ਪੰਜ ਖੰਡ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪੰਜ ਖੰਡ: ‘ਜਪੁਜੀ ’ ਨਾਂ ਦੀ ਸੁਪ੍ਰਸਿੱਧ ਬਾਣੀ ਦੇ ਅੰਤ ਉਤੇ ਦਸੇ ਗਏ ਪੰਜ ਖੰਡ ਗੁਰੂ ਨਾਨਕ ਦੇਵ ਜੀ ਦੀ ਮੌਲਿਕ ਅਧਿਆਤਮਿਕ ਅਨੁਭੂਤੀ ਦੇ ਵਾਚਕ ਹਨ। ਇਹ ਖੰਡ ਉਤਰੋਤਰ ਸੂਖਮ ਹੁੰਦੇ ਗਏ ਹਨ। ਸੂਫ਼ੀ ਫ਼ਕੀਰਾਂ ਦੀਆਂ ਚਾਰ ਅਵਸਥਾਵਾਂ (ਸ਼ਰੀਅਤ, ਤਰੀਕਤ, ਮਾਰਿਫ਼ਤ ਅਤੇ ਹਕੀਕਤ) ਜਾਂ ਪੰਜ-ਲੋਕਾਂ (ਨਾਸੂਤ,ਮਲਕੂਤ, ਜਬਰੂਤ, ਲਾਹੂਤ ਅਤੇ ਹਾਹੂਤ) ਤੋਂ ਭਿੰਨ ਹਨ। ਭਾਰਤੀ ਦਰਸ਼ਨ ਦੀਆਂ ਚਾਰ ਅਵਸਥਾਵਾਂ (ਜਾਗ੍ਰਿਤ, ਸੁਪਨ, ਸੁਖੁਪਤੀ ਅਤੇ ਤੁਰੀਅ) ਨਾਲ ਵੀ ਇਨ੍ਹਾਂ ਦੀ ਕੋਈ ਸਮਾਨਤਾ ਨਹੀਂ ਹੈ।

ਸਭ ਤੋਂ ਪਹਿਲਾਂ ‘ਧਰਮ-ਖੰਡ’ ਹੈ। ਜਦ ਮਨੁੱਖ ਦੇ ਅੰਤਹਕਰਣ ਵਿਚ ਪਰਮਾਤਮਾ ਦੀ ਕ੍ਰਿਪਾ ਨਾਲ ਜਾਗ੍ਰਿਤੀ ਪੈਦਾ ਹੁੰਦੀ ਹੈ ਤਾਂ ਆਚਾਰ ਦੀ ਪੂਰਣਤਾ ਦਾ ਯਤਨ ਕੀਤਾ ਜਾਂਦਾ ਹੈ। ਧਰਮ ਦਾ ਤਾਤਪਰਜ ਹੈ ਪ੍ਰਕ੍ਰਿਤੀ ਦੇ ਨਿਯਮਾਂ ਦੀ ਉਚਿਤ ਵਿਵਸਥਾ। ਇਸ ਖੰਡ ਵਿਚ ਪਰਮਾਤਮਾ ਨੇ ਸਾਰੀ ਪ੍ਰਕ੍ਰਿਤੀ ਵਿਚ ਧਰਤੀ ਨੂੰ ਧਰਮਸਾਲ ਦੇ ਰੂਪ ਵਿਚ ਸਥਾਪਿਤ ਕੀਤਾ ਹੈ। ਇਸ ਧਰਤੀ ਵਿਚ ਅਨੇਕ ਜੀਵਾਂ ਦੇ ਵਿਧਾਨ , ਉਨ੍ਹਾਂ ਦੀਆਂ ਅਨੇਕਾਂ ਜਾਤਾਂ ਅਤੇ ਪ੍ਰਕਾਰਾਂ ਦੀ ਸਿਰਜਨਾ ਹੋਈ ਹੈ। ਅਨੰਤ ਰੂਪਾਂ, ਪ੍ਰਕਾਰਾਂ ਅਤੇ ਨਾਂਵਾਂ ਵਾਲੇ ਜੀਵਾਂ ਬਾਰੇ ਉਨ੍ਹਾਂ ਦੇ ਕਰਮਾਂ ਅਨੁਸਾਰ ਹੀ ਸਤਿ- ਸਰੂਪ ਪਰਮਾਤਮਾ ਵਿਚਾਰ-ਪੂਰਵਕ ਫਲ ਪ੍ਰਦਾਨ ਕਰਦਾ ਹੈ ਅਤੇ ਜਿਗਿਆਸੂ ਪ੍ਰਮਾਣਿਕਤਾ ਦਾ ਚਿੰਨ੍ਹ ਪ੍ਰਾਪਤ ਕਰਦਾ ਹੈ। ਇਸ ਖੰਡ ਵਿਚ ਕੱਚੇ ਅਤੇ ਪੱਕੇ , ਜਾਂ ਪਾਪੀ ਅਤੇ ਪੁੰਨੀ ਦੀ ਪਰਖ ਹੁੰਦੀ ਹੈ।

ਗਿਆਨ-ਖੰਡ ’ ਦੂਜੀ ਅਵਸਥਾ ਹੈ। ਸ਼ਬਦ ਵਿਚ ਮਗਨ ਹੋਣ ’ਤੇ ਪਰਮਾਤਮਾ ਦੀਆਂ ਸ਼ਕਤੀਆਂ ਦਾ ਅਹਿਸਾਸ ਹੁੰਦਾ ਹੈ, ਇਹੀ ‘ਗਿਆਨ ’ ਹੈ। ਇਸ ਖੰਡ ਵਿਚ ਦੇਵੀ- ਦੇਵਤਾ , ਕ੍ਰਿਸ਼ਣ, ਮਹੇਸ਼, ਬ੍ਰਹਮਾ ਆਦਿ ਵਿਦਮਾਨ ਹਨ, ਅਨੇਕ ਪ੍ਰਕਾਰ ਦੀਆਂ ਵਸਤੂਆਂ ਦੇ ਭਿੰਨ ਭਿੰਨ ਕਿਸਮ ਦੇ ਰੂਪ-ਰੰਗ ਹਨ। ਅਨੇਕ ਦੇਸ-ਦੇਸਾਂਤਰ ਹਨ ਅਤੇ ਅਨੰਤ ਸਿੱਧ, ਨਾਥ-ਯੋਗੀ, ਖਾਣੀਆਂ-ਬਾਣੀਆਂ, ਰਾਜੇ ਬਾਦਸ਼ਾਹ ਹਨ। ਇਸ ਖੰਡ ਦਾ ਵਿਸਤਾਰ ਅਸੀਮ ਹੈ। ਇਸ ਵਿਚ ਸਰਬਤ੍ਰ ਗਿਆਨ ਦੀ ਪ੍ਰਧਾਨਤਾ ਹੈ।

            ਤੀਜੀ ਅਵਸਥਾ ਦਾ ਨਾਂ ‘ਸਰਮ-ਖੰਡ’ ਹੈ। ਇਸ ਖੰਡ ਵਿਚ ਉਦਮ , ਤਪਸਿਆ ਜਾਂ ਸਾਧਨਾ ਦੇ ਗੌਰਵ ਨਾਲ ਜਿਗਿਆਸੂ ਦਾ ਸਰੂਪ-ਨਿਖਾਰ ਹੁੰਦਾ ਹੈ ਅਤੇ ਸੁਰਤ ਮਤਿ ਮਨਿ ਬੁਧਿ ਦੀ ਸਥਿਤੀ ਸਪੱਸ਼ਟ ਹੁੰਦੀ ਹੈ। ਇਸ ਖੰਡ ਦੀ ਸਥਿਤੀ ਵਰਣਨ ਤੋਂ ਪਰੇ ਹੈ।

ਚੌਥੀ ਅਵਸਥਾ ਨੂੰ ‘ਕਰਮ-ਖੰਡ’ ਦਾ ਨਾਂ ਦਿੱਤਾ ਗਿਆ ਹੈ। ‘ਕਰਮ ’ ਤੋਂ ਭਾਵ ਹੈ ਪਰਮਾਤਮਾ ਦੀ ਕ੍ਰਿਪਾ ਜਾਂ ਮਿਹਰ। ਇਸ ਵਿਚ ਪਰਮਾਤਮਾ ਦੀ ਸ਼ਕਤੀ ਦੀ ਪ੍ਰਧਾਨਤਾ ਹੁੰਦੀ ਹੈ। ਇਥੇ ਅਧਿਆਤਮਿਕ ਯੋਧੇ ਅਤੇ ਸ਼ੂਰਵੀਰ ਲੋਕ ਨਿਵਾਸ ਕਰਦੇ ਹਨ। ਉਨ੍ਹਾਂ ਦੇ ਹਿਰਦੇ ਵਿਚ ਸਦਾ ਰਾਮ ਵਿਆਪਤ ਹੈ। ਉਹ ਨ ਮਰਦੇ ਹਨ ਅਤੇ ਨ ਹੀ ਮਾਇਆ ਦੁਆਰਾ ਠਗੇ ਜਾ ਸਕਦੇ ਹਨ। ਇਸ ਖੰਡ ਵਿਚ ਭਗਤਾਂ ਦੇ ਅਨੰਤ ਲੋਕ ਹਨ, ਜਿਥੇ ਉਹ ਸਦੀਵੀ ਆਨੰਦ ਵਿਚ ਮਗਨ ਰਹਿੰਦੇ ਹਨ। ਉਥੇ ਹਰ ਪ੍ਰਕਾਰ ਦੇ ਤਨਾਉ ਦਾ ਅਭਾਵ ਹੈ।

ਪੰਜਵਾਂ ਖੰਡ ‘ਸਚ-ਖੰਡ’ ਹੈ। ਇਸ ਵਿਚ ਨਿਰਾਕਾਰ ਦਾ ਨਿਵਾਸ ਹੈ। ਇਸ ਵਿਚ ਅਨੰਤ ਖੰਡ, ਮੰਡਲ ਅਤੇ ਬ੍ਰਹਿਮੰਡ ਹਨ ਜਿਨ੍ਹਾਂ ਵਿਚ ਵਸਦੇ ਸਾਰੇ ਸਾਧਕ ਈਸ਼ਵਰੀ ਹੁਕਮ ਅਨੁਸਾਰ ਆਪਣੇ ਆਪਣੇ ਕਾਰਜਾਂ ਵਿਚ ਲੀਨ ਹਨ ਅਤੇ ਪਰਮਾਤਮਾ ਦਾ ਨਿੱਤ ਦਰਸ਼ਨ ਅਤੇ ਧਿਆਨ ਕਰਕੇ ਪ੍ਰਸੰਨ ਹੁੰਦੇ ਹਨ। ਇਥੇ ਧਿਆਨ ਦੇਣ ਦੀ ਗੱਲ ਇਹ ਹੈ ਕਿ ਇਨ੍ਹਾਂ ਖੰਡਾਂ ਦੀ ਯਾਤ੍ਰਾ ਬਾਹਰਵਰਤੀ ਨਹੀਂ, ਅੰਦਰਵਰਤੀ ਹੈ। ਇਨ੍ਹਾਂ ਦਾ ਵਿਕਾਸ ਸਥੂਲਤਾ ਤੋਂ ਸੂਖਮਤਾ ਵਲ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12883, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਪੰਜ ਖੰਡ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪੰਚ ਖੰਡ/ਪੰਜ ਖੰਡ : ਗੁਰੂ ਨਾਨਕ ਦੇਵ ਨੇ ਆਪਣੀ ਸ਼ਾਹਕਾਰ ਬਾਣੀ ‘ਜਪੁਜੀ’ ਵਿਚ ਪਉੜੀ 33 ਤੋਂ ਪਉੜੀ 37 ਵਿਚ ਪੰਚ ਖੰਡਾਂ (ਧਰਮ, ਗਿਆਨ, ਸਰਮ, ਕਰਮ ਅਤੇ ਸਚ) ਦਾ ਵਰਣਨ ਕੀਤਾ ਹੈ ਜਿਸ ਵਿਚ ਗੁਰਮਤਿ ਦੀ ਰਹੱਸਾਤਮਕ ਸਾਧਨਾ ਅਨੁਸਾਰ ਅਧਿਆਤਮਕ ਮਾਰਗ ਦਾ ਪਾਂਧੀ ‘ਗੁਰਮੁਖਿ’ ਗੁਰੂ ਦੀ ਆਗਿਆ ਅਨੁਰੂਪ ਸਹਿਜ–ਮਾਰਗ ਉੱਤੇ ਚਲਦਾ ਹੋਇਆ ਆਤਮਿਕ ਵਿਕਾਸ ਕਰਦਾ ਹੈ ਅਤੇ ਪੰਜਾਂ ਖੰਡਾਂ ਦੇ ਪ੍ਰਤੀਕਾਤਕ ਮਾਰਗ ਤੋਂ ਲੰਘਦਾ ਹੋਇਆ ਸਚ ਖੰਡ ਦਾ ਨਿਵਾਸ ਕਰਦਾ ਹੈ ਪੰਜਵੇਂ ਖੰਡ (ਸਚਖੰਡ) ਵਿਚ ਮਨੁੱਖ ਸਚਿਆਰ ਹੋ ਕੇ ਅਕਾਲ ਪੁਰਖ ਵਿਚ ਅਭੇਦ ਹੋ ਜਾਂਦਾ ਹੈ। ਇਹ ਸਾਧਕ ਦੀ ਅੰਤਿਮ ਮੰਜ਼ਿਲ ਹੈ। ਜਪੁਜੀ ਤੋਂ ਬਿਨਾ ਆਦਿ ਗ੍ਰੰਥ ਵਿਚ ਹੋਰ ਕਿਸੇ ਥਾਂ ਵੀ ਪੰਚ ਖੰਡਾਂ ਦਾ ਸਿੱਧਾ ਜ਼ਿਕਰ ਨਹੀਂ ਆਇਆ।

          ‘ਖੰਡ’ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦੇ ਅਰਥ ਹਨ, ‘ਹਿੱਸਾ, ਟੁਕੜਾ, ਧਰਤੀ ਦਾ ਹਿੱਸਾ।’ ਗੁਰਮਤਿ ਦਾ ਸਾਧਕ ਨੂੰ ਧਰਮ ਖੰਡ ਦੀ ਅਵਸਥਾ ਤਕ ਪੁੱਜਣ ਲਈ ਸੁਣਨ, ਮੰਨਣ, ਆਦਿ ਸਾਧਨਾਤਮਕ ਪ੍ਰਕ੍ਰਿਆਵਾਂ ਵਿਚੋਂ ਲੰਘ ਕੇ ਆਉਣਾ ਪੈਂਦਾ ਹੈ। ‘ਧਰਮ ਖੰਡ’ ਵਿਚ ਪ੍ਰਵੇਸ਼ ਕਰ ਕੇ ਜਿਗਿਆਸੂ ਦੀ ਨਜ਼ਰ ਕੁਦਰਤ ਦੇ ਬਾਹਰਲੇ ਕਾਰ–ਵਿਹਾਰ ਉੱਤੇ ਪੈਂਦੀ ਹੈ ਜਿਹੜੀ ਅਟੱਲ ਨਿਯਮ ਵਿਚ ਬੱਧੀ ਦਿਨ ਰਾਤ ਆਪਣੀ ਕਾਰ ਕਰ ਰਹੀ ਹੈ। ਇੱਥੇ ਨੈਤਿਕ ਕਰਤੱਵ ਦੀ ਸੋਝੀ ਹੁੰਦੀ ਹੈ। ਇੱਥੇ ਮਨੁੱਖ ਨੂੰ ਚੰਗੇ ਮਾੜੇ ਕੰਮ ਦੀ ਪਛਾਣ ਹੁੰਦੀ ਹੈ। ਪ੍ਰਾਣੀ ਸ੍ਵੈ–ਅਨੁਸ਼ਾਸਨ ਨਾਲ ਸਾਧਨਾ ਕਰਦਾ ਹੈ। ਇੱਥੇ ਕੱਚੇ ਪੱਕੇ ਦੀ ਪਰਖ ਹੁੰਦੀ ਹੈ। ਸੱਚੇ ਦਰਬਾਰ ਵਿਚ ਪੰਚ ਪ੍ਰਵਾਨ ਹਨ। ਧਰਤੀ ਦੀ ਧਰਮਸ਼ਾਲਾ ਵਿਚ ਮਨੁੱਖ ਆਪਣਾ ਨੈਤਿਕ ਧਰਮ ਨਿਭਾਉਂਦੇ ਹਨ। ਇਸ ਤੋਂ ਅੱਗੇ ‘ਗਿਆਨ ਖੰਡ’ ਹੈ। ‘ਗਿਆਨ ਖੰਡ’ ਵਿਚ ਮਨੁੱਖ ਦਾ ਦੇਸ਼–ਕਾਲ ਦਾ ਦਾਇਰਾ ਹੋਰ ਵੀ ਵਿਸਤਾਰ ਵਿਚ ਚਲਾ ਜਾਂਦਾ ਹੈ ਅਤੇ ਉਸ ਨੂੰ ਵਿਸ਼ਾਲ ਇਤਿਹਾਸਿਕਤਾ ਦੀ ਪ੍ਰਬਲ ਜਾਣਕਾਰੀ ਹੋ ਜਾਂਦੀ ਹੈ। ਸਾਧਕ ਨੂੰ ਇੱਥੇ ਦਿਮਾਗ਼ੀ ਸੂਝ ਅਤੇ ਅਨੁਭਵੀ ਗਿਆਨ ਪ੍ਰਾਪਤ ਹੁੰਦਾ ਹੈ ਕਿ ਕਿੰਨੀਆਂ ਹੀ ਕਰਮ ਭੂਮੀਆਂ, ਚੰਦ, ਸੂਰਜ, ਕਾਨ੍ਹ, ਮਹੇਸ਼ ਆਦਿ ਹਨ; ਕਿੰਨੇ ਹੀ ਬਰਮਾ ਘਾੜਤ ਘੜ ਰਹੇ ਹਨ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ। ‘ਗਿਆਨ ਖੰਡ’ ਵਿਚ ਗਿਆਨ ਪ੍ਰਚੰਡ ਹੁੰਦਾ ਹੈ। ਤੀਜਾ ‘ਸਰਮ ਖੰਡ’ ਹੈ। ‘ਸਰਮ’ ਦਾ ਅਰਥ ਹੈ ਉੱਦਮ, ਕਰੜਾ ਯਤਨ। ਵਿਨੋਭਾ ਭਾਵੇਂ ਸਰਮ ਦਾ ਅਰਥ ‘ਹਯਾ’ ਕਰਦਾ ਹੈ। ‘ਸਰਮ ਖੰਡ ਕੀ ਬਾਣੀ ਰੂਪ’, ਤਿਥੇ ਘਾੜਤਿ ਘੜਿਐ ਬਹੁਤ ਅਨੂਪ’ (ਆ. ਗ੍ਰੰਥ, ਪੰ. ੬)। ਗੁਰੂ ਨਾਨਕ ਨੇ ਆਪਣੀ ਕਰਤਾਰੀ ਪ੍ਰਤਿਭਾ ਕਰਕੇ ਅਜਿਹੇ ਸ਼ਬਦ ਵਰਤੇ ਹਨ ਜਿਹੜੇ ਵਿਚਾਰ ਦੀ ਗੰਭੀਰਤਾ, ਸੂਖ਼ਮਤਾ ਦੀ ਬਾਰੀਕੀ ਕਾਰਣ ਅਰਥਾਂ ਵਿਚ ਬਹੁਤ ਵਿਸਤਾਰੀ ਹੋ ਜਾਂਦੇ ਹਨ। ‘ਸਰਮ ਖੰਡ’ ਵਿਚ ਸੁਰਤਿ, ਮਨਿ, ਬੁੱਧੀ ਦੀ ਘਾੜਤ ਘੜੀ ਜਾਂਦੀ ਹੈ। ‘ਸਰਮ ਖੰਡ’ ਦੀ ਬਾਣੀ ਜਿੱਥੇ ਰੂਪ ਹੈ ਉੱਥੇ ‘ਕਰਮ ਖੰਡ’ ਦੀ ਬਾਣੀ ਜ਼ੋਰ ਹੈ। ਕਰਮ ਦਾ ਭਾਵ ਹੈ ਅਮਲ, ਕਰਣੀ। ਕਈ ਵਿਦਵਾਨ ‘ਕਰਮ’ ਨੂੰ ਅਰਬੀ ਸ਼ਬਦ ਮੰਨ ਕੇ ਇਸ ਨੂੰ ਇਸਲਾਮ ਦੇ ਪਰਿਭਾਸ਼ਕ ਸ਼ਬਦ ‘ਕਰਮ’ (ਮਿਹਰ) ਦੇ ਸਿਧਾਂਤ ਨਾਲ ਜੋੜਦੇ ਹਨ––‘ਕਰਮ ਖੰਡ ਕੀ ਬਾਣੀ ਜੋਰ’। ‘ਜੋਰ’ ਸ਼ਬਦ ਦਾ ਅਰਥ ਵਿਨੋਭਾ ਭਾਵੇ ਨੇ ‘ਜੋੜ’ ਕੀਤਾ ਹੈ ਪਰ ਗੁਰਮਤਿ ਦੇ ਵਿਦਵਾਨ ‘ਜੋਰ’ ਸ਼ਬਦ ਦਾ ਅਰਥ ਸ਼ਕਤੀ ਕਰਦੇ ਹਨ। ਸ. ਕਪੂਰ ਸਿੰਘ ਨੇ ‘ਤਿਥੇ ਸੀਤੋ ਸੀਤਾ ਮਹਿਮਾ’ ਵਿਚ ਸੀਤੋ ਸੀਤਾ ਦੇ ਅਰਥ ‘ਸੰਗਮ’ ਵਾਲੇ ਕੀਤੇ ਹਨ ਕਿਉਂਕਿ ਰਿਗਵੇਦ ਵਿਚ ‘ਸਿਤਾਸਿਤ’ ਸ਼ਬਦ ਦੇ ਅਰਥ ‘ਸੰਗਮ’ ਵਰਤੇ ਗਏ ਹਨ। ਇਸ ਖੰਡ ਵਿਚ ਪਹੁੰਚ ਕੇ ਨੇਕੀ ਦੀਆਂ ਸਾਰੀਆਂ ਸ਼ਕਤੀਆਂ ਜੱਥੇਬੰਦ ਹੋ ਕੇ ਮਨੁੱਖ ਨੂੰ ਧਾਰਮਿਕ ਯੋਧਾ ਬਣਾ ਦਿੰਦੀਆਂ ਹਨ। ਕਈ ਵਿਦਵਾਨ ‘ਸਰਮ ਖੰਡ’ ਦੀ ਤਪੱਸਿਆ ਨੂੰ ਨਿੱਜੀ ਉਦਮ ਤੇ ‘ਕਰਮ ਖੰਡ’ ਦੀ ਸਾਧਨਾ ਨੂੰ ਸਮੂਹਿਕ ਰੂਪ ਵਿਚ ਕੀਤਾ ਹੋਇਆ ਖ਼ਿਆਲ ਕਰਦੇ ਹਨ। ਚੌਥੇ ਖੰਡ ਵਿਚ ਪਹੁੰਚ ਕੇ ਅਕਾਲ ਪੁਰਖ ਤੇ ਸਾਧਕ ਕੇਵਲ ਦੋ ਹੀ ਰਹਿ ਜਾਂਦੇ ਹਨ, ਹੋਰ ਤੀਜਾ ਨਹੀਂ ਰਹਿੰਦਾ। ਪੰਜਵੇਂ ਖੰਡ ‘ਸਚ ਖੰਡ’ ਵਿਚ ਦੂਜਾ ਭਾਵ ਸਾਧਕ ਵੀ ਨਿਰੰਕਾਰ ਵਿਚ ਅਭੇਦ ਜਾਂ ਸਮਾਹਿਤ ਹੋ ਜਾਂਦਾ ਹੈ। ਇਹ ਅਦ੍ਵੈਤਤਾ ਦੀ ਅਵਸਥਾ ਹੈ।

                   ਸਚ ਖੰਡਿ ਵਸੈ ਨਿਰੰਕਾਰੁ। ਕਰ ਕਰਿ ਵੇਖੇ ਨਦਰਿ ਨਿਹਾਲ।

                                                                                            ––(ਆਦਿ ਗ੍ਰੰਥ, ਪੰਨਾ ੮)

          ਇਸਲਾਮ ਵਿਚ ਸੂਫ਼ੀ ਸਾਧਕਾਂ ਨੇ ਉੱਚਤਮ ਅਧਿਆਤਮਕ ਅਵਸਥਾ ਉੱਤੇ ਪੁੱਜਣ ਲਈ ਸ਼ਰੀਅਤ, ਤਰੀਕਤ, ਮਾਰਫ਼ਤ ਤੇ ਹਕੀਕਤ ਚਾਰ ਅਵਸਥਾਵਾਂ ਮੰਨੀਆਂ ਹਨ। ਪਰ ਪੰਡ ਖੰਡ ਦਾ ਸੰਕਲਪ ਇਨ੍ਹਾਂ ਅਵਸਥਾਵਾਂ ਦਾ ਬਦਲਵਾਂ ਰੂਪ ਨਾ ਹੋ ਕੇ ਗੁਰੂ ਨਾਨਕ ਦੇਵ ਦੀ ਮੌਲਿਕ ਅਨੁਭੂਤੀ ਦੀ ਸਾਹਿਤਿਕ ਅਭਿਵਿਅਕਤੀ ਹੈ।

          [ਸਹਾ. ਗ੍ਰੰਥ––ਮ. ਕੋ.; ਪੰਡਿਤ ਤਾਰਾ ਸਿੰਘ ਨਰੋਤਮ : ‘ਸ੍ਰੀ ਗੁਰਮਤਿ ਨਿਰਣਯ ਸਾਗਰ’, ‘ਟੀਕਾ ਗੁਰਭਾਵ     ਦੀਪਾਕਾ’; ਡਾ. ਸ਼ੇਰ ਸਿੰਘ : ‘ਜਪੁਜੀ ਦਰਸ਼ਨ’; ਡਾ. ਹਰਨਾਮ ਸਿੰਘ ਸ਼ਾਨ : ‘ਸ਼ਾਹਕਾਰ ਜਪੁਜੀ’; Journal of Sikh Studies, Vol II.]


ਲੇਖਕ : ਡਾ. ਅਜਮੇਰ ਸਿੰਘ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 11333, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no

ਪੰਜ ਖੰਡ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ

ਪੰਜ ਖੰਡ : ਪੰਜ ਖੰਡ, ਮਨੁੱਖ ਦੀ ਅਧਿਆਤਮਿਕ ਸਾਧਨਾ ਦੇ ਪੰਜ ਪੜਾਅ ਹਨ, ਜੋ ਸਚਿਆਰਾ ਬਣਨ ਵਾਲੇ ਮਨੁੱਖ ਨੂੰ ਬੌਧਿਕ ਅਤੇ ਮਾਨਸਿਕ ਉੱਚਤਾ ਪ੍ਰਦਾਨ ਕਰਦੇ ਹਨ। ਗੁਰੂ ਨਾਨਕ ਦੇਵ ਦੀ ਇੱਕ ਪ੍ਰਮੁੱਖ ਬਾਣੀ ਜਪੁਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਾਰ ਮੰਨਿਆ ਜਾਂਦਾ ਹੈ ਅਤੇ ਇਹ ਅਕਸਰ ਕਿਹਾ ਜਾਂਦਾ ਹੈ ਕਿ ਜਿਸ ਮਨੁੱਖ ਨੇ ਜਪੁਜੀ ਨੂੰ ਸਮਝ ਲਿਆ, ਉਸਨੂੰ ਸਮੁੱਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੋਝੀ ਪੈ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਪੁਜੀ ਬਾਣੀ ਦਾ ਸਥਾਨ ਸਭ ਤੋਂ ਪਹਿਲਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਨੂੰ ਗੁਰੂ ਅਰਜਨ ਦੇਵ ਨੇ 31 ਵੱਖ-ਵੱਖ ਰਾਗਾਂ ਵਿੱਚ ਦਰਜ ਕੀਤਾ ਹੈ ਪਰ ਗੁਰੂ ਨਾਨਕ ਦੇਵ ਦੀ ਇਸ ਬਾਣੀ ਤੇ ਕੋਈ ਰਾਗ ਅੰਕਿਤ ਨਹੀਂ ਕੀਤਾ। ਇਹ ਬਾਣੀ ਸਿੱਖ ਦੇ ਰੋਜ਼ਾਨਾ ਜੀਵਨ ਵਿੱਚ ਪੜ੍ਹੀ ਜਾਣ ਵਾਲੀ ਰਚਨਾ ਹੈ ਅਤੇ ਗੁਰੂ ਸਾਹਿਬਾਨ ਉੱਤੇ ਭਰੋਸਾ ਰੱਖਣ ਵਾਲਾ ਹਰ ਇੱਕ ਸਿੱਖ ਸਵੇਰੇ ਉੱਠ ਕੇ ਲਗਪਗ 10-15 ਮਿੰਟ ਵਿੱਚ ਇਸ ਦਾ ਪਾਠ ਕਰ ਲੈਂਦਾ ਹੈ। ਭਾਵੇਂ ਕਿ ਇਸ ਬਾਣੀ ਦੇ ਅਰਥ ਬਹੁਤ ਗੰਭੀਰ ਹਨ ਪਰ ਰੋਜ਼ਾਨਾ ਪੜ੍ਹੀ ਜਾਣ ਕਰਕੇ ਇਹ ਸੁਖਾਲੀ ਜਾਪਦੀ ਹੈ। ਇਸ ਬਾਣੀ ਵਿੱਚ ਹੀ 34 ਤੋਂ 37 ਪਉੜੀਆਂ ਤੱਕ ਪੰਜ ਖੰਡਾਂ ਦਾ ਜ਼ਿਕਰ ਕੀਤਾ ਗਿਆ ਹੈ। ਇਹ ਪੰਜ ਖੰਡ ਹਨ:

          1. ਧਰਮ ਖੰਡ;            

          2. ਗਿਆਨ ਖੰਡ;

          3. ਸਰਮ ਖੰਡ;            

          4. ਕਰਮ ਖੰਡ; ਅਤੇ                

          5. ਸੱਚ ਖੰਡ।

1. ਧਰਮ ਖੰਡ : ਧਰਮ ਹਰ ਇੱਕ ਮਨੁੱਖ ਦੇ ਜੀਵਨ ਦਾ ਅਟੁੱਟ ਅੰਗ ਹੈ ਜੋ ਮਨੁੱਖ ਦੇ ਜਨਮ ਤੋਂ ਲੈ ਕੇ ਮਰਨ ਤੋਂ ਬਾਅਦ ਤੱਕ ਵੀ ਮਨੁੱਖ ਦੇ ਨਾਲ ਰਹਿੰਦਾ ਹੈ। ਧਰਮ ਦਾ ਇੱਕ ਵਿਸ਼ਵਾਸ ਇਹ ਹੈ ਕਿ ਜਦੋਂ ਮਨੁੱਖ ਕੋਈ ਵੀ ਕੰਮ ਕਿਸੇ ਨਿਯਮ ਅਨੁਸਾਰ ਕਰਦਾ ਹੈ ਤਾਂ ਇਹ ਉਸਦਾ ਧਰਮ ਹੈ। ਇਸੇ ਤਰ੍ਹਾਂ ਸ੍ਰਿਸ਼ਟੀ ਦੀ ਹਰ ਇੱਕ ਵਸਤੂ ਆਪੋ-ਆਪਣੇ ਨਿਯਮ ਵਿੱਚ ਕੰਮ ਕਰ ਰਹੀ ਹੈ। ਸੂਰਜ ਆਪਣੇ ਨਿਯਮ ਅਨੁਸਾਰ ਰੋਜ਼ਾਨਾ ਪੂਰਬ ਵਿੱਚੋਂ ਨਿਕਲਦਾ ਹੈ ਅਤੇ ਪੱਛਮ ਵਿੱਚ ਛੁਪ ਜਾਂਦਾ ਹੈ। ਦਿਨ ਅਤੇ ਰਾਤ ਆਪਣੇ ਸਮੇਂ ਅਨੁਸਾਰ ਸ੍ਰਿਸ਼ਟੀ ਵਿੱਚ ਕੰਮ ਕਰ ਰਹੇ ਹਨ। ਇਸੇ ਤਰ੍ਹਾਂ ਰੁੱਤਾਂ, ਥਿਤਾਂ, ਦਿਨ, ਮਹੀਨੇ, ਸਾਲ ਚੱਲ ਰਹੇ ਹਨ। ਸ੍ਰਿਸ਼ਟੀ ਦੇ ਨਿਯਮ ਅਨੁਸਾਰ ਹੀ ਹਵਾ, ਪਾਣੀ, ਅਗਨੀ ਜੀਵਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ। ਸ੍ਰਿਸ਼ਟੀ ਦੇ ਇਹਨਾਂ ਸਭ ਤੱਤਾਂ ਅਤੇ ਨਿਯਮ ਅਨੁਸਾਰ ਚੱਲਣ ਵਾਲੀਆਂ ਸਮੂਹ ਵਸਤਾਂ ਲਈ ਧਰਤੀ ਹੀ ਧਰਮ ਕਮਾਉਣ ਵਾਲਾ ਸਥਾਨ ਹੈ, ਕਹਿਣ ਦਾ ਭਾਵ ਇਹ ਹੈ ਕਿ ਧਰਤੀ ਹੀ ਅਜਿਹਾ ਸਥਾਨ ਹੈ, ਜਿੱਥੇ ਹਰ ਪ੍ਰਕਾਰ ਦੇ ਨਿਯਮ ਲਾਗੂ ਹੁੰਦੇ ਹਨ। ਧਰਤੀ ਨੂੰ ਸ੍ਰਿਸ਼ਟੀ ਵਿੱਚ ਆਪੋ-ਆਪਣਾ ਨਿਯਮ ਕਮਾਉਣ ਕਰਕੇ ਧਰਮਸਾਲ ਦਾ ਨਾਮ ਦਿੱਤਾ ਗਿਆ।

ਮਨੁੱਖ ਵੀ ਇਸ ਸ੍ਰਿਸ਼ਟੀ ਦਾ ਇੱਕ ਅੰਗ ਹੈ। ਉਹ ਵੀ ਇਸ ਧਰਮਸਾਲ ਰੂਪੀ ਧਰਤੀ ਤੇ ਆਪਣੇ ਉਦੇਸ਼ ਦੀ ਪ੍ਰਾਪਤੀ ਹਿਤ ਆਇਆ ਹੈ। ਇਸ ਧਰਤੀ ਤੇ ਮਨੁੱਖ ਕਿਸ ਨਿਯਮ ਅਨੁਸਾਰ ਕੰਮ ਕਰੇ ਜਾਂ ਕਿਸ ਨਿਯਮ ਵਿੱਚ ਰਹੇ, ਇਸ ਬਾਰੇ ਗੁਰੂ ਨਾਨਕ ਦੇਵ ਨੇ ਕਿਸੇ ਵਿਸ਼ੇਸ਼ ਨਿਯਮ ਦਾ ਜ਼ਿਕਰ ਨਹੀਂ ਕੀਤਾ। ਗੁਰੂ ਨਾਨਕ ਦੇਵ ਨੇ ਉਹਨਾਂ ਨਿਯਮਾਂ ਨੂੰ ਧਾਰਨ ਕਰਨ ਲਈ ਕਿਹਾ ਹੈ, ਜੋ ਮਨੁੱਖ ਨੂੰ ਸਦਾਚਾਰਿਕ ਉਦੇਸ਼ ਵੱਲ ਲੈ ਕੇ ਜਾਣ। ਇਸ ਤਰ੍ਹਾਂ ਵੱਖ-ਵੱਖ ਭੂਗੋਲਿਕ, ਰਾਜਨੀਤਿਕ, ਸਮਾਜਿਕ, ਧਾਰਮਿਕ ਸਥਿਤੀਆਂ ਦਾ ਸਾਮ੍ਹਣਾ ਕਰਨ ਸਮੇਂ ਮਨੁੱਖ ਕੇਵਲ ਪਰਿਸਥਿਤੀ ਦੀ ਪ੍ਰਾਪਤੀ ਵਾਲੀਆਂ ਸਦਾਚਾਰਿਕ ਕੀਮਤਾਂ ਨੂੰ ਹੀ ਧਾਰਨ ਕਰੇ। ਇਹਨਾਂ ਕੀਮਤਾਂ ਨੂੰ ਧਾਰਨ ਕਰਨ ਵਾਲਾ ਮਨੁੱਖ ਹੀ ਸਚਿਆਰਾ ਹੋ ਸਕਦਾ ਹੈ। ਜਪੁਜੀ ਦੇ ਅਰੰਭ ਵਿੱਚ ਹੀ ਗੁਰੂ ਜੀ ਨੇ ਇਹ ਪ੍ਰਸ਼ਨ ਕੀਤਾ ਹੈ ਕਿ:

ਕਿਵ ਸਚਿਆਰਾ ਹੋਈਐ ਕਿਵ ਕੂੜੇ ਤੁਟੈ ਪਾਲਿ॥

ਇਸਦੇ ਉੱਤਰ ਵਿੱਚ ਗੁਰੂ ਨਾਨਕ ਦੇਵ ਨੇ ਆਪ ਹੀ ਦੱਸਿਆ ਹੈ ਕਿ ਪਰਮਾਤਮਾ ਦੀ ਰਜ਼ਾ ਵਿੱਚ ਰਹਿਣ ਅਤੇ ਉਸਦੇ ਹੁਕਮ ਅਨੁਸਾਰ ਚੱਲਣ ਤੇ ਹੀ ਮਨੁੱਖ ਸਚਿਆਰਾ ਹੋ ਸਕਦਾ ਹੈ, ਉਸਦੇ ਨਿਯਮ ਅਤੇ ਹੁਕਮ ਨੂੰ ਬੁੱਝ ਸਕਦਾ ਹੈ। ਜਪੁਜੀ ਦੇ ਪੰਜ ਖੰਡਾਂ ਵਿੱਚੋਂ ਪਹਿਲੀ ਪਉੜੀ ਵੀ ਮਨੁੱਖ ਦੇ ਸਚਿਆਰਾ ਹੋਣ ਦਾ ਸਬੂਤ ਪੇਸ਼ ਕਰਦੀ ਹੈ, ਜਿਸ ਮਨੁੱਖ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਪਰਮਾਤਮਾ ਅਤੇ ਉਸਦੀ ਸ੍ਰਿਸ਼ਟੀ ਦੇ ਸਮੂਹ ਨਿਯਮ ਸੱਚ ਹਨ ਤਾਂ ਉਹ ਵੀ ਆਪਣੇ ਕਰਮਾਂ ਦੀ ਪਛਾਣ ਕਰਕੇ ਸਹੀ ਦਿਸ਼ਾ ਵੱਲ ਤੁਰਨਾ ਅਰੰਭ ਕਰ ਦਿੰਦਾ ਹੈ। ਜਪੁਜੀ ਵਿੱਚ ਮਨੁੱਖ ਦੇ ਪਰਮਾਤਮਾ ਵੱਲ ਮੁੜਨ ਨੂੰ ਵੀ ਉਸਦੀ ਬਖਸ਼ਿਸ਼ ਦੇ ਰੂਪ ਵਿੱਚ ਵੇਖਿਆ ਗਿਆ ਹੈ :

ਨਦਰੀ ਕਰਮਿ ਪਵੈ ਨੀਸਾਣੁ॥

ਪਰ ਮਨੁੱਖ ਨੂੰ ਅਸਲ ਸੋਝੀ ਪਰਮਾਤਮਾ ਦੇ ਦਰ ਤੇ ਪਹੁੰਚ ਕੇ ਹੀ ਹੁੰਦੀ ਹੈ ਕਿ ਕਿਹੜਾ ਮਨੁੱਖ ਆਪਣੇ ਜੀਵਨ ਉਦੇਸ਼ ਅਨੁਸਾਰ ਚੱਲਿਆ ਅਤੇ ਕਿਹੜਾ ਨਹੀਂ। ਇਹੀ ਧਰਮ ਖੰਡ ਦੀ ਅਵਸਥਾ ਹੈ।

2. ਗਿਆਨ ਖੰਡ : ਇਸ ਅਵਸਥਾ ਵਿੱਚ ਮਨੁੱਖ ਨੂੰ ਸ੍ਰਿਸ਼ਟੀ ਦੀ ਵਿਸ਼ਾਲਤਾ ਦਾ ਅਨੁਭਵ ਹੁੰਦਾ ਹੈ। ਮਨੁੱਖ ਨੂੰ ਇਹ ਸੋਝੀ ਪੈ ਜਾਂਦੀ ਹੈ ਕਿ ਸ੍ਰਿਸ਼ਟੀ ਵਿੱਚ ਦਿਖਾਈ ਦੇ ਰਹੇ ਚੰਦਰਮਾ, ਸੂਰਜ ਆਦਿ ਉਹੀ ਨਹੀਂ ਜੋ ਸਾਨੂੰ ਦਿਖਾਈ ਦੇ ਰਹੇ ਹਨ ਬਲਕਿ ਅਜਿਹੇ ਅਨੇਕਾਂ ਹੀ ਸੂਰਜ, ਚੰਦਰਮਾ ਸ੍ਰਿਸ਼ਟੀ ਦਾ ਹਿੱਸਾ ਹਨ। ਹਿੰਦੂ ਧਰਮ ਦੇ ਪ੍ਰਚਲਿਤ ਵਿਚਾਰ ਅਨੁਸਾਰ ਮਿਥੀਆਂ ਗਈਆਂ ਚਾਰ ਖਾਣੀਆਂ (ਅੰਡਜ-ਅੰਡਿਆਂ ਤੋਂ ਪੈਦਾ ਹੋਣ ਵਾਲੇ, ਜੇਰਜ-ਪੇਟ ਤੋਂ ਪੈਦਾ ਹੋਣ ਵਾਲੇ, ਸੇਤਜ-ਪਸੀਨੇ ਤੋਂ ਪੈਦਾ ਹੋਣ ਵਾਲੇ, ਉਤਭੁਜ-ਧਰਤੀ ਤੋਂ ਪੈਦਾ ਹੋਣ ਵਾਲੇ) ਅਤੇ ਚਾਰ ਬਾਣੀਆਂ (ਪਰਾ, ਪਸ਼ਯੰਤੀ, ਮਧਮਾ, ਵੈਖਰੀ) ਤੱਕ ਹੀ ਸ੍ਰਿਸ਼ਟੀ ਸੀਮਿਤ ਨਹੀਂ ਹੈ, ਇਹ ਵੀ ਅਨੇਕਾਂ ਹੀ ਹਨ। ਇਸ ਅਵਸਥਾ ਦੀ ਇਹੀ ਵਿਸ਼ੇਸ਼ਤਾ ਹੈ ਕਿ ਮਨੁੱਖ ਨੂੰ ਸ੍ਰਿਸ਼ਟੀ ਦੇ ਸਮੂਹ ਜੀਵਾਂ ਦੀ ਸੋਝੀ ਹੁੰਦੀ ਹੈ ਅਤੇ ਉਹਨਾਂ ਤੋਂ ਸੇਧ ਲੈ ਕੇ ਮਨੁੱਖ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਹੈ। ਮਨੁੱਖ ਨੂੰ ਪ੍ਰਦਾਨ ਹੋਈ ਸੋਝੀ ਉਸਨੂੰ ਆਤਮਿਕ ਵਿਕਾਸ ਦੀ ਦਿਸ਼ਾ ਵੱਲ ਲੈ ਕੇ ਜਾਂਦੀ ਹੈ।

3. ਸਰਮ ਖੰਡ : ਪਹਿਲੇ ਦੋਵੇਂ ਖੰਡ ਮਨੁੱਖ ਨੂੰ ਬੌਧਿਕ ਉਚਤਾ ਪ੍ਰਦਾਨ ਕਰਨ ਵਿੱਚ ਸਹਾਈ ਹੁੰਦੇ ਹਨ। ਧਰਮ ਖੰਡ ਵਿੱਚ ਮਨੁੱਖ ਨੂੰ ਜੀਵਨ ਉਦੇਸ਼ ਦੀ ਸੋਝੀ ਪੈਦਾ ਹੁੰਦੀ ਹੈ ਅਤੇ ਗਿਆਨ ਖੰਡ ਵਿੱਚ ਸ੍ਰਿਸ਼ਟੀ ਦੀ ਵਿਸ਼ਾਲਤਾ ਦਾ ਅਨੁਭਵ ਹੁੰਦਾ ਹੈ। ਪਰ ਕੇਵਲ ਬੌਧਿਕ ਸੋਝੀ ਆਤਮਿਕ ਗਿਆਨ ਵਿੱਚ ਸਹਾਈ ਨਹੀਂ ਹੁੰਦੀ ਇਸ ਲਈ ਵਿਅਕਤੀ ਨੂੰ ਆਪਣੇ ਮਨ ਨੂੰ ਵੀ ਸਾਧਨਾ ਪੈਂਦਾ ਹੈ। ਮਨ ਅਤੇ ਬੁੱਧੀ ਮਿਲ ਕੇ ਆਤਮਿਕ ਵਿਕਾਸ ਵਿੱਚ ਯੋਗਦਾਨ ਪਾਉਂਦੇ ਹਨ।

ਸਰਮ ਦਾ ਭਾਵ ਹੈ-ਮਿਹਨਤ, ਮੁਸ਼ੱਕਤ ਆਦਿ। ਇਸ ਕਰਕੇ ਇਸ ਖੰਡ ਵਿੱਚ ਮਨ ਨੂੰ ਸਿੱਧਾ ਕਰਨ ਭਾਵ ਦੁਨਿਆਵੀ ਵਿਸ਼ੇ-ਵਿਕਾਰਾਂ ਤੋਂ ਹਟਾ ਕੇ ਆਤਮਿਕ ਅਨੰਦ ਵਾਲੇ ਮਾਰਗ ਵੱਲ ਮੋੜਨ ਲਈ ਮਿਹਨਤ ਕੀਤੀ ਜਾਂਦੀ ਹੈ। ਮਨ ਨੂੰ ਕਿਸੇ ਇੱਕ ਵਿਸ਼ੇ ਤੇ ਕੇਂਦਰਿਤ ਕਰਨਾ ਬਹੁਤ ਕਠਨ ਕਾਰਜ ਹੈ, ਇਸ ਕੰਮ ਲਈ ਦ੍ਰਿੜ੍ਹਤਾ ਅਤੇ ਇਕਾਗਰਤਾ ਦੀ ਜ਼ਰੂਰਤ ਹੁੰਦੀ ਹੈ। ਇਸ ਖੰਡ ਦੀ ਇਹ ਵਿਸ਼ੇਸ਼ਤਾ ਹੈ ਕਿ ਇਸ ਵਿੱਚ ਮਨੁੱਖ ਦੀ ਬੁੱਧੀ ਅਤੇ ਮਨ ਕਿਸੇ ਇੱਕ ਉਦੇਸ਼ ਦੀ ਪ੍ਰਾਪਤੀ ਲਈ ਇਕੱਠੇ ਯਤਨ ਕਰਦੇ ਹਨ। ਅਜਿਹੇ ਅਧਿਆਤਮਿਕ ਯਤਨ ਨੂੰ ਹੀ ਸਰਮ ਖੰਡ ਦਾ ਨਾਮ ਦਿੱਤਾ ਗਿਆ ਹੈ।

4. ਕਰਮ ਖੰਡ : ਹਿੰਦੂ ਸ਼ਾਸਤਰਾਂ ਵਿੱਚ ਕਰਮ ਨੂੰ ਕਿਸੇ ਵੀ ਕੰਮ ਕਰਨ ਦੇ ਰੂਪ ਵਿੱਚ ਵੇਖਿਆ ਜਾਂਦਾ ਹੈ ਪਰ ਫ਼ਾਰਸੀ ਸ੍ਰੋਤਾਂ ਵਿੱਚ ਕਰਮ ਦਾ ਅਰਥ ਬਖਸ਼ਿਸ਼ ਤੋਂ ਲਿਆ ਗਿਆ ਹੈ। ਇਸ ਖੰਡ ਵਿੱਚ ਕਰਮ ਦਾ ਅਰਥ ਬਖਸ਼ਿਸ਼ ਮੰਨਿਆ ਗਿਆ ਹੈ। ਇਸ ਦਾ ਭਾਵ ਹੈ ਕਿ ਜਦੋਂ ਮਨੁੱਖ ਤੇ ਪਰਮਾਤਮਾ ਦੀ ਬਖਸ਼ਿਸ਼ ਹੋ ਜਾਂਦੀ ਹੈ ਤਾਂ ਉਸ ਅੰਦਰ ਅਜਿਹਾ ਬਲ ਪੈਦਾ ਹੋ ਜਾਂਦਾ ਹੈ, ਜਿਸ ਨਾਲ ਉਹ ਦੁਨਿਆਵੀ ਵਿਸ਼ੇ-ਵਿਕਾਰਾਂ ਅਤੇ ਪਦਾਰਥਾਂ ਦੀ ਪ੍ਰਵਾਹ ਕੀਤੇ ਬਗ਼ੈਰ ਕੇਵਲ ਪਰਮਾਤਮਾ ਨਾਲ ਜੁੜਦਾ ਹੈ। ਪਰਮਾਤਮਾ ਨਾਲ ਜੁੜੇ ਹੋਏ ਮਨੁੱਖ ਨੂੰ ਨਾ ਤਾਂ ਦੁਨਿਆਵੀ ਵਿਕਾਰ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ) ਠੱਗ ਸਕਦੇ ਹਨ ਅਤੇ ਨਾ ਹੀ ਉਸ ‘ਤੇ ਮਾਇਆ ਕੋਈ ਪ੍ਰਭਾਵ ਪਾ ਸਕਦੀ ਹੈ। ਇਸ ਅਵਸਥਾ ਵਿੱਚ ਸਭ ਦੁਨਿਆਵੀ ਫੁਰਨੇ ਖ਼ਤਮ ਹੋ ਜਾਂਦੇ ਹਨ ਅਤੇ ਵਿਅਕਤੀ ਪਰਮਾਤਮਾ ਦੀ ਬਖਸ਼ਿਸ਼ ਸਦਕਾ ਆਤਮਿਕ ਅਨੰਦ ਅਤੇ ਖੇੜੇ ਵਿੱਚ ਰਹਿੰਦਾ ਹੈ।

5. ਸੱਚ ਖੰਡ : ਸੱਚ ਖੰਡ ਮਨੁੱਖ ਦਾ ਜੀਵਨ ਉਦੇਸ਼ ਹੈ, ਜਿਸ ਤੱਕ ਪਹੁੰਚਣ ਲਈ ਉਸਨੂੰ ਕਰੜੀ ਬੌਧਿਕ ਅਤੇ ਮਾਨਸਿਕ ਮੁਸ਼ੱਕਤ ਦੇ ਨਾਲ-ਨਾਲ ਪਰਮਾਤਮਾ ਦੀ ਬਖਸ਼ਿਸ਼ ਦੀ ਲੋੜ ਪੈਂਦੀ ਹੈ। ਇਸ ਅਵਸਥਾ ਤੱਕ ਪਹੁੰਚੇ ਹੋਏ ਮਨੁੱਖ ਨੂੰ ‘ਸਚਿਆਰਾ’ ਕਿਹਾ ਜਾਂਦਾ ਹੈ।

ਸੱਚ ਖੰਡ ਦਾ ਰਹੱਸਵਾਦੀ ਅਨੁਭਵ ਮਨੁੱਖ ਨੂੰ ਅਨੇਕਾਂ ਖੰਡਾਂ, ਬ੍ਰਹਿਮੰਡਾਂ ਦਾ ਅਹਿਸਾਸ ਕਰਾਉਂਦਾ ਹੈ, ਜੋ ਪਰਮਾਤਮਾ ਦੀ ਹੁਕਮ ਰੂਪੀ ਤਾਰ ਨਾਲ ਜੁੜੇ ਹੋਏ ਹਨ। ਇਸ ਅਵਸਥਾ ਦਾ ਕਥਨ ਕਰਨਾ ਮੁਸ਼ਕਲ ਹੀ ਨਹੀਂ ਬਲਕਿ ਅਸੰਭਵ ਵੀ ਹੈ। ਇਸ ਅਵਸਥਾ ਵਿੱਚ ਪਹੁੰਚਿਆ ਹੋਇਆ ਮਨੁੱਖ ਜੇ ਇਸ ਦਾ ਕਥਨ ਕਰਨਾ ਵੀ ਚਾਹੇ ਤਾਂ ਉਸ ਦੀ ਹਾਲਤ ਅਜਿਹੇ ਮਨੁੱਖ ਵਰਗੀ ਹੁੰਦੀ ਹੈ ਜੋ ਬੋਲ ਨਹੀਂ ਸਕਦਾ ਪਰ ਮੂੰਹ ਵਿੱਚ ਪਾਈ ਮਠਿਆਈ ਦਾ ਸੁਆਦ ਜਾਹਰ ਕਰਨਾ ਚਾਹੁੰਦਾ ਹੈ। ਕਹਿਣ ਦਾ ਭਾਵ ਇਹ ਹੈ ਕਿ ਅਨੁਭਵ ਕੀਤੇ ਅਨੰਦ ਨੂੰ ਕੇਵਲ ਮਾਣਿਆ ਹੀ ਜਾ ਸਕਦਾ ਹੈ, ਉਸ ਦਾ ਵਿਖਿਆਨ ਨਹੀਂ ਕੀਤਾ ਜਾ ਸਕਦਾ।

ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਪੰਜ ਖੰਡ ਮਨੁੱਖ ਦੇ ਅਧਿਆਤਮਿਕ ਵਿਕਾਸ ਦੇ ਪੰਜ ਪੜਾਅ ਹਨ, ਜੋ ਮਨੁੱਖ ਨੂੰ ਅਧਿਆਤਮਿਕ ਉੱਚਤਾ ਪ੍ਰਦਾਨ ਕਰਨ ਦੇ ਨਾਲ-ਨਾਲ ਜੀਵਨ ਮੁਕਤ ਦੀ ਅਵਸਥਾ ਵਾਲਾ ਮਨੋਰਥ ਹਾਸਲ ਕਰਨ ਵਿੱਚ ਯੋਗਦਾਨ ਪਾਉਂਦੇ ਹਨ ਕਿ :

ਰਾਜੁ ਨ ਚਾਹਉ ਮੁਕਤਿ ਨ ਚਾਹਉ

ਮਨਿ ਪ੍ਰੀਤਿ ਚਰਨ ਕਮਲਾਰੇ॥

ਇਸ ਅਵਸਥਾ ਵਿੱਚ ਪਹੁੰਚਿਆ ਹੋਇਆ ਮਨੁੱਖ ਆਪਣੇ ਨਾਲ-ਨਾਲ ਦੂਜੇ ਮਨੁੱਖਾਂ ਨੂੰ ਵੀ ਏਸੇ ਰਸਤੇ ਤੇ ਲਿਜਾਣ ਵਿੱਚ ਸਹਾਈ ਹੁੰਦਾ ਹੈ :

ਆਪਿ ਤਰਹਿ ਸਗਲੇ ਕੁਲ ਤਾਰੇ॥

ਗੁਰੂ ਨਾਨਕ ਦੇਵ ਕਹਿੰਦੇ ਹਨ ਕਿ ਇਸ ਅਵਸਥਾ ਦੇ ਧਾਰਨੀ ਮਨੁੱਖ ਉੱਜਲ ਮੁੱਖ ਵਾਲੇ ਹਨ, ਉਹਨਾਂ ਦੀ ਮਿਹਨਤ ਸਫਲ ਹੋ ਗਈ ਹੈ ਅਤੇ ਅਜਿਹੇ ਗੁਰਮੁਖਾਂ ਦੀ ਸੰਗਤ ਵਿੱਚ ਹੋਰ ਕਈ ਮਨੁੱਖ ਵਿਕਾਰਾਂ ਦੇ ਬੰਧਨ ਤੋਂ ਛੁਟ ਗਏ ਹਨ :

ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥

ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ॥ (ਜਪੁਜੀ)


ਲੇਖਕ : ਪਰਮਵੀਰ ਸਿੰਘ ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 5594, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-03-25-12-31-11, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.