ਬਹਾਦਰਗੜ੍ਹ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਬਹਾਦਰਗੜ੍ਹ : ਇਹ ਜ਼ਿਲ੍ਹਾ ਤੇ ਤਹਿਸੀਲ ਪਟਿਆਲਾ ਦਾ ਧਾਰਮਿਕ ਤੇ ਇਤਿਹਾਸਕ ਮਹੱਤਤਾ ਰੱਖਣ ਵਾਲਾ ਇਕ ਕਸਬਾ ਹੈ ਜੋ ਪਟਿਆਲੇ ਤੋਂ ਰਾਜਪੁਰੇ ਜਾਣ ਵਾਲੀ ਸੜਕ ਉੱਤੇ ਪਟਿਆਲਾ ਸ਼ਹਿਰ ਤੋਂ 7 ਕਿ. ਮੀ. ਦੂਰ ਉੱਤਰ ਵਲ ਸਥਿਤ ਹੈ। ਇਸ ਨੂੰ ਸੈਫ਼ ਖ਼ਾਂ ਜੋ ਕਿ ਉਸ ਸਮੇਂ ਦੇ ਬਾਦਸ਼ਾਹ ਔਰੰਗਜ਼ੇਬ ਦੇ ਵਜ਼ੀਰ ਨਵਾਬ ਫਿਦਾਈ ਖ਼ਾਂ ਦਾ ਭਰਾ ਸੀ, ਨੇ ਵਸਾਇਆ ਸੀ। ਇਸ ਦਾ ਮੁਢਲਾ ਨਾਂ ਸੈਫ਼ਾਬਾਦ ਸੀ। ਇਹ ਸੈਫ਼ਾਬਾਦ ਅਤੇ ਇਸ ਦੇ ਕਈ ਪਿੰਡਾਂ ਦਾ ਮਾਲਕ ਸੀ। ਇਸ ਦਾ ਪ੍ਰੇਮ ਵੇਖ ਕੇ ਗੁਰੂ ਤੇਗ ਬਹਾਦਰ ਜੀ ਸੈਫ਼ਾਬਾਦ ਆਏ ਅਤੇ ਇਥੇ (ਚਾਰ ਮਹੀਨੇ) ਠਹਿਰੇ ਸਨ।

ਅਠਾਰਵੀਂ ਸਦੀ ਦੌਰਾਨ ਪੰਜਾਬ ਦਾ ਰਾਜ ਵੱਖ ਵੱਖ ਮਿਸਲਾਂ ਵਿਚ ਵੰਡਿਆ ਹੋਇਆ ਸੀ। ਸਤਲੁਜ ਦੇ ਦੱਖਣ ਵਾਲੇ ਪਾਸੇ ਦੀਆਂ ਮਿਸਲਾਂ ਵਿਚੋਂ ਫੂਲਕੀਆਂ ਮਿਸਲ ਸਭ ਤੋਂ ਵੱਡੀ ਸੀ। ਇਨ੍ਹਾਂ ਸਰਦਾਰਾਂ ਨੇ ਪਟਿਆਲਾ, ਨਾਭਾ, ਜੀਂਦ ਅਤੇ ਹੋਰ ਕਈ ਥਾਵਾਂ ਤੇ ਆਪਣਾ ਰਾਜ ਸਥਾਪਤ ਕਰ ਲਿਆ ਸੀ। ਪਟਿਆਲਾ ਰਾਜ ਦਾ ਸੰਸਥਾਪਕ ਬਾਬਾ ਆਲਾ ਸਿੰਘ ਸੀ। ਉਸ ਦੇ ਪੋਤੇ ਅਤੇ ਵਾਰਸ ਮਹਾਰਾਜਾ ਅਮਰ ਸਿੰਘ ਨੇ ਸੈਫ਼ ਖਾਂ ਦੀ ਔਲਾਦ ਨੂੰ ਮਾਕੂਲ ਜਾਗੀਰ ਦੇ ਕੇ ਸੈਫ਼ਾਬਾਦ ਤੇ ਕਬਜ਼ਾ ਕਰ ਲਿਆ ਅਤੇ ਇਸ ਨੂੰ ਨਵੇਂ ਸਿਰੇ ਤੋਂ ਮਜ਼ਬੂਤ ਬਣਾ ਕੇ ਇਸ ਦਾ ਨਾਂ ਸੈਫ਼ਾਬਾਦ ਤੋਂ ਬਦਲ ਕੇ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿਚ ਬਹਾਦਰਗੜ੍ਹ ਰੱਖ ਦਿੱਤਾ ।

ਮੁਸਲਮਾਨ ਹਮਲਾਵਰਾਂ ਦੇ ਖ਼ਿਲਾਫ਼ ਲੜਨ ਲਈ ਸਿੱਖ ਫ਼ੌਜ ਤਿਆਰ ਕੀਤੀ ਗਈ ਜੋ 1794 ਈ. ਦੀ ‘ਮਰਾਠਾ ਅਟਕ’ ਦੇ ਮੁਕਾਬਲੇ ਵਿਚ ਵੀ ਕਾਫ਼ੀ ਮਜ਼ਬੂਤ ਸੀ। ਸਿੱਖ ਸੈਨਿਕਾਂ ਨੇ ਉਨ੍ਹਾਂ ਦਿਨਾਂ ਵਿਚ ਮਰਾਠਿਆਂ ਵਾਂਗ ‘ਗੁਰੀਲਾ ਯੁੱਧ ਨੀਤੀ’ ਅਪਣਾਈ ਹੋਈ ਸੀ। ਇਨ੍ਹਾਂ ਦਾ ਨਾਅਰਾ ‘ਬੋਲੇ ਸੋ ਨਿਹਾਲ’ ਸੁਣ ਕੇ ਅਤੇ ਨੰਗੀ ਤਲਵਾਰ ਦੇਖ ਕੇ ਦੁਸ਼ਮਣਾਂ ਦਾ ਦਿਲ ਦਹਿਲ ਜਾਂਦਾ ਸੀ। ਸਿੱਖ ਸੈਨਾ ਦੇ ਸੰਗਠਨ ਲਈ ਕਿਲੇ ਬਣਵਾਏ ਗਏ। ਬਹਾਦਰਗੜ੍ਹ ਦਾ ਕਿਲਾ ਉਨ੍ਹਾਂ ਵਿਚੋਂ ਇਕ ਹੈ। ਰਾਜਾ ਅਮਰ ਸਿੰਘ ਦੇ ਪੋਤੇ ਕਰਮ ਸਿੰਘ ਨੇ ਇਸ ਦੀ ਨੀਂਹ 1837 ਈ. ਵਿਚ ਰੱਖੀ। ਕਿਲੇ ਦਾ ਨਾਂ ਗੁਰੂ ਤੇਗ਼ ਬਹਾਦਰ ਜੀ ਦੇ ਨਾਂ ਤੇ ਬਹਾਦਰਗੜ੍ਹ ਰੱਖਿਆ ਗਿਆ। ਇਸ ਕਿਲੇ ਨੂੰ ਬਣਦਿਆਂ ਲਗਭਗ ਅੱਠ ਸਾਲ ਦਾ ਸਮਾਂ ਲਗਾ। ਇਸ ਦੀ ਚਾਰ ਦੀਵਾਰੀ ਦੂਹਰੀ ਅਤੇ ਗੋਲ ਹੈ। ਇਸ ਦੇ  ਬਾਹਰ ਚਾਰੇ ਪਾਸੇ ਇਕ ਪੱਕੀ ਖਾਈ ਬਣੀ ਹੋਈ ਹੈ। ਖਾਈ ਕਾਫ਼ੀ ਡੂੰਘੀ ਅਤੇ ਚੌੜੀ ਹੈ। ਗੁਰੂ ਜੀ ਦਾ ਪਵਿੱਤਰ ਅਸਥਾਨ ਇਸ ਕਿਲੇ ਦੇ ਅੰਦਰ ਹੈ ਤੇ ਦੂਜਾ ਬਾਹਰ ਬਾਗ਼ ਵਿਚ ਹੈ। ਗੁਰੂ ਜੀ ਦੀ ਯਾਦ ਵਿਚ ਮਹਾਰਾਜਾ ਕਰਮ ਸਿੰਘ ਨੇ ਇਕ ਗੁਰਦੁਆਰਾ ਵੀ ਬਣਵਾਇਆ ਜੋ ਬਾਗ਼ ਵਿਚ ਸਥਿਤ ਹੈ ਇਸ ਬਾਗ਼ ਨੂੰ ਪੰਜ ਬੱਤੀ ਬਾਗ਼ ਕਹਿੰਦੇ ਹਨ। ਗੁਰਦੁਆਰੇ ਦੇ ਬਾਹਰ ਇਕ ਖ਼ੂਬਸੂਰਤ ਸਰੋਵਰ ਹੈ। ਹਰ ਸਾਲ ਵਿਸਾਖੀ ਵਾਲੇ ਦਿਨ ਇਥੇ ਭਾਰੀ ਜੋੜ ਮੇਲਾ ਲਗਦਾ ਹੈ।

ਗੁਰੂ ਤੇਗ਼ ਬਹਾਦਰ ਜੀ ਜਦੋਂ ਇਥੇ ਆਏ ਤਾਂ ਪਹਿਲਾਂ ਬਾਗ਼ ਵਿਚ ਠਹਿਰੇ ਸਨ। ਨਵਾਬ ਸੈਫ਼ ਖ਼ਾਂ ਇਥੇ ਦਰਸ਼ਨ ਕਰਨ ਲਈ ਆਇਆ ਅਤੇ ਉਸ ਦੀ ਬੇਨਤੀ ਤੇ ਗੁਰੂ ਸਾਹਿਬ ਉਸ ਦੇ ਮਹਿਲਾਂ ਵਿਚ ਗਏ। ਇਸ ਯਾਦ ਵਿਚ ਕਿਲੇ ਦੇ ਅੰਦਰ ਗੁਰਦੁਆਰਾ ਬਣਿਆ ਹੋਇਆ ਹੈ। ਬਹਾਦਰਗੜ੍ਹ ਦੇ ਕਿਲੇ ਨੂੰ ‘ਸਿੱਖ ਫੋਰਟ ਆੱਫ਼ ਪਟਿਆਲਾ’ ਅਤੇ ‘ਨਰਦੁਰਗ’ ਵੀ ਕਿਹਾ ਜਾਂਦਾ ਹੈ। ਅੱਜਕੱਲ੍ਹ ਇਹ ਕਿਲਾ ਪੰਜਾਬ ਆਰਮਡ ਪੁਲਿਸ ਦਾ ਸਿਖਲਾਈ ਕੇਂਦਰ ਹੈ। ਇਥੇ ਬੰਦੂਕਾਂ, ਤੋਪਾਂ ਆਦਿ ਹਥਿਆਰ ਅਤੇ ਪੁਲਿਸ ਦੀਆਂ ਵਰਦੀਆਂ ਰੱਖੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਐਸਕਾੱਰਟ ਗੋਇਟਜ਼ੇ ਅਤੇ ਮਿਲਕਫੂਡ ਵਰਗੀਆਂ ਉਦਯੋਗਿਕ ਇਕਾਈਆਂ ਵੀ ਬਹਾਦਰਗੜ੍ਹ ਵਿਚ ਸਥਿਤ ਹਨ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 961, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-26-12-44-39, ਹਵਾਲੇ/ਟਿੱਪਣੀਆਂ: ਹ. ਪੁ. –ਫ਼ੋਰਟਸ ਆਫ਼ ਇੰਡੀਆ : 110; ਮ. ਕੋ. : 827; ਡਿ. ਸੈਂ. ਹੈਂ. ਬੁ. -ਪਟਿਆਲਾ. : ਪੰ.-ਰੰਧਾਵਾ: 512

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.