ਬਾਰਾਮੂਲਾ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਬਾਰਾਮੂਲਾ (ਨਗਰ): ਜੰਮੂ ਅਤੇ ਕਸ਼ਮੀਰ ਪ੍ਰਦੇਸ਼ ਦਾ ਇਕ ਜ਼ਿਲ੍ਹਾ ਨਗਰ ਜੋ ਸ੍ਰੀਨਗਰ ਤੋਂ ਉੱਤਰ-ਪੱਛਮ ਵਲ 52 ਕਿ.ਮੀ. ਦੀ ਵਿਥ ਉਤੇ ਆਬਾਦ ਹੈ। ਸਿੱਖ ਇਤਿਹਾਸ ਅਨੁਸਾਰ ਗੁਰੂ ਹਰਿਗੋਬਿੰਦ ਸਾਹਿਬ ਸੰਨ 1621 ਈ. ਵਿਚ ਇਥੇ ਆਏ ਸਨ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਪਹਿਲਾਂ ਇਥੇ ਥੜਾ ਸਾਹਿਬ ਬਣਾਇਆ ਗਿਆ। ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਜਿਤਣ ਉਪਰੰਤ ਇਥੇ ਗੁਰੂ- ਧਾਮ ਬਣਵਾਇਆ ਜੋ ‘ਕੋਟਿਤੀਰਥ’ ਦੇ ਨਾਂ ਨਾਲ ਪ੍ਰਸਿੱਧ ਹੋਇਆ। ਮਹਾਰਾਜੇ ਨੇ ਇਸ ਗੁਰੂ-ਧਾਮ ਨਾਲ ਚਾਰ ਪਿੰਡਾਂ ਦੀ ਜਾਗੀਰ ਲਗਵਾਈ। ਸ. ਹਰੀ ਸਿੰਘ ਨਲਵਾ ਨੇ ਵੀ ਇਸ ਗੁਰੂ-ਧਾਮ ਦੇ ਵਿਕਾਸ ਵਿਚ ਰੁਚੀ ਲਈ। ਕਹਿੰਦੇ ਹਨ ਸੰਨ 1885 ਈ ਵਿਚ ਭੂਚਾਲ ਦੌਰਾਨ ਇਸ ਦੀ ਇਮਾਰਤ ਨੁਕਸਾਨੀ ਗਈ। ਸੰਨ 1905 ਈ. ਵਿਚ ਇਸ ਦੀ ਇਮਾਰਤ ਫਿਰ ਉਸਾਰੀ ਗਈ। ਬਾਦ ਵਿਚ ਬਾਬਾ ਹਰਬੰਸ ਸਿੰਘ ਕਾਰਸੇਵਾ ਵਾਲਿਆਂ ਨੇ ਇਸ ਦੀ ਇਮਾਰਤ ਵਿਚ ਹੋਰ ਵਾਧਾ ਕੀਤਾ। ਹੁਣ ਇਹ ‘ਗੁਰਦੁਆਰਾ ਛੇਵੀਂ ਪਾਤਿਸ਼ਾਹੀ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਗੁਰੂ-ਧਾਮ ਦੀ ਦੇਖ-ਰੇਖ ਜੰਮੂ ਅਤੇ ਕਸ਼ਮੀਰ ਗੁਰਦੁਆਰਾ ਪ੍ਰਬੰਧਕ ਬੋਰਡ ਕਰਦਾ ਹੈ।
ਕਹਿੰਦੇ ਹਨ ਕਿ ਗੁਰੂ ਜੀ ਇਸ ਸਥਾਨ ਉਤੇ ਠਹਿਰ ਦੌਰਾਨ ਜਹਾਂਗੀਰ ਬਾਦਸ਼ਾਹ ਜੋ ਕਸ਼ਮੀਰ ਆਇਆ ਹੋਇਆ ਸੀ , ਗੁਰੂ ਜੀ ਨੂੰ ਮਿਲਿਆ। ਕਿਸੇ ਸੰਗਤਰਾਸ਼ ਦੁਆਰਾ ਪੱਥਰ ਦਾ ਬਣਾਇਆ ਇਕ ਤਖ਼ਤ ਬਾਦਸ਼ਾਹ ਨੂੰ ਪੇਸ਼ ਕੀਤਾ ਗਿਆ ਜੋ ਉਸ ਨੇ ਗੁਰੂ ਜੀ ਨੂੰ ਭੇਂਟ ਕਰ ਦਿੱਤਾ। ਗੁਰੂ ਜੀ ਉਸ ਤਖ਼ਤ ਉਤੇ ਬੈਠ ਕੇ ਧਰਮ-ਉਪਦੇਸ਼ ਕਰਦੇ ਸਨ। ਸੰਨ 1885 ਈ. ਦੇ ਭੂਚਾਲ ਵੇਲੇ ਉਹ ਤਖ਼ਤ ਟੁਟ ਗਿਆ ਅਤੇ ਧਰਤੀ ਵਿਚ ਦਬ ਗਿਆ। ਸੰਨ 1985 ਈ. ਵਿਚ ਗੁਰਦੁਆਰੇ ਦੀ ਕਾਰਸੇਵਾ ਵੇਲੇ ਇਸ ਨੂੰ ਧਰਤੀ ਹੇਠੋਂ ਟੁੱਟੀ ਹੋਈ ਹਾਲਤ ਵਿਚ ਕਢਿਆ ਗਿਆ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1195, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First