ਬਿਆਨੀਆ ਵਾਕ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਬਿਆਨੀਆ ਵਾਕ: ਇਸ ਸੰਕਲਪ ਦੀ ਵਰਤੋਂ ਵਾਕ ਦੇ ਵਿਆਕਰਨਕ ਕਾਰਜ ਦੀ ਵੰਡ ਕਰਨ ਵੇਲੇ ਕੀਤੀ ਜਾਂਦੀ ਹੈ। ਵਾਕ ਦੀ ਵਿਆਖਿਆ ਦੋ ਪੱਧਰਾਂ ’ਤੇ ਕੀਤੀ ਜਾਂਦੀ ਹੈ : (i) ਵਾਕ ਦੀ ਬਣਤਰ ਅਤੇ (ii) ਵਾਕ ਦਾ ਕਾਰਜ। ਬਣਤਰ ਦੇ ਪੱਖ ਤੋਂ ਵਾਕਾਂ ਨੂੰ ਸਧਾਰਨ ਅਤੇ ਗੈਰ ਸਧਾਰਨ ਵਿਚ ਵੰਡਿਆ ਜਾਂਦਾ ਹੈ ਜਦੋਂ ਕਿ ਕਾਰਜ ਦੇ ਪੱਖ ਤੋਂ ਵਾਕਾਂ ਨੂੰ ਬਿਆਨੀਆ, ਪ੍ਰਸ਼ਨ-ਵਾਚਕ ਅਤੇ ਆਗਿਆ-ਵਾਚਕ ਵਿਚ ਵੰਡਿਆ ਜਾਂਦਾ ਹੈ। ਪ੍ਰਸ਼ਨ-ਵਾਚਕ ਵਾਕਾਂ ਰਾਹੀਂ ਸਰੋਤਾ-ਬੁਲਾਰਾ ਸੰਵਾਦ ਦੁਆਰਾ ਕਿਸੇ ਤੋਂ ਕੁਝ ਜਾਨਣ ਲਈ ਪ੍ਰਸ਼ਨ-ਸੂਚਕ ਵਾਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਆਗਿਆਵਾਚੀ ਵਾਕਾਂ ਰਾਹੀਂ ਕਿਸੇ ਨੂੰ ਹੁਕਮ ਜਾਂ ਬੇਨਤੀ ਕੀਤੀ ਜਾਂਦੀ ਹੈ। ਜਿਨ੍ਹਾਂ ਵਾਕਾਂ ਦੁਆਰਾ ਕੋਈ ਪ੍ਰਸ਼ਨ ਨਾ ਪੁਛਿਆ ਗਿਆ ਹੋਵੇ ਜਾਂ ਹੁਕਮ ਜਾਂ ਬੇਨਤੀ ਨਾ ਕੀਤੀ ਗਈ ਹੋਵੇ ਉਨ੍ਹਾਂ ਵਾਕਾਂ ਨੂੰ ਬਿਆਨੀਆ ਵਾਕਾਂ ਦੇ ਘੇਰੇ ਵਿਚ ਲਿਆ ਜਾਂਦਾ ਹੈ। ਅਰਥ ਦੇ ਪੱਖ ਤੋਂ ਬਿਆਨੀਆ ਵਾਕਾਂ ਵਿਚ ਕਿਸੇ ਤੱਥ, ਸਚਾਈ ਜਾਂ ਸਥਿਤੀ ਨੂੰ ਬਿਆਨ ਕੀਤਾ ਗਿਆ ਹੁੰਦਾ ਹੈ। ਬਣਤਰ ਦੇ ਪੱਖ ਤੋਂ ਇਸ ਭਾਂਤ ਦੇ ਵਾਕ ਸਧਾਰਨ ਜਾਂ ਗੈਰ-ਸਧਾਰਨ ਹੋ ਸਕਦੇ ਹਨ।‘ਨਾ’ ਜਾਂ ‘ਹਾਂ-ਪੱਖ’ ਦੇ ਅਧਾਰ ’ਤੇ ਇਨ੍ਹਾਂ ਵਾਕਾਂ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ। ਹਾਂ-ਪੱਖੀ ਬਿਆਨੀਆ ਵਾਕ : ‘ਉਹ ਪਲੰਘ ’ਤੇ ਲੇਟੀ ਕਿਤਾਬ ਪੜ੍ਹ ਰਹੀ ਸੀ।’ ਅਤੇ ਨਾਂਹ-ਪੱਖੀ ਬਿਆਨੀਆ ਵਾਕ ਵਿਚ : ‘ਉਹ ਪਲੰਘ ’ਤੇ ਲੇਟ ਕੇ ਕਿਤਾਬ ਨਹੀਂ ਪੜ੍ਹ ਰਹੀ ਸੀ।’ ਨਾਂਹ-ਪੱਖੀ ਵਾਕਾਂ ਦੀ ਬਣਤਰ ਵਿਚ ਨਾਂਹ-ਸੂਚਕ ਸ਼ਬਦਾਂ ਦੀ ਵਰਤੋਂ ਹੁੰਦੀ ਹੈ ਜਿਸ ਸ਼ਬਦ ਤੋਂ ਪਿਛੋਂ ਨਾਂਹ-ਸੂਚਕ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੋਵੇ ਉਹ ਸ਼ਬਦ ਨਾਕਾਰਾਤਮਕ ਸਥਿਤੀ ਵਿਚ ਵਰਤਿਆ ਜਾਂਦਾ ਹੈ, ਜਿਵੇਂ : ‘ਉਹ ਪਿੰਡ ਨਹੀਂ ਗਿਆ, ਉਹ ਨਹੀਂ ਪਿੰਡ ਗਿਆ, ਉਹ ਪਿੰਡ ਗਿਆ ਨਹੀਂ।’ ਇਨ੍ਹਾਂ ਤਿੰਨਾਂ ਪ੍ਰਸਥਿਤੀਆਂ ਵਿਚ ਨਾਂਹ-ਸੂਚਕ ਸ਼ਬਦਾਂ ਦਾ ਸਥਾਨ ਪਰਿਵਰਤਨ ਹੋਇਆ ਹੈ ਅਤੇ ਇਨ੍ਹਾਂ ਤਿੰਨਾਂ ਵਾਕਾਂ ਦਾ ਨਾਕਾਰਾਤਮਕ ਪੱਖ ਨਾਂਹ-ਸੂਚਕ ਦੀ ਵਰਤੋਂ ਦੀ ਸਥਿਤੀ ’ਤੇ ਨਿਰਭਰ ਕਰਦਾ ਹੈ। ਪਹਿਲੇ ਵਾਕ ਵਿਚ ‘ਪਿੰਡ’ ਜਾਣ ਨੂੰ ਨਕਾਰਿਆ ਗਿਆ ਹੈ ਅਤੇ ਦੂਜੇ ਵਿਚ ‘ਉਹ’ ਨੂੰ ਅਤੇ ਤੀਜੇ ਵਿਚ ‘ਗਿਆ’ ਨੂੰ ਨਕਾਰਿਆ ਗਿਆ ਹੈ। ਹਰ ਭਾਸ਼ਾ ਵਿਚ ਹਰ ਸਥਿਤੀ ਦੇ ਵਾਕਾਂ ਨਾਲੋਂ ਬਿਆਨੀਆ ਵਾਕਾਂ ਦੀ ਵਰਤੋਂ ਦੀ ਤਾਦਾਦ ਵਧੇਰੇ ਹੁੰਦੀ ਹੈ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 4262, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.