ਬਾਲੂ ਹਸਨਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਬਾਲੂ ਹਸਨਾ (1564-1660 ਈ.): ਇਕ ਪ੍ਰਸਿੱਧ ਉਦਾਸੀ ਸੰਤ ਜਿਸ ਦਾ ਜਨਮ ਸ੍ਰੀ ਨਗਰ (ਕਸ਼ਮੀਰ) ਦੇ ਇਕ ਗੌੜ ਬ੍ਰਾਹਮਣ ਪਰਿਵਾਰ ਵਿਚ ਭਾਈ ਹਰਦੱਤ ਦੇ ਘਰ ਮਾਈ ਪ੍ਰਭਾ ਦੀ ਕੁੱਖੋਂ 13 ਨਵੰਬਰ 1564 ਈ. ਨੂੰ ਹੋਇਆ ਸੀ। ਸੰਨ 1604 ਈ. ਵਿਚ ਇਹ ਆਪਣੇ ਵੱਡੇ ਭਾਈ ਅਲਮਸਤ (ਵੇਖੋ) ਨਾਲ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿਚ ਅੰਮ੍ਰਿਤਸਰ ਆਇਆ। ਗੁਰੂ ਜੀ ਦੀ ਸ਼ਹਾਦਤ ਤੋਂ ਬਾਦ ਇਹ ਗੁਰੂ ਹਰਿਗੋਬਿੰਦ ਸਾਹਿਬ ਦੇ ਘੋੜੇ ਦੀ ਸੇਵਾ ਵਿਚ ਲਗ ਗਿਆ। ਇਸ ਦਾ ਮੂਲ ਨਾਂ ‘ਬਾਲੂ’ ਸੀ, ਪਰ ਖ਼ੁਸ਼- ਮਜ਼ਾਜ ਹੋਣ ਅਤੇ ਹਰ ਵਕਤ ਹਸਦੇ ਰਹਿਣ ਕਾਰਣ ਛੇਵੇਂ ਗੁਰੂ ਜੀ ਨੇ ਇਸ ਨੂੰ ‘ਹਸਨਾ’ ਸ਼ਬਦ ਨਾਲ ਵਿਸ਼ਿਸ਼ਟ ਕੀਤਾ।

ਇਸ ਦੀ ਧਰਮ-ਪ੍ਰਪਕਤਾ ਨੂੰ ਵੇਖਦੇ ਹੋਇਆਂ ਗੁਰੂ ਹਰਿਗੋਬਿੰਦ ਜੀ ਨੇ ਇਸ ਨੂੰ ਬਾਬਾ ਸ੍ਰੀ ਚੰਦ ਦੇ ਉਤਰਾਧਿਕਾਰੀ ਬਾਬਾ ਗੁਰਦਿੱਤਾ ਪਾਸ ਭੇਜ ਦਿੱਤਾ। ਬਾਬਾ ਜੀ ਨੇ ਗੁਰੂ ਨਾਨਕ ਦੇਵ ਜੀ ਦੁਆਰਾ ਪਰਿਚਾਲਿਤ ਧਰਮ ਦੇ ਪ੍ਰਚਾਰ ਲਈ ਧੂਏਂ (ਧੂਣੇ) ਦੀ ਜ਼ਿੰਮੇਵਾਰੀ ਬਖ਼ਸ਼ਦਿਆਂ ਇਸ ਨੂੰ ਪੋਠੋਹਾਰ ਖੇਤਰ ਵਲ ਭੇਜ ਦਿੱਤਾ। ਇਸ ਨੇ ਆਪਣੇ ਆਖਰੀ ਸੁਆਸਾਂ ਤਕ ਧਰਮ-ਪ੍ਰਚਾਰ ਜਾਰੀ ਰਖਿਆ। 2 ਦਸੰਬਰ 1660 ਈ ਨੂੰ ਇਸ ਦਾ ਪਿਸ਼ਾਵਰ ਵਿਚ ਦੇਹਾਂਤ ਹੋਇਆ। ਇਸ ਨੇ ਬਹੁਤ ਸਾਰੇ ਪ੍ਰਚਾਰਕ ਸੇਵਕ ਤਿਆਰ ਕੀਤੇ ਜੋ ਇਸ ਤੋਂ ਬਾਦ ਪੋਠੋਹਾਰ, ਪੱਛਮੀ ਪੰਜਾਬ , ਸਰਹਦੀ ਅਤੇ ਸਿੰਧ ਸੂਬਿਆਂ ਵਿਚ ਪ੍ਰਚਾਰ ਕਰਦੇ ਰਹੇ। ਇਸ ਦੇ ਕਈ ਸੇਵਕ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਣ ਵਿਚ ਆਏ। ਭਾਈ ਲਾਲ ਦਾਸ ਦਰਿਆਈ ਅਤੇ ਭਾਈ ਜਾਦੋ ਰਾਇ ਤਾਂ ਦਸਮ ਗੁਰੂ ਨਾਲ ਦੱਖਣ ਵਲ ਵੀ ਗਏ। ਇਨ੍ਹਾਂ ਵਿਚੋਂ ਕਹਿੰਦੇ ਹਨ ਕਿ ਭਾਈ ਲਾਲ ਦਾਸ ਅੰਮ੍ਰਿਤ ਪਾਨ ਕਰਕੇ ਪ੍ਰਹਿਲਾਦ ਸਿੰਘ ਵਜੋਂ ਪ੍ਰਸਿੱਧ ਹੋਇਆ ਅਤੇ ਰਹਿਤਨਾਮੇ ਦੀ ਰਚਨਾ ਕਰਕੇ ਸਿੱਖ ਅਨੁਯਾਈਆਂ ਨੂੰ ਧਰਮਾਚਾਰ ਵਿਚ ਦ੍ਰਿੜ੍ਹ ਕੀਤਾ। ਦੇਹਰਾਦੂਨ ਵਿਚ ਆ ਕੇ ਇਸ ਦੇ ਇਕ ਸੇਵਕ ਨੇ ਬਾਬਾ ਰਾਮ ਰਾਇ ਦੀ ਵਿਧਵਾ ਮਾਤਾ ਪੰਜਾਬ ਕੌਰ ਦੀ ਸੇਵਾ ਕੀਤੀ। ਮਾਤਾ ਜੀ ਦੇ ਅਪ੍ਰੈਲ 1741 ਈ. ਵਿਚ ਹੋਏ ਦੇਹਾਂਤ ਤੋਂ ਬਾਦ ਉਥੋਂ ਦੀ ਗੱਦੀ ਉਤੇ ਬੈਠਾ। ਉਸ ਨੇ ਬਾਲੂ ਹਸਨਾ ਦੀ ਸਮਾਧ ਦੀ ਬਣਵਾਈ। ਹੁਣ ਉਸੇ ਦੀ ਪਰੰਪਰਾ ਦੇ ਸਾਧੂ ਉਥੇ ਸੇਵਾ ਨਿਭਾ ਰਹੇ ਹਨ। ਪਰ ਕਈ ਵਿਦਵਾਨਾਂ ਦੀ ਰਾਏ ਹੈ ਕਿ ਬਾਲੂ ਹਸਨਾ ਖ਼ੁਦ ਦੇਹਰਾਦੂਨ ਵਿਚ ਗਿਆ ਅਤ ਉਥੇ ਧੂਣੇ ਦੀ ਸਥਾਪਨਾ ਕੀਤੀ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2374, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.