ਪੰਜਾਬੀ ਸਭਿਆਚਾਰ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਪੰਜਾਬੀ ਸਭਿਆਚਾਰ : ਪੰਜਾਬੀ ਸਭਿਆਚਾਰ ਇਕ ਅਜਿਹਾ ਸੰਕਲਪ ਹੈ ਜਿਸ ਦਾ ਸਬੰਧ ਪੰਜਾਬ ਨਾਂ ਦੇ ਭੂਗੋਲਿਕ ਖਿੱਤੇ, ਇਸ ਖੇਤਰ ਦੀ ਸਥਾਨਕ ਭਾਸ਼ਾ ਪੰਜਾਬੀ, ਇਥੋਂ ਦੇ ਜਨਸਮੂਹ ਦੀ ਜੀਵਨ-ਜਾਚ, ਕਦਰਾਂ ਕੀਮਤਾਂ, ਵਿਸ਼ੇਸ਼ ਵਰਤਾਰੇ ਅਤੇ ਅਜਿਹੇ ਅੰਸ਼ਾਂ ਤੇ ਗੁਣਾਂ ਨਾਲ ਹੈ ਜਿਹੜੇ ਇਸ ਨੂੰ ਭਾਰਤ ਦੀਆਂ ਦੂਜੀਆਂ ਕੌਮੀਅਤਾਂ ਤੋਂ ਨਿਖੜਦੇ ਹਨ। ਇਹ ਇਕ ਅਜਿਹਾ ਵਰਤਾਰਾ ਹੈ ਜਿਸ ਤੋਂ ਖਾਸ ਪ੍ਰਕਾਰ ਦੀ ਵਿਲੱਖਣਤਾ ਦਾ ਝਲਕਾਰਾ ਪੈਂਦਾ ਹੈ । ਪੰਜਾਬੀ ਸਭਿਆਚਾਰ ਪੰਜਾਬੀਆਂ ਦੀ ਨਵੇਕਲੀ ਪਛਾਣ ਅਤੇ ਪੰਜਾਬੀਅਤ ਦਾ ਹੀ ਦੂਜਾ ਨਾਂ ਹੈ । ਇਹ ਪਛਾਣ ਇਸ ਖਿੱਤੇ ਦੇ ਭੂਗੋਲ, ਇਤਿਹਾਸ, ਭਾਸ਼ਾ, ਸਾਹਿਤ, ਲੋਕਯਾਨ ਜਾਂ ਲੋਕਧਾਰਾ, ਕਲਾਵਾਂ (ਨਾਚ, ਸੰਗੀਤ, ਚਿੱਤਰਕਾਰੀ, ਨਾਟ, ਮੂਤਰੀਕਾਰੀ ਆਦਿ) ਰਾਹੀਂ ਸਹਿਜੇ ਹੀ ਉਜਾਗਰ ਹੋ ਜਾਂਦੀ ਹੈ । ਕਿਸੇ ਸਭਿਆਚਾਰ ਦੀ ਉਸਾਰੀ ਵਿਚ ਪਦਾਰਥ ਵਸਤੂ ਅਤੇ ਬਾਹਰਲੇ ਪ੍ਰਭਾਵ ਵੀ ਅਹਿਮ ਰੋਲ ਅਦਾ ਕਰਦੇ ਹਨ । ਕਈ ਵਾਰ ਧਾਰਮਿਕ ਅਕੀਦੇ ਸਮਾਜਕ ਜੀਵਨ ਢੰਗ ਤੇ ਹਾਵੀ ਹੋ ਜਾਂਦੇ ਹਨ । ਪੰਜਾਬੀ ਸਭਿਆਚਾਰ ਨਾਲ ਵੀ ਅਜਿਹਾ ਵਾਪਰਿਆ ਹੈ।
ਪੰਜਾਬ ਨੇ ਪੂਰਵ-ਇਤਿਹਾਸ ਕਾਲ ਤੋਂ ਲੈ ਕੇ ਅਜੋਕੇ ਸਮੇਂ ਤਕ ਕਈ ਉਤਾਰ ਚੜ੍ਹਾ ਵੇਖੇ ਹਨ। ਸਦੀਆਂ ਤੋਂ ਇਹ ਧਰਤੀ ਬਦੇਸ਼ੀ ਹਮਲਾਵਰਾਂ ਦਾ ਗੜ੍ਹ ਰਹੀ ਹੈ । ਹਰ ਨਵੀਂ ਯੁਗਗਰਦੀ ਪਿੱਛੋਂ ਇਸ ਦੀਆਂ ਹੱਦਾਂ ਬਦਲਦੀਆਂ ਰਹੀਆਂ ਹਨ । ਬਹੁਤ ਦੂਰ ਦੀ ਗੱਲ ਨਹੀਂ ਜਦੋਂ ਪਾਕਿਸਤਾਨ ਦੇ ਸਰਹੱਦੀ ਸੂਬੇ ਤੋਂ ਲੈ ਕੇ ਦਿੱਲੀ ਤਕ ਪੰਜਾਬ ਨੂੰ ਇਕੋ ਰਾਜ ਸਮਝਿਆ ਜਾਂਦਾ ਸੀ । ਸੰਨ 1947 ਵਿਚ ਭਾਰਤ ਦੀ ਆਜ਼ਾਦੀ ਦੇ ਨਾਲ ਜਦ ਪਾਕਿਸਤਾਨ ਨਾਂ ਦਾ ਨਵਾਂ ਦੇਸ਼ ਹੋਂਦ ਵਿਚ ਆਇਆ ਤਾਂ ਪੰਜਾਂ ਦਰਿਆਵਾਂ ਦੀ ਧਰਤੀ ਨੂੰ ਪੱਕੇ ਤੌਰ ਤੇ ਵੰਡ ਕੇ ਪੂਰਬੀ ਤੇ ਪੱਛਮੀ ਪੰਜਾਬ ਅਥਵਾ ਭਾਰਤੀ ਤੇ ਪਾਕਿਸਤਾਨੀ ਪੰਜਾਬ ਵਿਚ ਤਕਸੀਮ ਕਰ ਦਿੱਤਾ ਗਿਆ । ਭਾਰਤੀ ਪੰਜਾਬ ਨੂੰ ਛਾਂਗ ਕੇ ਅੱਗੋਂ ਫ਼ਿਰ ਹਰਿਆਣਾ ਪ੍ਰਾਂਤ ਤੇ ਹਿਮਾਚਲ ਪ੍ਰਦੇਸ਼ ਨਾਵਾਂ ਦੇ ਦੋ ਹੋਰ ਪ੍ਰਾਂਤ ਬਣਾ ਦਿੱਤੇ ਗਏ ਜਿਹੜਾ ਹਿੱਸਾ ਬਾਕੀ ਬਚਿਆ ਉਹ ਅੱਜ ਦਾ ਭਾਰਤੀ ਪੰਜਾਬ ਹੈ ।
ਇਕ ਧਾਰਨਾ ਇਹ ਵੀ ਹੈ ਕਿ ਭਾਰਤੀ ਪੰਜਾਬ ਨੂੰ ਭੂਗੋਲਿਕ ਚੌਖਟਾ ਮੰਨ ਲਿਆ ਜਾਏ ਅਤੇ ਪੰਜਾਬੀ ਸਭਿਆਚਾਰ ਦੇ ਪ੍ਰਸੰਗ ਵਿਚ ਕੇਵਲ ਇਹ ਸੀਮਾ ਦਸਵੀਂ ਗਿਆਰ੍ਹਵੀਂ ਸਦੀ ਤਕ ਨਿਸ਼ਚਿਤ ਕਰ ਲਈ ਜਾਵੇ । ਜਦੋਂ ਪੰਜਾਬੀ ਬੋਲੀ ਆਪਣਾ ਅਜੋਕਾ ਰੂਪ ਧਾਰਨ ਕਰ ਰਹੀ ਸੀ ਪਰੰਤੂ ਇਹ ਦੋਨੇਂ ਧਾਰਨਾਵਾਂ ਜਚਦੀਆਂ ਨਹੀਂ ਕਿਉਂ ਜੋ ਕਿਸੇ ਵੀ ਸਭਿਆਚਾਰ ਨੂੰ ਨਿੱਗਰ ਰੂਪ ਗ੍ਰਹਿਣ ਕਰਨ ਵਿਚ ਸੈਂਕੜੇ ਵਰ੍ਹੇ ਬੀਤ ਜਾਂਦੇ ਹਨ ਅਤੇ ਉਸ ਦੇ ਮੂਲ ਸੋਮਿਆਂ ਦਾ ਇਤਿਹਾਸ ਹੋਰ ਵੀ ਪੁਰਾਣਾ ਹੁੰਦਾ ਹੈ । ਪੰਜਾਬੀ ਸਭਿਆਚਾਰ ਦੇ ਪ੍ਰਗਟਾਵੇ ਦੇ ਸਾਧਨਾਂ ਦਾ ਜਾਇਜ਼ਾ ਲੈਣ ਲਈ ਈਸਵੀ ਸੰਨ ਦੇ ਆਰੰਭ ਤੋਂ ਵੀ ਪਿੱਛੇ ਜਾਣ ਦੀ ਲੋੜ ਹੈ ।
ਪੰਜਾਬੀ ਸਭਿਆਚਾਰ ਦੀ ਗੱਲ ਕਰਦੇ ਸਮੇਂ ਸਾਡੇ ਸਾਹਮਣੇ ਸਮੁੱਚੇ ਪੰਜਾਬ ਦਾ ਉਹ ਚਿੱਤਰ ਹੈ ਜਿਹੜਾ ਦਰਿਆ ਜਮਨਾ ਤੋਂ ਲੈ ਕੇ ਦਰਿਆ ਸਿੰਧ ਤਕ ਫੈਲਿਆ ਹੋਇਆ ਹੈ । ਇਤਿਹਾਸ ਵਿਚ ਇਸ ਦਾ ਜ਼ਿਕਰ ਸਪਤ ਸਿੰਧੂ (ਰਿਗਵੇਦ) ਪੰਜ ਨਦ (ਮਹਾਭਾਰਤ) ਅਤੇ ਪੰਚਾਲ ਦੇਸ਼ ਆਦਿ ਨਾਵਾਂ ਨਾਲ ਵੀ ਆਉਂਦਾ ਹੈ । ਭਾਸ਼ਾ ਵਿਗਿਆਨੀਆਂ ਅਨੁਸਾਰ ਨੀਗ੍ਰੀਟੋ, ਨਿਸ਼ਾਦ, ਦ੍ਰਾਵਿੜ, ਕਿਰਾਤ ਅਤੇ ਆਰੀਆ ਆਦਿ ਜਾਤੀਆਂ ਦੇ ਲੋਕ ਪ੍ਰਾਚੀਨ ਪੰਜਾਬ ਦੇ ਮੁੱਢਲੇ ਵਸਨੀਕਾਂ ਵਿਚੋਂ ਮੰਨੇ ਜਾ ਸਕਦੇ ਹਨ। ਦੁਨੀਆ ਦੇ ਪਹਿਲੇ ਧਰਮ-ਗ੍ਰੰਥ ਰਿਗਵੇਦ ਦੇ ਮੰਤਰ ਵੀ ਪੰਜਾਬ ਦੀ ਧਰਤੀ ਉੱਪਰ ਉਚਾਰੇ ਗਏ । ਪਾਣਿਨੀ ਦੁਆਰਾ ਅਸ਼ਟਾਧਿਆਇ ਨਾਂ ਦਾ ਵਿਆਕਰਣ ਵੀ ਇਥੇ ਹੀ ਲਿਖਿਆ ਗਿਆ । ਬ੍ਰਹਮੀ ਲਿਪੀ ਦਾ ਨਿਕਾਸ ਪੰਜਾਬ ਦੀ ਧਰਤੀ ਤੇ ਹੋਇਆ ਅਤੇ ਹੜੱਪਾ ਦੀ ਖੁਦਾਈ ਨੇ ਪੰਜਾਬੀ ਸਭਿਅਤਾ ਤੇ ਸਭਿਆਚਾਰ ਸਬੰਧੀ ਕਈ ਨਵੇਂ ਤੱਥ ਸਾਹਮਣੇ ਲਿਆਂਦੇ ਹਨ । ਟੈਕਸਲਾ ਦਾ ਅਜਾਇਬ ਘਰ ਪੰਜਾਬ ਨਾਲ ਜੁੜੀਆਂ ਕਈ ਲਿਖਤਾਂ ਤੇ ਵਸਤਾਂ ਬਾਰੇ ਜਾਣਕਾਰੀ ਦੇਂਦਾ ਹੈ । ਇਹ ਸਾਰੇ ਤੱਥ ਸ਼ਾਹਦੀ ਭਰਦੇ ਹਨ ਕਿ ਪ੍ਰਾਚੀਨ ਪੰਜਾਬ ਦੀ ਸਭਿਅਤਾ ਅਤੇ ਸਭਿਆਚਾਰ ਕਿੰਨੇ ਮਹੱਤਵਪੂਰਨ ਸਨ।
ਆਰੀਆ ਲੋਕਾਂ ਦੀ ਆਮਦ ਤੋਂ ਲੈ ਕੇ ਪੰਜਾਬ ਉੱਪਰ ਅੰਗਰੇਜ਼ਾਂ ਦੇ ਕਬਜ਼ਾ ਜਮਾਉਣ ਤਕ ਯੂਨਾਨੀ, ਈਰਾਨੀ, ਕੁਸ਼ਾਨ, ਹੂਨ, ਮੰਗੋਲ, ਤੁਰਕ, ਪਠਾਣ ਆਦਿ ਕਈ ਬਾਹਰਲੀਆਂ ਕੌਮਾਂ ਅਤੇ ਜਾਤੀਆਂ ਦੇ ਲੋਕ ਸਮੇਂ ਸਮੇਂ ਪੰਜਾਬ ਦੇ ਵਾਸੀ ਬਣਦੇ ਰਹੇ ਹਨ। ਗਿਆਰ੍ਹਵੀਂ ਸਦੀ ਦੇ ਮੁੱਢ ਵਿਚ ਪੰਜਾਬ ਮਹਿਮੂਦ ਗ਼ਜ਼ਨਵੀ ਦੇ ਰਾਜ ਦਾ ਹਿੱਸਾ ਵੀ ਰਿਹਾ । ਇਕ ਸਮੇਂ ਬਖਤਰੀਆਂ ਤੇ ਕੁਸ਼ਾਨਾਂ ਨੇ ਵੀ ਪੰਜਾਬ ਨੂੰ ਭਾਰਤ ਤੋਂ ਨਿਖੇੜ ਲਿਆ ਸੀ । ਸਮੇਂ ਸਮੇਂ ਪੰਜਾਬ ਦੇ ਕੁਝ ਸੂਬੇ-ਲਾਹੌਰ, ਮੁਲਤਾਨ, ਸਰਹੰਦ ਆਦਿ ਬਾਕੀ ਹਿੱਸੇ ਤੋਂ ਸੁਤੰਤਰ ਵੀ ਰਹੇ। ਬਦੇਸ਼ੀ ਲੋਕਾਂ ਦੀਆਂ ਜੀਵਨ ਕੀਮਤਾਂ ਤੇ ਭਾਸ਼ਾ ਨੇ ਮੂਲ ਪੰਜਾਬੀਆਂ ਦੀ ਬੋਲੀ, ਸਾਹਿਤ, ਧਰਮ, ਰਹਿਣੀ-ਬਹਿਣੀ, ਪਹਿਰਾਵੇ, ਕਾਰਵਿਹਾਰ ਅਤੇ ਲੋਕ ਜੀਵਨ ਨੂੰ ਕਾਫ਼ੀ ਪ੍ਰਭਾਵਿਤ ਕੀਤਾ । ਲੱਖਾਂ ਲੋਕਾਂ ਨੇ ਇਸਲਾਮ ਧਰਮ ਨੂੰ ਧਾਰਣ ਕਰ ਲਿਆ । ਅੰਗਰੇਜ਼ੀ ਰਾਜ ਸਮੇਂ ਕੁਝ ਲੋਕ ਈਸਾਈ ਵੀ ਬਣ ਗਏ । ਲੋਕਾਂ ਦੀ ਸੋਚ ਤੇ ਵਿਚਾਰਾਂ ਵਿਚ ਤਬਦੀਲੀ ਆਈ । ਕੁਝ ਵਿਦਵਾਨ ਪੰਜਾਬ ਦੇ ਸਭਿਆਚਾਰ ਨੂੰ ਸ਼ਰਿਤ ਸਭਿਆਚਾਰ ਵੀ ਕਹਿੰਦੇ ਹਨ ਪਰ ਇਸ ਨੇ ਆਪਣੇ ਮੂਲ ਪੰਜਾਬੀਪਣ ਨੂੰ ਖੁਰਣ ਨਹੀਂ ਦਿੱਤਾ।
ਸਭਿਆਚਾਰ ਦੀ ਦ੍ਰਿਸ਼ਟੀ ਤੋਂ ਦੁਨੀਆ ਭਰ ਦੇ ਪੰਜਾਬੀਆਂ ਨੂੰ ਇਕ ਲੜੀ ਵਿਚ ਪ੍ਰੋਣ ਵਾਲੀ ਪੰਜਾਬੀ ਬੋਲੀ ਹੈ ਪਰ ਕਰੋੜਾਂ ਬੱਚਿਆਂ ਦੀ ਮਾਂ ਹੋਣ ਦੇ ਬਾਵਜੂਦ ਇਸ ਨੂੰ ਉਹ ਮਾਣ ਤੇ ਸਤਿਕਾਰ ਨਹੀਂ ਮਿਲਿਆ ਜਿਸ ਦੀ ਇਹ ਹੱਕਦਾਰ ਹੈ । ਭਾਰਤੀ ਪੰਜਾਬ ਵਿਚ ਸਰਕਾਰੀ ਬੋਲੀ ਅਤੇ ਸਿੱਖਿਆ ਦਾ ਮਾਧਿਅਮ ਗਰਦਾਨੇ ਜਾਣ ਦੇ ਬਾਵਜੂਦ ਇਸ ਦੇ ਰਸਤੇ ਵਿਚ ਕਈ ਔਕੜਾਂ ਹਨ। ਪੰਜਾਬੀਆਂ ਦੀ ਚੋਖੀ ਗਿਣਤੀ ਨੇ ਹੁਣ ਤਕ ਇਸ ਹਕੀਕਤ ਨੂੰ ਸਵੀਕਾਰ ਨਹੀਂ ਕੀਤਾ ਕਿ ਪੰਜਾਬੀ ਉਨ੍ਹਾਂ ਦੀ ਮਾਂ ਬੋਲੀ ਹੈ । ਸਰਕਾਰੀ ਅਫ਼ਸਰਸ਼ਾਹੀ ਵੀ ਹੁਣ ਤਕ ਇਸ ਨਾਲ ਨਾਤਾ ਜੋੜਨ ਲਈ ਤਿਆਰ ਨਹੀਂ ਹੋਈ । ਦਿੱਲੀ ਵਿਚ ਵਸਦੇ 50 ਤੋਂ 60 ਪ੍ਰਤਿਸ਼ਤ ਪੰਜਾਬੀਆਂ ਵਿਚੋਂ ਕੇਵਲ ਤੀਜੇ ਹਿੱਸੇ ਨੇ ਪੰਜਾਬੀ ਨੂੰ ਆਪਣੀ ਮਾਂ ਬੋਲੀ ਮੰਨਿਆ ਹੈ । ਅੱਜ ਤੋਂ ਪਚਵੰਜਾ ਸਾਲ ਪਹਿਲਾਂ ਅੰਗਰੇਜ਼ਾਂ ਨੂੰ ਭਾਰਤ ਛੱਡਣ ਤੇ ਅਸੀਂ ਮਜਬੂਰ ਕਰ ਦਿੱਤਾ ਸੀ ਪਰ ਅੰਗਰੇਜ਼ੀ ਪ੍ਰਤੀ ਸਾਡਾ ਹੇਜ ਆਏ ਦਿਨ ਵੱਧ ਰਿਹਾ ਹੈ । ਪੰਜਾਬ ਸਰਕਾਰ ਨੇ ਪਹਿਲੀ ਜਮਾਤ ਤੋਂ ਅੰਗਰੇਜ਼ੀ ਦੀ ਪੜ੍ਹਾਈ ਵੀ ਲਾਜ਼ਮੀ ਕਰ ਦਿੱਤੀ ਹੈ । ਸਾਡੀ ਮਾਨਸਿਕਤਾ ਇਸ ਕਦਰ ਅੰਗਰੇਜ਼ੀ ਨਾਲ ਜੁੜੀ ਹੋਈ ਹੈ ਕਿ ਕੋਰੇ ਅਨਪੜ੍ਹ ਮਾਪੇ ਵੀ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਮਾਧਿਅਮ ਸਕੂਲਾਂ ਵਿਚ ਦਾਖਲ ਕਰਾਉਂਦੇ ਹਨ । ਪੰਜਾਬੀਆਂ ਦੇ ਮਨਾਂ ਅੰਦਰ ਜਦ ਤਕ ਆਪਣੀ ਬੋਲੀ ਨੂੰ ਹਰ ਖੇਤਰ ਵਿਚ ਅਪਣਾਉਣ ਦੀ ਭਾਵਨਾ ਪੈਦਾ ਨਹੀਂ ਹੁੰਦੀ ਅਤੇ ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਨੂੰ ਮਹਿਸੂਸ ਨਹੀਂ ਕਰਦੀ, ਪੰਜਾਬੀ ਸਭਿਆਚਾਰ ਪੂਰੀ ਤਰ੍ਹਾਂ ਪ੍ਰਫੁੱਲਤ ਨਹੀਂ ਹੋ ਸਕਦਾ । ਹਰ ਜ਼ਬਾਨ ਦਾ ਆਪਣਾ ਕਲਚਰ ਹੁੰਦਾ ਹੈ । ਪੰਜਾਬੀ ਦਾ ਵੀ ਹੈ ਪਰ ਅਸੀਂ ਇਸ ਸਚਾਈ ਤੋਂ ਬੇ-ਨਾਮ ਹਾਂ ਜੋ ਠੀਕ ਨਹੀਂ ।
ਆਮ ਤੌਰ ਤੇ ਪੰਜਾਬੀਆਂ ਦੀ ਸਭਿਆਚਾਰਕ ਪਛਾਣ ਦੇ ਰਾਹ ਵਿਚ ਵੱਡੀ ਰੁਕਾਵਟ ਧਰਮ ਜਾਂ ਮਜ਼ਹਬ ਨੂੰ ਮੰਨਿਆ ਜਾਂਦਾ ਹੈ । ਇਸ ਤੱਥ ਤੋਂ ਪੂਰੀ ਤਰ੍ਹਾਂ ਜਾਣੂ ਹੁੰਦੇ ਹੋਈ ਵੀ ਕਿ ਪੰਜਾਬੀਆਂ ਦੀਆਂ ਜੜ੍ਹਾਂ ਪੰਜਾਬ ਦੀ ਧਰਤੀ ਵਿਚ ਹਨ ਅਤੇ ਸਾਡੇ ਵਡਿੱਕਿਆਂ ਵਿਚੋਂ ਬਹੁਤਿਆਂ ਦਾ ਧਰਮ ਵੀ ਇਕੋ ਸੀ । ਅਸੀਂ ਆਪਣੇ ਆਪ ਨੂੰ ਪੰਜਾਬੀ ਸਮਝਣ ਦੀ ਬਜਾਇ ਹਮੇਸ਼ਾ ਹਿੰਦੂ, ਮੁਸਲਮਾਨ ਜਾਂ ਸਿੱਖ ਨਜ਼ਰੀਏ ਤੋਂ ਸੋਚਿਆ ਹੈ । ਇਹੋ ਕਾਰਣ ਹੈ ਕਿ ਪੰਜਾਬ ਵਿਚ ਪੰਜਾਬੀ ਰਹਿਤਲ ਦੀ ਥਾਂ “ਹਿੰਦੂ ਸੰਸਕ੍ਰਿਤ” “ਇਸਲਾਮੀ ਸਕਾਫਿਤ” ਅਤੇ “ਸਿੱਖ ਸਭਿਆਚਾਰ” ਦੀ ਸੋਚ ਹਾਵੀ ਰਹੀ ਹੈ । ਇਸ ਦਾ ਸਭ ਤੋਂ ਵੱਡਾ ਨੁਕਸਾਨ 1947 ਈ. ਵਿਚ ਪੰਜਾਬ ਦੀ ਵੰਡ ਦੇ ਰੂਪ ਵਿਚ ਹੋਇਆ । ਲੱਖਾਂ ਬੇਗੁਨਾਹ ਤੇ ਮਾਸੂਮਾਂ ਦੇ ਕਤਲ ਹੋਏ । ਅਰਬਾਂ ਰੁਪਏ ਦੀਆਂ ਜਾਇਦਾਦਾਂ ਤਬਾਹ ਹੋਈਆਂ । ਪੰਜਾਬੀ ਸਭਿਆਚਾਰ ਨੂੰ ਬਹੁਤ ਧੱਕਾ ਲੱਗਾ ।
ਫਿਰਕੂ ਸੋਚ ਅਤੇ ਧਰਮ ਬਾਰੇ ਗ਼ਲਤ ਭਾਵਨਾ ਅਤੇ ਦ੍ਰਿਸ਼ਟੀਕੋਣ ਅਪਣਾਉਣ ਕਾਰਨ ਵੱਡੀ ਹਾਨੀ ਇਹ ਹੋਈ ਕਿ ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ਼ ਬਹਾਦਰ ਜੀ ਦੀਆਂ ਸ਼ਹੀਦੀਆਂ ਅਤੇ ਬਾਬਾ ਦੀਪ ਸਿੰਘ , ਭਾਈ ਮਨੀ ਸਿੰਘ ਤੇ ਬੰਦਾ ਬਹਾਦਰ ਵਰਗੇ ਸੂਰਬੀਰਾਂ ਦੀਆਂ ਕੁਰਬਾਨੀਆਂ ਜਿਨ੍ਹਾਂ ਉੱਪਰ ਹਰ ਪੰਜਾਬੀ ਨੂੰ ਫ਼ਖਰ ਹੋ ਸਕਦਾ ਸੀ, ਕੇਵਲ ਸਿੱਖਾਂ ਤਕ ਹੀ ਮਹਿਦੂਦ ਰਹੀਆਂ ਹਨ। ਅੰਗਰੇਜ਼ੀ ਰਾਜ ਵਿਰੁੱਧ ਆਜ਼ਾਦੀ ਦੇ ਘੋਲ ਸਮੇਂ ਵੀ ਲਾਲਾ ਲਾਜਪਤ ਰਾਇ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ, ਰਹਿਮਤ ਅਲੀ ਆਦਿ ਪੰਜਾਬੀਆਂ ਦੇ ਸਾਂਝੇ ਨਾਇਕਾਂ ਵੱਜੋਂ ਉਭਰ ਕੇ ਸਾਹਮਣੇ ਨਹੀਂ ਆਏ । ਪੰਜਾਬੀਆਂ ਦਾ ਕੁਰਬਾਨੀਆਂ ਭਰਿਆ ਇਤਿਹਾਸ ਪੰਜਾਬ ਦੇ ਸਾਡੇ ਸਭਿਆਚਾਰਕ ਵਿਰਸੇ ਦਾ ਮਹਾਨ ਸਰਮਾਇਆ ਹੈ । ਦੁੱਲਾ ਭੱਟੀ ਅਤੇ ਭਗਤ ਸਿੰਘ ਸਭ ਲਈ ਸਤਿਕਾਰ ਦੇ ਪਾਤਰ ਹਨ ।
ਗੁਰੂ ਨਾਨਕ ਦੇਵ ਜੀ ਨੇ ਲੰਬੇ ਸਮੇਂ ਤੋਂ ਚਲੀ ਆ ਰਹੀ ਸੰਸਕ੍ਰਿਤ ਭਾਸ਼ਾ ਵਿਚ ਸਾਹਿਤ ਸਿਰਜਣਾ ਦੀ ਪਰੰਪਰਾ ਦੀ ਬਜਾਇ ਪੰਜਾਬੀ ਨੂੰ ਆਪਣੇ ਵਿਚਾਰਾਂ ਦੇ ਪ੍ਰਗਟਾਅ ਦਾ ਮਾਧਿਅਮ ਬਣਾਇਆ ਅਤੇ ਬਾਬਰ ਦੇ ਹਮਲੇ ਸਮੇਂ “ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ” ਕਹਿ ਕੇ ਸਮੁੱਚੇ ਭਾਰਤ ਨੂੰ ਮੁਗ਼ਲਸ਼ਾਹੀ ਵਿਰੁੱਧ ਇਕ ਧਿਰ ਬਣਾਇਆ ਸੀ । ਜਦ ਅੰਗਰੇਜ਼ ਹਿੰਦੁਸਤਾਨ ਦੇ ਬਾਕੀ ਹਿੱਸਿਆਂ ਤੇ ਕਬਜ਼ਾ ਕਰ ਕੇ ਪੰਜਾਬ ਦੀ ਆਜ਼ਾਦ ਹਸਤੀ ਨੂੰ ਖ਼ਤਮ ਕਰ ਦਿੰਦੇ ਹਨ ਤਾਂ ਸ਼ਾਹ ਮੁਹੰਮਦ ਅੰਗਰੇਜ਼ਾਂ ਨੂੰ ਤੀਜੀ ਜਾਤ ਕਹਿ ਕੇ ਭੰਡਦਾ ਹੈ ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬੀ ਨਾਇਕ ਵੱਜੋਂ ਉਭਾਰਦਾ ਹੈ । ਹਰਿਮੰਦਰ ਸਾਹਿਬ ਦੀ ਨੀਂਹ ਸੂਫ਼ੀ ਫਕੀਰ ਸਾਈਂ ਮੀਆਂ ਮੀਰ ਤੋਂ ਰਖਵਾਈ ਗਈ ਅਤੇ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦੂਜੇ ਧਰਮਾਂ ਦੇ ਸੰਤਾਂ ਭਗਤਾਂ ਦੀ ਬਾਣੀ ਸ਼ਾਮਲ ਕਰ ਕੇ ਇਹ ਸਿੱਧ ਕਰ ਦਿੱਤਾ ਸੀ ਕਿ ਇਹ ਪਾਵਨ ਗ੍ਰੰਥ ਕੇਵਲ ਸਿੱਖਾਂ ਲਈ ਹੀ ਨਹੀਂ ਹੈ । ਆਦਿ ਗ੍ਰੰਥ ਸਾਹਿਬ ਸਾਡੀ ਪੰਜ ਸੌ ਸਾਲਾ ਸੰਸਕ੍ਰਿਤੀ ਦਾ ਆਤਮਿਕ ਇਤਿਹਾਸ ਹੈ । ਇਸ ਦੇ ਨਾਲ ਹੀ ਇਹ ਪੰਜਾਬੀਆਂ ਦਾ ਸਮਾਜਕ ਤੇ ਸਭਿਆਚਾਰਕ ਇਤਿਹਾਸ ਵੀ ਹੈ । ਭਗਤ ਕਬੀਰ ਦਾ ਸ਼ਬਦ :
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥”
ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ “ਹਿੰਦੂ ਤੁਰਕ ਕੋਊ ਰਾਫਜ਼ੀ ਇਮਾਮ ਸ਼ਾਫੀ, ਮਾਨਸ ਕੀ ਜ਼ਾਤ ਸਬੈ ਏਕੈ ਪਹਚਾਨਬੋ” ਸਾਰੀ ਲੋਕਾਈ ਨੂੰ ਇਕੋ ਪ੍ਰਕਾਰ ਦਾ ਸੰਦੇਸ਼ ਦਿੰਦੇ ਹਨ ।
ਗੁਰੂ ਗੋਬਿੰਦ ਸਿੰਘ ਜੀ ਤੋਂ ਪਿੱਛੋਂ ਜਦ ਹਿੰਦੂ ਤੇ ਸਿੱਖ ਵਿਦਵਾਨਾਂ ਨੇ ਆਪਣੀ ਮੁਹਾਰ ਬ੍ਰਜ ਵੱਲ ਮੋੜ ਲਈ ਤਾਂ ਮੁਸਲਮਾਨ ਸੂਫ਼ੀ ਫਕੀਰਾਂ ਅਤੇ ਕਿੱਸਾ ਕਵੀਆਂ ਨੇ ਆਪਣੀਆਂ ਰਚਨਾਵਾਂ ਪੰਜਾਬੀ ਬੋਲੀ ਵਿਚ ਲਿਖ ਕੇ ਆਪਣਾ ਨਾਤਾ ਪੰਜਾਬੀ ਸਭਿਆਚਾਰ ਨਾਲ ਪੂਰੀ ਤਰ੍ਹਾਂ ਜੋੜੀ ਰਖਿਆ । ਅੰਗਰੇਜ਼ੀ ਹਕੂਮਤ ਵੇਲੇ ਵੀ ਸ਼ਹਾਬੁਦੀਨ ਨੇ ਪੰਜਾਬੀ ਦੇ ਹੱਕ ਵਿਚ ਰਾਜਨੀਤਿਕ ਪੱਧਰ ਤੇ ਆਵਾਜ਼-ਉਠਾਈ । ਮੌਲਾ ਬਖ਼ਸ਼ ਕੁਸ਼ਤਾ ਅਤੇ ਫੀਰੋਜ਼ਦੀਨ ਸ਼ਰਫ਼ ਵਰਗੇ ਕਵੀਆਂ ਨੇ ਕਵੀ ਦਰਬਾਰਾਂ ਤੇ ਪੰਜਾਬੀ ਦੀਆਂ ਸਾਹਿਤਕ ਸਭਾਵਾਂ ਲਈ ਕਾਫ਼ੀ ਯੋਗਦਾਨ ਪਾਇਆ ।
ਆਜ਼ਾਦੀ ਤੋਂ ਪਿੱਛੋਂ ਪੰਜਾਬ ਭਾਵੇਂ ਪੰਜਾਂ ਦਰਿਆਵਾਂ ਦਾ ਦੇਸ਼ ਨਹੀਂ ਰਿਹਾ ਫਿਰ ਵੀ ਸਰਹੱਦਾਂ ਦੇ ਦੋਨੋਂ ਪਾਸੇ ਇਸ ਨੂੰ ‘ਪੰਜਾਬ’ ਹੀ ਕਿਹਾ ਜਾਂਦਾ ਹੈ। ਇਹ ਠੀਕ ਹੈ ਕਿ ਦੋਹਾਂ ਪੰਜਾਬਾਂ ਵਿਚ ਪੰਜਾਬੀ ਜ਼ਬਾਨ ਨੇ ਆਪਣੇ ਸਮਾਜਕ, ਇਤਿਹਾਸਕ ਅਤੇ ਭੂਗੋਲਿਕ ਚੌਖਟੇ ਵਿਚ ਵਿਚਰਨਾ ਹੈ ਪਰ ਦੋਹਾਂ ਦੀ ਸਭਿਆਚਾਰਕ ਸਾਂਝ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ।
ਪਾਕਿਸਤਾਨ ਵਿਚ ਪੰਜਾਬੀ ਦਾ ਸਰਕਾਰੀ ਜ਼ਬਾਨ ਬਣਨਾ ਜਾਂ ਸਿੱਖਿਆ ਦਾ ਮਾਧਿਅਮ ਬਣਾਉਣਾ ਤਾਂ ਬਹੁਤ ਦੂਰ ਦੀ ਗੱਲ ਹੈ , ਫਿਲਹਾਲ ਸਾਰਾ ਜ਼ੋਰ ਇਸ ਗੱਲ ਤੇ ਲਗ ਰਿਹਾ ਹੈ ਕਿ ਪ੍ਰਾਇਮਰੀ ਪੱਧਰ ਤੇ ਪੰਜਾਬੀ ਦੀ ਪੜ੍ਹਾਈ ਦਾ ਬੰਦੋਬਸਤ ਕੀਤਾ ਜਾਏ ।
ਪੰਜਾਬੀ ਸਭਿਆਚਾਰ ਦੇ ਰਾਹ ਵਿਚ ਵੱਡੀ ਰੁਕਾਵਟ ਇਹ ਹੈ ਕਿ ਕਿ ਪਾਕਿਸਤਾਨ ਵਿਚ ਪੰਜਾਬੀ ਨੂੰ ਪਾਕਿਸਤਾਨ, ਇਸਲਾਮ ਅਤੇ ਉਰਦੂ ਦੇ ਹਵਾਲੇ ਨਾਲ ਵੇਖਿਆ ਜਾਂਦਾ ਹੈ । ਇਸਲਾਮੀ ਨਜ਼ਰੀਆ ਇਸ ਕਦਰ ਹਾਵੀ ਹੈ ਕਿ 1947 ਈ. ਤੋਂ ਪਹਿਲਾਂ ਰਚੇ ਗਏ ਸਾਡੇ ਸਾਹਿਤਕ ਵਿਰਸੇ ਸਲੋਕ ਬਾਬਾ ਫਰੀਦ, ਕਲਾਮ ਸ਼ਾਹ ਹੁਸੈਨ ਤੇ ਬੁੱਲੇ ਸ਼ਾਹ, ਹੀਰ ਵਾਰਿਸ ਸ਼ਾਹ, ਸੱਸੀ ਹਾਸ਼ਮ, ਪੂਰਨ ਭਗਤ ਕਾਦਰਯਾਰ ਆਦਿ ਰਚਨਾਵਾਂ ਨੂੰ ਤਾਂ ਪਾਕਿਸਤਾਨ ਵਿਚ ਪੰਜਾਬੀ ਅਦਬ ਦਾ ਹਿੱਸਾ ਸਮਝ ਲਿਆ ਜਾਂਦਾ ਹੈ ਕਿਉਂ ਜੋ ਇਨ੍ਹਾਂ ਦੇ ਲੇਖਕ ਮੁਸਲਮਾਨ ਸਨ ਪਰ ਕਿਸੇ ਵੀ ਹਿੰਦੂ ਜਾਂ ਸਿੱਖ ਲੇਖਕ ਦੀ ਰਚਨਾ ਨੂੰ ਨਹੀਂ, ਭਾਵੇਂ ਉਹ ਪਾਕਿਸਤਾਨ ਦੀ ਧਰਤੀ ਦਾ ਹੀ ਜੰਮਪਲ ਕਿਉਂ ਨਾ ਹੋਵੇ । ਸੈਕੂਲਰ ਸੋਚ ਰੱਖਣ ਵਾਲੇ ਪੰਜਾਬੀ ਸਾਹਿਤਕਾਰ-ਨਜ਼ਮ ਹੁਸੈਨ ਸੱਯਦ, ਅਫਜ਼ਲ ਅਹਿਸਨ ਰੰਧਾਵਾ, ਮੇਜਰ ਇਸ਼ਹਾਕ ਮੁਹੰਮਦ, ਫ਼ਖ਼ਰ ਜ਼ਮਾਨ, ਜ਼ੈਗ਼ਮ, ਅਬਦਲ ਗ਼ਫੂਰ, ਦਰਸ਼ਨ, ਇਲਿਆਸ ਘੁੰਮਣ ਆਦਿ ਨੂੰ ਗਲਤ ਸੋਚ ਵਾਲੇ, ਕੁਰਾਹੇ ਪਏ ਹੋਏ ਅਤੇ ਪਾਕਿਸਤਾਨੀ ਨਜ਼ਰੀਏ ਦੇ ਉਲਟ ਲਿਖਣ ਵਾਲੇ ਮੰਨਿਆ ਜਾਂਦਾ ਹੈ । ਇਹ ਸਾਰੇ ਸਾਹਿਤਕਾਰ ਪਾਕਿਸਤਾਨੀ ਪੰਜਾਬੀ ਰਹਿਤਲ ਦੀਆਂ ਜੜ੍ਹਾਂ ਹੜੱਪਾ, ਮੁਹਿੰਜੋਦੜੋ ਅਤੇ ਟੈਕਸਲਾ ਦੀ ਤਹਿਜ਼ੀਬ ਵਿਚ ਲੱਭਦੇ ਹਨ । ਇਸ ਦੇ ਉਲਟ ਇਸਲਾਮੀ ਨਜ਼ਰੀਏ ਵਾਲੇ ਲੇਖਕ ਆਪਣੀ ਸਕਾਫ਼ਿਤ ਦੀਆਂ ਜੜ੍ਹਾਂ ਅਰਬ ਤੇ ਫਾਰਸ ਵਿਚੋਂ ਤਲਾਸ਼ ਕਰਦੇ ਹਨ ।
ਪਾਕਿਸਤਾਨ ਵਿਚ ਪੰਜਾਬੀ ਹਿਤੈਸ਼ੀਆਂ ਨੂੰ ਕਾਫ਼ੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਮੁਲਤਾਨ ਅਤੇ ਉਸ ਦੇ ਨਾਲ ਲਗਦੇ ਇਲਾਕਿਆਂ ਵਿਚ ਸਰਾਇਕੀ ਬੋਲੀ ਦੇ ਆਧਾਰ ਤੇ ਸਰਾਇਕਸਤਾਨ ਨਾਂ ਦੇ ਵੱਖਰੇ ਸੂਬੇ ਦੀ ਮੰਗ ਕੀਤੀ ਜਾ ਰਹੀ ਹੈ । ਵੱਖ ਵੱਖ ਸ਼ੈਲੀਆਂ ਵਿਚ ਲਿਖੀ ਜਾ ਰਹੀ ਪੰਜਾਬੀ ਦੀ ਥਾਂ ਟਕਸਾਲੀ ਤੇ ਸਟੈਂਡਰਡ ਪੰਜਾਬੀ ਦਾ ਮਸਲਾ ਵੀ ਹੈ । ਪੰਜਾਬ ਵਿਧਾਨ ਸਭਾ ਵਿਚ ਮੈਂਬਰਾਂ ਨੂੰ ਪੰਜਾਬੀ ਵਿਚ ਵਿਚਾਰ ਪੇਸ਼ ਕਰਨ ਦੀ ਮਨਾਹੀ ਹੈ । ਫ਼ਾਰਸੀ ਅਥਵਾ ਅਰਬੀ ਅੱਖਰਾਂ ਦੇ ਆਧਾਰ ਤੇ ਪੰਜਾਬੀ ਲਈ ਸ਼ਾਹਮੁਖੀ ਲਿਪੀ ਤਿਆਰ ਕਰਨ ਦੀ ਕੋਸ਼ਿਸ਼ ਜਾਰੀ ਹੈ । ਇਹ ਸਿੱਧ ਕੀਤਾ ਜਾ ਰਿਹਾ ਹੈ ਕਿ ਪੰਜਾਬੀ ਆਰੀਆਈ ਪਰਿਵਾਰ ਦੀ ਨਹੀਂ ਸਗੋਂ ਦ੍ਰਾਵਿੜੀ ਕੁਨਬੇ ਦੀ ਬੋਲੀ ਹੈ ।
ਇਸ ਪਿਛੋਕੜ ਦੀ ਰੌਸ਼ਨੀ ਵਿਚ ਬੋਲਚਾਲ ਦੀ ਪੰਜਾਬੀ ਅਤੇ ਸਾਂਝੇ ਲੋਕਯਾਨਿਕ ਵਿਰਸੇ ਤੋਂ ਬਿਨਾਂ ਪੰਜਾਬੀ ਸਭਿਆਚਾਰ ਦੇ ਭਾਰਤੀ ਤੇ ਪਾਕਿਸਤਾਨੀ ਸੰਕਲਪ ਤੇ ਮਸਲੇ ਬਿਲਕੁਲ ਭਿੰਨ ਹਨ। ਦੋਹਾਂ ਪੰਜਾਬਾਂ ਵਿਚ ਪੰਜਾਬੀ ਇਕ ਦੂਜੀ ਤੋਂ ਦੁਰੇਡੀ ਹੁੰਦੀ ਜਾ ਰਹੀ ਹੈ । ਭਵਿੱਖ ਵਿਚ ਇਹ ਪਾੜਾ ਹੋਰ ਵੀ ਵੱਧ ਸਕਦਾ ਹੈ । ਭਾਰਤ ਦੇ ਉਲਟ ਪਾਕਿਸਤਾਨ ਵਿਚ ਪੰਜਾਬੀ ਰਹਿਤਲ ਤੇ ਵਿਰਸੇ ਦੀ ਸੰਭਾਲ ਲਈ ਸੁਚੇਤ ਤੌਰ ਤੇ ਯਤਨ ਹੋ ਰਹੇ ਹਨ । ਇਸਲਾਮਾਬਾਦ ਵਿਖੇ “ਲੋਕ ਵਿਰਸਾ” ਨਾਂ ਦੇ ਅਦਾਰੇ ਨੇ ਸਭਿਆਚਾਰਕ ਵਿਰਸੇ ਦੀ ਸੰਭਾਲ ਲਈ ਸ਼ਲਾਘਾਯੋਗ ਯਤਨ ਕੀਤੇ ਹਨ ਅਤੇ ਲੋਕਯਾਨਿਕ ਸਾਮੱਗਰੀ ਦੀ ਸੰਭਾਲ ਅਤੇ ਪ੍ਰਦਰਸ਼ਨ ਲਈ ਅਜਾਇਬ ਘਰ ਵੀ ਬਣਾਇਆ ਹੈ ।
ਬਦੇਸ਼ਾਂ ਵਿਚ ਰਹਿੰਦੇ ਪੰਜਾਬੀ ਮੂਲ ਰੂਪ ਵਿਚ ਆਪਣੀ ਜਨਮਭੂਮੀ ਜਾਂ ਪਿਛੋਕੜ ਨਾਲ ਜੁੜੇ ਹੋਏ ਹਨ। ਆਰਥਿਕ ਪੱਖੋਂ ਖ਼ੁਸ਼ਹਾਲ ਹੋਣ ਦੇ ਬਾਵਜੂਦ ਉਹ ਬੱਚਿਆਂ ਦੀ ਆਪਣੇ ਸਭਿਆਚਾਰ ਤੋਂ ਆਏ ਦਿਨ ਵਧਦੀ ਜਾ ਰਹੀ ਦੂਰੀ ਬਾਰੇ ਚਿੰਤਿਤ ਹਨ। ਨਵੀਂ ਤੇ ਪੁਰਾਣੀ ਪੀੜ੍ਹੀ ਦੀ ਟੱਕਰ, ਨਸਲਵਾਦੀ ਮਾਹੌਲ, ਕੰਮਾਂ ਦੇ ਰੁਝੇਵੇਂ, ਪਗੜੀ ਦਾ ਝਗੜਾ (ਸਿੱਖਾਂ ਲਈ ), ਪੱਛਮੀ ਰਹਿਤਲ ਦਾ ਜ਼ੋਰਦਾਰ ਪ੍ਰਭਾਵ, ਪਤੀ-ਪਤਨੀ ਵਿਚਕਾਰ ਤਣਾਓ, ਕੁੜੀਆਂ ਮੁੰਡਿਆਂ ਦੇ ਮਨਮਰਜ਼ੀ ਨਾਲ ਵਿਆਹ ਆਦਿ ਪਰਿਵਾਰਕ, ਸਮਾਜਿਕ ਅਤੇ ਸਭਿਆਚਾਰਕ ਮਸਲਿਆਂ ਨੂੰ ਆਪਣੇ ਆਪਣੇ ਢੰਗ ਨਾਲ ਨਜਿੱਠਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।
ਇਸ ਵੇਲੇ ਪੰਜਾਬੀਆਂ ਦੀ ਚੋਖੀ ਗਿਣਤੀ ਦਿੱਲੀ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿਚ ਹੈ । ਸੰਨ 1984 ਦੇ ਦੰਗਿਆਂ ਤੋਂ ਪਿੱਛੋਂ ਇਨ੍ਹਾਂ ਇਲਾਕਿਆਂ ਵਿਚ ਰਹਿ ਰਹੇ ਸਿੱਖਾਂ ਦੇ ਮਨਾਂ ਅੰਦਰ ਦੁਜੈਗੀ ਤੇ ਡਰ ਦੀ ਭਾਵਨਾ ਸਮਾਈ ਹੋਈ ਹੈ । ਚੰਡੀਗੜ੍ਹ ਅਤੇ ਪੰਜਾਬ ਦੇ ਗੁਆਂਢੀ ਰਾਜਾਂ ਵਿਚ ਰਹਿ ਗਏ ਪੰਜਾਬੀ ਬੋਲਦੇ ਇਲਾਕਿਆਂ ਦੇ ਵਸਨੀਕ ਪੰਜਾਬੀਆਂ ਦਾ ਮਸਲਾ ਸਭਿਆਚਾਰਕ ਨਾਲੋਂ ਵਧੇਰੇ ਰਾਜਨੀਤਿਕ ਹੈ। ਫਿਰ ਵੀ ਉਨ੍ਹਾਂ ਨੂੰ ਆਪਣੇ ਸਭਿਆਚਾਰ ਨਾਲੋਂ ਟੁੱਟਣ ਦਾ ਦੁੱਖ ਹੈ ।
ਆਮ ਤੌਰ ਤੇ ਪੰਜਾਬੀ ਸਭਿਆਚਾਰ ਨੂੰ ਪਤਵੰਤੇ ਅਤੇ ਲੋਕ, ਸਭਿਆਚਾਰ ਵਿਚ ਵੰਡ ਲਿਆ ਜਾਂਦਾ ਹੈ । ਇਤਿਹਾਸਕ ਕਾਰਨਾਂ ਕਰ ਕੇ ਪੰਜਾਬ ਸਦੀਆਂ ਬੱਧੀ ਅਸ਼ਾਂਤੀ ਦਾ ਘਰ ਰਿਹਾ ਹੈ । ਇਸ ਵਜ੍ਹਾ ਕਰ ਕੇ ਉੱਤਮ ਸੰਸਕ੍ਰਿਤੀ ਨੂੰ ਜਨਮ ਦੇਣ ਵਾਲੀਆਂ ਸੂਖ਼ਮ ਕਲਾਵਾਂ ਦੀ ਇਥੇ ਲਗਭਗ ਕਮੀ ਹੀ ਰਹੀ ਹੈ । ਲੋਕ ਜੀਵਨ ਦੇ ਨੇੜੇ ਰਹਿਣ ਕਾਰਨ ਪੰਜਾਬੀਆਂ ਦਾ ਸਭਿਆਚਾਰਕ ਵਿਰਸਾ ਲੋਕਯਾਨ/ਲੋਕਧਾਰਾ ਹੈ। ਲੋਕ ਜੀਵਨ ਨਾਲ ਜੁੜੀ ਹੋਈ ਸਾਮੱਗਰੀ ਲੋਕ ਗੀਤਾਂ, ਲੋਕ ਕਹਾਣੀਆਂ, ਲੋਕ ਨਾਚਾਂ, ਲੋਕ ਨਾਟਕਾਂ, ਲੋਕ ਸੰਗੀਤ-ਲੋਕ ਵਿਸ਼ਵਾਸ਼ਾਂ, ਰੀਤੀ ਰਿਵਾਜਾਂ, ਲੋਕ ਧੰਦਿਆਂ ਅਤੇ ਦਿਲ ਪਰਚਾਵੇ ਦੇ ਸਾਧਨਾਂ ਦੇ ਰੂਪ ਵਿਚ ਮਿਲਦੀ ਹੈ। ਇਸ ਦਾ ਜਾਇਜ਼ਾ ਲੈ ਕੇ ਸਹਿਜੇ ਹੀ ਇਸ ਨਤੀਜੇ ਤੇ ਪੁੱਜੀਦਾ ਹੈ ਕਿ ਪੰਜਾਬੀ ਲੋਕਯਾਨ ਸਾਡੀ ਜ਼ਿੰਦਗੀ ਦਾ ਅਜਿਹਾ ਝਰੋਖਾ ਹੈ ਜਿਸ ਵਿਚੋਂ ਝਾਤੀ ਮਾਰਿਆਂ ਸਾਡੀਆਂ ਸਮਾਜਕ ਰਹੁ-ਰੀਤਾਂ ਦੇ ਵੇਰਵੇ, ਵਿਸ਼ਵਾਸਾਂ ਤੇ ਲੋਕ ਸਿਆਣਪ ਦੇ ਝੁਕਾਵਾਂ ਦੀ ਬਣਤਰ ਤੇ ਸਥਾਪਨਾਵਾਂ ਦਾ ਪ੍ਰਗਟਾਵਾ ਪੂਰੀ ਤਰ੍ਹਾਂ ਦਿਸ ਆਉਂਦਾ ਹੈ । ਲੋਕਯਾਨ ਸਮੂਹ ਪੰਜਾਬੀਆਂ ਦੇ ਸਾਂਝੇ ਤਜਰਬਿਆਂ ਦਾ ਜ਼ਖੀਰਾ ਹੈ । ਪੰਜਾਬੀ ਸਭਿਆਚਾਰ ਦਾ ਸੱਚਾ, ਸੁੱਚਾ ਤੇ ਸਜੀਵ ਚਿੱਤਰ ਇਥੇ ਰੂਪਮਾਨ ਹੁੰਦਾ ਹੈ।
ਪੰਜਾਬੀ ਸੰਸਕ੍ਰਿਤੀ ਹੁਣ ਤਕ ਵੰਡੀ ਰਹੀ ਹੈ । ਕੁਝ ਵਿਦਵਾਨ ਪੰਜਾਬੀ ਸਭਿਆਚਾਰ ਨੂੰ ਸਿੱਖ ਸਭਿਆਚਾਰ ਨਾਲ ਜੋੜਦੇ ਹਨ। ਪਾਕਿਸਤਾਨ ਵਿਚ ਇਸ ਨੂੰ ਇਸਲਾਮ ਦੇ ਹਵਾਲੇ ਨਾਲ ਵੇਖਿਆ ਜਾਂਦਾ ਹੈ ਅਤੇ ਕਿਸੇ ਕੋਨੇ ਤੋਂ ਹਿੰਦੀ ਹਿੰਦੂ ਹਿੰਦੁਸਤਾਨ ਦੀ ਧੁਨੀ ਵੀ ਸੁਣਾਈ ਦਿੰਦੀ ਹੈ। ਅਜਿਹੀ ਸੋਚ ਪੰਜਾਬੀ ਸਭਿਆਚਾਰ ਬਾਰੇ ਬੇਸਮਝੀ ਦਾ ਪ੍ਰਮਾਣ ਹੈ । ਇਸੇ ਭਾਵਨਾ ਅਧੀਨ ਗੁਰਮੁਖੀ ਲਿਪੀ ਨੂੰ ਸਿੱਖਾਂ ਨਾਲ, ਅਰਬੀ ਅੱਖਰਾਂ ਨੂੰ ਮੁਸਲਮਾਨਾਂ ਨਾਲ ਅਤੇ ਦੇਵਨਾਗਰੀ ਵਰਣਮਾਲਾ ਨੂੰ ਹਿੰਦੂਆਂ ਨਾਲ ਜੋੜਨ ਦੀ ਗ਼ਲਤੀ ਕੀਤੀ ਜਾਂਦੀ ਹੈ । ਹੁਣ ਤਕ ਭਾਰਤ ਅਤੇ ਪਾਕਿਸਤਾਨ, ਫ਼ਰਾਂਸ, ਜਰਮਨੀ ਤੇ ਇੰਗਲੈਂਡ ਵਾਂਗ ਕੌਮੀ ਪੱਧਰ ਤੇ ਆਪਣਾ ਆਪਣਾ ਸਭਿਆਚਾਰ ਪੈਦਾ ਨਹੀਂ ਕਰ ਸਕੇ । ਇਸ ਵੇਲੇ ਭਾਰਤੀ ਕੌਮੀਅਤਾਂ -ਗੁਜਰਾਤੀ, ਮਰਾਠੀ, ਬੰਗਾਲੀ, ਪੰਜਾਬੀ ਆਦਿ ਸਭਿਆਚਾਰਾਂ ਦਾ ਜੋੜ ਹੀ ਭਾਰਤੀ ਸਭਿਆਚਾਰ ਹੈ ।
ਪੰਜਾਬ ਦੇ ਲੋਕ ਸਭਿਆਚਾਰਕ ਨਜ਼ਰੀਏ ਤੋਂ ਹੁਣ ਤਕ ਪਛੜੇ ਰਹੇ ਹਨ। ਘਟੀਆ ਪੰਜਾਬੀ ਫਿਲਮਾਂ ਜਾਂ ਹਿੰਦੀ ਫਿਲਮਾਂ ਵਿਚ ਟੈਕਸੀ ਡਰਾਈਵਰਾਂ ਪਾਸੋਂ ਟੁੱਟੀ ਫੁੱਟੀ ਪੰਜਾਬੀ ਬੁਲਵਾ ਕੇ ਪੰਜਾਬੀਆਂ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਇਹ ਵਾਤਾਵਰਣ ਹੌਲੀ ਹੌਲੀ ਬਦਲ ਰਿਹਾ ਹੈ । ਹਰੇ ਇਨਕਲਾਬ ਪਿੱਛੋਂ ਪੰਜਾਬ ਦੇ ਕਿਸਾਨਾਂ ਨੂੰ ਭਾਰਤ ਦੇ ਅੰਨਦਾਤਾ ਸਮਝਿਆ ਜਾਣ ਲਗ ਪਿਆ ਹੈ। ਪੰਜਾਬੀ ਸਭਿਆਚਾਰ ਨੂੰ ਹੁਣ ਤਕ ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ ਅਤੇ ਗਿੱਧੇ-ਭੰਗੜੇ ਤਕ ਹੀ ਸੀਮਿਤ ਕੀਤਾ ਜਾਂਦਾ ਰਿਹਾ ਹੈ । ਇਹ ਵਿਲੱਖਣਤਾਵਾਂ ਤਾਂ ਹਨ ਹੀ ਪਰ ਪੰਜਾਬੀ ਰਹਿਤਲ ਦੇ ਅਣਗਿਣਤ ਹੋਰ ਪਹਿਲੂ ਵੀ ਹਨ। ਢਾਬਿਆਂ ਦੀ ਥਾਂ ਦਿੱਲੀ, ਬੰਬਈ ਤੇ ਕਲਕੱਤੇ ਵਰਗੇ ਸ਼ਹਿਰਾਂ ਦੇ ਰੈਸਟੋਰੈਂਟਾਂ ਵਿਚ ਪੰਜਾਬੀ ਖਾਣਿਆਂ ਦੀ ਪ੍ਰਸ਼ੰਸਾਂ ਕੀਤੀ ਜਾਂਦੀ ਹੈ । ਟੈਕਸੀ ਤੇ ਟਰੱਕ ਡਰਾਈਵਰ, ਟ੍ਰਾਂਸਪੋਰਟ ਕੰਪਨੀਆਂ ਤੇ ਸਪੇਅਰ ਪਾਰਟਸ ਦੀਆਂ ਦੁਕਾਨਾਂ ਦੇ ਮਾਲਕ ਪੰਜਾਬੀ ਹਨ । ਦੇਸ਼ ਉੱਤੇ ਜਦ ਭੀੜ ਬਣਦੀ ਹੈ ਤਾਂ ਪੰਜਾਬੀ ਜਵਾਨਾਂ ਦੇ ਨਾਅਰਿਆਂ ਨਾਲ ਅਸਮਾਨ ਗੂੰਜ ਉਠਦਾ ਹੈ । ਸੂਰਮਗਤੀ, ਬੀਰਤਾ, ਅਣਖ, ਸ੍ਵੈਮਾਨ, ਪ੍ਰਾਹੁਣਚਾਰੀ ਅਤੇ ਸੁਨੇਹ ਭਾਵ ਪੰਜਾਬੀ ਸੁਭਾਉ ਦੇ ਵਿਸ਼ੇਸ਼ ਲੱਛਣ ਹਨ।
ਅਜੋਕੇ ਭਾਰਤੀ ਪੰਜਾਬ ਦੇ ਸਮਾਜਕ ਅਤੇ ਆਰਥਿਕ ਢਾਂਚੇ ਵਿਚ ਜ਼ੋਰਦਾਰ ਤਬਦੀਲੀ ਵਾਪਰ ਰਹੀ ਹੈ । ਸਾਕਾਦਾਰੀ ਵਿਧਾਨ ਵਿਚ ਪਰਿਵਰਤਨ, ਸਾਡੇ ਪਰਿਵਾਰਾਂ ਦੀ ਸੰਸਥਾ ਦਾ ਖੇਰੂੰ ਖੇਰੂੰ ਹੋਣਾ, ਵਿਅਕਤੀਗਤ ਰੁਚੀਆਂ ਦੀ ਪ੍ਰਧਾਨਤਾ ਆਦਿ ਪੱਖ ਖਾਸ ਵਰਣਨਯੋਗ ਹਨ। ਉਦਯੋਗੀਕਰਨ ਅਤੇ ਮਸ਼ੀਨੀਕਰਨ ਨਾਲ ਪਿੰਡਾਂ ਦੇ ਲੋਕ ਬੜੀ ਤੇਜ਼ੀ ਨਾਲ ਸ਼ਹਿਰਾਂ ਵੱਲ ਆ ਰਹੇ ਹਨ। ਪੁਰਾਣੇ ਪੇਸ਼ਾਵਰ ਲੋਕ- ਮੋਚੀ, ਤੇਲੀ, ਜੁਲਾਹੇ, ਝਿਊਰ, ਲੋਹਾਰ, ਤਰਖਾਣ ਆਦਿ ਪਿੰਡਾਂ ਵਿਚ ਰਹਿ ਕੇ ਆਪਣੀਆਂ ਲੋੜਾਂ ਪੂਰੀਆਂ ਕਰਨ ਤੋਂ ਅਸਮੱਰਥ ਹਨ। ਪੰਜਾਬੀ ਦੀ ਮਾਲੀ ਹਾਲਤ ਚੰਗੀ ਹੋਣ ਕਾਰਣ ਬਿਹਾਰ, ਯੂ. ਪੀ. ਅਤੇ ਰਾਜਸਥਾਨ ਤੋਂ ਲੱਖਾਂ ਦੀ ਗਿਣਤੀ ਵਿਚ ਲੋਕ ਰੋਜ਼ਗਾਰ ਦੀ ਭਾਲ ਵਿਚ ਪਿੰਡਾਂ ਤੇ ਸ਼ਹਿਰਾਂ ਵਿਚ ਕਾਰ-ਵਿਹਾਰ ਕਰ ਰਹੇ ਹਨ ।
ਪੰਜਾਬੀ ਸਭਿਆਚਾਰ ਦੇ ਮਹੱਤਵ ਨੂੰ ਪੂਰੀ ਤਰ੍ਹਾਂ ਸਮਝਣ, ਪੰਜਾਬੀਆਂ ਦੇ ਮਨਾਂ ਅੰਦਰ ਆਪਣੇ ਵਿਰਸੇ ਪ੍ਰਤੀ ਮੋਹ ਦੀ ਭਾਵਨਾ ਉਜਾਗਰ ਕਰਨ ਅਤੇ ਪੰਜਾਬੀ ਸਭਿਆਚਾਰ ਦੇ ਠੀਕ ਪ੍ਰਸਾਰ ਲਈ ਪੰਜਾਬ ਵਿਚ ਉੱਚ ਪੱਧਰ ਦੀ ਸਭਿਆਚਾਰਕ ਸੰਸਥਾ ਅਤੇ ਅਜਾਇਬ ਘਰ ਦੀ ਕਾਇਮੀ, ਸਕੂਲਾਂ ਤੇ ਯੂਨੀਵਰਸਿਟੀਆਂ ਦੀ ਪੱਧਰ ਤੇ ਪੰਜਾਬੀ ਸਭਿਆਚਾਰ ਦੇ ਵਿਸ਼ੇ ਦੀ ਪੜ੍ਹਾਈ ਤੇ ਖੋਜ ਦਾ ਪ੍ਰਬੰਧ, ਪੰਜਾਬੀ ਬੋਲੀ ਨੂੰ ਯੋਗ ਥਾਂ ਦੇਣਾ, ਚੰਗੀਆਂ ਪੰਜਾਬੀ ਫਿਲਮਾਂ ਤੇ ਸੀਰੀਅਲ ਤਿਆਰ ਕਰਾਉਣੇ, ਕੋਮਲ ਕਲਾਵਾਂ : ਨਾਚ, ਨਾਟ, ਸੰਗੀਤ, ਮੂਰਤੀਕਾਰੀ, ਭਵਨ-ਉਸਾਰੀ ਆਦਿ ਨੂੰ ਉਤਸਾਹਿਤ ਕਰਨਾ ਅਤੇ ਹਰ ਸ਼ਹਿਰ ਤੇ ਕਸਬੇ ਵਿਚ ਨਾਟਕ-ਥੀਏਟਰ ਦੀ ਉਸਾਰੀ ਤੇ ਲਾਇਬ੍ਰੇਰੀਆਂ ਕਾਇਮ ਕਰਨ ਵੱਲ ਧਿਆਨ ਦੇਣ ਦੀ ਲੋੜ ਹੈ ।
ਲੇਖਕ : ਡਾ. ਕਰਨੈਲ ਸਿੰਘ ਬਿੰਦ ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 20613, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-08-04-27-36, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Pls add inages with each and every topic so that students can easily get the Knowledge. My personal experience is that i easily learn if i saw the images .pls its my humble request to add the images with all the topics.
Vaneet Kaur,
( 2014/06/30 12:00AM)
Pdf ਦੇ ਰੂਪ ਵਿਚ ਕਿਵੇਂ downlod ਕਰ ਸਕਦੇ ਆ ਜੀ plz ਦਸਿਊ ਜੀ
Gurmail singh,
( 2021/07/22 05:4001)
GAGANDEEP KAUR,
( 2022/01/08 12:2023)
Please Login First