ਪੰਜਾਬੀ ਨਾਟਕ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪੰਜਾਬੀ ਨਾਟਕ: ਕੁਝ ਹੋਰ ਸਾਹਿਤ ਰੂਪਾਂ ਵਾਂਗ ਪੰਜਾਬੀ ਨਾਟਕ ਵੀ ਪੱਛਮੀ ਸਾਹਿਤ ਅਤੇ ਸਿੱਖਿਆ ਦੇ ਪ੍ਰਭਾਵ ਅਧੀਨ ਅਰੰਭ ਹੋਇਆ। ਹਾਲਾਂ ਕਿ ਸਾਡੇ ਪਾਸ ਪ੍ਰਭਾਵਸ਼ਾਲੀ ਲੋਕ-ਨਾਟ ਪਰੰਪਰਾ ਸੀ। ਮਰਾਸੀ, ਭੰਡ, ਬਾਜ਼ੀਗਰ, ਰਾਸਧਾਰੀਏ, ਨਕਲੀਏ, ਸਵਾਂਗੀ ਆਦਿ ਦਾ ਲੋਕ-ਨਾਟ ਪਰੰਪਰਾ ਵਿੱਚ ਵੱਡਮੁਲਾ ਯੋਗਦਾਨ ਰਿਹਾ ਹੈ। ਪਰੰਤੂ ਲੋਕ ਨਾਟਕ ਅਤੇ ਰੰਗ-ਮੰਚ ਦੀ ਕਿਸੇ ਬੱਝਵੀਂ ਪਰੰਪਰਾ ਦੀ ਥੁੜ੍ਹ ਕਾਰਨ ਪੰਜਾਬੀ ਨਾਟਕ ਦਾ ਇਤਿਹਾਸ ਧੁੰਦਲਾ ਅਤੇ ਅਸਪਸ਼ਟ ਹੈ।

     ਹਰਚਰਨ ਸਿੰਘ ਪੰਜਾਬੀ ਨਾਟਕ ਨੂੰ ਸਿੰਧ ਘਾਟੀ ਦੀ ਸੱਭਿਅਤਾ ਨਾਲ ਜੋੜ ਕੇ ਵੇਖਦਾ ਹੈ ਜੋ ਬਹੁਤਾ ਠੀਕ ਨਹੀਂ। ਨਾਟਕ ਰਤਨਾਕਰ ਦਾ ਲੇਖਕ ਪਿਆਰਾ ਸਿੰਘ ਗਿੱਲ ਪੰਜਾਬੀ ਨਾਟਕ ਦਾ ਅਰੰਭ ਗੁਰੂ ਗੋਬਿੰਦ ਸਿੰਘ ਰਚਿਤ ਬਚਿਤ੍ਰ ਨਾਟਕ ਨਾਲ ਜੋੜਦਾ ਹੈ। ਨਾਲ ਹੀ ਉਹ ਜੈ ਕ੍ਰਿਸ਼ਨ ਮਿਸਰ ਦੇ ਨਾਟਕ ਸੁਪਨ ਨਾਟਕ ਵਲ ਵੀ ਸੰਕੇਤ ਕਰਦਾ ਹੈ। ਪਰ ਇਹਨਾਂ ਰਚਨਾਵਾਂ ਦੇ ਕੇਵਲ ਨਾਂ ਹੀ ਨਾਟਕ ਹਨ। ਇਹ ਨਾਟ ਕਿਰਤਾਂ ਨਹੀਂ। 1887-88 ਵਿੱਚ ਐਸ.ਐਸ. ਬਚਿਤ ਰਚਿਤ ਇਕਾਂਗੀ ਨੁਮਾ ਨਾਟਕ ਮਲਕਾ ਅਸਤਰ ਨੂੰ ਵੀ ਨਾਟਕੀ ਦ੍ਰਿਸ਼ਟੀ ਤੋਂ ਕੋਈ ਵਧੇਰੇ ਮਹੱਤਵ ਨਹੀਂ ਦਿੱਤਾ ਜਾ ਸਕਦਾ। ਇਸ ਤਰ੍ਹਾਂ ਉਨ੍ਹੀਵੀਂ ਸਦੀ ਦੇ ਅੰਤ ਤਕ ਪੰਜਾਬੀ ਵਿੱਚ ਕੋਈ ਵੀ ਮੌਲਿਕ ਪੂਰਾ ਨਾਟਕ ਨਹੀਂ। 1899 ਵਿੱਚ ਡਾ. ਚਰਨ ਸਿੰਘ ਨੇ ਕਾਲੀਦਾਸ ਦੀ ਪ੍ਰਸਿੱਧ ਰਚਨਾ ਸ਼ਕੁੰਤਲਾ ਦਾ ਪੰਜਾਬੀ ਅਨੁਵਾਦ ਪ੍ਰਕਾਸ਼ਿਤ ਕੀਤਾ। ਇਸ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਵਿੱਚ ਪਹਿਲਾ ਪੂਰਾ ਨਾਟਕ ਅਨੁਵਾਦਿਤ ਰਚਨਾ ਹੈ। ਪੰਜਾਬੀ ਵਿੱਚ ਇੱਕ ਮੌਲਿਕ ਨਾਟਕ ਬਾਵਾ ਬੁੱਧ ਸਿੰਘ ਨੇ 1909 ਵਿੱਚ ਚੰਦਰ ਹਰੀ ਲਿਖਿਆ। ਪੰਜਾਬੀ ਵਿੱਚ ਪੱਛਮੀ ਤਕਨੀਕ ਅਨੁਸਾਰ ਸਾਹਿਤਿਕ ਪੱਧਰ ਤੇ ਸੁਚੇਤ ਰੂਪ ਵਿੱਚ ਰੰਗ- ਮੰਚੀ ਦ੍ਰਿਸ਼ਟੀ ਤੋਂ ਨਾਟਕ ਲਿਖਣ ਦਾ ਮੁੱਢ ਵੀਹਵੀਂ ਸਦੀ ਦੇ ਅਰੰਭ ਵਿੱਚ ਬੱਝਾ ਕਿਹਾ ਜਾ ਸਕਦਾ ਹੈ। ਨੋਰ੍ਹਾ ਰਿਚਰਡਜ਼ ਦੀ ਪ੍ਰੇਰਨਾ ਸਦਕਾ ਪੰਜਾਬੀ ਵਿੱਚ ਪਹਿਲਾ ਪੂਰਾ ਨਾਟਕ ਆਈ.ਸੀ. ਨੰਦਾ ਦੇ ਇਕਾਂਗੀ ਸੁੱਭਦਰਾ ਨੂੰ ਹੀ ਮੰਨਿਆ ਜਾਂਦਾ ਹੈ।

     ਪਿਛਲੇ ਸੌ ਸਾਲਾਂ ਵਿੱਚ ਪੰਜਾਬੀ ਨਾਟਕ ਦੇ ਪਸਾਰ ਵਿੱਚ ਪੰਜਾਬੀ ਨਾਟਕਕਾਰਾਂ ਦੀਆਂ ਤਿੰਨ ਮੁੱਖ ਪੀੜ੍ਹੀਆਂ ਕਾਰਜਸ਼ੀਲ ਰਹੀਆਂ ਹਨ। ਪਹਿਲੀ ਪੀੜ੍ਹੀ ਵਿੱਚ ਆਈ.ਸੀ. ਨੰਦਾ, ਹਰਚਰਨ ਸਿੰਘ, ਸੰਤ ਸਿੰਘ ਸੇਖੋਂ, ਬਲਵੰਤ ਗਾਰਗੀ, ਗੁਰਦਿਆਲ ਸਿੰਘ ਖੋਸਲਾ, ਅਮਰੀਕ ਸਿੰਘ ਅਤੇ ਗੁਰਦਿਆਲ ਸਿੰਘ ਫੁੱਲ ਦੇ ਨਾਂ ਸ਼ਾਮਲ ਕੀਤੇ ਜਾ ਸਕਦੇ ਹਨ। ਸੁਰਜੀਤ ਸਿੰਘ ਸੇਠੀ, ਹਰਸ਼ਰਨ ਸਿੰਘ, ਕਪੂਰ ਸਿੰਘ ਘੁੰਮਣ, ਗੁਰਚਰਨ ਸਿੰਘ ਜਸੂਜਾ, ਪਰਿਤੋਸ਼ ਗਾਰਗੀ ਦੂਸਰੀ ਪੀੜ੍ਹੀ ਦੇ ਨਾਟਕਕਾਰ ਹਨ। ਪੰਜਾਬੀ ਨਾਟਕਕਾਰਾਂ ਦੀ ਤੀਸਰੀ ਪੀੜ੍ਹੀ ਵਿੱਚ ਆਤਮਜੀਤ, ਅਜਮੇਰ ਔਲਖ, ਗੁਰਸ਼ਰਨ ਸਿੰਘ, ਚਰਨਦਾਸ ਸਿੱਧੂ, ਰਵਿੰਦਰ ਰਵੀ ਆਦਿ ਸ਼ਾਮਲ ਹਨ। ਸਮਕਾਲ ਵਿੱਚ ਮਨਜੀਤਪਾਲ ਕੌਰ, ਪਾਲੀ ਭੁਪਿੰਦਰ, ਦਵਿੰਦਰ ਕੁਮਾਰ, ਪ੍ਰੀਤ ਮਹਿੰਦਰ ਸੇਖੋਂ, ਸਤੀਸ਼ ਵਰਮਾ ਅਤੇ ਸਵਰਾਜ ਬੀਰ ਆਦਿ ਪੰਜਾਬੀ ਨਾਟਕ ਲਿਖ ਰਹੇ ਹਨ।

     ਆਈ. ਸੀ. ਨੰਦਾ ਨੇ 1913 ਵਿੱਚ ਪੰਜਾਬੀ ਦਾ ਸਭ ਤੋਂ ਪਹਿਲਾ ਇਕਾਂਗੀ ਦੁਲਹਨ (ਸੁਹਾਗ) ਲਿਖਿਆ। ਇਨਾਮੀ ਮੁਕਾਬਲੇ ਲਈ ਲਿਖੇ ਇਸ ਇਕਾਂਗੀ ਨਾਲ ਪੰਜਾਬੀ ਵਿੱਚ ਰੰਗ-ਮੰਚੀ ਦ੍ਰਿਸ਼ਟੀ ਤੋਂ ਨਾਟਕ ਲਿਖਣ ਦੀ ਪਿਰਤ ਪਾਈ। 1914 ਵਿੱਚ ਦੁਲਹਨ ਮੰਚ ਉਪਰ ਸਫਲਤਾ ਸਹਿਤ ਖੇਡਿਆ ਗਿਆ। ਮਿਸਿਜ਼ ਨੋਰ੍ਹਾ ਰਿਚਰਡਜ਼ ਦੀ ਅਗਵਾਈ ਹੇਠ ‘ਸਰਸਵਤੀ ਸਟੇਜ ਸੁਸਾਇਟੀ’ ਦੀ ਸਥਾਪਨਾ ਹੋਈ। ਇਸ ਦ੍ਰਿਸ਼ਟੀ ਤੋਂ ਮਿਸਿਜ਼ ਨੋਰ੍ਹਾ ਰਿਚਰਡਜ਼ ਨੂੰ ਪੰਜਾਬੀ ਨਾਟਕ ਦੀ ਪ੍ਰੇਰਨਾ ਅਤੇ ਆਈ. ਸੀ. ਨੰਦਾ ਨੂੰ ਪੰਜਾਬੀ ਨਾਟਕ ਦਾ ਮੋਢੀ ਸਵੀਕਾਰਿਆ ਗਿਆ ਹੈ। ਪੰਜਾਬੀ ਨਾਟਕ ਨੇ ਸੰਸਕ੍ਰਿਤ ਨਾਟਕ ਦੇ ਤੱਤ ਵੀ ਕਬੂਲੇ ਹਨ ਅਤੇ ਲੋਕ-ਨਾਟ ਪਰੰਪਰਾ ਅਤੇ ਪਾਰਸੀ ਥੀਏਟਰੀਕਲ ਕੰਪਨੀਆਂ ਤੋਂ ਪ੍ਰਭਾਵਿਤ ਵੀ ਰਿਹਾ ਹੈ। ਵੱਖ-ਵੱਖ ਦੌਰ ਦੇ ਨਾਟਕਕਾਰ ਸਮਾਜਿਕ ਸਥਿਤੀਆਂ, ਰਾਜਸੀ ਘਟਨਾਵਾਂ ਅਤੇ ਸਾਹਿਤਿਕ ਲਹਿਰਾਂ ਤੋਂ ਪ੍ਰਭਾਵਿਤ ਵੀ ਹੁੰਦੇ ਰਹੇ ਹਨ। ਸੰਚਾਰ ਦੀ ਦ੍ਰਿਸ਼ਟੀ ਤੋਂ ਪੰਜਾਬੀ ਨਾਟਕ ਨੇ ਨਵੀਆਂ ਨਾਟ-ਸ਼ੈਲੀਆਂ, ਨਵੇਂ ਰੂਪਾਂ ਅਤੇ ਨਵੇਂ-ਨਵੇਂ ਰੰਗ-ਮੰਚੀ ਢੰਗਾਂ ਨੂੰ ਵੀ ਅਪਣਾਇਆ ਹੈ। ਪੰਜਾਬੀ ਨਾਟਕ ਦਾ ਮੁੱਢ ‘ਧਾਰਮਿਕ ਸੁਧਾਰ’ ਦੀ ਥਾਂ ਸਮਾਜਿਕ ਸਰੋਕਾਰਾਂ ਦੇ ਪ੍ਰਸੰਗ ਵਿੱਚ ਬੱਝਾ ਅਰਥਾਤ ਪੰਜਾਬੀ ਨਾਟਕ ਦਾ ਮੁਢਲਾ ਚਰਿੱਤਰ ਸਥਿਤੀਆਂ ਦੀ ਸਮਾਜਿਕ ਵਿਆਖਿਆ ਅਤੇ ਪ੍ਰਗਤੀਸ਼ੀਲ ਪਹੁੰਚ ਸੀ। ਪਰ ਹੌਲੀ-ਹੌਲੀ ਪੰਜਾਬੀ ਨਾਟਕ ਸਮਾਜਿਕ ਵਿਆਖਿਆ ਤੋਂ ਸਮੱਸਿਆਵਾਂ ਦੇ ਮਨੋਵਿਗਿਆਨਿਕ ਚਿਤਰਨ ਰਾਹੀਂ ਰਾਜਸੀ ਚੇਤਨਾ ਵਾਲਾ ਚਰਿੱਤਰ ਗ੍ਰਹਿਣ ਕਰ ਗਿਆ। ਪੰਜਾਬੀ ਨਾਟਕ ਵਿੱਚ ਰਾਜਸੀ ਵਿਆਖਿਆ ਦਾ ਸਿਲਸਿਲਾ ਸੰਤ ਸਿੰਘ ਸੇਖੋਂ ਦੇ ਨਾਟਕ ਕਲਾਕਾਰ (1946) ਰਾਹੀਂ ਅਰੰਭ ਹੋਇਆ ਅਤੇ ਅਜਮੇਰ ਸਿੰਘ ਅਤੇ ਚਰਨ ਦਾਸ ਸਿੱਧੂ ਰਾਹੀਂ ਸਿਖਰ ਗ੍ਰਹਿਣ ਕਰਦਾ ਹੈ।

     ਲਗਪਗ 70 ਸਾਲ ਤੱਕ ਪੰਜਾਬੀ ਨਾਟਕ ਪੂਰੇ ਨਾਟਕ ਜਾਂ ਇਕਾਂਗੀ ਦੇ ਰੂਪ ਵਿੱਚ ਹੀ ਰਚਿਆ ਜਾਂਦਾ ਰਿਹਾ। ਪਰੰਤੂ ਰੰਗ-ਮੰਚੀ ਲਹਿਰ ਨੇ ਪੰਜਾਬੀ ਨਾਟਕ ਦੇ ਨਵੇਂ ਸਰੂਪ ਅਤੇ ਨਵੇਂ ਆਧਾਰ ਸਿਰਜੇ ਹਨ। ਹੁਣ ਪੰਜਾਬੀ ਨਾਟਕ ਵਿੱਚ ਲਘੂ ਨਾਟਕ, ਬਾਲ ਨਾਟਕ, ਸੰਗੀਤ ਨਾਟਕ, ਕਾਵਿ ਨਾਟਕ, ਨੁਕੜ ਨਾਟਕ ਆਦਿ ਕਈ ਰੂਪ ਪ੍ਰਚਲਿਤ ਹੋ ਗਏ ਹਨ। ਇਹਨਾਂ ਵਿੱਚੋਂ ਨੁਕੜ ਨਾਟਕ ਦਾ ਵਿਸ਼ੇਸ਼ ਮਹੱਤਵ ਹੈ। ਇਸ ਤਰ੍ਹਾਂ ਪੰਜਾਬੀ ਨਾਟਕ ਦੀ ਵਸਤੂ ਸਥਿਤੀ ਸੰਤੁਸ਼ਟੀ ਵਾਲੀ ਹੈ। ਕਈ ਤਰ੍ਹਾਂ ਦੀਆਂ ਨਾਟ- ਸ਼ੈਲੀਆਂ ਅਤੇ ਨਾਟ-ਪ੍ਰਵਿਰਤੀਆਂ ਪੰਜਾਬੀ ਨਾਟਕ ਵਿੱਚ ਪ੍ਰਵੇਸ਼ ਕਰਦੀਆਂ ਰਹੀਆਂ ਹਨ। 1960 ਤੋਂ ਪਹਿਲਾਂ ਯਥਾਰਥਵਾਦੀ ਨਾਟ ਸ਼ੈਲੀ ਪ੍ਰਮੁਖ ਸੀ। 1960 ਤੋਂ ਮਗਰੋਂ ਐਬਸਰਡ ਥੀਏਟਰ, ਐਪਿਕ ਥੀਏਟਰ, ਜ਼ੁਲਮ ਦਾ ਥੀਏਟਰ ਆਦਿ ਪ੍ਰਭਾਵ ਪੰਜਾਬੀ ਨਾਟਕ ਨੇ ਕਬੂਲੇ ਹਨ।

     ਰੰਗ-ਮੰਚ ਦੀ ਦ੍ਰਿਸ਼ਟੀ ਤੋਂ ਪੰਜਾਬੀ ਨਾਟਕ ਦੀ ਸਥਿਤੀ ਆਸ਼ਾਜਨਕ ਰਹੀ ਹੈ। ਪਹਿਲਾਂ ਜਿੱਥੇ ਨਾਟਕ ਲਈ ‘ਰੰਗ- ਮੰਚ’ ਦੀ ਘਾਟ ਸੀ ਹੁਣ ਰੰਗ-ਮੰਚ ਲਈ ਨਾਟਕ ਦੀ ਘਾਟ ਰੜਕਦੀ ਹੈ। ਕਵਿਤਾ, ਕਹਾਣੀ, ਨਾਵਲ ਆਦਿ ਦੇ ਰੂਪਾਂਤਰਨ ਰਾਹੀਂ ਇਸੀ ਘਾਟ ਨੂੰ ਪੂਰਾ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬੀ ਨਾਟਕ ਨਾਟਕੀ ਪ੍ਰਯੋਗਾਂ ਰਾਹੀਂ ਨਵੇਂ ਪਸਾਰ ਗ੍ਰਹਿਣ ਕਰ ਰਿਹਾ ਹੈ। ਇੱਕ-ਇੱਕ ਪਾਤਰੀ ਨਾਟਕ, ਅਨਾਟਕ, ਅਬੋਲ ਨਾਟਕ ਆਦਿ ਨਾਟਕੀ ਸਰੂਪ ਵੀ ਪੰਜਾਬੀ ਨਾਟਕ ਵਿੱਚ ਪ੍ਰਵੇਸ਼ ਕਰ ਚੁੱਕੇ ਹਨ। ਪੰਜਾਬੀ ਨਾਟਕ ਸ਼ੁਰੂ ਤੋਂ ਹੀ ਸ਼ੌਕੀਆ ਰੰਗ-ਮੰਚ ਵਜੋਂ ਪ੍ਰਵਾਨ ਚੜ੍ਹਿਆ ਹੈ। ਹੌਲੀ-ਹੌਲੀ ਕਸਬੀ ਰੰਗ-ਮੰਚ ਵੀ ਆ ਰਿਹਾ ਹੈ।

     ਅੱਜ ਦੀ ਸਥਿਤੀ ਵਿੱਚ ਮੀਡੀਆ ਦੀ ਵੰਗਾਰ ਪੰਜਾਬੀ ਨਾਟਕ ਸਾਮ੍ਹਣੇ ਪ੍ਰਸ਼ਨ ਚਿੰਨ੍ਹ ਬਣ ਕੇ ਖੜੀ ਹੈ। ਮੁੱਖ ਵੰਗਾਰ ਇਹ ਹੈ ਕਿ ਕੀ ਪਰੰਪਰਿਕ ਰੰਗ-ਮੰਚੀ ਦ੍ਰਿਸ਼ ਵਿਭਿੰਨ ਵੇਰਵਿਆਂ ਨਾਲ ਭਰਪੂਰ ਸਕਰੀਨ ਦ੍ਰਿਸ਼ ਦਾ ਮੁਕਾਬਲਾ ਕਰ ਸਕੇਗਾ? ਚਿੰਤਾ ਦਾ ਵਿਸ਼ਾ ਇਹ ਹੈ ਕਿ ਪਹਿਲਾਂ ਤੋਂ ਹੀ ਨਾਟਕ ਅਤੇ ਰੰਗ-ਮੰਚ ਤੋਂ ਬੇਮੁੱਖ ਦਰਸ਼ਕ ਕਿਤੇ ਨਾਟਕ ਤੋਂ ਨਿਰਲੇਪ ਹੀ ਨਾ ਹੋ ਜਾਣ। ਇਸ ਲਈ ਵਧੇਰੇ ਸੁਚੇਤ ਹੋਣ ਅਤੇ ਪੰਜਾਬੀ ਨਾਟਕ ਦੇ ਨਵੇਂ ਪਸਾਰ ਖੋਲ੍ਹਣ ਦੀ ਲੋੜ ਹੈ।


ਲੇਖਕ : ਡੀ.ਬੀ. ਰਾਏ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 20711, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.