ਬਾਲੋ ਮਾਹੀਆ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਬਾਲੋ ਮਾਹੀਆ: ਪੰਜਾਬੀ ਲੋਕ ਗੀਤਾਂ ਦੇ ਕਈ ਰੂਪ ਪ੍ਰਚਲਿਤ ਰਹੇ ਹਨ। ਉਹਨਾਂ ਵਿੱਚੋਂ ਕਈ ਰੂਪ ਤਾਂ ਆਪਣੀ ਹੋਂਦ ਗਵਾ ਬੈਠੇ ਹਨ ਪਰ ਕਈਆਂ ਦਾ ਵਜੂਦ ਅਜੇ ਵੀ ਕਾਇਮ ਹੈ। ਅਜਿਹੇ ਹੀ ਕਾਵਿ-ਰੂਪਾਂ ਵਿੱਚੋਂ ਇੱਕ ਪ੍ਰਚਲਿਤ ਰੂਪ ‘ਬਾਲੋ ਮਾਹੀਆ’ ਹੈ। ਅੱਜ-ਕੱਲ੍ਹ ਇਸ ਦੀ ਲੋਕ-ਪ੍ਰਿਅਤਾ ਓਨੀ ਨਹੀਂ ਰਹੀ ਜਿੰਨੀ ਕਿ ਪੰਜ-ਛੇ ਦਹਾਕੇ ਪਹਿਲਾਂ ਸੀ।
‘ਮਾਹੀਆ’ ਜਾਂ ‘ਟੱਪਾ’ ਜਾਂ ‘ਬਾਲੋ’ ਜਾਂ ‘ਬਾਲੋ ਮਾਹੀਆ’ ਇਕੋ ਕਾਵਿ-ਰੂਪ ਦੇ ਹੀ ਵੱਖੋ-ਵੱਖਰੇ ਨਾਂ ਹਨ। ਇਸ ਕਾਵਿ ਰੂਪ ਦਾ ਸਭ ਤੋਂ ਵੱਧ ਪ੍ਰਚਲਿਤ ਅਤੇ ਸਵੀਕ੍ਰਿਤ ਨਾਂ ‘ਮਾਹੀਆ’ਹੈ। ਚੜ੍ਹਦੇ ਪੰਜਾਬ ਵਿੱਚ ਜਿਵੇਂ ਬੋਲੀ ਜਾਂ ਟੱਪੇ ਨੂੰ ਲੋਕ ਸਾਹਿਤ ਵਿੱਚ ਪ੍ਰਧਾਨਤਾ ਪ੍ਰਾਪਤ ਹੈ ਉਸੇ ਤਰ੍ਹਾਂ ਲਹਿੰਦੇ ਪੰਜਾਬ ਵਿੱਚ ਮਾਹੀਆ ਅਤੇ ਢੋਲਾ ਬੜਾ ਪ੍ਰਚਲਿਤ ਹੈ। ਬੋਲੀ ਵਾਂਗ ਇਹ ਨਿਰਾ ਵਲਵਲੇ ਦਾ ਗੀਤ ਹੈ। ਇਸ ਵਿੱਚ ਥੋੜ੍ਹੇ ਸ਼ਬਦਾਂ ਰਾਹੀਂ ਬਹੁਤ ਕੁਝ ਕਿਹਾ ਜਾਂਦਾ ਹੈ। ‘ਮਾਹੀ’ ਸ਼ਬਦ ਦੇ ਆਪਣੇ ਅਰਥ ਹਨ ‘ਮੱਝਾਂ ਦਾ ਪਾਲੀ’ ਪਰ ਇਸ ਦੇ ਵਿਕਸਿਤ ਅਰਥ ‘ਪ੍ਰੇਮੀ’ ਦੇ ਹਨ ਜਿਵੇਂ ਮਹੀਵਾਲ ਤੇ ਰਾਂਝਾ ਵਾਗੀ/ਪਾਲੀ/ ਮਾਹੀ ਹੁੰਦੇ ਹੋਏ ਵੀ ਦਿਲਬਰ ਦਾ ਰੂਪ ਧਾਰ ਗਏ ਉਸੇ ਤਰ੍ਹਾਂ ‘ਮਾਹੀਆ’ ਸ਼ਬਦ ਵੀ ਮਹਿਬੂਬ, ਸੱਜਣ, ਢੋਲਾ, ਦਿਲਬਰ ਅਤੇ ਆਸ਼ਕ ਦੇ ਪ੍ਰਤੀਕ ਬਣ ਗਏ। ਇਹਨਾਂ ਅਰਥਾਂ ਤੋਂ ਬਿਨਾਂ ‘ਮਾਹੀਆ’ ਲੋਕ ਗੀਤ ਸ਼ੈਲੀ ਦਾ ਸੂਚਕ ਹੈ। ਇਸ ਕਾਵਿ-ਰੂਪ ਦਾ ਦੂਜਾ ਪ੍ਰਸਿੱਧ ਨਾਂ ‘ਟੱਪਾ’ ਹੈ ਜਿਸ ਨੂੰ ‘ਮਾਹੀਏ’ ਦੇ ਟੱਪੇ ਵੀ ਕਿਹਾ ਜਾਂਦਾ ਹੈ। ‘ਮਾਹੀਏ’ ਦਾ ਤੀਜਾ ਨਾਂ ‘ਬਾਲੋ’ ਵੀ ਹੈ ਪਰ ‘ਬਾਲੋ’ ਨਾਂ ਸਿਰਫ਼ ਉਹਨਾਂ ਟੱਪਿਆਂ ਲਈ ਹੀ ਢੁੱਕਵਾਂ ਹੈ ਜਿਹੜੇ ਮਰਦ ਗਾਉਂਦੇ ਹਨ ਅਤੇ ਗਾਉਂਦੇ ਵੀ ਉਸ ਵੇਲੇ ਹਨ ਜਦੋਂ ਕੋਈ ਔਰਤ ਉਸ ਦੇ ਮੁਕਾਬਲੇ ਵਿੱਚ ਟੱਪੇ ਗਾਉਂਦੀ ਹੋਵੇ। ਮੁਕਾਬਲੇ ਵਿੱਚ ਗਾਏ ਜਾਣ ਵਾਲੇ ਟੱਪਿਆਂ ਵਿੱਚੋਂ ਜਿਹੜੇ ਟੱਪੇ ਔਰਤ ਗਾਉਂਦੀ ਹੈ ਉਹਨਾਂ ਨੂੰ ‘ਮਾਹੀਏ’ ਦੇ ਟੱਪੇ ਕਿਹਾ ਜਾਂਦਾ ਹੈ। ਇਸ ਤਰ੍ਹਾਂ ਦੋਵਾਂ ਵਲੋਂ ‘ਦੋ ਗਾਣੇ’ ਦੇ ਰੂਪ ਵਿੱਚ ਗਾਏ ਜਾਂਦੇ ਟੱਪੇ ‘ਬਾਲੋ ਮਾਹੀਆ’ ਕਾਵਿ ਰੂਪ ਵਜੋਂ ਜਾਣੇ ਜਾਂਦੇ ਹਨ। ਸੋ ‘ਬਾਲੋ ਮਾਹੀਆ’ ਲੋਕ ਗੀਤਾਂ ਦਾ ਅਜਿਹਾ ਰੂਪ ਹੈ ਜਿਸ ਦੀ ਨਾਇਕਾ ਬਾਲੋ ਅਤੇ ਨਾਇਕ ਮਾਹੀਆ ਹੁੰਦਾ ਹੈ। ਗਿਣਤੀ ਪੱਖੋਂ ਬਹੁਤੇ ‘ਮਾਹੀਏ’ ਇਸਤਰੀਆਂ ਵਲੋਂ ਹੀ ਗਾਏ ਜਾਂਦੇ ਹਨ ਜਿਸ ਤਰ੍ਹਾਂ ਬਾਕੀ ਲੋਕ ਗੀਤ ਰੂਪ। ਬਹੁਤ ਥੋੜ੍ਹੇ ਜਿਹੇ ਮਾਹੀਏ ਅਜਿਹੇ ਹਨ ਜੋ ‘ਬਾਲੋ’ ਅਖਵਾਉਂਦੇ ਹਨ। ਮਾਹੀਏ ਦਾ ਪੁਰਾਣਾ ਨਾਂ ‘ਟੱਪਾ’ ਪ੍ਰਤੀਤ ਹੁੰਦਾ ਹੈ ਫਿਰ ਬਾਲੋ ਮਾਹੀਏ ਦੇ ਟੱਪਿਆਂ ਦੀ ਰਚਨਾ ਨਾਲ ਇਸ ਕਾਵਿ- ਰੂਪ ਦਾ ਨਾਂ ਬਾਲੋ ਮਾਹੀਆ ਪੈ ਗਿਆ ਲਗਦਾ ਹੈ। ਅੱਜ ਉਹ ਕਾਵਿ-ਰੂਪ ‘ਮਾਹੀਆ’ ਜਾਂ ‘ਟੱਪਾ’ ਵਜੋਂ ਜਾਣਿਆ ਜਾਣ ਲੱਗ ਪਿਆ ਹੈ। ਇਸ ਕਾਵਿ-ਰੂਪ ਦਾ ਨਾਂ ‘ਮਾਹੀਆ’ ਇਸ ਕਰ ਕੇ ਜ਼ਿਆਦਾ ਪ੍ਰਚਲਿਤ ਹੋ ਗਿਆ ਕਿਉਂਕਿ ਇਸ ਵਿੱਚ ਮਾਹੀਆ ਸ਼ਬਦ ਦੀ ਵਰਤੋਂ ਬਾਰ- ਬਾਰ ਕੀਤੀ ਜਾਂਦੀ ਹੈ ਅਤੇ ਟੱਪਾ ਇਸ ਦੀ ਰੂਪਕ ਬਣਤਰ ਕਰ ਕੇ। ਅਜੋਕੇ ਯੁੱਗ ਵਿੱਚ ਬੱਦਲ, ਹਵਾ, ਬਾਗ਼, ਤਾਰੇ, ਪੰਛੀ ਅਤੇ ਬਨਸਪਤੀ ਆਦਿ ਵੀ ਮਾਹੀਏ ਵਿੱਚ ਪਾਤਰਾਂ ਦੇ ਰੂਪ ਵਿੱਚ ਆਉਣ ਲੱਗ ਪਏ ਹਨ।
ਵਣਜਾਰਾ ਬੇਦੀ ਅਨੁਸਾਰ ਬਾਲੋ, ਸਾਂਦਲਬਾਰ ਦੇ ਇਲਾਕੇ ਗੁਜਰਾਂਵਾਲੇ ਦੀ ਇੱਕ ਮੁਟਿਆਰ ਸੀ ਜਿਹੜੀ ਕਸ਼ਮੀਰ ਦੇ ਇੱਕ ਗੱਭਰੂ ਮੁਹੰਮਦ ਅਲੀ ਮਾਹੀਏ ਨੂੰ ਪਿਆਰ ਕਰਦੀ ਸੀ। ਉਹਨਾਂ ਦੋਹਾਂ ਨੇ ਵਿਆਹ ਕਰਾਉਣ ਦਾ ਫ਼ੈਸਲਾ ਕਰ ਲਿਆ ਪਰ ਬਾਲੋ ਦੇ ਮਾਪੇ ਇਸ ਵਿਆਹ ਲਈ ਰਾਜ਼ੀ ਨਾ ਹੋਏ। ਇਸ ਉਪਰੰਤ ਮੁਹੰਮਦ ਅਲੀ, ਬਾਲੋ ਨੂੰ ਭਜਾ ਕੇ ਲੈ ਗਿਆ ਪਰ ਉਹ ਛੇਤੀ ਫੜਿਆ ਗਿਆ। ਉਸ ਨੂੰ ਜੇਲ੍ਹ ਦੀ ਸਜ਼ਾ ਹੋ ਗਈ। ਇਸ ਕਾਵਿ- ਰੂਪ ਸੰਬੰਧੀ ਇੱਕ ਦੰਦ-ਕਥਾ ਹੋਰ ਵੀ ਹੈ ਕਿ ਬਾਲੋ ਤੇ ਮੁਹੰਮਦ ਅਲੀ ਕਚਹਿਰੀ ਵਿੱਚ ‘ਮਾਹੀਏ’ ਦੇ ਟੱਪਿਆਂ ਰਾਹੀਂ ਸਵਾਲ-ਜਵਾਬ ਕਰਦੇ ਸਨ। ਇਸ ਗੱਲ ਦੀਆਂ ਧੁੰਮਾਂ ਸਾਰੇ ਪੰਜਾਬ ਵਿੱਚ ਪੈ ਗਈਆਂ। ਉਦੋਂ ਇਸ ਗੀਤ ਦਾ ਨਾਂ ‘ਬਾਲੋ ਮਾਹੀਆ’ ਮਸ਼ਹੂਰ ਹੋ ਗਿਆ। ਲੋਕ ਮਨ ਅਨੁਸਾਰ ਦੋਵਾਂ ਨੂੰ ਸੰਗੀਤ ਨਾਲ ਬੜਾ ਮੋਹ ਸੀ। ਦੋਵਾਂ ਦੀ ਅਵਾਜ਼ ਬੜੀ ਸੁਰੀਲੀ ਤੇ ਦਿਲਾਂ ਨੂੰ ਖਿੱਚ ਪਾਉਣ ਵਾਲੀ ਸੀ। ਆਪਣੀਆਂ ਭਾਵਨਾਵਾਂ ਦੇ ਇਜ਼ਹਾਰ ਲਈ ਉਹਨਾਂ ਨੇ ਟੱਪਿਆਂ ਨੂੰ ਆਧਾਰ ਬਣਾਇਆ। ਉਹ ਉਹਨਾਂ ਟੱਪਿਆਂ ਨੂੰ ਸਵਾਲਾਂ-ਜਵਾਬਾਂ ਵਿੱਚ ਗਾਉਂਦੇ। ਕਹਿੰਦੇ ਹਨ ਬਾਲੋ ਤੇ ਮੁਹੰਮਦ ਅਲੀ ਦੀ ਰਸੀਲੀ ਅਵਾਜ਼ ਵਿੱਚ ਗਾਏ ਟੱਪਿਆਂ ਦੇ ਰਿਕਾਰਡ ਵੀ ਭਰੇ ਗਏ। ਉਹ ਦੋਵੇਂ ਜਿਸ ਤਰਜ਼ ਵਿੱਚ ਮਾਹੀਆ ਗਾਉਂਦੇ ਸਨ, ਉਹ ‘ਮਾਹੀਆ ਬਾਲੋ’ ਦੇ ਨਾਂ ਨਾਲ ਪ੍ਰਸਿੱਧ ਹੋਇਆ। ਬਾਲੋ ਮਾਹੀਏ ਦੀ ਉਹ ਤਰਜ਼ ਮਾਹੀਏ ਦੀ ਪੁਰਾਣੀ ਤਰਜ਼ ਨਾਲੋਂ ਵੱਧ ਮਕਬੂਲ ਹੋਈ। ਇਸ ਤਰ੍ਹਾਂ ਬਾਲੋ ਮਾਹੀਆ ਦਾ ਨਾਂ ਅਤੇ ਸੰਬੰਧ ਇੱਕ-ਦੂਜੇ ਨਾਲ ਪਿਆਰ ਦੇ ਪ੍ਰਤੀਕ ਵਜੋਂ ਜੁੜਿਆ ਹੋਇਆ ਹੈ।
ਪੁਰਾਣੇ ਪੰਜਾਬ ਵਿੱਚ ਬਾਰ ਦੇ ਇਲਾਕੇ ਤੋਂ ਬਿਨਾਂ ਸਾਰੇ ਇਲਾਕਿਆਂ ਵਿੱਚ ਬਾਲ ਵਿਆਹ ਪ੍ਰਚਲਿਤ ਸਨ ਜਿਸ ਕਰ ਕੇ ਬੱਚੇ ਵਿਆਹ ਤੋਂ ਬਾਅਦ ਹੀ ਜਵਾਨ ਹੁੰਦੇ ਸਨ। ਇਹਨਾਂ ਇਲਾਕਿਆਂ ਵਿੱਚ ਕੁਆਰਿਆਂ ਦੇ ਪਿਆਰ ਨਹੀਂ ਸਨ ਹੁੰਦੇ ਪਰ ਸਾਂਦਲ ਬਾਰ ਵਿੱਚ ਹੁੰਦੇ ਸਨ। ਇਸ ਕਰ ਕੇ ‘ਮਾਹੀਏ’ ਵਿੱਚ ਕੁਆਰਿਆਂ ਦੇ ਪਿਆਰ ਦੇ ਜਜ਼ਬੇ ਪ੍ਰਗਟ ਹੁੰਦੇ ਹਨ। ਇਹੀ ਪਿਆਰ ਦੇ ਜਜ਼ਬੇ ‘ਬਾਲੋ-ਮਾਹੀਆ’ ਵਿੱਚੋਂ ਉਜਾਗਰ ਹੁੰਦੇ ਹਨ। ਬਾਰ ਦੇ ਇਲਾਕੇ ਦੇ ਲੋਕ ਖੇਤੀ ਕਰਨ ਨਾਲੋਂ ਮੱਝਾਂ ਪਾਲਣ ਨੂੰ ਵਧੀਆ ਕਿੱਤਾ ਮੰਨਦੇ ਸਨ। ਉਹ ਮੱਝਾਂ ਦੇ ਪਾਲੀ ਨੂੰ ‘ਮਾਹੀ’ ਕਹਿੰਦੇ ਹਨ ਜਦੋਂ ਕਿ ਬਾਕੀ ਪੰਜਾਬ ਦੇ ਲੋਕ ‘ਪਾਲੀ’। ਇਸ ਕਰ ਕੇ ‘ਮਾਹੀਆ’ ਕਾਵਿ-ਰੂਪ ਪੁਰਾਣੇ ਪੰਜਾਬ ਦੇ ਇਲਾਕੇ ‘ਬਾਰ’ ਵਿੱਚੋਂ ਉਪਜਿਆ ਮੰਨਿਆ ਜਾਂਦਾ ਹੈ। ਇਹ ਸਾਂਦਲਬਾਰ ਦਾ ਇਲਾਕਾ ਅੱਜ-ਕੱਲ੍ਹ ਪਾਕਿਸਤਾਨ ਵਿੱਚ ਆਉਂਦਾ ਹੈ।
ਰੂਪ/ਬਣਤਰ ਦੇ ਪੱਖੋਂ ‘ਮਾਹੀਏ’ ਦਾ ਆਕਾਰ ਬਹੁਤ ਛੋਟਾ ਹੁੰਦਾ ਹੈ। ਇਹ ਦੋ ਚਰਨਾਂ/ਸਤਰਾਂ ਦਾ ਕਾਵਿ-ਰੂਪ ਹੈ। ਇਸ ਦੀ ਪਹਿਲੀ ਸਤਰ ਬਹੁਤ ਛੋਟੀ ਹੁੰਦੀ ਹੈ ਜਦੋਂ ਕਿ ਦੂਜੀ ਸਤਰ ਜਾਂ ਤਾਂ ਪਹਿਲੀ ਨਾਲੋਂ ਦੁੱਗਣੀ ਹੁੰਦੀ ਹੈ ਜਾਂ ਉਸ ਤੋਂ ਵੀ ਵੱਧ ਵੱਡੀ। ਜਿਵੇਂ :
ਚੁੱਲੇ ’ਚੋਂ ਅੱਗ ਪਾਵਾਂ।
ਤੂੰ ਮੇਰਾ ਦੁਸ਼ਮਣ ਏਂ, ਮੈਂ ਲੱਗੀਆਂ ਦੀ ਲੱਜ ਪਾਲਾਂ।
ਕਈ ਵਿਦਵਾਨ ਮਾਹੀਏ ਨੂੰ ਤਿੰਨ ਸਤਰਾਂ ਵਾਲਾ ਗੀਤ ਮੰਨਦੇ ਹਨ। ਤਿੰਨ ਸਤਰਾਂ ਵਾਲਾ ਰੂਪ ਮੰਨਣ ਵਾਲੇ ਵਿਦਵਾਨ ਇਸੇ ਦੋ ਸਤਰੀ ਗੀਤ ਨੂੰ ਤਿੰਨ ਸਤਰਾਂ ਵਿੱਚ ਲਿਖ ਲੈਂਦੇ ਹਨ :
ਚੁੱਲ੍ਹੇ ’ਚੋਂ ਅੱਗ ਪਾਵਾਂ।
ਤੂੰ ਮੇਰਾ ਦੁਸ਼ਮਣ ਏਂ,
ਮੈਂ ਲੱਗੀਆਂ ਦੀ ਲੱਜ ਪਾਲਾਂ।
ਅਸਲ ਵਿੱਚ ਇਹ ਦੋ ਸਤਰਾਂ ਦਾ ਹੀ ਕਾਵਿ-ਰੂਪ ਹੈ। ਲਿਖਣ ਢੰਗ ਵੱਖਰਾ ਹੋਣ ਕਰ ਕੇ ਇਸ ਨੂੰ ਤਿੰਨ ਸਤਰੀ ਕਾਵਿ-ਰੂਪ ਨਹੀਂ ਕਿਹਾ ਜਾ ਸਕਦਾ। ਭਾਵ ਲਿਖ ਚਾਹੇ ਇਸ ਨੂੰ ਤਿੰਨ ਸਤਰਾਂ ਵਿੱਚ ਲਈਏ ਪਰ ਇਹ ਕਾਵਿ-ਰੂਪ ਰਹੇਗਾ, ਦੋ ਸਤਰੀ ਹੀ। ਇਸ ਵਿੱਚ 60 ਤੋਂ ਵੱਧ ਕਿਤੇ ਮਾਤਰਾਵਾਂ ਨਹੀਂ ਮਿਲਦੀਆਂ। ਇਸ ਕਰ ਕੇ ਇਸ ਕਾਵਿ-ਰੂਪ ਵਿੱਚ ਬਿਰਤਾਂਤ ਨਹੀਂ ਹੁੰਦਾ।
ਮਾਹੀਏ ਦੇ ਪਹਿਲੇ ਚਰਨ ਵਿੱਚ ਇੱਕ ਚਿੱਤਰ ਖਿੱਚਿਆ ਗਿਆ ਹੁੰਦਾ ਹੈ, ਜਿਸ ਨੂੰ ਪੰਜਾਬੀ ਸੱਭਿਆਚਾਰ ਦੇ ਪਿਛੋਕੜ ਵਿੱਚ ਜਾ ਕੇ ਹੀ ਸਮਝਿਆ ਜਾ ਸਕਦਾ ਹੈ :
ਬੇਰੀ ਨਾਲ ਕੰਡਾ ਕੋਈ ਨਾ,
ਆ ਢੋਲਾ ਗਲ ਲੱਗੀਏ, ਵਿਹੜੇ ਵਿੱਚ ਬੰਦਾ ਕੋਈ ਨਾ।
ਜਿਵੇਂ ਬੇਰੀ ਨਾਲ ਕੰਡੇ ਜ਼ਰੂਰ ਹੁੰਦੇ ਹਨ, ਉਸੇ ਤਰ੍ਹਾਂ ਸਮਾਜ ਵਿੱਚ ਪਿਆਰ ਦਾ ਵਿਰੋਧ ਕਰਨ ਵਾਲੇ ਵੀ ਬਹੁਤ ਸ਼ਖ਼ਸ ਮੌਜੂਦ ਹੁੰਦੇ ਹਨ। ਜਦੋਂ ਬੇਰੀ ਨੂੰ ਕੰਡਾ ਨਾ ਲੱਗਾ ਹੋਵੇ ਭਾਵ ਆਸ ਪਾਸ ਕੋਈ ਨਾ ਹੋਵੇ ਤਾਂ ਪ੍ਰੇਮੀ ਪਿਆਰ ਲਈ ਉਹ ਸਮਾਂ ਸੁਖਾਵਾਂ ਮੰਨਦੇ ਹਨ।
ਲੋਕ ਗੀਤ ਦੀ ਵੰਨਗੀ ਹੋਣ ਕਰ ਕੇ ਮਾਹੀਏ ਦੀ ਬਣਤਰ ਸਾਦੀ ਜਿਹੀ ਹੁੰਦੀ ਹੈ। ਉਚਾਰਨ ਨੂੰ ਮੁੱਖ ਰੱਖ ਕੇ ਤੁਕਾਂਤ ਮਿਲਾਏ ਜਾਂਦੇ ਹਨ।
ਦੋ ਪੱਤਰ ਅਨਾਰਾਂ ਦੇ।
ਸਾਡੀ ਗਲੀ ਆ ਮਾਹੀਆ, ਦੁੱਖ ਟੁੱਟਣ ਬਿਮਾਰਾਂ ਦੇ।
‘ਮਾਹੀਏ’ ਦੇ ਕਈ ਟੱਪਿਆਂ ਵਿੱਚ ਪਹਿਲੀ ਸਤਰ ਦਾ ਦੂਜੀ ਸਤਰ ਨਾਲ ਕੋਈ ਸੰਬੰਧ ਨਹੀਂ ਹੁੰਦਾ। ਅਜਿਹੇ ਟੱਪਿਆਂ ਵਿੱਚ ਪਹਿਲੀ ਸਤਰ ਭਾਵੇਂ ਇਸ ਨੂੰ ਲੈਅਬੱਧ ਕਰਨ ਲਈ ਹੀ ਸਿਰਜੀ ਜਾਂਦੀ ਹੈ ਫਿਰ ਵੀ ਇਹ ਟੱਪੇ ਦਾ ਸਾਰਥਕ ਅਤੇ ਅਟੁੱਟ ਅੰਗ ਹੁੰਦੀ ਹੈ। ਟੱਪਿਆਂ ਵਿੱਚ ਸੁਹਜ ਪੈਦਾ ਕਰਨ ਲਈ ਜਾਂ ਪ੍ਰਭਾਵ ਗਹਿਰਾ ਕਰਨ ਲਈ ਟੱਪੇ ਦੇ ਪਹਿਲੇ ਚਰਨ ਤੋਂ ਬਿਨਾਂ ‘ਮਾਹੀਆ’ ਸਧਾਰਨ ਬਿਆਨ ਰਹਿ ਜਾਂਦਾ ਹੈ। ਇਸ ਵਿੱਚ ਕਾਵਿਕ ਝਲਕ ਪਹਿਲੇ ਚਰਨ ਕਰ ਕੇ ਹੀ ਬਣਦੀ ਹੈ, ਜਿਵੇਂ :
ਸੜਕੇ ਤੇ ਰਿੜ੍ਹ ਵੱਟਿਆ।
ਜਿਨ੍ਹਾਂ ਯਾਰੀ ਨਾ ਲਾਈ, ਉਹਨਾਂ ਦੁਨੀਆ ਤੋਂ ਕੀ ਖੱਟਿਆ।
ਇਸ ਟੱਪੇ ਦੇ ਪਹਿਲੇ ਚਰਨ ਵਿੱਚ ਵਰਤਿਆ ਸ਼ਬਦ ‘ਵੱਟਾ’ ਉਸ ਮਨੁੱਖ ਲਈ ਵਰਤਿਆ ਗਿਆ ਹੈ ਜਿਹੜਾ ਬੇਅਕਲ ਭਾਵ ਡੁੰਨ-ਵੱਟਾ ਹੋਵੇ। ਡੁੰਨ-ਵੱਟੇ ਬੰਦੇ ਨੂੰ ਦੁਨੀਆ ਵਿੱਚੋਂ ਕੁਝ ਹਾਸਲ ਨਹੀਂ ਹੁੰਦਾ ਜਿਵੇਂ ਪਿਆਰ ਵਿਹੂਣੇ ਬੰਦੇ ਨੂੰ।
ਮਾਹੀਆ ਲੋਕ ਗੀਤ ਰੂਪ ਹੈ ਇਸ ਲਈ ਇਸ ਨੂੰ ਗਾਇਨ (ਗਾ ਕੇ) ਰੂਪ ਵਿੱਚ ਸੁਣਿਆ ਜਾ ਸਕਦਾ ਹੈ। ਵਿਆਹ ਵੇਲੇ ਢੋਲਕੀ/ਪਰਾਤ/ਘੜਾ ਲੋਕ ਸਾਜ਼ਾਂ ਨਾਲ ਗਾਏ ਜਾਂਦੇ ਮਾਹੀਏ ਦੇ ਟੱਪਿਆਂ ਦੀਆਂ ਧੁਨਾਂ ਹੋਰ ਕਾਰਜ ਕਰਦਿਆਂ ਗਾਏ ਜਾਂਦੇ ਮਾਹੀਏ ਦੇ ਟੱਪਿਆਂ ਨਾਲੋਂ ਵੱਖਰੀਆਂ ਹੁੰਦੀਆਂ ਹਨ। ਤਾਲ ਦੀ ਅਣਹੋਂਦ ਕਰ ਕੇ ਬਾਕੀ ਸਮਿਆਂ ਤੇ ਗਾਏ ਜਾਣ ਵਾਲੇ ਟੱਪਿਆਂ ਦੀ ਧੁਨ ਖੁੱਲ੍ਹੀ ਹੁੰਦੀ ਹੈ। ਸੰਗੀਤ ਦੇ ਮਾਹਿਰਾਂ ਅਨੁਸਾਰ ਮਾਹੀਆ ਪਹਾੜੀ, ਸਿੰਧੀ, ਭੈਰਵੀ, ਸੰਪਰਾ ਅਤੇ ਮਾਂਡਾ ਆਦਿ ਰਾਗਾਂ ਵਿੱਚ ਗਾਇਆ ਜਾਂਦਾ ਹੈ ਪਰ ਡੰਗਰ ਚਾਰਦੇ ਪਾਲੀ/ਗੱਭਰੂ, ਤ੍ਰਿੰਞਣ ਵਿੱਚ ਕੱਤਦੀਆਂ ਮੁਟਿਆਰਾਂ ਆਦਿ ਇਸ ਨੂੰ ਗਾਇਕੀ ਦੀਆਂ ਬਰੀਕੀਆਂ ਵਿੱਚ ਜਾਏ ਬਿਨਾ ਗਾਉਂਦੇ ਹਨ। ਕਈ ਵਾਰੀ ਕੁੜੀਆਂ ਵਲੋਂ ਜੁੱਟ ਬਣਾ ਕੇ ਮਾਹੀਏ ਗਾਉਣ ਦਾ ਮੁਕਾਬਲਾ ਵੀ ਕੀਤਾ ਜਾਂਦਾ ਹੈ। ਜਿਹੜੇ ਜੁੱਟ ਕੋਲ ਗਾਉਂਦੇ-ਗਾਉਂਦੇ ਟੱਪੇ ਪਹਿਲਾਂ ਮੁਕ ਜਾਣ, ਉਹ ਹਾਰ ਜਾਂਦਾ ਹੈ। ਇਸੇ ਤਰ੍ਹਾਂ ਕਈ ਵਾਰੀ ਸੱਭਿਆਚਾਰਿਕ ਸਮਾਗਮਾਂ ਵਿੱਚ ਮੁੰਡਾ ਅਤੇ ਕੁੜੀ ਵਾਰੋ ਵਾਰੀ ‘ਬਾਲੋ ਮਾਹੀਆ’ ਗਾਉਂਦੇ ਹਨ।
ਬਾਲੋ-ਮਾਹੀਆ ਕਾਵਿ-ਰੂਪ ਵਿੱਚ ਇੱਕ ਟੱਪੇ ਦੀਆਂ ਸਤਰਾਂ ਨੂੰ ਇੱਕ ਵਾਰ ਬਾਲੋ ਪ੍ਰਸ਼ਨ ਦੇ ਰੂਪ ਵਿੱਚ ਗਾਉਂਦੀ ਤਾਂ ਦੂਸਰੀ ਵਾਰੀ ਮਾਹੀਆ ਉਸ ਦਾ ਗਾ ਕੇ ਜਵਾਬ ਦਿੰਦਾ ਹੈ। ਇਸ ਤਰ੍ਹਾਂ ਲੋਕ ਗੀਤ ਦਾ ਇਹ ਰੂਪ ਸਵਾਲਾਂ- ਜਵਾਬਾਂ ਵਿੱਚ ਪ੍ਰਗਟ ਹੁੰਦਾ ਹੈ ਜਿਸ ਵਿੱਚ ਇਸਤਰੀ ਅਤੇ ਮਰਦ ਦੋਵਾਂ ਦੇ ਗਿਲੇ-ਸ਼ਿਕਵੇ ਭਰੇ ਭਾਵ ਇਸ ਰੂਪ ਵਿੱਚ ਪ੍ਰਸਤੁਤ ਹੁੰਦੇ ਹਨ। ਇਹ ਭਾਵ ਸਮਾਜਕ ਹਾਲਤਾਂ, ਪਿਆਰ ਦੇ ਔਖੇ ਰਾਹਾਂ ਅਤੇ ਪਿਆਰ ਦੇ ਨਤੀਜਿਆਂ ਦੇ ਯਥਾਰਥਿਕ ਚਿੱਤਰ ਖਿੱਚਦੇ ਹਨ। ਜਦੋਂ ਤਕ ਦੋਵੇਂ ਆਪੋ- ਆਪਣੇ ਖ਼ਿਆਲਾਂ ਤੇ ਭਾਵਾਂ ਦੀ ਤਰਜਮਾਨੀ ਕਰਦੇ ਹਨ, ਇਹ ਪ੍ਰਸ਼ਨੋਤਰੀ ਸਿਲਸਿਲਾ ਜਾਰੀ ਰਹਿੰਦਾ ਹੈ ਅਤੇ ਸਰੋਤੇ ਅਨੰਦ ਮਾਣਦੇ ਹਨ।
ਮਾਹੀਆ ਇਸ ਕਾਵਿ-ਰੂਪ ਦੇ ਮਾਧਿਅਮ ਰਾਹੀਂ ਬਾਲੋ ਨੂੰ ਇਸ ਤਰ੍ਹਾਂ ਮੁਖ਼ਾਤਿਬ ਹੁੰਦਾ ਹੈ :
ਲਾਡਾਂ ਦੀਏ ਪਲੀਏ ਨੀ।
ਮਿੱਠੀ ਮਿੱਠੀ ਗੱਲ ਕਰ ਜਾ, ਮਿਸ਼ਰੀ ਦੀਏ ਡਲੀਏ ਨੀ।
ਪਿਆਰ ਲਈ ਜ਼ਰੂਰੀ ‘ਇਕਾਂਤ’ ਜੇ ਨਾ ਮਿਲੇ ਤਾਂ ਬਾਲੋ ਉਸ ਦੀ ਗੱਲ ਦਾ ਜਵਾਬ ਦਿੰਦੀ ਡਰਦੀ ਹੋਈ ਕਦੇ ਸਮਾਜਿਕ ਕੀਮਤਾਂ ਦਾ ਪਾਲਣ ਕਰਦੀ ਨਜ਼ਰ ਆਉਂਦੀ ਹੈ ਅਤੇ ਕਦੇ ਸਮਾਜਿਕ ਕਦਰਾਂ-ਕੀਮਤਾਂ ਨੂੰ ਛਿੱਕੇ ਟੰਗਦੀ ਨਜ਼ਰ ਆਉਂਦੀ ਹੈ :
ਗਲ ਕਰ ਕੇ ਕੀ ਲੈਣਾ ਏ।
ਦੁਨੀਆ ਤੋਂ ਡਰ ਚੰਨ ਵੇ,
ਅਸੀਂ ਦੁਨੀਆ ’ਚ ਰਹਿਣਾ ਏ।
ਕਾਲੇ ਕਾਂ ਮਾਹੀਆ।
ਓਥੇ ਗੱਲਾਂ ਕਰੀਏ,
ਗੱਲਾਂ ਕਰਨੇ ਦੀ ਥਾਂ ਮਾਹੀਆ।
ਬਾਗ਼ਾਂ ਵਿੱਚ ਮਹਿੰਦੀ ਏ।
ਇੱਕ ਗੇੜਾ ਮਾਰ ਮਾਹੀਏ ਤੂੰ,
ਬਾਲੋ ਬਾਰੀ ’ਚ ਬਹਿੰਦੀ ਏ।
‘ਬਾਲੋ-ਮਾਹੀਆ’ ਮੁੱਖ ਤੌਰ ਤੇ ਪਿਆਰ/ਵਿਛੋੜੇ ਦਾ ਗੀਤ ਹੈ। ਇਸ ਦਾ ਵਿਸ਼ਾ-ਵਸਤੂ ਗੱਭਰੂ ਤੇ ਮੁਟਿਆਰ ਦੇ ਪਿਆਰ ਦੇ ਆਲੇ-ਦੁਆਲੇ ਹੀ ਘੁੰਮਦਾ ਰਹਿੰਦਾ ਹੈ। ਇਸ ਕਰ ਕੇ ਇਸ ਦੀ ਬੋਲੀ ਮਿੱਠੀ ਹੁੰਦੀ ਹੈ। ਸ਼ਿਕਵੇ- ਸ਼ਿਕਾਇਤਾਂ, ਉਲਾਹਮੇ ਅਤੇ ਬੇਵਫ਼ਾ ਹੋਣ ਦੇ ਸ਼ੱਕ ਸੰਬੰਧੀ ਸ਼ਬਦ ਵੀ ਪਿਆਰ ਦੀ ਭਾਸ਼ਾ ਵਿੱਚ ਉਚਾਰੇ ਜਾਂਦੇ ਹਨ। ਇਹਨਾਂ ਗੀਤਾਂ ਵਿੱਚ ਮਿਲਾਪ ਦੀ ਥਾਂ ਮਿਲਣ ਦੀ ਇੱਛਾ, ਅਧੂਰੀਆਂ ਸੱਧਰਾਂ ਅਤੇ ਬਿਰਹਾ ਵਾਲੇ ਵਿਸ਼ੇ ਮੁੱਖ ਰੂਪ ਵਿੱਚ ਪੇਸ਼ ਹੁੰਦੇ ਰਹੇ ਹਨ ਪਰ ਅੱਜ-ਕੱਲ੍ਹ ਸਮਾਜਿਕ ਬੁਰਾਈਆਂ ਅਤੇ ਹੋਰ ਸਮੱਸਿਆਵਾਂ ਆਦਿ ਵਿਸ਼ਿਆਂ ਤੇ ਵੀ ਇਹਨਾਂ ਦੀ ਰਚਨਾ ਹੋਣ ਲੱਗ ਪਈ ਹੈ।
ਲੇਖਕ : ਰਾਜਵੰਤ ਕੌਰ ਪੰਜਾਬੀ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 12188, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First