ਬੁਧ ਸਿੰਘ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਬੁਧ ਸਿੰਘ : ਸਿੰਘਪੁਰੀਆ ਮਿਸਲ ਦਾ ਇਹ ਨਾਮਵਰ ਸਰਦਾਰ ਸੀ। ਇਸ ਮਿਸਲ ਦੇ ਬਾਨੀ ਨਵਾਬ ਕਪੂਰ ਸਿੰਘ ਦੀ ਕੋਈ ਔਲਾਦ ਨਹੀਂ ਸੀ ਇਸ ਲਈ ਉਸ ਪਿੱਛੋਂ ਉਸ ਦਾ ਭਤੀਜਾ ਖੁਸ਼ਹਾਲ ਸਿੰਘ ਮਿਸਲ ਦਾ ਲੀਡਰ ਬਣਿਆ। ਜਦੋਂ ਅਬਦਾਲੀ ਨੌਵੇਂ ਹਮਲੇ ਪਿੱਛੋਂ ਵਾਪਸ ਗਿਆ ਤਾਂ ਸਿੰਘਾਂ ਨੇ ਨਵੇਂ ਇਲਾਕੇ ਮੱਲਣੇ ਸ਼ੁਰੂ ਕਰ ਦਿੱਤੇ। ਸ. ਖੁਸ਼ਹਾਲ ਸਿੰਘ ਸਿੰਘਪੁਰੀਏ ਦੇ ਪੁੱਤਰ ਸ. ਬੁਧ ਸਿੰਘ ਨੇ ਜਲੰਧਰ ਦੇ ਹਾਕਮ ਨਿਜ਼ਾਮੁੱਦੀਨ ਨੂੰ ਸ਼ਿਕਸਤ ਦੇ ਕੇ ਜਲੰਧਰ ਉੱਤੇ ਕਬਜ਼ਾ ਕਰ ਲਿਆ। ਸ. ਖੁਸ਼ਹਾਲ ਸਿੰਘ ਵੀ ਮਾਲਵੇ ਦੀਆਂ ਕਈ ਮੁਹਿੰਮਾਂ ਵਿਚ ਸ਼ਾਮਲ ਰਿਹਾ। ਸੰਨ 1795 ਵਿਚ ਸ. ਖੁਸ਼ਹਾਲ ਸਿੰਘ ਦੀ ਮੌਤ ਉਪਰੰਤ ਇਹ ਮਿਸਲ ਦਾ ਸਰਦਾਰ ਬਣਿਆ।
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਦੋਂ ਤਰਨਤਾਰਨ ਦਾ ਸਰੋਵਰ ਬਣਵਾਉਣ ਲਈ ਇੱਟਾਂ ਪਕਾਈਆਂ ਤਾਂ ਇਲਾਕੇ ਦਾ ਚੌਧਰੀ ਨੂਰ ਦੀਨ ਉਹ ਇਟਾਂ ਜ਼ਬਰਦਸਤੀ ਚੁਕਵਾ ਕੇ ਆਪਣੇ ਪਿੰਡ ਸਰਾਏ ਨੂਰਦੀਨ ਲੈ ਗਿਆ। ਉਸ ਨੇ ਇਨ੍ਹਾਂ ਇੱਟਾਂ ਨਾਲ ਆਪਣਾ ਮਕਾਨ ਬਣਵਾ ਲਿਆ। ਗੁਰੂ ਜੀ ਦੀ ਉਸ ਸਮੇਂ ਦੀ ਇੱਛਾ ਪੂਰਨ ਕਰਨ ਲਈ ਇਸ ਨੇ ਨੂਰਦੀਨ ਦਾ ਮਕਾਨ ਢਾਹ ਕੇ ਉਹੀ ਇੱਟਾਂ ਹੱਥੋਂ ਹੱਥ ਤਰਨਤਾਰਨ ਲਿਆ ਕੇ ਸਰੋਵਰ ਬਣਵਾਇਆ। ਨੂਰ ਦੀਨ ਦੀ ਸਰਾਂ ਤੋਂ ਤਰਨਤਾਰਨ ਤਕ ਸੰਗਤਾਂ ਪਾਲਾਂ ਬੰਨ੍ਹ ਕੇ ਖਲੋ ਜਾਂਦੀਆਂ। ਇਕ ਸਿੱਖ ਨਾਲ ਖੜੇ ਹੋਏ ਸਿੱਖ ਨੂੰ ਇੱਟ ਫੜਾਉਂਦਾ ਤੇ ਉਹ ਅਗਲੇ ਨੂੰ ਫੜਾ ਦਿੰਦਾ। ਇਸ ਤਰ੍ਹਾਂ ਸਾਰੀਆਂ ਇੱਟਾਂ ਤਰਨਤਾਰਨ ਪਹੁੰਚਾਈਆਂ ਗਈਆਂ।
ਕੁਝ ਚਿਰ ਤਾਂ ਇਹ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਰਿਹਾ ਪਰ ਬਾਅਦ ਵਿਚ ਬਾਗ਼ੀ ਹੋ ਗਿਆ। ਇਸ ਦੇ ਇਲਾਕੇ ਸਤਲੁਜ ਦੇ ਦੋਵੇਂ ਪਾਸੇ ਸਨ। ਇਸ ਲਈ ਇਹ ਆਪਣੇ ਆਪ ਨੂੰ ਪੂਰੀ ਤਰ੍ਹਾਂ ਮਹਾਰਾਜੇ ਦੇ ਅਧੀਨ ਨਹੀਂ ਸੀ ਸਮਝਦਾ। ਸੰਨ 1811 ਵਿਚ ਇਸ ਨੂੰ ਲਾਹੌਰ ਦਰਬਾਰ ਵਿਚ ਹਾਜ਼ਰ ਹੋਣ ਲਈ ਹੁਕਮ ਹੋਇਆ ਤਾਂ ਇਸ ਨੇ ਹਾਜ਼ਰ ਹੋਣ ਤੋਂ ਇਨਕਾਰ ਕਰ ਦਿੱਤਾ। ਗੁੱਸੇ ਵਿਚ ਆ ਕੇ ਮਹਾਰਾਜੇ ਨੇ ਇਸ ਦੇ ਇਲਾਕੇ ਜ਼ਬਤ ਕਰਨ ਲਈ ਫ਼ੌਜ ਭੇਜ ਦਿੱਤੀ। ਕੁਝ ਚਿਰ ਤਾਂ ਇਸ ਨੇ ਅੱਗੋਂ ਮੁਕਾਬਲਾ ਕੀਤਾ ਪਰ ਅਖ਼ੀਰ ਹਾਰ ਕੇ ਅੰਗਰੇਜ਼ਾਂ ਕੋਲ ਲੁਧਿਆਣੇ ਚਲਾ ਗਿਆ ਅਤੇ ਮਹਾਰਾਜੇ ਨੇ ਸਤਲੁਜ ਤੋਂ ਸੱਜੇ ਹੱਥ ਦਾ ਇਲਾਕਾ ਸਿੱਖ ਰਾਜ ਵਿਚ ਮਿਲਾ ਲਿਆ।
ਸੰਨ 1816 ਵਿਚ ਇਸ ਦਾ ਦੇਹਾਂਤ ਹੋ ਗਿਆ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2865, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-08-04-34-47, ਹਵਾਲੇ/ਟਿੱਪਣੀਆਂ: ਹ. ਪੁ. –ਸਿ. ਮਿ. : 92
ਵਿਚਾਰ / ਸੁਝਾਅ
Please Login First