ਪੱਤੀ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪੱਤੀ: ਪੱਤੀ ਪਿੰਡ ਦੇ ਕਿਸੇ ਉਸ ਵਸੇਬੇ ਵਾਲੇ ਹਿੱਸੇ ਨੂੰ ਕਿਹਾ ਜਾਂਦਾ ਹੈ ਜੋ ਹਿੱਸਾ ਕਿਸੇ ਵਿਸ਼ੇਸ਼ ਵਡਿੱਕੇ ਨਾਲ ਸੰਬੰਧਿਤ ਟੱਬਰਾਂ ਦੇ (ਨੇੜੇ-ਨੇੜੇ) ਵੱਸੇ ਘਰਾਂ ਕਾਰਨ ਪ੍ਰਸਿੱਧ ਹੋ ਗਿਆ ਹੋਵੇ।
ਇਹ ਵਡਿੱਕਾ ਆਪਣੇ ਗੋਤ, ਵਸਬ ਜਾਂ ਕਿਸੇ ਅਨੋਖੇ ਕਾਰਨਾਮੇ ਕਾਰਨ ਪ੍ਰਸਿੱਧ ਹੋਇਆ ਹੋ ਸਕਦਾ ਹੈ। ਬਹੁਤੀਆਂ ਹਾਲਤਾਂ ਵਿੱਚ ਕਿਸੇ ਵੱਡ-ਪਰਿਵਾਰੇ ਵਿਅਕਤੀ ਦੇ ਨਾਂ ਨਾਲ ਜੁੜੀਆਂ ਪੱਤੀਆਂ ਹੀ ਵੇਖਣ ਸੁਣਨ ਨੂੰ ਮਿਲਦੀਆਂ ਹਨ। ਜਿਵੇਂ ਗੋਤ ਨਾਲ ਸੰਬੰਧਿਤ, ਗਿੱਲਾਂ ਕੀ ਪੱਤੀ, ਸੰਧੂਆਂ ਕੀ ਪੱਤੀ, ਮਾਨਾਂ ਕੀ ਪੱਤੀ, ਚਹਿਲਾਂ ਦੀ ਪੱਤੀ। ਵਸਬ ਵਜੋਂ ਪ੍ਰਸਿੱਧ, ਚਿੜੀ ਮਾਰਾਂ ਕੀ ਪੱਤੀ, ਝੋਟੇ ਕੁੱਟਾਂ ਕੀ ਪੱਤੀ ਅਤੇ ਅਨੋਖੇ ਕਾਰਨਾਮੇ ਕਾਰਨ ਪਈ ਅੱਲ ਵਜੋਂ, ਵੱਢ- ਖਾਣਿਆਂ ਕੀ ਪੱਤੀ, ਜਾਂ ਨੱਕ- ਵੱਢਿਆਂ ਕੀ ਪੱਤੀ ਆਦਿ ਦੀਆਂ ਉਦਾਹਰਨਾਂ ਲਈਆਂ ਜਾ ਸਕਦੀਆਂ ਹਨ।
ਹਰ ਪਿੰਡ ਵਿੱਚ ਪੱਤੀ ਦਾ ਹੋਣਾ ਲਾਜ਼ਮੀ ਨਹੀਂ। ਲਘੂ-ਆਕਾਰ ਦੇ ਪਿੰਡਾਂ ਵਿੱਚ ਇਹਨਾਂ ਦੀ ਅਣਹੋਂਦ ਹੀ ਹੈ। ਪਰ ਵੱਡ-ਆਕਾਰੇ ਪਿੰਡਾਂ ਜਿਵੇਂ ਬਹੋੜੂ (ਅੰਮ੍ਰਿਤਸਰ), ਮਹਿਰਾਜ (ਬਠਿੰਡਾ) ਆਦਿ ਵਿੱਚ ਇਹਨਾਂ ਪੱਤੀਆਂ ਦੀ ਗਿਣਤੀ ਇੱਕ ਤੋਂ ਵਧੇਰੇ ਵੀ ਹੈ। ਇਹਨਾਂ ਵਿੱਚੋਂ ਕਈ ਪੱਤੀਆਂ ਦੀਆਂ ਆਪਣੀਆਂ ਪੰਚਾਇਤਾਂ ਵੀ ਹਨ।
ਹਰ ਪੱਤੀ ਦੀ ਬਣਤਰ, ਦਿੱਖ ਅਤੇ ਆਕਾਰ ਇੱਕੋ ਜਿਹਾ ਨਹੀਂ ਹੁੰਦਾ ਸਗੋਂ ਇਹ ਟੱਬਰਾਂ ਦੀ ਗਿਣਤੀ ਅਤੇ ਆਰਥਿਕ ਸੰਪੰਨਤਾ ਅਨੁਸਾਰ ਹੁੰਦਾ ਹੈ। ਪਰ ਹਰ ਪੱਤੀ ਦੀ ਸੰਗਠਨਤਾ ਵਿੱਚ ਕੁਝ ਅਜਿਹੇ ਬੁਨਿਆਦੀ ਸੂਤਰ ਸਾਂਝੇ ਹੁੰਦੇ ਹਨ ਜੋ ਉਸ ਦੀ ਹੋਂਦ ਨੂੰ ਸਦੀਵੀ ਬਣਾਈ ਰੱਖਦੇ ਹਨ।
ਇਹ ਸੂਤਰ ਭਾਵੇਂ ਟੱਬਰਾਂ ਵਿੱਚ ਸਾਕਾਦਾਰੀ ਦੀ ਸਾਂਝ ਵਜੋਂ ਕਾਰਜਸ਼ੀਲ ਹੋਣ, ਭੋਂ ਮਾਲਕੀ ਦੇ ਸਾਂਝੇ ਖਾਤਿਆਂ ਵਜੋਂ ਹੋਣ ਜਾਂ ਬਿਜਾਈ ਵਢਾਈ ਸਮੇਂ ਖੇਤੀ ਸੰਦਾਂ (ਪਸ਼ੂਆਂ ਆਦਿ) ਦੀ ਵਟਾਂਦਰਾ ਸਾਂਝ ਵਜੋਂ ਲੋੜੀਂਦੇ ਹੋਣ, ਕਿਸੇ ਵੀ ਪੱਤੀ ਵਿਚਲੇ ਟੱਬਰਾਂ ਦੇ ਹਿਤਾਂ ਦਾ ਇੱਕ ਦੂਜੇ ਲਈ ਸਹਾਈ ਹੋਣਾ ਲਾਜ਼ਮੀ ਹੈ। ਇਸ ਪੱਖੋਂ ਕਿਸੇ ਵੀ ਪੱਤੀ ਦੇ ਮੁਖੀਏ ਲਈ, ਪੱਤੀ ਵਿੱਚ ਰਹਿਣ ਵਾਲੇ ਟੱਬਰਾਂ ਵਿੱਚ ਖ਼ੁਸ਼ੀ ਗ਼ਮੀ ਦੇ ਕਾਰਜਾਂ ਸਮੇਂ ਭਾਈਚਾਰਿਕ ਸਾਂਝ ਬਣਾਈ ਰੱਖਣਾ ਜ਼ਰੂਰੀ ਹੁੰਦਾ ਹੈ।
ਪੱਤੀਆਂ ਵਿਚਲੇ ਘਰਾਂ ਦੀ ਬਣਤਰ, ਕਿਸੇ ਬਾਹਰੀ ਹਮਲੇ ਦੀ ਸੁਰੱਖਿਆ ਵਜੋਂ ਬਚਾਓ ਦੀ ਸੁਵਿਧਾ ਨੂੰ ਮੁੱਖ ਰੱਖ ਕੇ ਵਿਉਂਤੀ ਜਾਂਦੀ ਰਹੀ ਹੈ ਜਿਸ ਦੇ ਚਲਨ ਵਜੋਂ ਅਜੋਕੇ ਸਮੇਂ ਵੀ ਕਿਸੇ ਪੱਤੀ ਦੀ ਸੁਭਾਵਿਕ ਬਣਤਰ ਪਿੰਡ ਦੇ ਮੁੱਖ ਮਾਰਗ ਨਾਲ ਵੀ ਅਤੇ ਪਿੰਡ ਦੀਆਂ ਗਲੀਆਂ ਨਾਲ ਵੀ ਜੁੜੀ ਹੁੰਦੀ ਹੈ। ਇਹਨਾਂ ਰਾਹਾਂ ਨੂੰ ਬੰਦ ਕਰ ਦੇਣ ਦੀ ਸੂਰਤ ਵਿੱਚ ਕਿਸੇ ਪੱਤੀ ਵਿਚਲੇ ਘਰ/ਟੱਬਰ ਇੱਕ ਕਿਲ੍ਹੇ ਵਰਗੀ ਵਲਗਣ ਵਿੱਚ ਸੁਰੱਖਿਅਤ ਨਜ਼ਰ ਆਉਂਦੇ ਹਨ। ਇਉਂ ਕਿਸੇ ਪੱਤੀ ਵਿਚਲੇ ਘਰ ਵੱਖੋ-ਵੱਖ ਹੁੰਦੇ ਹੋਏ ਵੀ ਇੱਕ ਸਮੁੱਚ ਵਿੱਚ ਪਰੋਏ ਹੁੰਦੇ ਹਨ।
ਕੇਵਲ ਅੱਲ ਵਾਲੇ ਨਾਂਵਾਂ ਨੂੰ ਛੱਡ ਕੇ ਪੰਜਾਬ ਦੇ ਬਹੁਤੇ ਪਿੰਡਾਂ ਦੀਆਂ ਪੱਤੀਆਂ ਦੇ ਵੱਡ-ਵਡੇਰੇ ‘ਪੱਟੀਦਾਰ’ (ਭਾਵ, ਭੋਂ ਦੀ ਮਾਲਕੀ ਵਾਲੇ) ਹੁੰਦੇ ਹਨ। ਸੰਭਵ ਹੈ ਪੱਤੀ ਨਾਂ ਪੱਟੇਦਾਰਾਂ ਦੀ ਮਾਲਕੀ ਤੋਂ ਪ੍ਰਸਿੱਧ ਹੋਇਆ ਹੋਵੇ। ਪੱਟੀ ਦਾ ਇੱਕ ਅਰਥ ‘ਕਤਾਰ` ਤੋਂ ਵੀ ਲਿਆ ਜਾਂਦਾ ਹੈ। ਜਿਵੇਂ ਕਿਆਰਿਆਂ ਦੀ ਪੱਟੀ (ਕਤਾਰ)। ਸੰਭਵ ਹੈ ਕਿਸੇ ਸਮੇਂ ਇੱਕ ਪੱਤੀ ਵਿੱਚ ਰਹਿਣ ਵਾਲੇ ਲੋਕ, ਕਤਾਰ ਵਿੱਚ ਬਣੇ ਘਰਾਂ ਵਿੱਚ ਰਹਿੰਦੇ ਹੋਣ। ਪੱਤੀ ਨਾਲ ਸੰਬੰਧਿਤ ਟੱਬਰਾਂ ਦਾ ਭੋਂ ਮਾਲਕੀ ਨਾਲ ਸੰਬੰਧਿਤ ਹੋਣਾ ਇਸ ਲਈ ਵੀ ਸੁਭਾਵਿਕ ਜਾਪਦਾ ਹੈ ਕਿਉਂਕਿ ਅਜਿਹੀ ਬਣਤਰ ਵਾਲੀ (ਕੰਮੀ-ਕਮੀਣਾ ਦੇ ਰਹਿਣ ਵਾਲੀ) ਥਾਂ ਨੂੰ ਪੱਤੀ ਦੀ ਥਾਂ ‘ਵਿਹੜਾ’ ਜਾਂ ਠੱਟੀ/ਠੱਠੀ ਕਿਹਾ ਜਾਂਦਾ ਹੈ। ਹਾਲਾਂ ਕਿ ਕਈ ਹਾਲਤਾਂ ਵਿੱਚ ਠੱਟੀ ਜਾਂ ਵਿਹੜੇ ਵਿੱਚ ਰਹਿਣ ਵਾਲੇ ਟੱਬਰ ਵੀ ਕਿਸੇ ਇੱਕ ਪੁਰਖੇ ਦੀ ਔਲਾਦ ਹੋ ਸਕਦੇ ਹਨ ਪਰ ਭੋਂ-ਹੀਣ ਲੋਕਾਂ ਦੇ ਰਹਿਣ ਵਾਲੀ ਥਾਂ ਨੂੰ ਪੱਤੀ ਨਹੀਂ ਕਿਹਾ ਜਾਂਦਾ। ਜਦ ਕਿ ਕਾਰੀਗਰ ਸ਼੍ਰੇਣੀ ਦੇ ਸਾਂਝੇ ਟੱਬਰਾਂ ਦੇ ਰਹਿਣ ਵਾਲੀ ਥਾਂ ਨੂੰ ਅਗਵਾੜ ਕਿਹਾ ਜਾਂਦਾ ਹੈ।
ਕਈ ਹਾਲਤਾਂ ਵਿੱਚ ਕਿਸੇ ਇੱਕ ਵਡਿੱਕੇ ਦੀ ਔਲਾਦ ਵਿੱਚੋਂ ਕਿਸੇ ਬਜ਼ੁਰਗ ਦੀ ਔਲਾਦ ਕਿਸੇ ਦੂਜੀ ਥਾਂ ਰਹਿਣ ਲੱਗ ਜਾਵੇ ਤਾਂ ਅਜਿਹੀ ਥਾਂ ਨੂੰ ‘ਠੁਲਾ’ ਕਿਹਾ ਜਾਂਦਾ ਹੈ। ਅਜਿਹੀ ਥਾਂ ਨੂੰ ਪੱਤੀ ਦਾ ਲਘੂਤਮ ਰੂਪ ਹੀ ਸਮਝਿਆ ਜਾ ਸਕਦਾ ਹੈ। ਕਈ ਪਿੰਡਾਂ ਵਿੱਚ ‘ਠੁਲੇ’ ਨੂੰ ਅਗਵਾੜ ਵੀ ਕਿਹਾ ਜਾਂਦਾ ਹੈ।
ਪੰਜਾਬ ਦੇ ਮਾਝਾ ਭੂ-ਖੇਤਰ ਵਿੱਚ (ਜ਼ਿਆਦਾਤਰ) ਕੁਝ ਵੱਡੇ ਟੱਬਰ, ਥਾਂ ਦੀ ਥੁੜ੍ਹ ਕਾਰਨ ਜਾਂ ਖੇਤੀ ਦੇ ਕੰਮਾਂ ਦੀ ਸੌਖ ਲਈ ਪਿੰਡ ਤੋਂ ਕੁਝ ਦੂਰੀ `ਤੇ ਖੇਤਾਂ ਵਿੱਚ ਹੀ (ਮਾਲ ਡੰਗਰ ਸਮੇਤ) ਮਕਾਨ ਬਣਾ ਕੇ ਰਹਿਣ ਲੱਗਦੇ ਹਨ, ਅਜਿਹੇ ਟੱਬਰਾਂ ਦੇ ਰਹਿਣ ਵਾਲੀ ਥਾਂ ਨੂੰ ‘ਡੇਰਾ’ ਕਹਿੰਦੇ ਹਨ। ਜਦ ਕਿ ਕਿਸੇ ਸਾਧ ਸੰਤ ਦੇ ਧਾਰਮਿਕ ਸਥਾਨ ਨੂੰ ਵੀ ਡੇਰਾ ਕਿਹਾ ਜਾਂਦਾ ਹੈ।
ਪਿੰਡ ਤੋਂ ਹਟਵੀਆਂ ਵਸੇਬੇ ਵਾਲੀਆਂ ਥਾਂਵਾਂ ਨੂੰ ਕਈ ਹੋਰ ਨਾਂ ਵੀ ਦਿੱਤੇ ਗਏ ਹਨ। ਜਿਵੇਂ ਢਾਣੀ, ਕੋਠੇ ਅਤੇ ਛੰਨਾਂ ਆਦਿ...। ਉਦਾਹਰਨ ਵਜੋਂ, ‘ਢਾਣੀ’ ਇਕੋ ਜਿਹੀ ਬਿਰਤੀ ਦੇ ਲੋਕਾਂ ਵੱਲੋਂ ਵਸਾਈ ਕਿਸੇ ਥਾਂ ਲਈ ਪ੍ਰਚਲਿਤ ਨਾਂ ਹੈ। ‘ਕੋਠੇ’ ਪਿੰਡ ਤੋਂ ਹਟਵਾਂ ਇੱਕ ਲਘੂ ਪਿੰਡ ਵਸਾਉਣ ਵਜੋਂ ਪ੍ਰਸਿੱਧ ਹੋਇਆ, ਜਿਵੇਂ ਕੋਠੇ ਖੜਕ ਸਿੰਘ, ਕੋਠੇ ਨਿਹਾਲ ਸਿੰਘ ਜਾਂ ਕੋਠਾ ਗੁਰੂ ਕਾ ਆਦਿ। ਇਉਂ ਭੋਂ-ਹੀਣ ਕਾਮਾ ਸ਼੍ਰੇਣੀ ਦੇ ਪਿੰਡੋਂ ਬਾਹਰ ਕੱਖ-ਕਾਨ ਦੀਆਂ ਛੱਤਾਂ ਵਜੋਂ ਵਸੇਬੇ ਵਾਲੀਆਂ ਥਾਂਵਾਂ ਨੂੰ ‘ਛੰਨਾ’ ਕਿਹਾ ਜਾਂਦਾ ਹੈ।
ਅਜੋਕੇ ਸਮੇਂ ਪਿੰਡਾਂ ਵਿੱਚ ਵਸੇਬੇ ਵਾਲੀ ਥਾਂ ਘੱਟ ਜਾਣ ਕਾਰਨ ਪੰਚਾਇਤਾਂ ਅਤੇ ਸਰਕਾਰਾਂ ਨੇ ਕਾਮਾਂ ਸ਼੍ਰੇਣੀਆਂ ਨੂੰ ਪਿੰਡ ਦੀ ਸ਼ਾਮਲਾਟ (ਸਾਂਝੀ) ਥਾਂ ਦੇ ਕੇ ਵਸਾਉਣ ਦੀ ਵਿਉਂਤ ਵੀ ਬਣਾਈ ਹੈ। ਅਜਿਹੀਆਂ ਥਾਂਵਾਂ ਨੂੰ ਪੱਤੀ ਦੀ ਥਾਂ ਬਸਤੀਆਂ ਜਾਂ ਪਲਾਟਾਂ ਦਾ ਨਾਂ ਦਿੱਤਾ ਗਿਆ ਹੈ। ਜਿਵੇਂ ਬਾਜੀਗਰ ਬਸਤੀ ਆਦਿ...। ਪਹਿਲੇ ਸਮਿਆਂ ਵਿੱਚ ਅਜਿਹੀਆਂ ਬਸਤੀਆਂ ਨੂੰ ‘ਠੱਟੀ’ ਜਾਂ ‘ਚਮਾਲੜੀ’ ਕਿਹਾ ਜਾਂਦਾ ਸੀ। ਇਉਂ ਪੱਤੀ ਦੇ ਵਡਿੱਕੇ ਭੋਂ-ਮਾਲਕੀ ਵਾਲੇ ਹਨ ਅਤੇ ਪੱਤੀ ਆਪਣੀ ਵੱਖਰੀ ਹੋਂਦ ਰੱਖਦੀ ਹੋਈ ਵੀ ਪਿੰਡ ਨਾਲੋਂ ਵੱਖ ਨਹੀਂ ਹੁੰਦੀ।
ਲੇਖਕ : ਕਿਰਪਾਲ ਕਜ਼ਾਕ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 15660, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਪੱਤੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੱਤੀ (ਨਾਂ,ਇ) 1 ਪਿੰਡ ਦੀ ਵੱਸੋਂ ਦਾ ਇੱਕ ਵਿਸ਼ੇਸ਼ ਹਿੱਸਾ 2 ਆਮਦਨ ਖਰਚ ਵਿੱਚ ਹਿੱਸੇਦਾਰੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15657, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਪੱਤੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੱਤੀ 1 [ਨਾਂਇ] ਜ਼ਾਤ ਜਾਂ ਗੋਤ ਦੇ ਆਧਾਰ ਤੇ ਪਿੰਡ ਵਿੱਚ ਕੋਈ ਇਲਾਕਾ ਵੰਡ; ਹਿੱਸਾ , ਭਾਗ 2 [ਨਾਂਇ] ਸੁੱਕੇ ਪੱਤੇ ਜਿਵੇਂ ਚਾਹ ਪੱਤੀ ਅਤੇ ਕਮਾਦ/ਮਲ੍ਹੇ ਤੇ ਕਪਾਹ ਆਦਿ ਦੇ ਪੱਤੇ; ਫੁੱਲ ਆਦਿ
ਦੀ ਪੰਖੜੀ 3 [ਨਾਂਇ] ਲੋਹੇ ਆਦਿ ਦੀ ਬਰੀਕ ਚਾਦਰ ਦਾ ਛੋਟਾ ਟੁਕੜਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15476, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪੱਤੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੱਤੀ. ਸੰਗ੍ਯਾ—ਪਤ੍ਰ. ਛੋਟਾ ਪੱਤਾ । ੨ ਕਮਾਦ ਆਦਿ ਦਾ ਸੁੱਕਿਆ ਹੋਇਆ ਪੱਤਾ। ੩ ਫੁੱਲ ਦੀ ਪਾਂਖੁੜੀ। ੪ ਹਿੱਸਾ. ਭਾਗ । ੫ ਜ਼ਮੀਨ ਦੀ ਵੰਡ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15333, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First