ਬੈਕੁੰਠ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬੈਕੁੰਠ [ਨਾਂਪੁ] ਸ੍ਵਰਗ ਲੋਕ , ਸੁਰਗ , ਜੰਨਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6576, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਬੈਕੁੰਠ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਬੈਕੁੰਠ: ਇਹ ਸਵਰਗ ਦਾ ਹੀ ਇਕ ਭੇਦ ਮੰਨਿਆ ਜਾਂਦਾ ਹੈ। ਭਾਰਤੀ ਮਿਥਿਹਾਸ ਵਿਚ ਕਈ ਪ੍ਰਕਾਰ ਦੀਆਂ ਸਵਰਗਾਂ ਦੀ ਕਲਪਨਾ ਕੀਤੀ ਗਈ ਹੈ। ਅਸਲ ਵਿਚ, ਪੁਰਾਣ-ਯੁਗ ਵਿਚ ਜਦੋਂ ਸੰਪ੍ਰਦਾਇਕ ਰੁਚੀਆਂ ਦਾ ਵਿਕਾਸ ਹੋਇਆ ਤਾਂ ਜਿਗਿਆਸੂਆਂ ਨੇ ਆਪਣੇ ਆਪਣੇ ਇਸ਼ਟਦੇਵ ਅਨੁਸਾਰ ਸਵਰਗ ਦੀ ਕਲਪਨਾ ਸ਼ੁਰੂ ਕਰ ਦਿੱਤੀ। ਫਲਸਰੂਪ ਵਖਰੇ ਵਖਰੇ ਸਵਰਗ ਵਿਚਾਰੇ ਗਏ। ਉਨ੍ਹਾਂ ਸਾਰਿਆਂ ਸਵਰਗਾਂ ਵਿਚੋਂ ‘ਬੈਕੁੰਠ’ (ਵੈਕੁੰਠ) ਸਰਵ-ਸ੍ਰੇਸ਼ਠ ਹੈ। ਇਥੇ ਵਿਸ਼ਣੂ ਦਾ ਨਿਵਾਸ ਦਸਿਆ ਜਾਂਦਾ ਹੈ।

ਧਰਮ­-ਸ਼ਾਸਤ੍ਰ ਅਨੁਸਾਰ ਕੋਈ ਜੀਵਾਤਮਾ ਗਿਆਨ ਦਾ ਲਾਭ ਅਤੇ ਮਕੋਸ਼ ਦੀ ਪ੍ਰਾਪਤੀ ਈਸ਼ਵਰ ਦੀ ਕ੍ਰਿਪਾ ਤੋਂ ਬਿਨਾ ਨਹੀਂ ਕਰ ਸਕਦੀ। ਜਦੋਂ ਉਸ ਉਤੇ ਈਸ਼ਵਰੀ ਕ੍ਰਿਪਾ ਹੋ ਸਕਦੀ ਹੈ ਅਤੇ ਉਹ ਉਸ ਦੀ ਭਗਤੀ ਵਿਚ ਮਗਨ ਹੋ ਜਾਂਦਾ ਹੈ ਤਾਂ ਉਸ ਨੂੰ ਈਸ਼ਵਰ ਵਿਚ ਵਿਲੀਨਤਾ ਪ੍ਰਾਪਤ ਨਹੀਂ ਹੁੰਦੀ ਸਗੋਂ ਬੈਕੁੰਠ ਵਿਚ ਈਸ਼ਵਰ ਦਾ ‘ਸਾਯੁਜੑਯ’ (ਅਭੇਦਤਾ, ਇਕਮਿਕਤਾ ਦੀ ਅਵਸਥਾ) ਪ੍ਰਾਪਤ ਹੁੰਦਾ ਹੈ।

ਮੱਧ-ਯੁਗ ਦੇ ਸੰਤਾਂ ਅਤੇ ਗੁਰੂ ਸਾਹਿਬਾਨ ਨੇ ਬੈਕੁੰਠ ਦੀ ਪ੍ਰਾਪਤੀ ਵਿਚ ਵਿਸ਼ਵਾਸ ਨਹੀਂ ਕੀਤਾ। ਉਨ੍ਹਾਂ ਅਨੁਸਾਰ ਤਾਂ ਉਹੀ ਬੈਕੁੰਠ ਹੈ ਜਿਥੇ ਹਰਿ ਦਾ ਕੀਰਤਨ ਜਾਂ ਨਾਮ ਸਿਮਰਨ ਹੁੰਦਾ ਹੈ। ਗੁਰੂ ਅਰਜਨ ਦੇਵ ਜੀ ਅਨੁਸਾਰ— ਅਠਸਠਿ ਤੀਰਥ ਜਹ ਸਾਧ ਪਗ ਧਰਹਿ ਤਹ ਬੈਕੁੰਠੁ ਜਹ ਨਾਮੁ ਉਚਰਹਿ (ਅ.ਗ੍ਰੰ.890)।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6399, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਬੈਕੁੰਠ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਬੈਕੁੰਠ (ਸੰ.। ਸੰਸਕ੍ਰਿਤ ਵੈਕੁੰਠ। ਵੈ+ਕੁਣਠੑ (=ਤਬਾਹੀ)=ਜਿਸ ਦੀ ਤਬਾਹੀ ਨ ਹੋਵੇ) ੧. ਸ੍ਵਰਗ*, ਬਹਿਸ਼ਤ। ਯਥਾ-‘ਚਲੁ ਰੇ ਬੈਕੁੰਠ ਤੁਝਹਿ ਲੈ ਤਾਰਉ’।

੨. ਉਹ ਸੁਖ ਦਾ ਅਸਥਾਨ ਜਿਸਦਾ ਨਾਸ਼ ਨਹੀਂ , ਮਹਾਂ ਅਨੰਦਦਾਇਕ ਥਾਉਂ ਯਾ ਅਵਸਥਾ। ਯਥਾ-‘ਸਾਧ ਸੰਗਤਿ ਬੈਕੁੰਠੈ ਆਹਿ’। ਤਥਾ-‘ਬੈਕੁੰਠ ਨਗਰੁ ਜਹਾ ਸੰਤ ਵਾਸਾ’।

----------

* ਵਿਸ਼ਨੂੰ ਦੇ ਲੋਕ ਨੂੰ ਬੀ ਬੈਕੰਠ ਆਖਦੇ ਹਨ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6399, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਬੈਕੁੰਠ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਬੈਕੁੰਠ : ਸਵਰਗ  ਜਾਂ ਵਿਸ਼ਨੂੰ ਜੀ ਦਾ ਲੋਕ (ਪ੍ਰਦੇਸ਼) ਜਿਸ ਦਾ ਘੇਰਾ ਪੁਰਾਣਾਂ ਅਨੁਸਾਰ 80,000 ਮੀਲ ਹੈ। ਇਸ ਦੀ ਵਿਆਖਿਆ ਕਰਦਿਆਂ ਪੁਰਾਣਾਂ ਨੇ ਇਸ ਨੂੰ ਬਹੁਤ ਹੀ ਸੁੰਦਰ ਅਤੇ ਸ਼ਾਂਤ ਸਥਾਨ ਦਸਿਆ ਹੈ ਜਿਸ ਦੀ ਧਰਤੀ ਸੋਨੇ ਦੀ ਅਤੇ ਮਹਿਲ ਹੀਰੇ ਮੋਤੀਆਂ ਦੇ ਬਣੇ ਹੋਏ ਹਨ। ਇਨ੍ਹਾਂ ਮਹਿਲਾਂ ਵਿਚ ਪੰਨਿਆਂ ਅਤੇ ਲਾਲਾਂ ਦੇ ਥੰਭ ਲਗੇ ਹੋਏ ਹਨ। ਇਥੇ ਪੰਜ ਸਰੋਵਰ ਹਨ ਜਿਨ੍ਹਾਂ ਵਿਚ ਲਾਲ, ਨੀਲੇ ਅਤੇ ਚਿੱਟੇ ਰੰਗ ਦੇ ਕੰਵਲ ਫੁੱਲ ਹਨ। 

ਇਸ ਪ੍ਰਦੇਸ਼ ਵਿਚ ਵਿਸ਼ਨੂੰ ਭਗਵਾਨ ਦਾ ਨਿਵਾਸ ਹੋਣ ਕਾਰਨ ਇਹ ਹਰ ਸਮੇਂ ਜਗਮਗਾਂਦਾ ਰਹਿੰਦਾ ਹੈ ਅਤੇ ਲਕਸ਼ਮੀ ਦੀ ਸੁਗੰਧੀ ਕਾਰਨ ਸਦਾ ਮਹਿਕਿਆ ਰਹਿੰਦਾ ਹੈ। ਇਥੇ ਆਕਾਸ਼ ਵਿਚਲੀ ਗੰਗਾ ਵਗਦੀ ਵੀ ਮੰਨੀ ਜਾਂਦੀ ਹੈ। 

ਲੋਕਾਂ ਦਾ ਵਿਸ਼ਵਾਸ ਹੈ ਕਿ ਭਗਵਾਨ ਵਿਸ਼ਨੂੰ ਦੇ ਭਗਤ ਮਰਨ ਉਪਰੰਤ ਬੈਕੁੰਠ ਵਿਚ ਜਾਂਦੇ ਹਨ ਅਤੇ ਫ਼ਿਰ ਆਵਾਗਵਨ ਦੇ ਚੱਕਰ ਤੋਂ ਮੁਕਤ ਹੋ ਜਾਂਦੇ ਹਨ। 

ਗੁਰਮਤਿ ਵਿਚਾਰਧਾਰਾ ਅਨੁਸਾਰ ਇਸ ਧਰਤੀ ਉੱਤੇ ਬੈਕੁੰਠ ਸਾਧ ਸੰਗਤਿ ਹੈ ਜਿਥੇ ਪ੍ਰਭੂ ਦੇ ਗੁਣਾਂ ਦਾ ਗਾਇਨ ਕੀਤਾ ਜਾਂਦਾ ਹੈ : 

1. ਤਹਾ ਬੈਕੁੰਠੁ ਜਹ ਕੀਰਤਨੁ ਤੇਰਾ ‖

2. ਕਹੁ ਕਬੀਰ ਇਹ ਕਹੀਐ ਕਾਹਿ ‖ 

    ਸਾਧਸੰਗਤਿ ਬੈਕੁੰਠੈ ਆਹਿ‖

3. ਬੈਕੁੰਠਿ ਨਗਰੁ ਜਹਾ ਸੰਤ ਵਾਸਾ ‖ 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4457, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-09-11-59-21, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. ; ਪੰ. ਲੋ. ਵਿ. ਕੋ. ; ਗੁਰੂ ਗ੍ਰੰਥ ਵਿਚਾਰ ਕੋਸ਼-ਪਿਆਰਾ ਸਿੰਘ ਪਦਮ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.