ਬਾਇਰਨ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਬਾਇਰਨ (1788–1824): ਅੰਗਰੇਜ਼ੀ ਕਵੀ ਜਾਰਜ ਬਾਇਰਨ (George Byron) ਅੰਗਰੇਜ਼ੀ ਰੁਮਾਂਟਿਕ ਅੰਦੋਲਨ ਦਾ ਇੱਕ ਮਹਾਨ ਕਵੀ ਸੀ। ਆਪਣੀਆਂ ਲਿਖਤਾਂ, ਸਰਗਰਮ ਜ਼ਿੰਦਗੀ ਅਤੇ ਖ਼ੂਬਸੂਰਤੀ ਕਰ ਕੇ ਬਾਇਰਨ ਨੂੰ ਰੁਮਾਂਟਿਕ ‘ਪੋਇਟ ਹੀਰੋ’ ਵਜੋਂ ਵੀ ਜਾਣਿਆ ਜਾਂਦਾ ਹੈ। ਬਾਇਰਨ ਦਾ ਜਨਮ 22 ਜਨਵਰੀ 1788 ਨੂੰ ਲੰਦਨ ਵਿਖੇ ਇੱਕ ਸ਼ਾਹੀ ਖ਼ਾਨਦਾਨ ਨਾਲ ਸੰਬੰਧਿਤ ਪਰਿਵਾਰ ਵਿੱਚ ਹੋਇਆ। ਉਸ ਦੇ ਪਿਤਾ ਕੈਪਟਨ ਜਾਹਨ ਬਾਇਰਨ, ਜਿਸ ਨੂੰ ‘ਮੈਡ ਜੈਕ’ ਵੀ ਕਿਹਾ ਜਾਂਦਾ ਸੀ, ਇੱਕ ਸ਼ਾਹਖਰਚ ਸੀ। ਉਸ ਨੇ ਇੱਕ ਅਮੀਰ ਵਿਆਹੁਤਾ ਔਰਤ ਮਾਰਚਿਓਲੈਸ ਆਫ਼ ਕਾਰ ਮਾਰਥੈਨ ਨਾਲ ਪਹਿਲੀ ਸ਼ਾਦੀ ਕੀਤੀ ਜੋ 1783 ਵਿੱਚ ਆਗਸਟਾ, ਜੋ ਬਾਇਰਨ ਦੀ ਮਤੇਈ ਭੈਣ ਸੀ, ਨੂੰ ਜਨਮ ਦੇਣ ਤੋਂ ਥੋੜ੍ਹੇ ਦਿਨ ਬਾਅਦ ਹੀ ਮਰ ਗਈ। 1785 ਵਿੱਚ ਉਸ ਦੇ ਪਿਤਾ ਨੇ ਰਈਸ ਕੈਥਰੀਨ ਗੋਰਡਨ ਆਫ਼ ਗਾਈਟ ਨਾਲ ਸ਼ਾਦੀ ਕਰ ਲਈ ਅਤੇ ਤਿੰਨ ਸਾਲ ਵਿੱਚ ਉਸ ਨੂੰ ਕੰਗਾਲ ਬਣਾ ਦਿੱਤਾ। ਉਹਨਾਂ ਦੇ ਪੁੱਤਰ ਬਾਇਰਨ ਦੇ ਜਨਮ ਤੋਂ ਪਹਿਲਾਂ ਹੀ ਉਹ ਅੱਡ ਹੋ ਗਏ। ਜਨਮ ਤੋਂ ਹੀ ਬਾਇਰਨ ਦਾ ਸੱਜਾ ਪੈਰ ਠਿੱਬਾ ਸੀ ਅਤੇ ਉਸ ਦਾ ਪਾਲਨ ਪੋਸ਼ਣ ਬੜੇ ਗ਼ਰੀਬੀ ਵਾਲੇ ਹਾਲਾਤ ਵਿੱਚ ਹੋਇਆ। ਜਦੋਂ ਬਾਇਰਨ ਤਿੰਨ ਸਾਲ ਦਾ ਸੀ, ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ। 1794 ਵਿੱਚ ਜਦੋਂ ਉਹ ਛੇ ਸਾਲ ਦਾ ਹੋਇਆ ਤਾਂ ਉਸ ਦਾ ਚਚੇਰਾ ਭਰਾ, ਜੋ ਜੱਦੀ ‘ਬਾਇਰਨ’ ਖ਼ਿਤਾਬ ਦਾ ਵਾਰਿਸ ਸੀ, ਮਾਰਿਆ ਗਿਆ। ਪੰਜਵੇਂ ਬੇਰਨ ਬਾਇਰਨ, ਜੋ ਉਸ ਦੇ ਚਾਚਾ ਦਾਦਾ (ਗਰੈਂਡ ਅੰਕਲ) ਸੀ, ਦੀ 1798 ਵਿੱਚ ਮੌਤ ਤੋਂ ਬਾਅਦ ਬਾਇਰਨ ਨੂੰ ਜੋ ਉਸ ਵੇਲੇ ਦਸ ਸਾਲ ਦਾ ਸੀ, ਵੰਸ਼ਜ ਖ਼ਿਤਾਬ ਬਾਇਰਨ ਮਿਲ ਗਿਆ। ਮਾਂ ਅਤੇ ਪੁੱਤਰ ਖੰਡਰ ਹੋ ਰਹੀ ਜੱਦੀ ਹਵੇਲੀ ਨਿਉਸਟੈਡ ਐਬੀ ਵਿੱਚ ਆ ਗਏ।
ਬਾਇਰਨ ਨੇ ਅੱਠ ਸਾਲ ਆਪਣੀ ਪੜ੍ਹਾਈ ਹੈਰੋ ਅਤੇ ਬਾਅਦ ਵਿੱਚ ਟਰਿਨਿਟੀ ਕਾਲਜ ਕੈਂਬ੍ਰਿਜ ਵਿੱਚ ਕੀਤੀ। ਠਿੱਬਾ ਪੈਰ ਹੋਣ ਦੇ ਬਾਵਜੂਦ ਵੀ ਬਾਇਰਨ ਸਿਰਫ਼ ਕਿਤਾਬਾਂ ਜਾਂ ਪੜ੍ਹਾਈ ਤੱਕ ਹੀ ਸੀਮਿਤ ਨਹੀਂ ਰਿਹਾ ਬਲਕਿ ਉਸ ਨੇ ਘੋੜਸਵਾਰੀ ਵੀ ਸਿੱਖੀ ਅਤੇ ਤੈਰਾਕੀ ਵਿੱਚ ਵੀ ਕੁਸ਼ਲਤਾ ਪ੍ਰਾਪਤ ਕੀਤੀ ਅਤੇ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ। ਆਪਣੀ ਸਕੂਲ ਅਤੇ ਕਾਲਜ ਦੀ ਜ਼ਿੰਦਗੀ ਦੌਰਾਨ ਉਸ ਨੇ ਹਰ ਤਰ੍ਹਾਂ ਦੀ ਸੱਤਾ ਦਾ ਵਿਰੋਧ ਕੀਤਾ। ਉਦਾਹਰਨ ਵਜੋਂ ਕੈਂਬ੍ਰਿਜ ਵਿੱਚ ਪਾਲਤੂ ਕੁੱਤੇ ਰੱਖਣਾ ਮਨ੍ਹਾ ਸੀ ਪਰ ਬਾਇਰਨ ਨੇ ਇੱਕ ਭਾਲੂ ਆਪਣੇ ਕਮਰੇ ਵਿੱਚ ਰਖਿਆ ਹੋਇਆ ਸੀ। ਕੈਂਬ੍ਰਿਜ ਵਿੱਚ ਹੀ ਬਾਇਰਨ ਨੇ ਆਪਣਾ ਪਹਿਲਾ ਕਵਿਤਾ ਸੰਗ੍ਰਹਿ ਆਵਰਜ਼ ਆਫ਼ ਆਈਡਲਨੈਸ 1807 ਵਿੱਚ ਛਾਪਿਆ ਜਿਸਦੀ ਐਡਿਨਬਰਾ ਰੀਵਿਊ ਵਿੱਚ ਬੇਹੱਦ ਆਲੋਚਨਾ ਹੋਈ। ਇਸ ਨਾਲ ਬਾਇਰਨ ਦੇ ਝੂਠੇ ਘਮੰਡ ਨੂੰ ਸੱਟ ਵੱਜੀ ਅਤੇ ਉਸ ਨੂੰ ਬਹੁਤ ਗੁੱਸਾ ਆਇਆ।ਇਸਦੀ ਪ੍ਰਤਿਕਿਰਿਆ ਵਜੋਂ ਉਸ ਨੇ ਅੰਗਰੇਜ਼ੀ ਦੇ ਪ੍ਰਸਿੱਧ ਕਵੀ ਅਲੈਗਜੈਂਡਰ ਪੋਪ ਦੇ ਮਹਾਨ ਵਿਅੰਗ ਕਾਵਿ ਦਾ ਡਨਸਿਆਡ ਦੇ ਨਮੂਨੇ ਤੇ ਇੱਕ ਵਿਅੰਗ ਕਾਵਿ ਲਿਖਿਆ ਜਿਸਦਾ ਨਾਂ ਸੀ ਇੰਗਲਿਸ਼ ਬਾਰਡਜ਼ ਐਂਡ ਸਕਾਚ ਰੀਵਿਊਰਜ਼ ਜੋ ਬਾਅਦ ਵਿੱਚ ਬਹੁਤ ਪ੍ਰਸਿੱਧ ਹੋਇਆ। ਇਸ ਵਿੱਚ ਉਸ ਨੇ ਸਿਰਫ਼ ਆਪਣੇ ਦੁਸ਼ਮਣਾਂ ਦੀ ਹੀ ਵਿਅੰਗਮਈ ਆਲੋਚਨਾ ਨਹੀਂ ਕੀਤੀ ਬਲਕਿ ਸਰ ਵਾਲਟਰ ਸਕਾਟ, ਵਰਡਜ਼ਵਰਥ ਅਤੇ ਆਪਣੇ ਸਮੇਂ ਦੀਆਂ ਲਗਪਗ ਸਾਰੀਆਂ ਸਾਹਿਤਿਕ ਹਸਤੀਆਂ ਤੇ ਵਿਅੰਗ ਕੱਸੇ ਭਾਵੇਂ ਬਾਅਦ ਵਿੱਚ ਉਸ ਨੇ ਸਕਾਟ ਅਤੇ ਹੋਰ ਲੇਖਕਾਂ ਨਾਲ ਦੋਸਤੀ ਕਰ ਲਈ ਅਤੇ ਉਹਨਾਂ ਦੀ ਪ੍ਰਸੰਸਾ ਵੀ ਕੀਤੀ। ਇਹ ਬੜੀ ਦਿਲਚਸਪ ਗੱਲ ਹੈ ਕਿ ਭਾਵੇਂ ਬਾਇਰਨ ਆਪ ਇੱਕ ਰੁਮਾਂਟਿਕ ਕਵੀ ਸੀ ਪਰ ਉਸ ਨੇ ਰੁਮਾਂਸਵਾਦੀ ਸਾਹਿਤ ਦੇ ਸਾਰੇ ਮਹਾਰਥੀਆਂ ਦੀ ਆਲੋਚਨਾ ਕੀਤੀ ਅਤੇ ਪੋਪ ਤੇ ਡਰਾਈਡਨ ਦੇ ਨਮੂਨੇ ਦੀ ਪ੍ਰਸੰਸਾ ਕੀਤੀ। ਬਾਇਰਨ ਪੋਪ ਨੂੰ ‘ਮਹਾਨ ਕਵੀ’ ਮੰਨਦਾ ਸੀ ਅਤੇ ਬਾਕੀਆਂ ਨੂੰ ‘ਉਜੱਡ’।
ਇੱਕੀ ਸਾਲ ਦੀ ਉਮਰ ਵਿੱਚ ਬਾਇਰਨ ਨੇ ਪੁਰਤਗਾਲ, ਅਲਬੀਨੀਆ ਅਤੇ ਯੂਨਾਨ ਦਾ ਦੋ ਸਾਲ ਲਈ ਦੌਰਾ ਕੀਤਾ। ਇਸ ਦੌਰਾਨ ਉਸ ਨੇ ਆਪਣੀ ਪ੍ਰਸਿੱਧ ਕਵਿਤਾ ਚਾਈਲਡ ਹਾਰੋਲਡਜ਼ ਪਿਲਗਰੀਮੇਜ਼ ਦੇ ਪਹਿਲੇ ਦੋ ਕਾਵਿ ਖੰਡ ਲਿਖੇ ਜਿਸ ਵਿੱਚ ਉਸ ਨੇ ਆਪਣੇ ਆਪ ਨੂੰ ਨਾਇਕ ਵਜੋਂ ਪੇਸ਼ ਕੀਤਾ ਅਤੇ ਚਿੱਤਰਮਈ ਦ੍ਰਿਸ਼ਾਵਲੀ ਉਲੀਕੀ। ਇਸ ਕਵਿਤਾ ਨੇ ਉਸ ਨੂੰ ਬਹੁਤ ਪ੍ਰਸਿੱਧ ਕੀਤਾ। ਇਸ ਸਮੇਂ ਦੌਰਾਨ ਉਸ ਨੇ ਹੋਰ ਕਵਿਤਾਵਾਂ ਵੀ ਲਿਖੀਆਂ ਜਿਵੇਂ ਕਿ ਦਾ ਗਿਆਉਰ, ਦਾ ਬਰਾਈਡ ਆਫ਼ ਅਬੀਡੋਜ਼, ਦਾ ਕੋਰਸੈਰ ਲਾਗ, ਦਾ ਸੀਜ ਆਫ਼ ਕਾਰਿੰਥ, ਪੈਰੀਸੀਨਾ ਆਦਿ। ਉਸ ਦੀਆਂ ਉੱਤਮ ਲਿਖਤਾਂ ਦਾ ਅਨੁਵਾਦ ਵੀ ਹੋਇਆ। ਸਾਹਿਤ ਜਗਤ ਵਿੱਚ ਉਸ ਦੀ ਇੰਨੀ ਜ਼ਿਆਦਾ ਮਾਨਤਾ ਹੋਈ ਕਿ ਉਹ ਲੰਦਨ ਦੇ ‘ਸਾਹਿਤਿਕ ਬੱਬਰ ਸ਼ੇਰ’ ਵਜੋਂ ਜਾਣਿਆ ਜਾਣ ਲੱਗ ਪਿਆ। ਮਹਾਨ ਕਵੀ ਗੇਟੇ ਨੇ ਵੀ ਘੋਸ਼ਿਤ ਕਰ ਦਿੱਤਾ ਕਿ ਏਨਾ ਚੰਗਾ ਕਵੀ ਹਾਲੇ ਤੱਕ ਸਾਹਿਤਿਕ ਖੇਤਰ ਵਿੱਚ ਨਹੀਂ ਹੋਇਆ।
ਪਰ ਬਾਇਰਨ ਦੀ ਇੰਗਲੈਂਡ ਵਿੱਚ ਪ੍ਰਸਿੱਧੀ ਕੁਝ ਸਾਲਾਂ ਤੱਕ ਹੀ ਰਹੀ। 1815 ਵਿੱਚ ਬਾਇਰਨ ਨੇ ਜਾਨਸ਼ੀਨ ਐਨ ਇਜ਼ਾਬੈਲਰ ਮਿਲਬੈਂਕ ਨਾਲ ਸ਼ਾਦੀ ਕਰ ਲਈ ਪਰ ਉਸ ਦੀ ਬੇਟੀ ਪੈਦਾ ਹੋਣ ਤੇ ਵਿਆਹ ਤੋਂ ਸਾਲ ਕੁ ਬਾਅਦ ਹੀ ਉਸ ਦੀ ਪਤਨੀ ਛੱਡ ਕੇ ਚਲੀ ਗਈ। ਬਾਇਰਨ ਤੇ ਦੋਸ਼ ਸੀ ਕਿ ਉਸ ਦੇ ਆਪਣੀ ਮਤੇਈ ਭੈਣ ਆਗਸਟਾ ਨਾਲ ਅਤੇ ਕੁਝ ਹੋਰ ਔਰਤਾਂ ਨਾਲ ਵੀ ਨਜਾਇਜ਼ ਸੰਬੰਧ ਸਨ। ਇਸ ਗੱਲ ਤੋਂ ਲੋਕਮੱਤ ਉਸ ਦੇ ਖਿਲਾਫ਼ ਹੋ ਗਿਆ ਅਤੇ ਸਮਾਜ ਵਿੱਚ ਬਣੀ ਹੋਈ ਉਸ ਦੀ ਇੱਜ਼ਤ ਮਿੱਟੀ ਵਿੱਚ ਮਿਲ ਗਈ। ਇਸ ਕਾਰਨ ਨਿਰਾਸ਼ ਹੋ ਕੇ ਉਸ ਨੂੰ ਇੰਗਲੈਂਡ ਹਮੇਸ਼ਾਂ ਲਈ ਛੱਡਣਾ ਪਿਆ।
ਇਸ ਤੋਂ ਬਾਅਦ ਅੱਠ ਸਾਲ ਬਾਇਰਨ ਨੇ ਵਿਦੇਸ਼ਾਂ ਵਿੱਚ ਬਿਤਾਏ। ਅੱਠ ਕੁ ਮਹੀਨੇ ਉਹ ਸਵਿਟਜ਼ਰਲੈਂਡ ਵਿੱਚ ਰਿਹਾ ਅਤੇ ਜ਼ਿਆਦਾ ਸਮਾਂ ਇਟਲੀ ਵਿੱਚ ਜਿਥੇ ਉਸ ਦੀ ਮਹਾਨ ਰੁਮਾਂਟਿਕ ਕਵੀ ਪੀ.ਬੀ. ਸ਼ੈਲੀ ਨਾਲ ਮੁਲਾਕਾਤ ਹੋਈ ਅਤੇ 1822 ਤੱਕ ਸ਼ੈਲੀ ਦੀ ਦੁੱਖਮਈ ਮੌਤ ਤਕ ਸਾਂਝ ਰਹੀ। ਇਟਲੀ ਦੇ ਪ੍ਰਭਾਵਾਂ ਨੇ ਅਤੇ ਕਾਉਂਟੈਸ ਗੀਸੀਓਲੀ ਜਿਸ ਨੂੰ ਉਹ 1819 ਵਿੱਚ ਮਿਲਿਆ, ਨੇ ਉਸ ਦੀਆਂ ਅਗਲੀਆਂ ਕਿਰਤਾਂ ਦੀ ਵਿਸ਼ਾ-ਵਸਤੂ ਤੇ ਲਹਿਜੇ ਨੂੰ ਬਹੁਤ ਪ੍ਰਭਾਵਿਤ ਕੀਤਾ ਅਤੇ ਉਸ ਨੂੰ ਰਾਜਨੀਤੀ ਵੱਲ ਲਗਾ ਦਿੱਤਾ। ਬਾਇਰਨ ਦੇ ਘਰ ਕ੍ਰਾਂਤੀਕਾਰੀ ਅਤੇ ਬਾਗ਼ੀ ਇਕੱਠੇ ਹੁੰਦੇ ਰਹਿੰਦੇ ਸਨ ਜੋ ਆਪਣੇ ਆਪ ਨੂੰ ਵਤਨਪ੍ਰਸਤ ਆਖਦੇ ਸਨ। ਬਾਇਰਨ ਇਹਨਾਂ ਤੇ ਬਹੁਤ ਯਕੀਨ ਕਰਦਾ ਸੀ ਅਤੇ ਦਿਲ ਖੋਲ੍ਹ ਕੇ ਪੈਸਾ ਖਰਚ ਕਰਦਾ ਸੀ। ਬਾਇਰਨ ਬੰਦਿਆਂ ਤੇ ਅਸਾਨੀ ਨਾਲ ਭਰੋਸਾ ਕਰ ਲੈਂਦਾ ਸੀ ਪਰੰਤੂ ਮਾਨਵੀ ਸਮਾਜ ਅਤੇ ਸਰਕਾਰ ਤੇ ਬਾਇਰਨ ਨੂੰ ਬਿਲਕੁਲ ਯਕੀਨ ਨਹੀਂ ਸੀ। ਬਾਇਰਨ ਨੇ 1817 ਵਿੱਚ ਲਿਖਿਆ :
ਮੈਂ ਆਪਣੀ ਰਾਜਨੀਤੀ ਨੂੰ ਬਹੁਤ ਅਸਾਨ ਕਰ ਦਿੱਤਾ ਹੈ ਕਿਉਂਕਿ ਮੈਨੂੰ ਸਾਰੀਆਂ ਸਰਕਾਰਾਂ ਤੋਂ ਘਿਰਨਾ ਹੈ।
ਇਸ ਪਰਵਾਸ ਦੌਰਾਨ ਬਾਇਰਨ ਨੇ ਆਪਣੀ ਲੰਮੀ ਕਵਿਤਾ ਚਾਈਲਡ ਹਾਰੋਲਡ, ਦਾ ਪਰਿਜ਼ਨਰ ਆਫ਼ ਚਿਲੋਂ, ਆਪਣੇ ਕਾਵਿ-ਨਾਟਕ ਕੈਨ ਮੈਨਫਰੈਡ ਅਤੇ ਹੋਰ ਬਹੁਤ ਸਾਰੀਆਂ ਲਿਖਤਾਂ ਨੂੰ ਪੂਰਾ ਕੀਤਾ ਜਿਨ੍ਹਾਂ ਵਿੱਚੋਂ ਕੁਝ ਵਿੱਚ ਡਾਨ ਜੁਆਨ ਦੀ ਤਰ੍ਹਾਂ ਉਹ ਆਪਣੇ ਦੇਸ ਵਾਸੀਆਂ ਤੋਂ ਬਦਲਾ ਲੈਣ ਦੀ ਖ਼ੁਸ਼ੀ ਮਹਿਸੂਸ ਕਰ ਰਿਹਾ ਸੀ, ਉਹਨਾਂ ਸਾਰੀਆਂ ਚੀਜ਼ਾਂ ਦੀ ਖਿੱਲੀ ਉਡਾ ਕੇ ਜਿਨ੍ਹਾਂ ਨੂੰ ਉਸ ਦੇ ਦੇਸਵਾਸੀ ਬੜਾ ਪਾਕ ਸਮਝਦੇ ਸਨ।
ਇਟਲੀ ਵਿੱਚ ਲੋਹਰਾਰੋਨ ਵਿੱਚ ਉਸ ਨੇ ਲੇਅ ਹੰਟ ਨਾਲ ਰਾਜਨੀਤਿਕ ਸਾਂਝ ਵਿੱਚ ਦਾ ਲਿਬਰਲ ਮੈਗਜ਼ੀਨ (1822-23) ਛਾਪਿਆ ਜਿਸ ਵਿੱਚ 1822 ਵਿੱਚ ਬਾਇਰਨ ਦੀ ਦਾ ਵਿਜ਼ਨ ਆਫ਼ ਜਜਮੈਂਟ ਛਪੀ ਜੋ ਉਸ ਦੀ ਕਵੀ ਰਾਬਰਟ ਨਾਲ ਦੁਸ਼ਮਣੀ ਦਾ ਨਤੀਜਾ ਸੀ।
1824 ਵਿੱਚ ਬਾਇਰਨ ਯੂਨਾਨ ਦੀ ਤੁਰਕਾਂ ਤੋਂ ਅਜ਼ਾਦੀ ਦੇ ਸੰਘਰਸ਼ ਵਿੱਚ ਮਦਦ ਕਰਨ ਲਈ ਰਵਾਨਾ ਹੋ ਗਿਆ। ਯੂਨਾਨੀਆਂ ਨੇ ਉਸ ਦਾ ਬਹੁਤ ਸਵਾਗਤ ਕੀਤਾ ਅਤੇ ਆਪਣਾ ਨੇਤਾ ਬਣਾਇਆ ਪਰ ਉੱਥੇ ਵੀ ਬਾਇਰਨ ਨੇ ਆਪਣੇ ਆਪ ਨੂੰ ਝੂਠ, ਸਵਾਰਥ, ਧੋਖਾ-ਧੜੀ, ਸਾਜ਼ਸ਼, ਬੁਜ਼ਦਿਲੀ ਵਾਲੇ ਮਾਹੌਲ ਵਿੱਚ ਫਸਿਆ ਮਹਿਸੂਸ ਕੀਤਾ, ਜਿੱਥੇ ਅਜ਼ਾਦੀ ਲਈ ਬਹਾਦਰੀ ਵਾਲੇ ਸੰਘਰਸ਼ ਨਾਂ ਦੀ ਕੋਈ ਚੀਜ਼ ਨਹੀਂ ਸੀ ਜੋ ਉਸ ਨੇ ਸੋਚੀ ਸੀ। ਯੂਨਾਨੀ ਸੈਨਾ ਵਿੱਚ ਸ਼ਾਮਲ ਹੋਣ ਦੇ ਤਿੰਨ ਮਹੀਨਿਆਂ ਬਾਅਦ 1824 ਵਿੱਚ ਮਿਸੋਲੋਗੀ ਵਿਖੇ ਬੁਖ਼ਾਰ ਕਾਰਨ ਉਸ ਦੀ ਮੌਤ ਹੋ ਗਈ। ਉਸ ਦੀ ਇੱਛਾ ਸੀ ਕਿ ਉਸ ਨੂੰ ਯੂਨਾਨ ਵਿੱਚ ਹੀ ਦਫ਼ਨਾਇਆ ਜਾਵੇ ਪਰ ਉਸ ਦੇ ਮ੍ਰਿਤਕ ਸਰੀਰ ਨੂੰ ਇੰਗਲੈਂਡ ਲਿਆਂਦਾ ਗਿਆ ਜਿੱਥੇ ਵੈਸਟਮਿਨਸਟਰ ਐਬੇ ਵਿੱਚ ਜਦ ਉਸ ਨੂੰ ਦਫ਼ਨਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਤਾਂ ਉਸ ਦੇ ਜੱਦੀ ਘਰ ਨੇੜੇ ਚਰਚ ਵਿੱਚ ਹੀ ਉਸ ਨੂੰ ਦਫ਼ਨਾ ਦਿੱਤਾ ਗਿਆ।
ਅੰਗਰੇਜ਼ੀ ਰੁਮਾਂਟਿਕ ਕਵੀਆਂ ਵਿੱਚ ਬਾਇਰਨ ਪਖੰਡ, ਦਮਨ ਵਾਲੀ ਸੱਤਾ ਅਤੇ ਸਮਾਜ ਦੇ ਵਿਦਰੋਹ ਕਰਨ ਵਾਲੇ ਵਿਸ਼ਾ-ਵਸਤੂ ਕਾਰਨ ਪ੍ਰਸਿੱਧ ਹੈ। ਭਾਵੇਂ ਉਸ ਨੇ ਕਵਿਤਾ ਦੀਆਂ ਵਿਧਾਵਾਂ ਵਿੱਚ ਨਵਾਂ ਯੋਗਦਾਨ ਨਹੀਂ ਪਾਇਆ ਪਰ ਉਸ ਦੀਆਂ ਕਿਰਤਾਂ ਵਿੱਚ ਜਜ਼ਬਿਆਂ ਦੀ ਸਰਲਤਾ ਸਾਫ਼ ਝਲਕਦੀ ਹੈ।
ਉਸ ਦੀਆਂ ਕਵਿਤਾਵਾਂ ਅਤੇ ਕਾਵਿ-ਨਾਟਕ ਦਾ ਕਮਪਲੀਟ ਪੋਇਟਿਕਲ ਵਰਕਸ ਆਫ਼ ਬਾਇਰਨ 1980- 1986 (ਪੰਜ ਭਾਗਾਂ) ਵਿੱਚ ਉਪਲਬਧ ਹਨ। ਬਾਇਰਨ ਕੇਵਲ ਆਪਣੀਆਂ ਕਵਿਤਾਵਾਂ ਜਾਂ ਕਾਵਿ- ਨਾਟਕਾਂ ਕਰ ਕੇ ਹੀ ਨਹੀਂ ਬਲਕਿ ਆਪਣੇ ਪੱਤਰਾਂ (ਲੈਟਰਜ਼) ਕਰ ਕੇ ਵੀ ਜਾਣਿਆ ਜਾਂਦਾ ਹੈ। ਉਸ ਦੇ 2500 ਤੋਂ ਵੀ ਜ਼ਿਆਦਾ ਪੱਤਰ ਇਕੱਤਰ ਕੀਤੇ ਜਾ ਚੁੱਕੇ ਹਨ ਜੋ ਬਾਇਰਨਜ਼ ਲੈਟਰਜ਼ ਐਂਡ ਜਰਨਲਜ਼ 1973-1982 (ਬਾਰਾਂ ਭਾਗਾਂ) ਵਿੱਚ ਸੰਕਲਿਤ ਹਨ ਜੋ ਉਸ ਨੇ ਆਪਣੇ ਦੋਸਤਾਂ, ਦੁਸ਼ਮਣਾਂ, ਕੰਮ-ਕਾਜ ਜਾਂ ਪ੍ਰੇਮ ਪੱਤਰਾਂ ਵਜੋਂ ਲਿਖੇ। ਇਹਨਾਂ ਪੱਤਰਾਂ ਤੋਂ ਬਾਇਰਨ ਦੀ ਹਾਜ਼ਰ ਜਵਾਬੀ ਦੀ ਪ੍ਰਤਿਭਾ ਝਲਕਦੀ ਹੈ ਅਤੇ ਇੰਗਲੈਂਡ ਦੇ ਸਮਾਜ ਵਿੱਚ ਪ੍ਰਚਲਿਤ ਪਖੰਡ ਦੀ ਨਿਖੇਧੀ ਸਾਫ਼ ਨਜ਼ਰ ਆਉਂਦੀ ਹੈ। ਉਸ ਦੇ ਪੱਤਰਾਂ ਤੋਂ ਪਤਾ ਚੱਲਦਾ ਹੈ ਕਿ ਜੋ ਕੁਝ ਉਸ ਨੇ ਸੋਚਿਆ ਤੇ ਮਹਿਸੂਸ ਕੀਤਾ, ਉਸ ਨੂੰ ਸਪਸ਼ਟ ਰੂਪ ਵਿੱਚ ਕਹਿ ਦਿੱਤਾ। ਬਾਇਰਨ ਦੇ ਜੋਸ਼ੀਲੇ ਭਾਸ਼ਣ ਦਾ ਪਾਰਲੀਆਮੈਂਟਰੀ ਸਪੀਚਿਜ਼ ਆਫ਼ ਲਾਰਡ ਬਾਇਰਨ (1824) ਪੁਸਤਕ ਵਿੱਚ ਸੰਕਲਿਤ ਹਨ।
ਆਪਣੀਆਂ ਭਾਵਨਾਵਾਂ, ਮਨੋਵੇਗਾਂ ਅਤੇ ਮਨੋਦਸ਼ਾ ਨੂੰ ਨਾਟਕੀ ਰੂਪ ਦੇਣ ਦੀ ਯੋਗਤਾ ਨੇ ਜਿਸ ਨੂੰ ਕਵੀ ਮੈਥਿਉ ਆਰਨਲਡ ਨੇ ਉਸ ਦੇ ‘ਦੁਖੀ ਹਿਰਦੇ ਦਾ ਪ੍ਰਦਰਸ਼ਨ’ ਕਿਹਾ, ਬਾਇਰਨ ਨੂੰ ਯੂਰਪ ਵਿੱਚ ਮਸ਼ਹੂਰ ਕਰ ਦਿੱਤਾ। ਉਸ ਦੀਆਂ ਲਿਖਤਾਂ ਨੇ ਕਈ ਮਹਾਨ ਲੇਖਕਾਂ ਨੂੰ ਪ੍ਰਭਾਵਿਤ ਕੀਤਾ ਜਿਨ੍ਹਾਂ ਵਿੱਚੋਂ ਵਿਕਟਰ ਹਿਊਗੋ ਅਤੇ ਹੈਨਰਿਕ ਹੀਨ ਮੁੱਖ ਹਨ। ਬਾਇਰਨ ਫ਼ਰੈਡਰਿਕ ਨੀਤਸ਼ੇ ਦਾ ਮਨਭਾਉਂਦਾ ਕਵੀ ਸੀ, ਕਿਉਂਕਿ ਨੀਤਸ਼ੇ ਨੂੰ ਬਾਇਰਨ ਦੀ ਆਤਮਨਿਸ਼ਠਤਾ ਨੂੰ ਪ੍ਰਗਟ ਕਰਨ ਵਿੱਚ ਅਤੇ ਆਪਣੀ ਦੁਨੀਆ ਨੂੰ ਘੋਖਣ ਦੀ ਯੋਗਤਾ ਵਿੱਚ ਸਾਹਸੀ, ਨੇਕ- ਨੀਅਤ ਅਤੇ ਨਿਰਣੇਜਨਕ ਸ਼ਖ਼ਸ ਨਜ਼ਰ ਆਇਆ। ਆਪਣੀ ਇਸ ਸੋਚ ਅਤੇ ਪ੍ਰਗਟਾਵੇ ਕਾਰਨ ਬਾਇਰਨ ਰੁਮਾਂਟਿਕ ਕਵੀਆਂ ਵਿੱਚ ਇੱਕ ਵੱਖਰਾ ਹੀ ਸਥਾਨ ਰੱਖਦਾ ਹੈ।
ਲੇਖਕ : ਤੇਜਿੰਦਰ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1817, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First