ਬ੍ਰਹਮ-ਗਿਆਨੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਬ੍ਰਹਮ-ਗਿਆਨੀ [ਨਾਂਪੁ] ਰੱਬ ਸੰਬੰਧੀ ਗਿਆਨ ਰੱਖਣ ਵਾਲ਼ਾ , ਸੰਤ , ਮਹਾਤਮਾ, ਸੂਫ਼ੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5180, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਬ੍ਰਹਮ-ਗਿਆਨੀ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਬ੍ਰਹਮ-ਗਿਆਨੀ: ‘ਸੁਖਮਨੀ ਸਾਹਿਬ’ ਨਾਂ ਦੀ ਬਾਣੀ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ‘ਬ੍ਰਹਮ-ਗਿਆਨੀ’ ਨੂੰ ਸਭ ਦਾ, ਸਮੁੱਚੇ ਜਗਤ ਦਾ ਸੁਆਮੀ ਦਸਿਆ ਹੈ। ਉਸ ਦਾ ਸਰਬਤ੍ਰ ਅਧਿਕਾਰ ਹੈ। ਅਜਿਹੀ ਮਹਾਨ ਸ਼ਖ਼ਸੀਅਤ ਦੀ ਗੁਰੂ ਜੀ ਨੇ ਇਸ ਬਾਣੀ ਦੀ ਅੱਠਵੀਂ ਅਸ਼ਟਪਦੀ ਵਿਚ ਵਿਸਤਾਰ ਸਹਿਤ ਵਿਆਖਿਆ ਕੀਤੀ ਹੈ। ਆਰੰਭ ਵਿਚ ਹੀ ਬ੍ਰਹਮ-ਗਿਆਨੀ ਦਾ ਲੱਛਣ ਸਪੱਸ਼ਟ ਕਰਦਿਆਂ ਗੁਰੂ ਜੀ ਨੇ ਦਸਿਆ ਹੈ ਕਿ ਜਿਸ ਮਨੁੱਖ ਦੇ ਮਨ ਵਿਚ ਸਦਾ ਸੱਚਾ ਪਰਮਾਤਮਾ ਵਸਦਾ ਹੈ, ਜਿਸ ਦੇ ਮੁਖ ਤੋਂ ਹਮੇਸ਼ਾਂ ਸੱਚੇ ਨਾਮ ਦੀ ਆਰਾਧਨਾ ਹੁੰਦੀ ਹੈ ਅਤੇ ਜੋ ਸੱਚੇ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦੇ ਧਿਆਨ ਵਿਚ ਮਗਨ ਨਹੀਂ ਹੁੰਦਾ , ਉਹ ਮਨੁੱਖ ‘ਬ੍ਰਹਮ-ਗਿਆਨੀ’ ਹੋਣ ਦਾ ਗੌਰਵ ਪ੍ਰਾਪਤ ਕਰਦਾ ਹੈ—ਮਨਿ ਸਾਚਾ ਮੁਖਿ ਸਾਚਾ ਸੋਇ। ਅਵਰੁ ਨ ਪੇਖੈ ਏਕਸੁ ਬਿਨੁ ਕੋਇ। ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਇ। (ਗੁ.ਗ੍ਰੰ.272)।
ਬ੍ਰਹਮ-ਗਿਆਨੀ, ਅਸਲ ਵਿਚ, ਇਕ ਅਧਿਆਤਮਿਕ ਪਦਵੀ ਹੈ ਜੋ ਉਸ ਸਾਧਕ ਨੂੰ ਪ੍ਰਾਪਤ ਹੁੰਦੀ ਹੈ ਜੋ ਬ੍ਰਹਮ ਅਥਵਾ ਪਰਮਾਤਮਾ ਸੰਬੰਧੀ ਆਵੱਸ਼ਕ ਗਿਆਨ ਪ੍ਰਾਪਤ ਕਰ ਲੈਂਦਾ ਹੈ। ਉਹ ਆਪਣੇ ਮਨ ਤੋਂ ਮਾਇਆ ਦੀ ਮੈਲ ਉਤਾਰ ਕੇ ਵਾਸਤਵਿਕਤਾ ਦਾ ਸਹੀ ਬੋਧ ਹਾਸਲ ਕਰ ਲੈਂਦਾ ਹੈ ਅਤੇ ਉਸ ਇਕੋ ਇਕ ਸਰਬ-ਸ਼ਕਤੀਮਾਨ ਪਰਮਾਤਮਾ ਨਾਲ ਪ੍ਰੇਮ ਸੰਬੰਧ ਸਥਾਪਿਤ ਕਰ ਲੈਂਦਾ ਹੈ—ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ। ਬ੍ਰਹਮ ਗਿਆਨੀ ਏਕ ਸੰਗਿ ਹੇਤਾ। (ਗੁ.ਗ੍ਰੰ.273)।
ਬ੍ਰਹਮ-ਗਿਆਨ ਦੀ ਪ੍ਰਾਪਤੀ ਤੋਂ ਬਾਦ ਸਾਧਕ ਦੇ ਅੰਦਰਲੇ ਨੇਤਰ ਖੁਲ੍ਹ ਜਾਂਦੇ ਹਨ। ਫਿਰ ਉਸ ਨੂੰ ਨਾਮ- ਰੂਪਾਤਮਕ ਜਗਤ ਦੀਆਂ ਵਿਥਾਂ ਵਿਅਰਥ ਦਿਸਦੀਆਂ ਹਨ। ਉਸ ਦੇ ਮਨ ਵਿਚ ਸਮਦਰਸ਼ੀ ਬਿਰਤੀ ਦਾ ਵਿਕਾਸ ਹੋ ਜਾਂਦਾ ਹੈ—ਬ੍ਰਹਮ ਗਿਆਨੀ ਕੈ ਦ੍ਰਿਸਟਿ ਸਮਾਨਿ। ਜੈਸੇ ਰਾਜ ਰੰਕ ਕਉ ਲਾਗੈ ਤੁਲਿ ਪਵਾਨ। (ਗੁ.ਗ੍ਰੰ.272)। ਅਜਿਹੇ ਸਾਧਕ ਦੀ ਸਭ ਉਪਰ ਸਮਾਨ ਕ੍ਰਿਪਾ-ਦ੍ਰਿਸ਼ਟੀ ਹੁੰਦੀ ਹੈ, ਉਹ ਕਿਸੇ ਦਾ ਬੁਰਾ ਨਹੀਂ ਸੋਚਦਾ। ਸਚ ਤਾਂ ਇਹ ਹੈ ਕਿ ਉਸ ਦੀ ਦ੍ਰਿਸ਼ਟੀ ਸਭ ਨੂੰ ਅੰਮ੍ਰਿਤ ਪ੍ਰਦਾਨ ਕਰਦੀ ਹੈ—ਬ੍ਰਹਮ ਗਿਆਨੀ ਕੀ ਸਭ ਊਪਰ ਮਇਆ। ਬ੍ਰਹਮ ਗਿਆਨੀ ਤੇ ਕਛੁ ਬੁਰਾ ਨ ਭਇਆ। ਬ੍ਰਹਮ ਗਿਆਨੀ ਸਦਾ ਸਮਦਰਸੀ। ਬ੍ਰਹਮ ਗਿਆਨੀ ਕੀ ਦ੍ਰਿਸਟਿ ਅੰਮ੍ਰਿਤੁ ਬਰਸੀ। (ਗੁ.ਗ੍ਰੰ.272-73)।
ਬ੍ਰਹਮ-ਗਿਆਨੀ ਦੇ ਮਨ ਵਿਚ ਸਮਦਰਸ਼ੀ ਬਿਰਤੀ ਦੇ ਵਿਕਸਿਤ ਹੋ ਜਾਣ ਨਾਲ ਫਿਰ ਵੈਰੀ ਅਤੇ ਮਿਤਰ ਦੀਆਂ ਵਿਥਾਂ ਵੀ ਮਿਟ ਜਾਂਦੀਆਂ ਹਨ। ਨ ਉਸ ਵਿਚ ਕੋਈ ਅਭਿਮਾਨ ਰਹਿੰਦਾ ਹੈ ਅਤੇ ਨ ਹੀ ਉੱਚੇ-ਪਨ ਦੀ ਭਾਵਨਾ। ਉਹ ਉੱਚੇ ਤੋਂ ਉੱਚਾ ਹੁੰਦਾ ਹੋਇਆ ਵੀ ਸਭ ਤੋਂ ਆਪਣੇ ਆਪ ਨੂੰ ਨੀਵਾਂ ਸਮਝਦਾ ਹੈ—ਬ੍ਰਹਮ ਗਿਆਨੀ ਕੈ ਮਿਤ੍ਰ ਸਤ੍ਰੂ ਸਮਾਨਿ। ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ। ਬ੍ਰਹਮ ਗਿਆਨੀ ਊਚ ਤੇ ਊਚਾ। ਮਨਿ ਅਪਨੈ ਹੈ ਸਭ ਤੇ ਨੀਚਾ। (ਗੁ.ਗ੍ਰੰ.272)। ਅਜਿਹਾ ਸਾਧਕ ਨ ਕਿਸੇ ਨੂੰ ਡਰਾਉਂਦਾ ਹੈ ਅਤੇ ਨ ਹੀ ਕਿਸੇ ਤੋਂ ਡਰਦਾ ਹੈ। ਉਹ ਨਿਰਭਉ ਹੋ ਕੇ ਵਿਚਰਦਾ ਹੈ। ਗੁਰੂ ਤੇਗ ਬਹਾਦਰ ਜੀ ਦੀ ਸਥਾਪਨਾ ਹੈ— ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨਿ। ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਸਖਾਨਿ। (ਗੁ.ਗ੍ਰੰ1427)।
ਬ੍ਰਹਮ-ਗਿਆਨੀ ਸੰਸਾਰ ਦੇ ਮੋਹ-ਜਾਲ ਤੋਂ, ਚਿਕੜ ਵਿਚ ਪੈਦਾ ਹੋਏ ਕੰਵਲ ਵਾਂਗ ਸਦਾ ਨਿਰਲੇਪ ਰਹਿੰਦਾ ਹੈ। ਉਸ ਵਿਚ ਧਰਤੀ ਜਿੰਨਾ ਧੀਰਜ ਹੁੰਦਾ ਹੈ। ਉਹ ਸਦਾ ਨਿਰਮਲ , ਉਜਲੇ ਮਨ ਵਾਲਾ, ਨਿੱਤ ਬ੍ਰਹਮ ਦੇ ਨਾਮ ਦਾ ਭੋਜਨ ਕਰਨ ਵਾਲਾ ਅਤੇ ਉਸੇ ਦੇ ਧਿਆਨ ਵਿਚ ਮਗਨ ਰਹਿਣ ਵਾਲਾ ਹੈ। ਬ੍ਰਹਮ-ਗਿਆਨੀ ਦੀ ਸਦਾ ਇਕ ਪਰਮਾਤਮਾ ਉਪਰ ਹੀ ਆਸ ਦੀ ਡੋਰੀ ਟਿਕੀ ਰਹਿੰਦੀ ਹੈ, ਇਸ ਲਈ ਉਹ ਕਦੇ ਵੀ ਵਿਨਾਸ਼ ਨੂੰ ਪ੍ਰਾਪਤ ਨਹੀਂ ਹੁੰਦਾ। ਉਸ ਦੇ ਹਿਰਦੇ ਵਿਚ ਸਦਾ ਗ਼ਰੀਬੀ ਸਮਾਈ ਰਹਿੰਦੀ ਹੈ। ਉਸ ਦਾ ਸੁਭਾ ਦਰਵੇਸ਼ਾਂ ਵਾਲਾ ਹੁੰਦਾ ਹੈ। ਪਰਉਪਕਾਰ ਦੀ ਭਾਵਨਾ ਉਸ ਦੇ ਮਨ ਵਿਚ ਸਦਾ ਉਮੰਗਾਂ ਭਰਦੀ ਹੈ। ਉਹ ਮਨ ਨੂੰ ਸਥਿਰ ਕਰਕੇ ਸੰਸਾਰਿਕ ਜੰਜਾਲਾਂ ਤੋਂ ਮੁਕਤ ਰਹਿੰਦਾ ਹੈ। ਪਰਮਾਤਮਾ ਦੇ ਭਾਣੇ ਨੂੰ ਭਲਾ ਕਰਕੇ ਮੰਨਦਾ ਹੋਇਆ ਉਹ ਆਪਣੇ ਜੀਵਨ ਨੂੰ ਸਫਲ ਕਰਦਾ ਹੈ।
ਬ੍ਰਹਮ-ਗਿਆਨੀ ਦੀ ਪਰਮਾਤਮਾ ਨਾਲ ਇਕ- ਮਿਕਤਾ ਦਾ ਚਿਤ੍ਰਣ ਕਰਦਿਆਂ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਹੈ ਜੋ ਮਨੁੱਖ ਦੁਖਾਂ ਵਿਚ ਘਬਰਾਉਂਦਾ ਨਹੀਂ, ਜਿਸ ਦੇ ਹਿਰਦੇ ਵਿਚ ਸੁਖਾਂ ਪ੍ਰਤਿ ਮੋਹ ਨਹੀਂ, ਜਿਸ ਨੂੰ ਕਿਸੇ ਦਾ ਡਰ ਨਹੀਂ, ਜਿਸ ਲਈ ਸੋਨੇ ਅਤੇ ਮਿੱਟੀ ਵਿਚ ਕੋਈ ਅੰਤਰ ਨਹੀਂ, ਜਿਸ ਦੇ ਮਨ ਵਿਚ ਕਿਸੇ ਲਈ ਨਿੰਦਿਆ ਜਾਂ ਉਸਤਤ ਦੀ ਭਾਵਨਾ ਨਹੀਂ, ਜਿਸ ਦੇ ਦਿਲ ਵਿਚ ਲੋਭ , ਮੋਹ ਅਤੇ ਹੰਕਾਰ ਨਹੀਂ, ਜਿਹੜਾ ਮਨੁੱਖ ਖ਼ੁਸ਼ੀ ਅਤੇ ਗ਼ਮੀ ਤੋਂ ਨਿਰਲੇਪ ਹੈ ਅਤੇ ਜਿਸ ਨੂੰ ਮਾਨ ਅਤੇ ਅਪਮਾਨ ਛੋਹ ਨਹੀਂ ਸਕਦਾ, ਜੋ ਮਾਨਸਿਕ ਵਿਕਾਰਾਂ ਤੋਂ ਮੁਕਤ ਰਹਿੰਦਾ ਹੈ, ਉਸ ਮਨੁੱਖ ਦੇ ਹਿਰਦੇ ਵਿਚ ਬ੍ਰਹਮ ਦਾ ਨਿਵਾਸ ਹੁੰਦਾ ਹੈ। ਜੋ ਮਨੁੱਖ ਗੁਰੂ ਦੀ ਸਿਖਿਆ ਰਾਹੀਂ ਇਸ ਜੁਗਤ ਨੂੰ ਪਛਾਣ ਲੈਂਦਾ ਹੈ, ਉਹ ਬ੍ਰਹਮ ਵਿਚ ਇਸ ਤਰ੍ਹਾਂ ਲੀਨ ਹੋ ਜਾਂਦਾ ਹੈ ਜਿਵੇਂ ਜਲ ਜਲ ਵਿਚ ਮਿਲ ਕੇ ਅਭੇਦਤਾ ਦੀ ਅਵਸਥਾ ਪ੍ਰਾਪਤ ਕਰ ਲੈਂਦਾ ਹੈ— ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ। ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ। ਨਹ ਨਿੰਦਿਆ ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ। ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨੁ ਅਪਮਾਨਾ। ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ। ਕਾਮੁ ਕ੍ਰੋਧੁ ਜਿਹ ਪਰਸੈ ਨਾਹਨਿ ਤਿਹ ਘਟਿ ਬ੍ਰਹਮੁ ਨਿਵਾਸਾ। ਗੁਰਿ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ। (ਗੁ.ਗ੍ਰੰ.633-34)।
ਗੁਰੂ ਨਾਨਕ ਦੇਵ ਨੇ ਸਿਰੀ ਰਾਗ ਵਿਚ ਖ਼ੁਦ ਇਹ ਪ੍ਰਸ਼ਨ ਉਠਾਇਆ ਹੈ ਕਿ ਗਿਆਨੀ ਕਿਹੋ ਜਿਹਾ ਹੁੰਦਾ ਹੈ? ਜਵਾਬ ਵਿਚ ਉਨ੍ਹਾਂ ਨੇ ਖ਼ੁਦ ਹੀ ਕਿਹਾ ਹੈ ਕਿ ਜੋ ਵਿਅਕਤੀ ਆਪਣੇ ਵਾਸਤਵਿਕ ਰੂਪ ਨੂੰ ਪਛਾਣਦਾ ਹੈ ਅਤੇ ਗੁਰੂ ਦੀ ਕ੍ਰਿਪਾ ਦੁਆਰਾ ਬ੍ਰਹਮ-ਵਿਚਾਰ ਵਿਚ ਲੀਨ ਹੁੰਦਾ ਹੈ, ਉਹ ਗਿਆਨੀ ਹੈ। ਸਪੱਸ਼ਟ ਹੈ ਕਿ ਜੋ ਪਰਮ-ਤੱਤ੍ਵ ਦਾ ਗਿਆਨ ਪ੍ਰਾਪਤ ਕਰ ਲੈਂਦਾ ਹੈ, ਉਹ ‘ਗਿਆਨੀ’ ਹੈ। ਇਥੇ ਗਿਆਨੀ ਅਤੇ ਬ੍ਰਹਮ-ਗਿਆਨੀ ਇਕੋ ਭਾਵ ਦੇ ਵਾਚਕ ਹਨ। ਗੁਰੂ ਜੀ ਅਨੁਸਾਰ—ਪ੍ਰਣਵਤਿ ਨਾਨਕ ਗਿਆਨੀ ਕੈਸਾ ਹੋਇ। ਆਪੁ ਪਛਾਣੈ ਬੂਝੈ ਸੋਇ। ਗੁਰ ਪਰਸਾਦਿ ਕਰੇ ਬੀਚਾਰੁ। ਸੋ ਗਿਆਨੀ ਦਰਗਹ ਪਰਵਾਣੁ। (ਗੁ.ਗ੍ਰੰ.25)।
ਭਲੀ-ਭਾਂਤ ਸਪੱਸ਼ਟ ਹੈ ਕਿ ਗਿਆਨੀ ਅਤੇ ਬ੍ਰਹਮ -ਗਿਆਨੀ ਸਮਾਨਾਰਥਕ ਸ਼ਬਦ ਹਨ। ਗਿਆਨੀ ਹੀ ਮੁਕਤ ਸ਼ਖ਼ਸੀਅਤ ਹੈ। ਗੁਰਬਾਣੀ ਵਿਚ ਮੁਕਤ ਅਵਸਥਾ ਮਰਨ ਉਪਰੰਤ ਪ੍ਰਾਪਤ ਹੋਣ ਵਾਲੀ ਕੋਈ ਵਸਤੂ ਨਹੀਂ, ਸਗੋਂ ਜੀਵਨ ਦੌਰਾਨ ਹੀ ਇਹ ਪ੍ਰਾਪਤ ਹੋ ਸਕਦੀ ਹੈ। ਇਸ ਨੂੰ ਜੀਵਨ- ਮੁਕਤ ਅਵਸਥਾ ਕਿਹਾ ਗਿਆ ਹੈ। ਮਨੁੱਖ ਦੇ ਹਿਰਦੇ ਵਿਚ ਸਦਾ ਰੱਬ ਵਸਦਾ ਹੈ। ਮਾਇਆ ਦੇ ਪ੍ਰਭਾਵ ਕਾਰਣ ਇਸ ਵਾਸਤਵਿਕਤਾ ਨੂੰ ਅਸੀਂ ਸਮਝ ਨਹੀਂ ਸਕਦੇ। ਜਦੋਂ ਗੁਰੂ ਦੀ ਕ੍ਰਿਪਾ ਨਾਲ ਮਨੁੱਖ ਮਾਇਆ ਦੇ ਪ੍ਰਭਾਵ ਨੂੰ ਕਟ ਦਿੰਦਾ ਹੈ, ਤਾਂ ਅੰਦਰ ਵਸਦੀ ਵਸਤੂ ਸਪੱਸ਼ਟ ਹੋ ਜਾਂਦੀ ਹੈ। ਅੰਦਰ ਵਸਦੀ ਪਰਮ-ਸੱਤਾ ਦਾ ਬੋਧ ਹੋ ਜਾਣ’ਤੇ ਮਨੁੱਖ ਸੰਸਾਰਿਕ ਪ੍ਰਪੰਚ ਤੋਂ ਬੇਲਾਗ ਹੋ ਜਾਂਦਾ ਹੈ। ਇਹੀ ਜੀਵਨ-ਮੁਕਤ ਅਵਸਥਾ ਹੈ। ਇਸ ਤਰ੍ਹਾਂ ਮੁਕਤ ਅਵਸਥਾ ਅਸਲੋਂ ਪ੍ਰਾਪਤੀ ਦੀ ਹੀ ਪੁਨਰ-ਪ੍ਰਾਪਤੀ ਹੈ। ਸੁਖਮਨੀ ਸਾਹਿਬ ਵਿਚ ਗੁਰੂ ਅਰਜਨ ਦੇਵ ਨੇ ਜੀਵਨ-ਮੁਕਤ ਵਿਅਕਤੀ ਦੇ ਜੋ ਲੱਛਣ ਦਸੇ ਹਨ, ਉਹ ਬ੍ਰਹਮ-ਗਿਆਨੀ ਦੇ ਲੱਛਣਾਂ ਨਾਲ ਸਮਾਨਤਾ ਰਖਦੇ ਹਨ। ਪਰਮਾਤਮਾ ਦੀ ਰਜ਼ਾ ਵਿਚ ਯਕੀਨ ਰਖਣ ਵਾਲਾ, ਖ਼ੁਸ਼ੀ ਅਤੇ ਗ਼ਮੀ ਨੂੰ ਇਕ ਸਮਾਨ ਸਮਝਣ ਵਾਲਾ, ਸੋਨੇ ਅਤੇ ਮਿੱਟੀ, ਅੰਮ੍ਰਿਤ ਅਤੇ ਵਿਸ਼ , ਮਾਨ ਅਤੇ ਅਪਮਾਨ, ਬਾਦਸ਼ਾਹ ਅਤੇ ਕੰਗਾਲ ਵਿਚ ਅੰਤਰ ਨ ਕਰਨ ਵਾਲਾ ਵਿਅਕਤੀ ਹੀ ਜੀਵਨ-ਮੁਕਤ ਹੈ।
ਮਲਾਰ ਰਾਗ ਵਿਚ ਗੁਰੂ ਅਮਰਦਾਸ ਨੇ ਗੁਰਮੁਖ ਦੇ ਜੋ ਲੱਛਣ ਦਸੇ ਹਨ, ਉਨ੍ਹਾਂ ਨਾਲ ਵੀ ਬ੍ਰਹਮ-ਗਿਆਨੀ ਦੇ ਲੱਛਣਾਂ ਦੀ ਸਮਾਨਤਾ ਹੈ। ਉਸ ਦਾ ਸਰੂਪ ਵੀ ਜੀਵਨ- ਮੁਕਤ ਵਾਲਾ ਹੈ—ਗੁਰਮੁਖਿ ਨਾਮਿ ਰਤੇ ਸੇ ਉਧਰੇ ਗੁਰ ਕਾ ਸਬਦੁ ਵੀਚਾਰਿ। ਜੀਵਨ ਮੁਕਤਿ ਹਰਿ ਨਾਮੁ ਧਿਆਇਆ ਹਰਿ ਰਾਖਿਆ ਉਰਿ ਧਾਰਿ। ਮਨੁ ਤਨੁ ਨਿਰਮਲੁ ਨਿਰਮਲ ਮਤਿ ਊਤਮ ਊਤਮ ਬਾਣੀ ਹੋਈ। ਏਕੋ ਪੁਰਖੁ ਏਕੁ ਪ੍ਰਭੁ ਜਾਤਾ ਦੂਜਾ ਅਵਰੁ ਨ ਕੋਈ। (ਗੁ.ਗ੍ਰੰ.1259)।
ਗੁਰੂ ਅਰਜਨ ਦੇਵ ਨੇ ‘ਸੁਖਮਨੀ’ ਬਾਣੀ ਵਿਚ ਸਾਧ ਅਤੇ ਸੰਤ ਦੇ ਵੀ ਜੋ ਲੱਛਣ ਦਸੇ ਹਨ, ਉਨ੍ਹਾਂ ਦੀ ਵੀ ਬ੍ਰਹਮ-ਗਿਆਨੀ ਦੇ ਲੱਛਣਾਂ ਨਾਲ ਸਮਾਨਤਾ ਸਪੱਸ਼ਟ ਹੁੰਦੀ ਹੈ ਅਤੇ ਉਨ੍ਹਾਂ ਦੀ ਪਰਮਾਤਮਾ ਨਾਲ ਵੀ ਇਕਮਿਕਤਾ ਹੈ—ਸਾਧ ਕੀ ਸੋਭਾ ਸਾਧ ਬਨਿ ਆਈ। ਨਾਨਕ ਸਾਧ ਪ੍ਰਭ ਭੇਦੁ ਨ ਭਾਈ। (ਗੁ.ਗ੍ਰੰ.272)। ਇਸ ਤਰ੍ਹਾਂ ਸਿੱਧ ਹੈ ਕਿ ਗੁਰਬਾਣੀ ਵਿਚ ਬ੍ਰਹਮ-ਗਿਆਨੀ, ਗਿਆਨੀ, ਸਾਧ-ਸੰਤ, ਜੀਵਨ-ਮੁਕਤ, ਗੁਰਮੁਖ ਆਦਿ ਪ੍ਰਯਾਯਵਾਚੀ ਸ਼ਬਦ ਹਨ ਅਤੇ ਇਹ ਸਾਰੇ ਉਸ ਸਾਧਕ ਦੇ ਲਖਾਇਕ ਹਨ ਜੋ ਸੰਸਾਰ ਵਿਚ ਵਿਚਰਦਾ ਹੋਇਆ ਸੰਸਾਰਿਕਤਾ ਦੇ ਪ੍ਰਭਾਵ ਤੋਂ ਬਿਲਕੁਲ ਬੇਲਾਗ ਹੋ ਕੇ ਹਰਿ ਦੇ ਧਿਆਨ ਵਿਚ ਮਗਨ ਰਹਿੰਦਾ ਹੈ ਅਤੇ ਇਹੀ ਗੁਰਬਾਣੀ ਦਾ ਆਦਰਸ਼ ਮਨੁੱਖ ਹੈ।
ਸੰਖੇਪ ਵਿਚ ਕਿਹਾ ਜਾ ਸਕਦਾ ਹੈ ਕਿ ਬ੍ਰਹਮ- ਗਿਆਨੀ ਬ੍ਰਹਮ ਦਾ ਵਾਸਤਵਿਕ ਬੋਧ ਪ੍ਰਾਪਤ ਕਰਨ ਵਾਲਾ ਇਕ ਅਜਿਹਾ ਵਿਅਕਤਿਤ੍ਵ ਹੈ ਜਿਸ ਵਿਚ ਸਾਰੀਆਂ ਬ੍ਰਹਮੀ ਸ਼ਕਤੀਆਂ ਮੌਜੂਦ ਹਨ। ਉਹ ਬ੍ਰਹਮ-ਰੂਪ ਹੈ ਅਤੇ ਅਜਿਹਾ ਹੋਣ ਕਾਰਣ ਉਹ ਬ੍ਰਹਮ ਜਿਤਨਾ ਹੀ ਸਮਰਥ ਹੈ—ਬ੍ਰਹਮ ਗਿਆਨੀ ਕਾ ਸਗਲ ਅਕਾਰੁ। ਬ੍ਰਹਮ ਗਿਆਨੀ ਆਪਿ ਨਿਰੰਕਾਰੁ। ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ। ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ। (ਗੁ.ਗ੍ਰੰ. 273-74)।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4941, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First