਦੇਰ ਤੱਕ ਪਾਣੀ ਅੰਦਰ ਰਹਿ ਸਕਦੇ ਹਨ ਅਤੇ ਇਹ ਪਾਣੀ ਅੰਦਰ ਹੀ ਮੱਛੀਆਂ ਦਾ ਸ਼ਿਕਾਰ ਕਰਦੇ ਹਨ। ਪੈਂਗੁਇਨ ਪਰ ਉਡ ਨਹੀਂ ਸਕਦੇ। ਪੈਂਗੁਇਨ ਵਾਂਗ ਸ਼ੁਤਰਮੁਗ ਵੀ ਨਾ ਉਡਣ ਵਾਲਾ ਪੰਛੀ ਹੈ, ਜਿਹੜਾ ਪਰ ਨੱਠਦਾ ਤੇਜ਼ ਹੈ।
ਜਿਹੜੇ ਸ਼ਿਕਾਰ ਨਹੀਂ ਕਰਦੇ, ਉਨ੍ਹਾਂ ਪੰਛੀਆਂ ਦੀ ਖ਼ੁਰਾਕ ਗਿਰੀਆਂ ਹਨ, ਫਲ ਹਨ, ਦਾਣੇ ਹਨ, ਕੀਟ ਹਨ ਅਤੇ ਮਲ੍ਹੱਪ ਹਨ। ਪੰਛੀਆਂ ਦੀਆਂ ਚੁੰਜਾਂ 'ਚ ਦੰਦ ਨਹੀਂ ਹਨ ਅਤੇ ਇਹ ਆਪਣੀ ਖ਼ੁਰਾਕ ਨਿਗਲ ਕੇ ਪੋਟੇ ਅੰਦਰ ਭਰ ਲੈਂਦੇ ਹਨ। ਪੋਟੇ ਦੀਆਂ ਮਜ਼ਬੂਤ ਮਾਸਪੇਸ਼ੀਆਂ ਇਕੱਤਰ ਹੋਈ ਖ਼ੁਰਾਕ ਨੂੰ ਦਰੜ ਕੇ ਮਲੀਦਾ ਬਣਾ ਦਿੰਦੀਆਂ ਹਨ। ਪੋਟੇ ਦੀਆਂ ਮਾਸਪੇਸ਼ੀਆਂ, ਇਸ ਪ੍ਰਕਾਰ, ਦੰਦਾਂ ਦੀ ਕਿਰਿਆ ਪੂਰੀ ਕਰਦੀਆਂ ਹੋਈਆਂ ਖ਼ੁਰਾਕ ਨੂੰ ਪਾਚਨ ਯੋਗ ਬਣਾ ਦਿੰਦੀਆਂ ਹਨ।
ਅਜਿਹੇ ਪੰਛੀ ਹਨ, ਜਿਹੜੇ ਪ੍ਰਵਾਸ ਕਰਨ ਦੇ ਆਦੀ ਹਨ। ਪ੍ਰਵਾਸ ਕਰਦੇ ਪੰਛੀ, ਲੰਬੇ ਪੈਂਡੇ ਤਐ ਕਰਕੇ, ਆਪਣੀ ਮੰਜ਼ਿਲ ਤੇ ਪੁੱਜਦੇ ਹਨ। ਸਰਦੀ ਰੁੱਤੇ ਖ਼ੁਰਾਕ ਦੀ ਥੁੜ੍ਹ ਹੋ ਜਾਣ ਕਰਕੇ ਪੰਛੀ ਆਪਣੇ ਟਿਕਾਣਿਆਂ ਨੂੰ ਤਿਆਗ ਕੇ, ਅਜਿਹੇ ਸਥਾਨ ਸਰਦੀ ਲੰਘਾਉਣ ਲਈ ਚੁਣ ਲੈਂਦੇ ਹਨ, ਜਿਥੇ ਖ਼ੁਰਾਕ ਦੀ ਥੁੜ੍ਹ ਨਹੀਂ ਹੁੰਦੀ। ਇਸੇ ਮੰਤਵ ਨਾਲ ਪੰਛੀ ਪ੍ਰਵਾਸ ਕਰਦੇ ਹਨ।
ਪੰਛੀ ਸੁਰੀਲੇ ਸ੍ਵਰ ਅਲਾਪਣ ਯੋਗ ਵੀ ਹਨ। ਕੋਇਲ ਅਤੇ ਪਪੀਹਾ ਤਾਂ ਜਾਣੇ ਹੀ ਸੁਰੀਲੇ ਸ੍ਵਰਾਂ ਕਰਕੇ ਹਨ। ਸੁਰੀਲੇ ਸ੍ਵਰ ਇਹ ਪ੍ਰਜਣਨ ਰੁੱਤੇ ਅਲਾਪਦੇ ਹਨ। ਮੋਰ ਵੀ, ਪ੍ਰਜਣਨ ਰੁੱਤੇ ਹੀ, ਆਪਣੇ ਮਨਮੋਹਣੇ ਰੰਗਾਂ ਨੂੰ ਪ੍ਰਦਰਸ਼ਿਤ ਕਰਨ ਲਈ ਪੈਲ ਪਾਉਂਦਾ ਹੈ। ਅਜਿਹਾ ਕੁਝ ਇਹ ਮੋਰਨੀਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਕਰਦਾ ਹੈ।
ਲੇਖਕ : ਡਾ. ਸੁਰਜੀਤ ਸਿੰਘ ਢਿੱਲੋਂ,
ਸਰੋਤ : ਡਾ.ਸੁਰਜੀਤ ਸਿੰਘ ਢਿੱਲੋਂ, ਸਾਬਕਾ ਪ੍ਰੋਫ਼ੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 11044, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-17, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First