ਬਾਤਾਂ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਬਾਤਾਂ: ‘ਬਾਤਾਂ’ ਨੂੰ ਸਹਿਜ ਰੂਪ ਵਿੱਚ ਕਹਾਣੀਆਂ ਵੀ ਕਿਹਾ ਜਾਂਦਾ ਹੈ। ਲੋਕ ਕਹਾਣੀ ਇਸੇ ਵੰਨਗੀ ਦਾ ਦੂਜਾ ਨਾਂ ਹੈ ਜਿਸ ਦੇ ਅੱਗੋਂ ਕਈ ਰੂਪ ਹਨ। ਬਾਤਾਂ ਕਿਸੇ ਇੱਕ ਖ਼ਾਸ ਵਿਸ਼ਾ-ਵਸਤੂ ਨੂੰ ਹੀ ਕੇਂਦਰ ਵਿੱਚ ਰੱਖ ਕੇ ਹੋਂਦ ਵਿੱਚ ਨਹੀਂ ਆਉਂਦੀਆਂ। ਵਿਸ਼ੇ-ਪਖੋਂ ਇਹਨਾਂ ਵਿੱਚ ਵਿਭਿੰਨਤਾ ਹੈ। ਬਾਤ ਧਾਰਮਿਕ ਵੀ ਹੋ ਸਕਦੀ ਹੈ, ਸਮਾਜਿਕ ਵੀ। ਇਹ ਮੁੱਖ ਤੌਰ ਤੇ ਕੁਝ ਮੁੱਖ ਨੇਮਾਂ ਨੂੰ ਲੈ ਕੇ ਤੁਰਦੀ ਹੈ। ਪਹਿਲਾ ਨੇਮ ਇਹ ਕਿ ਬਾਤ ਨਿਰੀ ਕਲਪਨਾ ਉਤੇ ਹੀ ਆਧਾਰਿਤ ਨਹੀਂ ਹੁੰਦੀ ਸਗੋਂ ਇਤਿਹਾਸਿਕ ਜਾਂ ਯਥਾਰਥਿਕ ਵੀ ਹੋ ਸਕਦੀ ਹੈ। ਦੂਜਾ ਇਹ ਕਿ ਲਗਪਗ ਹਰ ਬਾਤ ਵਿੱਚੋਂ ਸਾਨੂੰ ਕੋਈ ਨਾ ਕੋਈ ਉਪਦੇਸ਼ ਜ਼ਰੂਰ ਮਿਲਦਾ ਹੈ। ਇਸ ਦੇ ਪਾਤਰ ਮਨੁੱਖ ਵੀ ਹੋ ਸਕਦੇ ਹਨ ਅਤੇ ਗ਼ੈਰ-ਮਨੁੱਖ ਵੀ। ਇਸ ਦਾ ਘਟਨਾ ਸਥਾਨ ਲੌਕਿਕ ਵੀ ਹੋ ਸਕਦਾ ਹੈ ਅਤੇ ਅਲੌਕਿਕ ਵੀ। ਇੱਕ ਹੋਰ ਨੇਮ ਇਹ ਕਿ ਵਿਹਾਰਿਕ ਗਿਆਨ ਦੇਣ ਦੇ ਨਾਲ-ਨਾਲ ਰੋਚਕਤਾ ਅਤੇ ਉਤਸੁਕਤਾ ਇਸ ਦਾ ਵਿਸ਼ੇਸ਼ ਗੁਣ ਹੈ। ਇਹ ਲੋਕ-ਮਨ ਦੀ ਅਵਸਥਾ ਨੂੰ ਇੱਕ ਬਿਰਤਾਂਤ ਦੇ ਰੂਪ ਵਿੱਚ ਪ੍ਰਗਟ ਕਰਦੀ ਹੈ। ‘ਬਾਤਾਂ’ ਮੁੱਢ-ਕਦੀਮ ਤੋਂ ਸੀਨਾ-ਬ-ਸੀਨਾ ਤੁਰਦੀਆਂ ਸਾਡੇ ਤੱਕ ਅਪੜੀਆਂ ਹਨ। ਲੋਕ-ਗੀਤ ਵਾਂਗ ਸਾਨੂੰ ਬਾਤ ਦੇ ਅਸਲੀ ਰਚੇਤੇ ਦਾ ਨਾਂ ਨਹੀਂ ਪਤਾ ਹੁੰਦਾ ਪਰ ਇਸ ਦੀ ਰਚਨਾ ਦਾ ਮਨੋਰਥ ਇਹ ਹੈ ਕਿ ਇਹ ਮਨੁੱਖ ਦੇ ਵਿਹਲੇ ਸਮੇਂ ਨੂੰ ਬਤੀਤ ਕਰਨ ਜਾਂ ਸ੍ਰੋਤਿਆਂ ਦਾ ਮਨੋਰੰਜਨ ਕਰਨ ਤਕ ਹੀ ਸੀਮਿਤ ਨਹੀਂ ਸਗੋਂ ਇਸ ਤੋਂ ਆਉਣ ਵਾਲੀ ਪੀੜ੍ਹੀ ਸੇਧ ਹਾਸਲ ਕਰਦੀ ਹੈ। ਇਹ ਵੰਨਗੀ ਜੀਵਨ ਦੀਆਂ ਕੌੜੀਆਂ ਹਕੀਕਤਾਂ ਤੋਂ ਪਰਿਚਿਤ ਕਰਵਾ ਕੇ ਉੱਚੀਆਂ- ਸੁੱਚੀਆਂ ਨੈਤਿਕ ਕਦਰਾਂ ਦਾ ਪ੍ਰਚਾਰ-ਪ੍ਰਸਾਰ ਕਰਦੀ ਹੈ। ਇਹ ਲੋਕ ਸਮੂਹ ਦੀਆਂ ਸੱਧਰਾਂ ਅਤੇ ਹਕੀਕਤਾਂ ਨੂੰ ਬਿਰਤਾਂਤ ਦੇ ਰੂਪ ਵਿੱਚ ਪੇਸ਼ ਕਰ ਕੇ ਮਨੁੱਖੀ ਜੀਵਨ ਦੀ ਅਗਵਾਈ ਕਰਦੀ ਹੈ।
‘ਬਾਤ’ ਦੇ ਅੰਤਰਗਤ ਕੋਈ ਇੱਕ ਵੰਨਗੀ ਨਹੀਂ ਸਗੋਂ ਅਨੇਕ ਕਿਸਮ ਦੇ ਹੋਰ ਅਜਿਹੇ ਰੂਪ ਵੀ ਆ ਜਾਂਦੇ ਹਨ ਜੋ ਆਪਣੇ-ਆਪ ਵਿੱਚ ਸੁਤੰਤਰ ਹਨ। ਇਹ ਰੂਪ ਵੀ ਆਪਣੇ-ਆਪ ਵਿੱਚ ਇੱਕ ਮੁਕੰਮਲ ਅਤੇ ਦਿਲਚਸਪ ਕਹਾਣੀ ਹੁੰਦੇ ਹਨ ਅਤੇ ਮਨੁੱਖ ਨੂੰ ਵਿਵਹਾਰਿਕ ਗਿਆਨ ਪ੍ਰਦਾਨ ਕਰਦੇ ਹਨ। ਦੰਦ-ਕਥਾ, ਪਰੀ ਕਥਾ, ਨੀਤੀ ਕਥਾ, ਟੋਟਕੇ, ਚਲਿੱਤਰ ਕਥਾ, ਮੁੱਢੀ ਅਤੇ ਮਿੱਥ ਕਥਾ ਨੂੰ ਆਮ ਤੌਰ ਤੇ ‘ਬਾਤਾਂ’ ਦੇ ਹੀ ਅੰਤਰਗਤ ਵਿਚਾਰ ਲਿਆ ਜਾਂਦਾ ਹੈ। ਬਾਤਾਂ ਦੇ ਰੂਪ ਵਿੱਚ ਇਹ ਸਾਰੀਆਂ ਵੰਨਗੀਆਂ ਸਾਡੀਆਂ ਸੱਧਰਾਂ ਅਤੇ ਹਕੀਕਤਾਂ ਨੂੰ ਹੀ ਰੂਪਮਾਨ ਕਰਦੀਆਂ ਹਨ। ਇਹਨਾਂ ਦੇ ਪਾਤਰ ਆਮ ਤੌਰ ਤੇ ਸਾਧੂ-ਸੰਤ, ਪੀਰ-ਫ਼ਕੀਰ, ਰਾਜੇ-ਰਾਣੀਆਂ, ਜਾਦੂਗਰ, ਮੋਮੋਠੱਗਣੀਆਂ, ਗਿੱਠਮੁੱਠੀਏ, ਛਲੇਡੇ ਆਮ ਜਾਂ ਵਿਸ਼ੇਸ਼ ਮਨੁੱਖ, ਭਾਂਤ-ਸੁਭਾਂਤ ਦੇ ਪੰਛੀ ਅਤੇ ਪਰਾਭੌਤਿਕ ਪਾਤਰਾਂ ਦੇ ਰੂਪ ਵਿੱਚ ਇੱਕ-ਦੂਜੇ ਨਾਲ ਸੰਬੰਧ ਸਥਾਪਿਤ ਕਰਦੇ ਹਨ। ਫਿਰ ਕੋਈ ਅਜਿਹੀ ਸਥਿਤੀ ਉਤਪੰਨ ਹੋ ਜਾਂਦੀ ਹੈ ਜਿਸ ਨਾਲ ਦੋ ਧਿਰਾਂ ਦਰਮਿਆਨ ਟਕਰਾਉ ਪੈਦਾ ਹੋ ਜਾਂਦਾ ਹੈ। ਇਹ ਟਕਰਾਉ ਤਣਾਉ ਨੂੰ ਜਨਮ ਦਿੰਦਾ ਹੈ। ਆਪਸੀ ਟਕਰਾ ਵਾਲਾ ਇਹੀ ਰਵੱਈਆ ਜਿਗਿਆਸਾ ਨੂੰ ਅੱਗੇ ਵਧਾਉਂਦਾ ਹੈ। ਅੰਤ ਵਿੱਚ ਇਹ ਬਾਤਾਂ ਸੁਖਾਂਤਕ ਮਾਹੌਲ ਵਿੱਚ ਨੇਪਰੇ ਚੜ੍ਹਦੀਆਂ ਹਨ ਅਤੇ ਮਨੁੱਖ ਦੀ ਜਿਗਿਆਸਾ ਨੂੰ ਤ੍ਰਿਪਤ ਕਰਦੀਆਂ ਹਨ।
ਬਾਤਾਂ ਦੀ ਪ੍ਰਕਿਰਤੀ ਵੀ ਵਿਸ਼ੇਸ਼ ਕਿਸਮ ਦੀ ਹੁੰਦੀ ਹੈ। ਆਕਾਰ ਪਖੋਂ ਕਈ ਬਾਤਾਂ ਇੰਨੀਆਂ ਲੰਮੀਆਂ ਹੁੰਦੀਆਂ ਹਨ ਜੋ ਕਈ-ਕਈ ਰਾਤਾਂ ਤਕ ਨਿਰੰਤਰ ਤੁਰਦੀਆਂ ਰਹਿੰਦੀਆਂ ਹਨ ਪਰੰਤੂ ਦੂਜੇ ਪਾਸੇ ਬਹੁਤ ਸਾਰੀਆਂ ਅਜਿਹੀਆਂ ਨਿੱਕੀਆਂ ਬਾਤਾਂ ਵੀ ਸਾਡੇ ਲੋਕ- ਸਾਹਿਤ ਦਾ ਅੰਗ ਹਨ ਜਿਹੜੀਆਂ ਬਹੁਤ ਥੋੜ੍ਹੇ ਸਮੇਂ ਆਪਣਾ ਕਾਰਜ ਨਿਭਾ ਕੇ ਸ੍ਰੋਤੇ ਦੀ ਸਿਮਰਤੀ ਦਾ ਹਮੇਸ਼ਾਂ ਲਈ ਅੰਗ ਬਣ ਜਾਂਦੀਆਂ ਹਨ। ਇਹਨਾਂ ਬਾਤਾਂ ਦਾ ਵਿਸ਼ੇਸ਼ ਖ਼ਾਸਾ ਇਹ ਹੈ ਕਿ ਹਰ ਬਾਤ ਵਿੱਚ ਭਾਵੇਂ ਬਾਰ- ਬਾਰ ਲਗਪਗ ਇਕੋ ਜਿਹੇ ਪਾਤਰ, ਜਿਵੇਂ ਪਰੀਆਂ, ਦੇਵੀ- ਦੇਵਤੇ, ਜਿੰਨ-ਭੂਤ ਅਤੇ ਸਾਧੂ, ਰਾਜੇ-ਰਾਣੀਆਂ, ਰਾਜਕੁਮਾਰ-ਰਾਜਕੁਮਾਰੀਆਂ ਜਾਂ ਹੋਰ ਮਨੁੱਖੀ ਗ਼ੈਰ- ਮਨੁੱਖੀ ਪਾਤਰ ਕਥਾ ਵਿੱਚ ਕ੍ਰਿਆਸ਼ੀਲ ਰਹਿੰਦੇ ਹਨ ਪਰ ਹਰ ਬਾਤ ਦਾ ਸੁਭਾ, ਸੰਸਕਾਰ ਅਤੇ ਕਥਾਨਕ ਦੂਜੀ ਨਾਲੋਂ ਕਾਫ਼ੀ ਭਿੰਨ-ਭੇਦ ਰੱਖਦਾ ਹੈ।
ਪੰਜਾਬੀ ਵਿੱਚ ਸੈਂਕੜੇ ਬਾਤਾਂ ਪ੍ਰਚਲਿਤ ਹਨ ਜੋ ਪੰਜਾਬੀ ਲੋਕ-ਮਨ ਨੇ ਆਪਣੀ ਵਿਸ਼ਾਲ ਸੰਸਕ੍ਰਿਤੀ ਵਿੱਚੋਂ ਘੜੀਆਂ ਹਨ। ਇਹਨਾਂ ਵਿੱਚ ਬਹੁਤ ਸਾਰੇ ਪਰਾਭੌਤਿਕ ਪਾਤਰ ਜਾਂ ਜੀਵ-ਜੰਤੂ ਵੀ ਬਾਤ ਦੇ ਨਾਇਕ ਜਾਂ ਖਲਨਾਇਕ ਬਣ ਕੇ ਵਿਚਰਦੇ ਹਨ। ਬਿਰਖ ਬੂਟੇ ਆਪਸ ਵਿੱਚ ਮਾਨਵ ਨਾਲ ਜਾਂ ਮਾਨਵ ਵਾਂਗ ਗੱਲਾਂ ਕਰਦੇ ਹਨ। ਉਦਾਹਰਨ ਵਜੋਂ ਪੰਜਾਬੀ ਦੀਆਂ ਕੁਝ ਪ੍ਰਸਿੱਧ ਬਾਤਾਂ ਵਿੱਚੋਂ ਚਿੜੋ ਰਾਣੀ ਦੀਆਂ ਚਾਰ ਮੱਤਾਂ, ਲਾਲੀ ਅਤੇ ਕਾਂ, ਚੂਹਾ ਤੇ ਊਠ ਅਤੇ ਤੋਤਾ ਤੇ ਮਖਿਆਰੀਆਂ ਬਾਤਾਂ ਜੀਵ-ਜੰਤੂਆਂ ਦੇ ਸ਼ੁਭ ਜਾਂ ਅਸ਼ੁਭ ਕਰਮਾਂ ਨਾਲ ਸੰਬੰਧਿਤ ਹਨ। ਇਹ ਸੰਕੇਤਕ ਰੂਪ ਵਿੱਚ ਮਨੁੱਖ ਲਈ ਉਪਦੇਸ਼ਾਤਮਿਕ ਢੰਗ ਲਾਲ ਰਚੀਆਂ ਗਈਆਂ ਹਨ। ਦੂਜੇ ਪਾਸੇ ਪਰਾਸਰੀਰਕ ਅੰਸ਼ਾਂ, ਜਾਦੂ-ਟੂਣਿਆਂ ਅਤੇ ਕਿਸਮਤ ਜਾਂ ਚਮਤਕਾਰਾਂ ਨਾਲ ਸੰਬੰਧਿਤ ਬਾਤਾਂ ਵਿੱਚ ਲੋਕ-ਮਾਨਸਿਕਤਾ ਦਾ ਪ੍ਰਗਟਾਵਾ ਹੁੰਦਾ ਹੈ। ਅਜਿਹੀਆਂ ਬਾਤਾਂ ਵਿੱਚ ਹੋਣੀ ਦਾ ਚਮਤਕਾਰ, ਮਾਇਆ ਦਾ ਰੂਪ, ਮਾਇਆ ਅਤੇ ਕਰਮ, ਭਾਗਾਂ ਦੀ ਦੇਵੀ, ਵਿਧਮਾਤਾ ਦੇ ਅੱਖਰ, ਕਾਠ ਦਾ ਘੋੜਾ ਅਤੇ ਰੂਹ ਦਾ ਭਰਮਣ ਆਦਿ ਸ਼ਾਮਲ ਹਨ। ਜਾਦੂਈ ਅੰਸ਼ਾਂ ਜਾਂ ਚਮਤਕਾਰ ਪ੍ਰਗਟ ਕਰਨ ਵਾਲੀਆਂ ਇਹਨਾਂ ਕਹਾਣੀਆਂ ਦੇ ਕਿਸੇ ਨਾ ਕਿਸੇ ਪਾਤਰ ਕੋਲ ਕੋਈ ਨਾ ਕੋਈ ਵਿਸ਼ੇਸ਼ ਵਸਤੂ ਜਾਂ ਗੁਣ ਜ਼ਰੂਰ ਹੁੰਦਾ ਹੈ। ਕਦੇ ਇਹ ਪਾਤਰ ਖ਼ਾਸ ਕਿਸਮ ਦਾ ਸੁਰਮਾ ਪਾ ਕੇ ਅਲੋਪ ਹੋ ਜਾਂਦੇ ਹਨ, ਕਦੇ ਪਉੜ ਨਾਲ ਹਵਾ ਵਿੱਚ ਤਰਦੇ ਹਨ, ਕਦੇ ਉਡਣ ਖਟੋਲਿਆਂ ਦੀ ਸੈਰ ਕਰਦੇ ਹੋਏ ਪਰੀਸਤਾਨ ਜਾਂ ਸਵਰਗ ਦੀ ਸੈਰ ਕਰਦੇ ਹਨ ਅਤੇ ਕਦੇ ਜਾਦੂਈ ਡੰਡੇ ਨਾਲ ਛੱਤੀ ਪ੍ਰਕਾਰ ਦੇ ਭੋਜਨ ਛਕਦੇ ਹਨ। ਇਸ ਤਰ੍ਹਾਂ ਦੀ ਕਲਪਨਾਤਮਿਕ ਸਥਿਤੀ ਵਿੱਚ ਪੰਜਾਬੀ ਲੋਕ-ਮਨ ਪੂਰੇ ਜਲੌਅ ਦੀ ਪ੍ਰਕਿਰਿਆ ਵਿੱਚੋਂ ਲੰਘ ਰਿਹਾ ਹੁੰਦਾ ਹੈ। ਕਈ ਵਾਰੀ ਇੱਕ ਨਿੱਕੀ ਜਿਹੀ ਇਤਿਹਾਸਿਕ ਘਟਨਾ ਲੋਕ-ਮਨ ਦੇ ਘੋੜੇ ਤੇ ਸਵਾਰ ਹੋ ਕੇ ਲੱਖਾਂ ਕਰੋੜਾਂ ਵਿਅਕਤੀਆਂ ਤਕ ਜਾ ਪੁਜਦੀ ਹੈ। ਅਜਿਹੀ ਹੀ ਇੱਕ ਬਾਤ ਉਜੈਨ ਨਗਰੀ ਵਿੱਚ ਰਾਜ ਕਰਨ ਵਾਲਾ ਰਾਜਾ ਬਿਕਰਮਾਜੀਤ ਸਿੰਘ ਇੱਕ ਹੋਰ ਰਾਜੇ ਕਰਣ ਕੋਲੋਂ ਬੇਸ਼ੁਮਾਰ ਧਨ ਦੌਲਤਾਂ ਦਾ ਲੋਭ-ਲਾਲਚ ਠੁਕਰਾ ਕੇ ਇੱਕ ਹੰਸਣੀ ਦੇ ਹੰਸ ਨੂੰ ਉਸ ਦੀ ਕੈਦ ਵਿੱਚੋਂ ਛੁਡਾਉਂਦਾ ਹੈ। ਅੰਤ ਇਸ ਘਟਨਾ ਤੋਂ ਪ੍ਰਭਾਵਿਤ ਹੋ ਕੇ ਰਾਜਾ ਕਰਣ ‘ਧਨ ਰਾਜਾ ਬਿਕਰਮਾਜੀਤ’ ਕਹਿ ਕੇ ਉਹਦੇ ਚਰਨਾਂ ਵਿੱਚ ਢੇਰੀ ਹੋ ਜਾਂਦਾ ਹੈ। ਇਸ ਬਾਤ ਦੀ ਜੁਗਤੀ ਇਸ ਗੱਲ ਵੱਲ ਵੀ ਇਸ਼ਾਰਾ ਕਰਦੀ ਹੈ ਕਿ ਪੰਜਾਬੀ ਲੋਕ ਮਨ ਆਪਣੇ ਸ਼ੁਭ ਗੁਣਾਂ ਸਦਕਾ ਦੂਜਿਆਂ ਦਾ ਮਨ ਵੀ ਜਿੱਤਣਾ ਜਾਣਦਾ ਹੈ।
ਦੂਜੇ ਪਾਸੇ ਪੰਜਾਬੀ ਵਿੱਚ ਅਜਿਹੀਆਂ ਬਾਤਾਂ ਵੀ ਪੜ੍ਹਨ-ਸੁਣਨ ਵਿੱਚ ਆਉਂਦੀਆਂ ਹਨ ਜਿਨ੍ਹਾਂ ਦੀ ਰਚਨਾ ਪਿਛੇ ਕੋਈ ਮੂਲ ਕਾਰਨ ਕੰਮ ਕਰ ਰਿਹਾ ਹੁੰਦਾ ਹੈ। ਇਸ ਸੰਬੰਧ ਵਿੱਚ ਇੱਕ ਸੰਖੇਪ ਪੰਜਾਬੀ ਬਾਤ ‘ਸੂਰਜ ਗਰਮ ਕਿਉਂ?` ਵਿਸ਼ੇਸ਼ ਤੌਰ ਤੇ ਵਰਣਨ ਦੀ ਮੰਗ ਕਰਦੀ ਹੈ ਜਿਸ ਨੂੰ ਪੰਜਾਬੀ ਬਾਤਾਂ ਦੇ ਸਿਰੜੀ ਸੰਗ੍ਰਹਿਕਾਰ ਵਣਜਾਰਾ ਬੇਦੀ ਨੇ ਆਪਣੀ ਪੁਸਤਕ ਬਾਤਾਂ ਮੁੱਢ ਕਦੀਮ ਦੀਆਂ ਦੇ ਪਹਿਲੇ ਭਾਗ ਵਿੱਚ ਸ਼ਾਮਲ ਕੀਤਾ ਹੈ। ਇਹ ਬਾਤ ਇਉਂ ਚਲਦੀ ਹੈ :
ਚੰਨ ਤੇ ਸੂਰਜ ਦੋਵੇਂ ਭੈਣ-ਭਰਾ ਸਨ। ਉਹਨਾਂ ਦੀ ਮਾਂ ਸਖ਼ਤ ਬਿਮਾਰ ਪੈ ਗਈ। ਮਾਂ ਨੇ ਚੰਨ ਨੂੰ ਆਟਾ ਗੁੰਨਣ ਲਈ ਅਤੇ ਸੂਰਜ ਨੂੰ ਅੱਗ ਬਾਲਣ ਲਈ ਕਿਹਾ। ਸੂਰਜ ਨੇ ਪਹਿਲਾਂ ਨਾਂਹ ਕਰ ਦਿਤੀ ਪਰ ਜਦੋਂ ਮਾਂ ਬਹੁਤ ਗੁੱਸੇ ਹੋਈ ਤਾਂ ਉਹ ਅੱਗ ਭਖਾਣ ਲੱਗਾ। ਜਦੋਂ ਅੱਗ ਚੰਗੀ ਤਰ੍ਹਾਂ ਭਖ ਗਈ ਤਾਂ ਸੂਰਜ ਨੇ ਸ਼ਰਾਰਤ ਨਾਲ ਇੱਕ ਦੋ ਅੰਗਿਆਰੇ ਮਾਂ ਵਲ ਸੁਟਦਿਆਂ ਆਖਿਆ, “ਇਹ ਲੈ, ਮਾਂ, ਅੱਗ ਭੱਖ ਗਈ ਆ।”
ਅਚਾਨਕ ਅੰਗਿਆਰੇ ਮਾਂ ਦੀ ਮੰਜੀ ਉੱਤੇ ਜਾ ਡਿੱਗੇ ਜਿਸ ਨਾਲ ਮੰਜੀ ਨੂੰ ਅੱਗ ਲੱਗ ਗਈ। ਉਸ ਵੇਲੇ ਚੰਨ ਨੇ ਪਾਣੀ ਪਾ ਕੇ ਅੱਗ ਬੁਝਾਈ। ਮਾਂ ਨੇ ਕਰੋਧ ਵਿੱਚ ਆ ਕੇ ਸੂਰਜ ਨੂੰ ਸਰਾਪ ਦਿੱਤਾ, “ਜਾਹ, ਤੂੰ ਸਦਾ ਸੜਦਾ ਰਹੇਂ।” ਕਹਿੰਦੇ ਨੇ ਉਦੋਂ ਤੋਂ ਹੀ ਸੂਰਜ ਸੜਦਾ ਆ ਰਿਹਾ ਹੈ ਅਤੇ ਚੰਦ ਲੋਕਾਂ ਦੇ ਹਿਰਦਿਆਂ ਅੰਦਰ ਠੰਢ ਵਰਤਾ ਰਿਹਾ ਹੈ।
ਪੰਜਾਬੀ ਦੀਆਂ ਖਿੰਡੀਆਂ-ਪੁੰਡੀਆਂ ਜਾਂ ਬਜ਼ੁਰਗਾਂ ਦੀ ਸਿਮਰਤੀ ਦੇ ਸੰਦੂਕਾਂ ਵਿੱਚ ਸਾਂਭੀਆਂ ਪਈਆਂ ਬਾਤਾਂ ਨੂੰ ਪ੍ਰਕਾਸ਼ਿਤ ਰੂਪ ਵਿੱਚ ਵੀ ਸੰਭਾਲਣ ਦਾ ਯਤਨ ਕੀਤਾ ਗਿਆ ਹੈ। ਇਸ ਪ੍ਰਸੰਗ ਵਿੱਚ ਅਜ਼ਾਦੀ ਤੋਂ ਪਹਿਲਾਂ ਗਿਆਨੀ ਲਾਲ ਸਿੰਘ ਗੁੱਜਰਾਂਵਾਲੀਆ ਨੇ ਬਾਲਕ ਅਤੇ ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੇ ਬਾਲ ਸੰਦੇਸ਼ ਆਦਿ ਬਾਲ ਰਸਾਲਿਆਂ ਵਿੱਚ ਸੈਂਕੜੇ ਬਾਤਾਂ ਛਾਪ ਕੇ ਬਾਲ ਪਾਠਕ ਵਰਗ ਨੂੰ ਵਿਹਾਰਿਕ ਗਿਆਨ ਦੇਣ ਦੇ ਨਾਲ-ਨਾਲ ਉਹਨਾਂ ਦੀ ਦਿਲਚਸਪੀ ਵਧਾਈ। ਗਿਆਨੀ ਧਨਵੰਤ ਸਿੰਘ ਸੀਤਲ (ਸੋਨੇ ਦਾ ਗੁਲੇਲਾ ਤੇ ਹੋਰ ਕਹਾਣੀਆਂ, ਟਰਟਰ ਡੱਡੂ ਅਤੇ ਲਾਲ ਬਾਦਸ਼ਾਹ ਆਦਿ), ਵਣਜਾਰਾ ਬੇਦੀ (ਪੰਜਾਬ ਦੀਆਂ ਲੋਕ ਕਹਾਣੀਆਂ ਅਤੇ ਬਾਤਾਂ ਮੁੱਢ ਕਦੀਮ ਦੀਆਂ-2 ਭਾਗ), ਸੁਖਦੇਵ ਮਾਦਪੁਰੀ ਜਰੀ ਦਾ ਟੋਟਾ ਤੇ ਹੋਰ ਕਹਾਣੀਆਂ ਅਤੇ ਬਾਤਾਂ ਦੇਸ਼ ਪੰਜਾਬ ਦੀਆਂ ਪੰਜਾਬ ਦੀਆਂ, ਲੋਕ ਕਹਾਣੀਆਂ (3 ਜਿਲਦਾਂ) ਗੋਪਾਲ ਸਿੰਘ ਨਰਗਸ ਇੱਕ ਸੀ ਚਿੜੀ, ਸੰਤੋਖ ਸਿੰਘ ਧੀਰ ਪੰਜਾਬੀ ਲੋਕ ਕਹਾਣੀਆਂ, ਅਤਰ ਸਿੰਘ ਏਨੀ ਮੇਰੀ ਬਾਤ, ਬਾਤ ਪਾਵਾਂ ਬਤੋਲੀ ਪਾਵਾਂ, ਪੰਜਾਬੀ ਸੱਥ ਲਾਂਬੜਾ, ਹਰਬੰਸ ਸਿੰਘ ਚਾਵਲਾ ਮੁੜੇ ਹੋਏ ਨੱਕ ਵਾਲੀ ਮੱਛੀ ਅਤੇ ਬੁੱਢੀ ਚੁੜੇਲ ਤੇ ਹੋਰ ਕਹਾਣੀਆਂ ਅਤੇ ਦਰਸ਼ਨ ਸਿੰਘ ਆਸ਼ਟ ਬਾਲ ਬਾਤਾਂ ਆਦਿ ਪੁਸਤਕਾਂ ਵਿੱਚ ਵੀ ਬਾਤਾਂ ਦੀ ਸਾਂਭ- ਸੰਭਾਲ ਦਾ ਸਾਰਥਕ ਪ੍ਰਯਤਨ ਕੀਤਾ ਗਿਆ ਹੈ। ਪਾਕਿਸਤਾਨੀ ਪੰਜਾਬ ਵਿੱਚ ਵੀ ਇਲਿਆਸ ਘੁੰਮਣ ਨੇ ਜਨੌਰ ਬਾਤਾਂ ਅਤੇ ਅਸ਼ਰਫ਼ ਸੁਹੇਲ ਨੇ ਮੋਰਾਂ ਵਾਲਾ ਜੰਗਲ ਅਤੇ ਸਾਡੀ ਮਾਣੋ ਪੁਸਤਕਾਂ ਵਿੱਚ ਇਹਨਾਂ ਬਾਤਾਂ ਨੂੰ ਸੰਭਾਲ ਕੇ ਪ੍ਰਸੰਸਾਮਈ ਕਾਰਜ ਕੀਤਾ ਹੈ।
ਲੇਖਕ : ਦਰਸ਼ਨ ਸਿੰਘ ਆਸ਼ਟ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 16989, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First