ਬਜਬਜ ਘਾਟ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਬਜਬਜ ਘਾਟ: ਕਲਕੱਤਾ ਨਗਰ ਕੋਲ ਹੁਗਲੀ ਨਦੀ ਦਾ ਇਕ ਘਾਟ , ਜਿਸ ਨੂੰ ਬਾਬਾ ਗੁਰਦਿਤ ਸਿੰਘ ਨੇ ਇਤਿਹਾਸਿਕ ਮਹੱਤਵ ਪ੍ਰਦਾਨ ਕੀਤਾ। ਬਾਬਾ ਜੀ ਉਨ੍ਹਾਂ ਕ੍ਰਾਂਤੀਕਾਰੀ ਬਾਬਿਆਂ ਵਿਚੋਂ ਮੂਹਰਲੀ ਕਤਾਰ ਵਾਲੇ ਸਨ ਜਿਨ੍ਹਾਂ ਨ ਆਪਣਾ ਸਭ ਕੁਝ ਦੇਸ਼ ਦੀ ਆਜ਼ਾਦੀ ਲਈ ਨਿਛਾਵਰ ਕਰ ਦਿੱਤਾ।
ਬਾਬਾ ਗੁਰਦਿਤ ਸਿੰਘ ਦਾ ਜਨਮ ਪਿੰਡ ਸਰਹਾਲੀ ਜ਼ਿਲ੍ਹਾ ਅੰਮ੍ਰਿਤਸਰ ਵਿਚ ਸੰਨ 1860 ਈ. ਵਿਚ ਹੋਇਆ। ਖੇਤੀਬਾੜੀ ਤੋਂ ਜਦ ਮਨ ਉਚਕ ਗਿਆ ਤਾਂ ਵਪਾਰ ਕਰਨ ਦੀ ਧੁਨ ਸਵਾਰ ਹੋਈ। ਪਹਿਲਾਂ ਇਹ ਮਲਾਇਆ ਗਿਆ ਅਤੇ ਉਥੋਂ ਹਾਂਗ-ਕਾਂਗ ਪਹੁੰਚਿਆ। ਕੁਝ ਸਮਾਂ ਠੇਕੇਦਾਰੀ ਕੀਤੀ। ਫਿਰ ‘ਕਾਮਾਗਾਟਾ ਮਾਰੂ ’ ਨਾਂ ਦਾ ਇਕ ਜਾਪਾਨੀ ਸਮੁੰਦਰੀ ਜਹਾਜ਼ ਕਰਾਏ ਉਤੇ ਲਿਆ ਅਤੇ 376 ਮੁਸਾਫ਼ਰਾਂ, ਜਿਨ੍ਹਾਂ ਵਿਚੋਂ ਕੇਵਲ 30 ਗ਼ੈਰ-ਸਿੱਖ ਸਨ, ਕੈਨੇਡਾ ਜਾਣ ਲਈ ਤਿਆਰ ਹੋਏ। ਅੰਗ੍ਰੇਜ਼ ਸਰਕਾਰ ਵਲੋਂ ਅਨੇਕ ਪ੍ਰਕਾਰ ਦੀਆਂ ਰੁਕਾਵਟਾਂ ਪਾਈਆਂ ਗਈਆਂ। ਉਨ੍ਹਾਂ ਸਭ ਨੂੰ ਝੇਲਦਿਆਂ 4 ਅਪ੍ਰੈਲ 1914 ਈ. ਨੂੰ ਇਹ ਜਹਾਜ਼ ਹਾਂਗ-ਕਾਂਗ ਤੋਂ ਵੈਨਕੂਵਰ ਨੂੰ ਰਵਾਨਾ ਹੋਇਆ। 22 ਮਈ 1914 ਈ. ਨੂੰ ਜਹਾਜ਼ ਵੈਨਕੂਵਰ ਪਹੁੰਚਿਆ, ਪਰ ਉਸ ਨੂੰ ਕੰਢੇ ਨ ਲਗਣ ਦਿੱਤਾ ਗਿਆ। ਮੁਸਾਫ਼ਰਾਂ ਵਿਚੋਂ ਕੇਵਲ ਉਨ੍ਹਾਂ ਨੂੰ ਉਥੇ ਉਤਰਨ ਦਿੱਤਾ ਗਿਆ ਜਿਹੜੇ ਕੈਨੇਡਾ ਦੀ ਨਾਗਰਿਕਤਾ ਸਿੱਧ ਕਰ ਸਕੇ। ਬਾਕੀ ਸਾਰੇ 23 ਜੁਲਾਈ ਤਕ ਸਖ਼ਤ ਪਹਿਰੇ ਵਿਚ ਰਖੇ ਗਏ। ਆਖ਼ਿਰ ਜਹਾਜ਼ ਨੂੰ ਹਾਂਗ-ਕਾਂਗ ਪਰਤਣਾ ਪਿਆ। ਪਰ ਉਥੇ ਵੀ ਜਹਾਜ਼ ਨੂੰ ਕੰਢੇ ਨ ਲਗਣ ਦਿੱਤਾ ਗਿਆ।
ਬੇਹਦ ਕਠਿਨਾਈਆਂ ਦਾ ਸਾਹਮਣਾ ਕਰਦਾ ਹੋਇਆ ਉਹ ਜਹਾਜ਼ 29 ਸਤੰਬਰ 1914 ਈ. ਨੂੰ ਹੁਗਲੀ ਨਦੀ ਦੇ ਮੁਹਾਨੇ’ਤੇ ਪਹੁੰਚਿਆ ਅਤੇ ਬਜਬਜ ਘਾਟ ਨਾਂ ਦੀ ਬੰਦਰਗਾਹ ਉਤੇ ਉਤਰਨ ਲਗਾ। ਸਾਰੇ ਜਹਾਜ਼ ਦੀ ਤਲਾਸ਼ੀ ਲਈ ਗਈ ਅਤੇ ਮੁਸਾਫ਼ਰਾਂ ਨੂੰ ਗੱਡੀ ਰਾਹੀਂ ਪੰਜਾਬ ਜਾਣ ਦੇ ਆਦੇਸ਼ ਦਿੱਤੇ ਗਏ। ਪਰ ਜੁਝਾਰੂ ਬਾਬੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਸਹਿਤ ਜਲੂਸ ਦੇ ਰੂਪ ਵਿਚ ਪੈਦਲ ਚਲ ਪਏ। ਪੁਲਿਸ ਅਤੇ ਫ਼ੌਜ ਦੀਆਂ ਟੁਕੜੀਆਂ ਨੇ ਉਨ੍ਹਾਂ ਉਤੇ ਗੋਲੀ ਚਲਾਈ। ਫਲਸਰੂਪ 18 ਮੁਸਾਫ਼ਰ ਮਾਰੇ ਗਏ, 25 ਜ਼ਖ਼ਮੀ ਹੋਏ, ਬਾਕੀ ਫੜ ਲਏ ਗਏ। ਇਨ੍ਹਾਂ ਸ਼ਹੀਦਾਂ ਨੇ ਦੇਸ਼ ਅੰਦਰ ਇਕ ਨਵੀਂ ਚੇਤਨਾ ਪੈਦਾ ਕਰ ਦਿੱਤੀ।
ਬਾਬਾ ਗੁਰਦਿਤ ਸਿੰਘ ਆਪਣੇ 28 ਸਾਥੀਆਂ ਸਮੇਤ ਉਥੋਂ ਬਚ ਕੇ ਨਿਕਲ ਗਿਆ। ਛੇ ਸਾਲ ਗੁਪਤ ਰਹਿਣ ਮਗਰੋਂ ਉਹ ਫਿਰ ਸਾਹਮਣੇ ਆਇਆ, ਕੈਦ ਕਟੀ ਅਤੇ ਰਾਸ਼ਟਰੀ ਅੰਦੋਲਨ ਵਿਚ ਜੁਟ ਗਿਆ। ਸੰਨ 1954 ਈ. ਵਿਚ ਉਸ ਦਾ 94 ਵਰ੍ਹਿਆਂ ਦੀ ਉਮਰ ਵਿਚ ਦੇਹਾਂਤ ਹੋਇਆ।
ਬਜਬਜ ਘਾਟ ਦਾ ਗੋਲੀਕਾਂਡ ਭਾਰਤ ਦੀ ਆਜ਼ਾਦੀ ਲਈ ਲੜੀ ਗਈ ਲੜਾਈ ਦੀ ਇਕ ਅਹਿਮ ਘਟਨਾ ਹੈ ਜਿਸ ਤੋਂ ਪ੍ਰੇਰਣਾ ਲੈ ਕੇ ਸੁਤੰਤਰਤਾ-ਸੰਗ੍ਰਾਮ ਭਖ ਪਿਆ। ਦੇਸ਼ ਲਈ ਹੋਏ ਕੁਰਬਾਨੀ ਦੇ ਸਾਕਿਆਂ ਵਿਚ ਬਜਬਜ-ਘਾਟ ਦਾ ਉੱਲੇਖ ਵੀ ਆਦਰ ਨਾਲ ਕੀਤਾ ਜਾਂਦਾ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1361, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First