ਬਿਲਾਵਲ ਰਾਗ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਬਿਲਾਵਲ ਰਾਗ (ਬਾਣੀ): ਗੁਰੂ ਗ੍ਰੰਥ ਸਾਹਿਬ ਦੇ ਇਸ ਰਾਗ ਵਿਚ ਕੁਲ 149 ਚਉਪਦੇ , 11 ਅਸ਼ਟਪਦੀਆਂ , ਇਕ ਥਿਤੀ ਮ. ੧, ਦੋ ਵਾਰ—ਸਤ ਮ.੩, ਨੌਂ ਛੰਤ ਅਤੇ ਇਕ ਵਾਰ ਮ. ੪ ਦਰਜ ਹੈ। ਭਗਤ-ਬਾਣੀ ਪ੍ਰਕਰਣ ਵਿਚਲੇ 16 ਸ਼ਬਦਾਂ ਵਿਚੋਂ 12 ਕਬੀਰ ਜੀ ਦੇ, ਇਕ ਨਾਮਦੇਵ ਦਾ, ਦੋ ਰਵਿਦਾਸ ਦੇ ਅਤੇ ਇਕ ਸਧਨਾ ਭਗਤ ਦਾ ਹੈ।
ਚਉਪਦੇ ਪ੍ਰਕਰਣ ਦੇ 149 ਚਉਪਦਿਆਂ ਵਿਚੋਂ ਚਾਰ ਗੁਰੂ ਨਾਨਕ ਦੇਵ ਜੀ ਦੇ ਹਨ ਜਿਨ੍ਹਾਂ ਵਿਚ ਪਰਮਾਤਮਾ ਦੀ ਮਹਾਨਤਾ, ਸਰਵ-ਵਿਆਪਕਤਾ, ਅਗੰਮਤਾ ਆਦਿ ਨੁਕਤਿਆਂ ਉਤੇ ਪ੍ਰਕਾਸ਼ ਪਾਇਆ ਗਿਆ ਹੈ। ਗੁਰੂ ਅਮਰਦਾਸ ਜੀ ਨੇ ਆਪਣੇ ਛੇ ਚਉਪਦਿਆਂ (ਜਿਨ੍ਹਾਂ ਵਿਚੋਂ ਇਕ ਪੰਚਪਦਾ ਹੈ) ਵਿਚ ਸਪੱਸ਼ਟ ਕੀਤਾ ਹੈ ਕਿ ਜੀਵਾਤਮਾ ਅਤੇ ਪਰਮਾਤਮਾ ਵਿਚ ਵਿਥ ਪਾਉਣ ਵਾਲੀ ਸ਼ਕਤੀ ਮਾਇਆ ਹੈ। ਗੁਰੂ ਰਾਮਦਾਸ ਜੀ ਨੇ ਇਸ ਰਾਗ ਵਿਚ ਸੱਤ ਚਉਪਦੇ ਲਿਖੇ ਹਨ ਜਿਨ੍ਹਾਂ ਵਿਚੋਂ ਛੇ ਚਾਰ ਚਾਰ ਦਾ ਸਮੁੱਚ ਹਨ ਅਤੇ ਇਕ ਦੁਪਦਾ ਹੈ। ਇਨ੍ਹਾਂ ਵਿਚ ਗੁਰੂ ਜੀ ਨੇ ਦਸਿਆ ਹੈ ਕਿ ਜਿਗਿਆਸੂ ਨੂੰ ਪ੍ਰਭੂ ਆਪ ਹੀ ਆਪਣੀ ਕਰਨੀ ਵਲ ਰੁਚਿਤ ਕਰਦਾ ਹੈ। ਗੁਰੂ ਅਰਜਨ ਦੇਵ ਜੀ ਦੇ ਲਿਖੇ 129 ਚਉਪਦਿਆਂ ਵਿਚੋਂ 73 ਦੁਪਦੇ, 54 ਚਉਪਦੇ ਅਤੇ ਦੋ ਪੰਚਪਦੇ ਹਨ। ਇਨ੍ਹਾਂ ਵਿਚ ਗੁਰੂ ਜੀ ਨੇ ਗੁਰਮਤਿ ਦੇ ਅਨੇਕ ਸਿੱਧਾਂਤਾਂ ਅਤੇ ਪੱਖਾਂ ਉਤੇ ਚਾਨਣਾ ਪਾਇਆ ਹੈ। ਮੁੱਖ ਤੌਰ ’ਤੇ ਪਰਮਾਤਮਾ ਦੀ ਕ੍ਰਿਪਾ, ਗੁਰੂ ਦੇ ਸਹਿਯੋਗ, ਸਾਧ- ਸੰਗਤਿ ਦੇ ਸੰਪਰਕ , ਸੇਵਾ ਦੀ ਭਾਵਨਾ ਆਦਿ ਵਿਸ਼ਿਆਂ ਦੀ ਵਿਆਖਿਆ ਕੀਤੀ ਗਈ ਹੈ। ਨੌਵੇਂ ਗੁਰੂ ਜੀ ਨੇ ਇਸ ਰਾਗ ਵਿਚ ਦੋ ਦੁਪਦੇ ਅਤੇ ਇਕ ਤ੍ਰਿਪਦਾ ਲਿਖ ਕੇ ਪਰਮਾਤਾਮਾ ਦੇ ਰਖਿਅਕ ਰੂਪ ਉਤੇ ਪ੍ਰਕਾਸ਼ ਪਾਇਆ ਹੈ।
ਅਸ਼ਟਪਦੀਆਂ ਪ੍ਰਕਰਣ ਦੀਆਂ 11 ਅਸ਼ਟਪਦੀਆਂ ਵਿਚੋਂ ਦੋ ਗੁਰੂ ਨਾਨਕ ਦੇਵ ਜੀ ਦੀਆਂ ਹਨ ਜਿਨ੍ਹਾਂ ਵਿਚ ਦਸਿਆ ਗਿਆ ਹੈ ਕਿ ਨਾਮ-ਜਾਪ ਨਾਲ ਪਾਪ ਕਟਦੇ ਹਨ, ਹਰਿ-ਰਸ ਪ੍ਰਾਪਤ ਹੁੰਦਾ ਹੈ ਅਤੇ ਜਿਗਿਆਸੂ ਦਾ ਮਨ ਸ਼ਾਂਤ ਹੁੰਦਾ ਹੈ। ਗੁਰੂ ਅਮਰਦਾਸ ਜੀ ਨੇ ਆਪਣੀ ਇਕ ਅਸ਼ਟਪਦੀ ਵਿਚ ਨਾਮ ਦੇ ਮਹੱਤਵ ਨੂੰ ਸਥਾਪਿਤ ਕੀਤਾ ਹੈ। ਗੁਰੂ ਰਾਮਦਾਸ ਜੀ ਨੇ ਆਪਣੀਆਂ ਛੇ ਅਸ਼ਟਪਦੀਆਂ ਵਿਚ ਗੁਰੂ, ਨਾਮ ਅਤੇ ਸਤਿ-ਸੰਗਤਿ ਦੀ ਮਹਿਮਾ ਗਾਈ ਹੈ। ਗੁਰੂ ਅਰਜਨ ਦੇਵ ਜੀ ਦੀਆਂ ਲਿਖੀਆਂ ਦੋ ਅਸ਼ਟਪਦੀਆਂ ਵਿਚੋਂ ਇਕ ਵਿਚ ਅੱਠ ਅਤੇ ਦੂਜੀ ਵਿਚ ਦਸ ਪਦੀਆਂ ਹਨ। ਪਰਮਾਤਮਾ ਪ੍ਰਤਿ ਪ੍ਰੇਮ ਦੀ ਸ਼ਿੱਦਤ ਨੂੰ ਪ੍ਰਗਟਾਉਣ ਲਈ ਕਈ ਉਪਮਾਨਾਂ ਦੀ ਵਰਤੋਂ ਕੀਤੀ ਗਈ ਹੈ।
‘ਥਿਤੀ ਮ.੧’ ਅਤੇ ‘ਵਾਰ-ਸਤ ਮ.੩’ ਦੇ ਸੁਤੰਤਰ ਇੰਦਰਾਜ ਵੇਖੋ।
ਛੰਤ ਪ੍ਰਕਰਣ ਦੇ ਨੌਂ ਛੰਤਾਂ ਵਿਚੋਂ ਦੋ ਗੁਰੂ ਨਾਨਕ ਦੇਵ ਜੀ ਦੇ ਲਿਖੇ ਹਨ। ਚਾਰ ਚਾਰ ਪਦਿਆਂ ਦੇ ਇਨ੍ਹਾਂ ਦੋ ਸਮੁੱਚਾਂ ਵਿਚ ਪਤਨੀ-ਰੂਪ ਸਾਧਕ ਵਜੋਂ ਪਤੀ-ਪਰਮਾਤਮਾ ਨੂੰ ਪ੍ਰਾਪਤ ਕਰਨ ਦਾ ਉਪਾ ਦਸਿਆ ਗਿਆ ਹੈ। ਗੁਰੂ ਰਾਮਦਾਸ ਜੀ ਨੇ ਚਾਰ ਚਾਰ ਪਦਿਆਂ ਦੇ ਆਪਣੇ ਦੋ ਛੰਤਾਂ ਵਿਚ ਪਰਮਾਤਮਾ ਨਾਲ ਹੋਏ ਮੇਲ ਦਾ ਮੰਗਲਮਈ ਗਾਨ ਕੀਤਾ ਹੈ।
ਗੁਰੂ ਅਰਜਨ ਦੇਵ ਜੀ ਦੇ ਲਿਖੇ ਪੰਜ ਛੰਤਾਂ ਵਿਚੋਂ ਚਾਰ ਵਿਚ ਚਾਰ ਚਾਰ ਅਤੇ ਇਕ ਵਿਚ ਪੰਜ ਪਦੇ ਹਨ। ਚੌਥੇ ਛੰਤ ਦੇ ਆਰੰਭ ਵਿਚ ਇਕ ਸ਼ਲੋਕ ਵੀ ਦਰਜ ਹੈ। ‘ਛੰਤ’ ਦੀ ਪ੍ਰਕ੍ਰਿਤੀ ਅਨੁਸਾਰ ਇਨ੍ਹਾਂ ਸ਼ਬਦਾਂ ਵਿਚ ਵਿਆਹ ਦੇ ਰੂਪਕ ਰਾਹੀਂ ਗੁਰੂ ਜੀ ਨੇ ਵਰ ਲਭਣ ਤੋਂ ਲੈ ਕੇ ਮਹਾ- ਮਿਲਨ ਤਕ ਦੀਆਂ ਸਾਰੀਆਂ ਕਾਰਵਾਈਆਂ ਅਤੇ ਅਵਸਥਾਵਾਂ ਦਾ ਬੜਾ ਮਾਰਮਿਕ ਚਿਤ੍ਰਣ ਕੀਤਾ ਹੈ।
ਬਿਲਾਵਲ ਕੀ ਵਾਰ ਮ. ੪ ਦਾ ਸੁਤੰਤਰ ਇੰਦਰਾਜ ਵੇਖੋ।
ਭਗਤ-ਬਾਣੀ ਪ੍ਰਕਰਣ ਦੇ 16 ਸ਼ਬਦਾਂ ਵਿਚੋਂ 12 ਸੰਤ ਕਬੀਰ ਦੇ ਹਨ। ਕਬੀਰ ਜੀ ਨੇ ਦਸਿਆ ਹੈ ਕਿ ਸੰਸਾਰ ਮੌਤ ਦਾ ਘਰ ਹੈ, ਇਸ ਤੋਂ ਕੇਵਲ ਹਰਿ ਦਾ ਸੇਵਕ ਹੀ ਬਚ ਸਕਦਾ ਹੈ। ਭਗਤ ਨਾਮਦੇਵ ਨੇ ਆਪਣੇ ਇਕ ਸ਼ਬਦ ਵਿਚ ਦਸਿਆ ਹੈ ਕਿ ਪਰਮਾਤਮਾ ਨੇ ਨਾਮ ਦੀ ਦਾਤ ਨਾਲ ਮਨੁੱਖ ਨੂੰ ਮਾਇਕ ਪ੍ਰਪੰਚ ਤੋਂ ਬਾਹਰ ਕਢਿਆ ਹੈ। ਭਗਤ ਰਵਿਦਾਸ ਨੇ ਆਪਣੇ ਦੋ ਸ਼ਬਦਾਂ ਵਿਚ ਭਗਤੀ ਦੇ ਖੇਤਰ ਵਿਚ ਜਾਤਿ-ਪਾਤਿ ਦੇ ਮਹੱਤਵ ਦਾ ਖੰਡਨ ਕੀਤਾ ਹੈ। ਸਧਨਾ ਭਗਤ ਨੇ ਆਪਣੇ ਇਕ ਸ਼ਬਦ ਵਿਚ ਇਕ ਲੋਕ-ਕਥਾ ਰਾਹੀਂ ਪਰਮਾਤਮਾ ਅਗੇ ਲਾਜ ਰਖਣ ਲਈ ਬੇਨਤੀ ਕੀਤੀ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4706, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਬਿਲਾਵਲ ਰਾਗ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਬਿਲਾਵਲ ਰਾਗ : ਸੰਪੂਰਨ ਜਾਤੀ ਦਾ ਇਕ ਰਾਗ ਹੈ ਜਿਸ ਦੇ ਗਾਉਣ ਦਾ ਸਮਾਂ ਦਿਨ ਦੇ ਦੂਜੇ ਪਹਿਰ ਦਾ ਆਰੰਭ ਹੈ। ਇਸ ਵਿਚ ਸਾਰੇ ਸੁਰ ਸ਼ੁੱਧ ਲਗਦੇ ਹਨ। ਸ਼ੜਜ ਵਾਦੀ ਅਤੇ ਪੰਚਮ ਸੰਵਾਦੀ ਹੈ।
1. ਬਿਲਾਵਲੁ ਕਰਿਹੁ ਤੁਮ ਪਿਆਰਿਹੋ
ਏਕਸੁ ਸਿਉ ਲਿਵ ਲਾਇ ‖
2. ਹਰਿ ਉਤਮੁ ਹਰਿ ਪ੍ਰਭੂ ਗਾਵਿਆ
ਕਰਿ ਨਾਦੁ ਬਿਲਾਵਲੁ ਰਾਗੁ ‖
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਰਾਗ ਦਾ ਨੰਬਰ ਸੋਲ੍ਹਵਾਂ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2995, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-06-03-02-32, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.; ਪੰ. ਸਾ. ਕੋ. ; ਗਾਵਹੁ ਬਾਣੀ -ਡਾ. ਰਘਬੀਰ ਸਿੰਘ
ਵਿਚਾਰ / ਸੁਝਾਅ
Please Login First