ਬਾਬਾ ਬਕਾਲਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਬਾਬਾ ਬਕਾਲਾ (ਨਗਰ): ਅੰਮ੍ਰਿਤਸਰ ਜ਼ਿਲ੍ਹੇ ਦਾ ਇਕ ਨਗਰ, ਜਿਥੇ ਗੁਰੂ ਤੇਗ ਬਹਾਦਰ ਜੀ ਨੇ ਲਗਾਤਾਰ 20 ਸਾਲ ਤਪ ਕੀਤਾ ਸੀ। ਇਸ ਦਾ ਪਹਿਲਾ ਨਾਂ ਕੇਵਲ ‘ਬਕਾਲਾ’ (ਮੂਲ ਨਾਂ ‘ਬਕਵਾਲਾ’) ਸੀ, ਪਰ ਜਦੋਂ ਅੱਠਵੇਂ ਗੁਰੂ ਹਰਿਕ੍ਰਿਸ਼ਨ ਜੀ ਦਿੱਲੀ ਵਿਚ ਜੋਤੀ ਜੋਤਿ ਸਮਾਉਣ ਲਗੇ ਤਾਂ ਸੰਗਤ ਦੁਆਰਾ ਬੇਨਤੀ ਕਰਨ’ਤੇ ਆਪ ਜੀ ਨੇ ਆਪਣੇ ਉਤਰਾ- ਧਿਕਾਰੀ ਬਾਰੇ ਕੇਵਲ ‘ਬਾਬਾ ਬਕਾਲੇ’ ਸ਼ਬਦ ਉਚਾਰੇ। ਉਦੋਂ ਗੁਰੂ ਤੇਗ ਬਹਾਦਰ ਜੀ ਬਕਾਲੇ ਰਹਿੰਦੇ ਸਨ ਕਿਉਂਕਿ ਗੁਰੂ ਹਰਿਗੋਬਿੰਦ ਸਾਹਿਬ ਦੇ ਮਹਾਪ੍ਰਸਥਾਨ ਤੋਂ ਬਾਦ ਆਪ ਆਪਣੀ ਮਾਤਾ ਨਾਨਕੀ ਜੀ ਅਤੇ ਪਰਿਵਾਰ ਸਹਿਤ ਕੀਰਤਪੁਰ ਤੋਂ ਬਕਾਲੇ ਆ ਗਏ। ਚੂੰਕਿ ਗੁਰੂ ਤੇਗ ਬਹਾਦਰ ਗੁਰੂ ਹਰਿਕ੍ਰਿਸ਼ਨ ਜੀ ਦੇ ਦਾਦਾ ਬਾਬਾ ਗੁਰਦਿੱਤਾ ਦੇ ਭਰਾ ਸਨ, ਇਸ ਲਈ ਉਹ ਅੱਠਵੇਂ ਗੁਰੂ ਜੀ ਦੇ ਵੀ ਦਾਦਾ (ਬਾਬਾ) ਸਨ। ਉਸ ਦਿਨ ਤੋਂ ‘ਬਾਬਾ’ ਸ਼ਬਦ ‘ਬਕਾਲੇ’ ਨਾਲ ਸੰਯੁਕਤ ਹੋ ਗਿਆ। ਸਿੱਖ ਇਤਿਹਾਸ ਨਾਲ ਸੰਬੰਧਿਤ ਇਥੇ ਕਈ ਧਰਮ-ਧਾਮ ਹਨ।

ਗੁਰਦੁਆਰਾ ਦਰਬਾਰ ਸਾਹਿਬ ਉਸ ਸਥਾਨ ਉਤੇ ਨਿਰਮਿਤ ਹੈ ਜਿਥੇ ਗੁਰੂ ਸਾਹਿਬ ਨੂੰ ਗੁਰਿਆਈ ਦਾ ਤਿਲਕ ਦਿੱਤਾ ਗਿਆ ਸੀ ਅਤੇ ਜਿਥੇ ਬੈਠ ਕੇ ਉਹ ਸੰਗਤਾਂ ਨੂੰ ਉਪਦੇਸ਼ ਦਿੰਦੇ ਸਨ।

ਗੁਰਦੁਆਰਾ ਭੋਰਾ ਸਾਹਿਬ ਜਿਥੇ ਗੁਰੂ ਤੇਗ ਬਹਾਦਰ ਸੰਨ 1644 ਤੋਂ 1664 ਈ. ਤਕ ਤਪਸਿਆ ਕਰਦੇ ਰਹੇ। ਇਥੇ ਹੀ ਆ ਕੇ ਭਾਈ ਮੱਖਣ ਸ਼ਾਹ ਲੁਬਾਣੇ ਨੇ ‘ਗੁਰੂ ਲਾਧੋ ਰੇ, ਗੁਰੂ ਲਾਧੋ ਰੇ’ ਦੀ ਘੋਸ਼ਣਾ ਕੀਤੀ। ਇਸ ਸਥਾਨ ਦੀ ਨੌ ਮੰਜ਼ਲੀ ਇਮਾਰਤ ਸੰਨ 1952 ਈ. ਵਿਚ ਮੁਕੰਮਲ ਹੋਈ ਸੀ।

ਗੁਰਦਆਰਾ ਮੰਜੀ ਸਾਹਿਬ ਜਿਥੇ ਧੀਰ ਮੱਲ ਨੇ ਸ਼ੀਹੇਂ ਮਸੰਦ ਦੁਆਰਾ ਗੁਰੂ ਜੀ ਉਤੇ ਗੋਲੀ ਚਲਵਾਈ ਸੀ ਤਾਂ ਜੋ ਉਹ ਖ਼ੁਦ ਗੱਦੀ ਹਥਿਆ ਸਕੇ

ਗੁਰਦੁਆਰਾ ਸ਼ੀਸ਼ ਮਹਲ ਮਾਤਾ ਗੰਗਾ ਜੀੰ ਉਸ ਸਥਾਨ ਉਤੇ ਬਣਿਆ ਹੋਇਆ ਹੈ ਜਿਥੇ ਗੁਰੂ ਹਰਿਗੋਬਿੰਦ ਸਾਹਿਬ ਆਪਣੀ ਮਾਤਾ ਗੰਗਾ ਜੀ ਸਹਿਤ ਮਿਹਰੇ ਸਿੱਖ ਦੇ ਘਰ ਕੁਝ ਸਮੇਂ ਲਈ ਠਹਿਰੇ ਸਨ। ਇਥੇ ਹੀ ਮਾਤਾ ਜੀ ਨੇ 12 ਜੂਨ , 1628 ਈ. ਨੂੰ ਸਰੀਰ ਤਿਆਗਿਆ ਸੀ।

ਉਪਰੋਕਤ ਚਾਰੇ ਗੁਰਦੁਆਰੇ ਇਕ ਦੂਜੇ ਦੇ ਨੇੜੇ ਹਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹਨ। ਇਨ੍ਹਾਂ ਦੀ ਵਿਵਸਥਾ ਸਥਾਨਕ ਕਮੇਟੀ ਕਰਦੀ ਹੈ। ਇਨ੍ਹਾਂ ਤੋਂ ਹਿਲਾਵਾ ਦੋ ਹੋਰ ਗੁਰਦੁਆਰੇ ਵੀ ਹਨ। ਇਕ, ਗੁਰਦੁਆਰਾ ਮਾਤਾ ਗੰਗਾ ਜੀ, ਜੋ ਦਰਬਾਰ ਸਾਹਿਬ ਤੋਂ ਅੱਧੇ ਕਿ.ਮੀ. ਦੀ ਵਿਥ ਉਤੇ ਹੈ। ਮਾਤਾ ਗੰਗਾ ਜੀ ਨੇ ਅੰਤਿਮ ਸਮੇਂ ਇਹ ਚਾਹਿਆ ਸੀ ਕਿ ਉਨ੍ਹਾਂ ਦੇ ਸ਼ਰੀਰ ਨੂੰ ਜਲ-ਪ੍ਰਵਾਹ ਕੀਤਾ ਜਾਏ। ਸੰਗਤਾਂ ਨੇ ਸ਼ਰੀਰ ਨੂੰ ਜਲ ਵਿਚ ਪ੍ਰਵਾਹਿਤ ਕਰਕੇ ਬਬਾਣ ਨੂੰ ਰਸਮੀ ਤੌਰ ’ਤੇ ਇਥੇ ਅਗਨ-ਭੇਂਟ ਕੀਤਾ ਸੀ ਅਤੇ ਉਸ ਥਾਂ ਉਤੇ ਸਮਾਧ ਉਸਾਰੀ ਸੀ। ਵੀਹਵੀਂ ਸਦੀ ਦੇ ਸੱਤਵੇਂ ਦਹਾਕੇ ਵਿਚ ਤਰੁਣਾ ਦਲ ਦੇ ਬਾਬਾ ਬਿਸ਼ਨ ਸਿੰਘ ਨਿਹੰਗ ਨੇ ਇਸ ਗੁਰਦੁਆਰੇ ਦੀ ਇਮਾਰਤ ਦੀ ਉਸਾਰੀ ਕਰਵਾਈ ਸੀ ਅਤੇ ਇਸ ਦੀ ਸੇਵਾ- ਸੰਭਾਲ ਨਿਹੰਗ ਸਿੰਘ ਹੀ ਕਰਦੇ ਹਨ। ਦੂਜਾ , ਗੁਰਦੁਆਰਾ ਛੇਵੀਂ ਪਾਤਿਸ਼ਾਹੀ ਛਾਉਣੀ ਸਾਹਿਬ ਪੁਰਾਣੇ ਬੋਹੜ ਅਤੇ ਪਿਪਲ ਬ੍ਰਿਛਾਂ ਨਾਲ ਘਿਰੇ ਹੋਏ ਉਸ ਸਥਾਨ ਉਤੇ ਬਣਿਆ ਹੋਇਆ ਹੈ ਜਿਥੇ ਗੁਰੂ ਹਰਿਗੋਬਿੰਦ ਸਾਹਿਬ ਦਾ ਸੈਨਾ-ਦਲ ਠਹਿਰਦਾ ਸੀ। ਨਿਹੰਗ ਸਿੰਘ ਇਥੇ ਹੀ ਆਪਣੇ ਘੋੜਿਆਂ ਅਤੇ ਪਸ਼ੂਆਂ ਨੂੰ ਰਖਦੇ ਹਨ। ਇਨ੍ਹਾਂ ਤੋਂ ਇਲਾਵਾ ਤਰੁਣਾ ਦਲ ਦੇ ਬਾਬਾ ਅਜੀਤ ਸਿੰਘ ਪੂਹਲਾ ਦੀ ਰਹਿਨੁਮਾਈ ਅਧੀਨ ਤਿਆਰ ਹੋਇਆ ਗੁਰਦੁਆਰਾ ਦਮਦਮਾ ਸਾਹਿਬ ਪਾਤਿਸ਼ਾਹੀ ਛੇਵੀਂ, ਰਾਮਗੜ੍ਹੀਆ ਬਰਾਦਰੀ ਦਾ ਗੁਰਦੁਅਰਾ ਚੁਬੱਚਾ ਸਾਹਿਬ, ਭਾਈ ਮੱਖਣ ਸ਼ਾਹ ਲੁਬਾਣਾ ਦੀ ਯਾਦ ਵਿਚ ਬਣਿਆ ਬੁੰਗਾ ਅਤੇ ਸੈਣ ਭਗਤ ਦਾ ਸਮਾਰਕ ਵੀ ਉੱਲੇਖਯੋਗ ਹਨ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3241, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.