ਬਿਰਧ ਬੀੜਾਂ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਬਿਰਧ ਬੀੜਾਂ (ਸੰਭਾਲ ਅਤੇ ਸਸਕਾਰ): ਗੁਰੂ ਗ੍ਰੰਥ ਸਾਹਿਬ ਦੇ ਬਿਰਧ ਸਰੂਪਾਂ (ਬੀੜਾਂ) ਦੀ ਸਾਂਭ-ਸੰਭਾਲ ਅਤੇ ਉਨ੍ਹਾਂ ਨੂੰ ਅਗਨ-ਭੇਟ ਕਰਨ ਵਲ ਪਿਛਲੇ ਕੁਝ ਦਹਾਕਿਆਂ ਤੋਂ ਸਿੱਖ ਜਗਤ ਵਿਸ਼ੇਸ਼ ਰੂਪ ਵਿਚ ਸਚੇਤ ਹੈ। ਪਹਿਲਾਂ ਇਹ ਵਿਵਸਥਾ ਕੇਵਲ ਗੋਇੰਦਵਾਲ ਦੇ ਗੁਰਦੁਆਰਾ ਬਾਉਲੀ ਸਾਹਿਬ ਵਿਚ ਸੀ , ਪਰ ਸੰਨ 1988 ਈ. ਤੋਂ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਭੁ ਸਿਮਰਨ ਕੇਂਦਰ , ਛੋਟੀ ਜਵੱਦੀ, ਲੁਧਿਆਣਾ ਵਿਚ ਵੀ ਇਹ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਗੋਇੰਦਵਾਲ ਵਿਚ ਪਹਿਲਾਂ ਇਹ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਸੀ ਅਤੇ ਛੋਟੀ ਜਵੱਦੀ ਵਿਚ ਸੰਤ ਬਾਬਾ ਨਰਿੰਦਰ ਸਿੰਘ ਇਹ ਪ੍ਰਕਾਰਜ ਨਿਭਾਉਂਦੇ ਹਨ, ਪਰ ਸੰਨ 1997 ਈ. ਤੋਂ ਗੋਇੰਦਵਾਲ ਵਾਲੇ ਕੇਂਦਰ ਦੀ ਸੇਵਾ ਵੀ ਛੋਟੀ ਜਵੱਦੀ ਵਾਲੇ ਸੰਤ ਜੀ ਨੂੰ ਸੌਂਪ ਦਿੱਤੀ ਗਈ ਹੈ।

            ਪੁਰਾਤਨ ਜਾਂ ਬਿਰਧ ਬੀੜਾਂ ਗੁਰਮੁਖ ਲੋਗ ਆਪ ਹੀ ਇਨ੍ਹਾਂ ਦੋ ਕੇਂਦਰਾਂ ਵਿਚ ਪਹੁੰਚਾ ਦਿੰਦੇ ਹਨ ਜਾਂ ਫਿਰ ਬਾਬਾ ਨਰਿੰਦਰ ਸਿੰਘ ਖ਼ੁਦ ਵਖ ਵਖ ਥਾਂਵਾਂ ਤੋਂ ਇਕੱਠੀਆਂ ਕਰ ਲਿਆਉਂਦੇ ਹਨ। ਇਸ ਕੰਮ ਵਿਚ ਹੋਰ ਸੰਸਥਾਵਾਂ ਵੀ ਆਪਣਾ ਯੋਗਦਾਨ ਪਾਉਂਦੀਆਂ ਹਨ। ਗੋਇੰਦਵਾਲ ਦੇ ਗੁਰਦੁਆਰਾ ਬਾਉਲੀ ਸਾਹਿਬ ਦੇ ਪਿਛਲੇ ਪਾਸੇ ਉਸਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਚ ਲਗਭਗ ਇਕ ਸੌ ਪਲੰਘ ਹਨ ਜਿਨ੍ਹਾਂ ਉਤੇ ਆਮ ਤੌਰ ’ਤੇ ਲਗਭਗ ਇਕ ਹਜ਼ਾਰ ਬੀੜਾਂ ਬੜੇ ਚੰਗੇ ਢੰਗ ਨਾਲ ਆਦਰ ਸਹਿਤ ਸੰਭਾਲ ਕੇ ਰਖੀਆਂ ਜਾਂਦੀਆਂ ਹਨ।

ਜਦੋਂ ਬਿਰਧ ਸਰੂਪ ਕੇਂਦਰਾਂ ਵਿਚ ਪਹੁੰਚਦੇ ਹਨ, ਤਾਂ ਉਨ੍ਹਾਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਂਦੀ ਹੈ। ਇਕ ਇਕ ਪੱਤਰੇ ਦੇ ਦੋ ਦੋ ਵਾਰ ਦਰਸ਼ਨ ਕੀਤੇ ਜਾਂਦੇ ਹਨ ਅਤੇ ਵੇਖਿਆ ਜਾਂਦਾ ਹੈ ਕਿ ਇਨ੍ਹਾਂ ਵਿਚੋਂ ਕੀਹ ਕੋਈ ਬੀੜ ਅਜੇ ਵਰਤਣ ਦੇ ਯੋਗ ਹੈ। ਜਿਨ੍ਹਾਂ ਬਾਰੇ ਤਸੱਲੀ ਹੋ ਜਾਂਦੀ ਹੈ ਕਿ ਉਹ ਬੀੜਾਂ ਦੋਬਾਰਾ ਅਖੰਡ-ਪਾਠਾਂ ਜਾਂ ਪ੍ਰਕਾਸ਼ ਕਰਨ ਲਈ ਵਰਤੀਆਂ ਜਾ ਸਕਦੀਆਂ ਹਨ, ਤਾਂ ਉਨ੍ਹਾਂ ਦੀ ਮੁਰੰਮਤ ਕਰਵਾ ਕੇ ਅਤੇ ਨਵੀਂ ਜਿਲਦ ਬੰਨ੍ਹਵਾ ਕੇ ਬਿਨਾ ਭੇਟਾ ਲਏ ਸੰਗਤਾਂ ਨੂੰ ਦੇ ਦਿੱਤੀਆਂ ਜਾਂਦੀਆਂ ਹਨ ਅਤੇ ਬਾਕੀਆਂ ਨੂੰ ਅਗਨ-ਭੇਟ ਕਰਨ ਲਈ ਰਖ ਲਿਆ ਜਾਂਦਾ ਹੈ।

ਅਗਨ-ਭੇਟ ਦੀ ਸੇਵਾ ਹਰ ਮਹੀਨੇ ਲੁਧਿਆਣੇ ਅਤੇ ਗੋਇੰਦਵਾਲ ਦੇ ਕੇਂਦਰਾਂ ਵਿਚ ਵਾਰੋ-ਵਾਰੀ ਹੁੰਦੀ ਹੈ। ਹਰ ਮਹੀਨੇ ਦੇ ਦੂਜੇ ਅਤੇ ਚੌਥੇ ਐਤਵਾਰ ਨੂੰ ਇਹ ਸੇਵਾ ਗੋਇੰਦਵਾਲ ਵਿਚ ਹੁੰਦੀ ਹੈ ਅਤੇ ਪਹਿਲੇ ਤੇ ਤੀਜੇ ਐਤਵਾਰ ਨੂੰ ਛੋਟੀ ਜਵੱਦੀ ਵਿਚ ਕੀਤੀ ਜਾਂਦੀ ਹੈ। ਇਸ ਸੇਵਾ ਦਾ ਸਮਾਂ ਗਰਮੀਆਂ ਵਿਚ ਸਵੇਰੇ 7 ਤੋਂ 12 ਵਜੇ ਤਕ ਅਤੇ ਸਰਦੀਆਂ ਵਿਚ ਸਵੇਰੇ 9 ਤੋਂ 12 ਵਜੇ ਤਕ ਹੁੰਦਾ ਹੈ।

ਦਸਦੇ ਹਨ ਕਿ ਸਸਕਾਰ ਕਰਨ ਲਈ ਗੋਇੰਦਵਾਲ ਵਿਚ ਦੋ ਅੰਗੀਠੇ ਹਨ ਜਿਥੇ ਹਰ ਹਫ਼ਤੇ ਲਗਭਗ 400 ਬੀੜਾਂ ਦਾ ਸਸਕਾਰ ਕਰਨ ਦੀ ਸਮਰਥਾ ਹੈ। ਲੁਧਿਆਣੇ ਵਾਲੇ ਕੇਂਦਰ ਵਿਚ ਕੇਵਲ ਇਕ ਛੋਟਾ ਅੰਗੀਠਾ ਹੈ, ਜਿਸ ਵਿਚ ਹਰ ਹਫ਼ਤੇ 70 ਜਾਂ 80 ਬੀੜਾਂ ਦਾ ਸਸਕਾਰ ਕੀਤਾ ਜਾ ਸਕਦਾ ਹੈ। ਅੰਗੀਠਿਆਂ ਦੀ ਰਾਖ ਇਕੱਠੀ ਕਰਕੇ ਜਲ- ਪ੍ਰਵਾਹ ਕੀਤੀ ਜਾਂਦੀ ਹੈ। ਅਗਨ-ਭੇਟ ਦਾ ਸਾਰਾ ਪ੍ਰਕਾਰਜ ਬੜੀ ਸ਼ਰਧਾ ਅਤੇ ਮਰਯਾਦਾ ਨਾਲ ਹੁੰਦਾ ਹੈ।

ਉਪਰੋਕਤ ਦੋ ਅੰਗੀਠਾ ਸਾਹਿਬਾਂ ਤੋਂ ਇਲਾਵਾ ਇਕ ਘਟ ਚਰਚਿਤ ਗੁਰਦੁਆਰਾ ਅੰਗੀਠਾ ਸਾਹਿਬ ਪਟਿਆਲਾ ਦੇ ਸ਼ਹੀਦ ਦੀਪ ਸਿੰਘ ਨਗਰ ਵਿਚ ਵੀ ਹੈ। ਦਸਦੇ ਹਨ ਕਿ ਪਿਛਲੇ ਦੋ ਦਹਾਕਿਆਂ ਤੋਂ ਇਸ ਅੰਗੀਠਾ ਸਾਹਿਬ ਵਿਚ ਬਿਰਧ ਬੀੜਾਂ ਨੂੰ ਪੂਰਣ ਮਰਯਾਦਾ ਅਨੁਸਾਰ ਸਸਕਾਰਿਆ ਜਾ ਰਿਹਾ ਹੈ। ਇਹ ਅਗਨ-ਭੇਟ-ਕਾਰਜ ਹਰ ਮਹੀਨੇ ਦੇ ਆਖੀਰਲੇ ਐਤਵਾਰ ਨੂੰ ਕੀਤਾ ਜਾਂਦਾ ਹੈ ਅਤੇ ਜੱਥੇਦਾਰ ਅਜਮੇਰ ਸਿੰਘ ਮੁੱਖ ਸੇਵਾਦਾਰ ਦੀ ਨਿਗਰਾਨੀ ਵਿਚ ਭਾਈ ਜਰਨੈਲ ਸਿੰਘ ਅਤੇ ਭਾਈ ਸਾਧੂ ਸਿੰਘ ਇਹ ਕਾਰਜ ਨਿਭਾ ਰਹੇ ਹਨ। ਪੰਜਾਬ ਤੋਂ ਬਾਹਰ ਵੀ ਕੁਝ ਇਕ ਸਥਾਨਾਂ’ਤੇ ਇਸ ਪ੍ਰਕਾਰ ਦਾ ਉੱਦਮ ਕੀਤਾ ਜਾਂਦਾ ਸੁਣਨ ਵਿਚ ਆਇਆ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1807, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.