ਬੰਗਲਾਦੇਸ਼ ਦੇ ਗੁਰੂ-ਧਾਮ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਬੰਗਲਾਦੇਸ਼ ਦੇ ਗੁਰੂ-ਧਾਮ: ਭਾਰਤ ਦੇਸ਼ ਨੂੰ ਆਜ਼ਾਦੀ ਮਿਲਣ ਵੇਲੇ ਪਹਿਲਾਂ ਬੰਗਾਲ ਪ੍ਰਾਂਤ ਨੂੰ ਦੋ ਭਾਗਾਂ ਵਿਚ ਵੰਡ ਕੇ ਇਸ ਨੂੰ ਪੂਰਬੀ ਪਾਕਿਸਤਾਨ ਬਣਾਇਆ ਗਿਆ ਅਤੇ ਸੰਨ 1971 ਈ. ਦੇ ਸਾਕੇ ਤੋਂ ਬਾਦ ਇਹ ‘ਬੰਗਲਾ ਦੇਸ਼’ ਦੇ ਨਾਂ ਨਾਲ ਸੁਤੰਤਰ ਰਾਸ਼ਟਰ ਬਣ ਗਿਆ। ਇਸ ਖੇਤਰ ਵਿਚ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਨੇ ਚਰਣ ਪਾਏ ਸਨ। ਇਥੋਂ ਦੇ ਗੁਰੂ-ਧਾਮ ਪੰਥ ਤੋਂ ਵਿਛੜ ਜਾਣ ਕਾਰਣ ਅਣਗੌਲੇ ਹੋ ਗਏ ਅਤੇ ਇਮਾਰਤਾਂ ਦੀ ਸਥਿਤੀ ਵੀ ਚਿੰਤਾ-ਜਨਕ ਹੋਣ ਲਗ ਗਈ। ਇਸ ਸਥਿਤੀ ਦਾ ਜਾਇਜ਼ਾ ਲੈਣ ਲਈ ਸੰਨ 2002 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਟੀਮ ਭੇਜੀ ਜਿਸ ਨੇ ਆਪਣੀ ਰਿਪੋਰਟ ਵਿਚ ਦਸਿਆ ਕਿ ਇਥੋਂ ਦੇ ਕਈ ਗੁਰਦੁਆਰਾ ਸਾਹਿਬਾਨ ਦੀਆਂ ਇਮਾਰਤਾਂ’ਤੇ ਉਥੋਂ ਦੇ ਸਥਾਨਕ ਲੋਕਾਂ ਨੇ ਕਬਜ਼ਾ ਕਰ ਰਖਿਆ ਹੈ, ਗੁਰਦੁਆਰਾ ਸਾਹਿਬਾਨ ਦੀ ਲੱਖਾਂ ਕਰੋੜਾਂ ਰੁਪਿਆਂ ਦੀ ਜਾਇਦਾਦ ਦੀ ਸਾਂਭ ਸੰਭਾਲ ਕਰਨ ਵਾਲਾ ਕੋਈ ਨ ਹੋਣ ਕਾਰਣ ਇਹ ਜਾਇਦਾਦ ਲਾਵਾਰਿਸ ਪਈ ਹੈ। ਗੁਰਦੁਅਰਾ ਸਾਹਿਬਾਨ ਦੀਆਂ ਇਮਾਰਤਾਂ ਬੰਦ ਹੋਣ ਕਾਰਣ ਇਥੇ ਬਹੁਤੇ ਗੁਰਦੁਆਰਿਆਂ ਵਿਚ ਨ ਤਾਂ ਪ੍ਰਕਾਸ਼ ਕੀਤਾ ਜਾਂਦਾ ਹੈ ਅਤੇ ਨ ਹੀ ਕੋਈ ਮਰਿਆਦਾ ਹੈ। ਗੁਰਦੁਆਰਾ ਸਾਹਿਬਾਨ ਦੀਆਂ ਇਮਾਰਤਾਂ ਖ਼ਸਤਾ ਹਾਲਤ ਵਿਚ ਹਨ ਅਤੇ ਜੇਕਰ ਸਮੇਂ ਸਿਰ ਇਨ੍ਹਾਂ ਦੀ ਸਾਰ ਨ ਲਈ ਗਈ ਤਾਂ ਇਹ ਇਤਿਹਾਸ ਦੇ ਪੰਨਿਆਂ ਦਾ ਹਿੱਸਾ ਬਣ ਕੇ ਰਹਿ ਜਾਣਗੇ।

ਇਥੋਂ ਦੇ ਕੁਝ ਇਤਿਹਾਸਿਕ ਗੁਰੂ-ਧਾਮਾਂ ਦੀ ਸਥਿਤੀ ਉਤੇ ਪ੍ਰਕਾਸ਼ ਪਾਉਂਦੇ ਹੋਇਆਂ ਟੀਮ ਨੇ ਲਿਖਿਆ ਹੈ ਕਿ ਗੁਰਦੁਆਰਾ ਨਾਨਕਸ਼ਾਹੀ ਢਾਕਾ ਜੋ ਕਿ ਢਾਕਾ ਯੂਨੀਵਰਸਿਟੀ ਦੇ ਨੇੜੇ ਹੈ, ਪਹਿਲੀ ਪਾਤਿਸ਼ਾਹੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਹੈ, ਇਤਿਹਾਸ ਮੁਤਾਬਕ ਗੁਰੂ ਸਾਹਿਬ ਉਦਾਸੀ ਸਮੇਂ ਇਸ ਖੇਤਰ ਵਿਚ ਗਏ ਸਨ। ਹੁਣ ਇਥੇ ਕਰੀਬ ਪੌਣੇ ਏਕੜ ਰਕਬੇ ਵਿਚ ਗੁਰਦੁਆਰਾ ਸਾਹਿਬ ਦੀ ਇਮਾਰਤ ਬਣੀ ਹੋਈ ਹੈ। ਇਸ ਗੁਰਦੁਆਰੇ ਨੂੰ ਬੰਗਲਾਦੇਸ਼ ਗੁਰਦੁਆਰਾ ਮੈਨੇਜਮੈਂਟ ਬੋਰਡ ਵਲੋਂ ਭੇਜੇ ਗਏ ਗ੍ਰੰਥੀ ਸਿੰਘ ਤੇ ਮੈਨੇਜਰ ਸੰਭਾਲ ਰਹੇ ਹਨ। ਇਥੇ ਹਫ਼ਤਾਵਾਰੀ ਦੀਵਾਨ ਸਜਾਏ ਜਾਂਦੇ ਹਨ। ਸਮੁੱਚੇ ਬੰਗਲਾ ਦੇਸ਼ ਵਿਚ ਕੋਈ ਵੀ ਸਿੱਖ ਨਹੀਂ ਹੈ ਪਰ ਕੁਝ ਸਿੱਖ ਜੋ ਵਖ ਵਖ ਮਹਿਕਮਿਆਂ ਰਾਹੀਂ ਇਥੇ ਨੌਕਰੀ’ਤੇ ਤਾਇਨਾਤ ਹਨ ਇਨ੍ਹਾਂ ਧਾਰਿਮਕ ਗਤਿਵਿਧੀਆਂ ਵਿਚ ਹਿੱਸਾ ਲੈਂਦੇ ਹਨ। ਇਨ੍ਹਾਂ ਤੋਂ ਇਲਾਵਾ ਕੁਝ ਹਿੰਦੂ ਬੰਗਾਲੀ ਪਰਿਵਾਰ ਤੇ ਕੁਝ ਪੰਜਾਬੀ ਪਰਿਵਾਰ ਜੋ ਬਿਜ਼ਨਸ ਦੇ ਮਾਮਲੇ ਵਿਚ ਉਥੇ ਹਨ, ਇਸ ਵਿਚ ਸ਼ਮੂਲੀਅਤ ਕਰਦੇ ਹਨ। ਇਸ ਗੁਰਦੁਆਰੇ ਦੀ ਇਮਾਰਤ ਠੀਕ ਹੈ, ਲੰਗਰ ਤੇ ਰਿਹਾਇਸ਼ ਦਾ ਪ੍ਰਬੰਧ ਵੀ ਹੈ। ਜਦ ਕਦੇ ਬਾਹਰਲੇ ਦੇਸ਼ਾਂ ਤੋਂ ਪੰਜਾਬੀ ਇਸ ਮੁਲਕ ਵਿਚ ਆਉਂਦੇ ਹਨ ਤਾਂ ਉਹ ਇਸ ਗੁਰਦੁਆਰੇ ਦੇ ਦਰਸ਼ਨ ਲਈ ਆ ਜਾਂਦੇ ਹਨ।

ਗੁਰਦੁਆਰਾ ਸੰਗਤ ਟੋਲਾ ਢਾਕਾ ਸ਼ਹਿਰ ਦੇ ਅੰਦਲੂਨੀ ਹਿੱਸੇ ਵਿਚ ਹੈ ਅਤੇ ਇਹ ਗੁਰਦੁਆਰਾ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਸੰਬੰਧਿਤ ਹੈ। ਆਸਾਮ ਜਾਣ ਤੋਂ ਪਹਿਲਾਂ , ਗੁਰੂ ਜੀ ਇਥੇ ਹੀ ਠਹਿਰੇ ਸਨ ਅਤੇ ਨਾਲ ਲਗਦੇ ਇਲਾਕਿਆਂ ਵਿਚ ਸੰਗਤਾਂ ਕਾਇਮ ਕੀਤੀਆਂ ਸਨ। ਸਿੱਖ ਇਤਿਹਾਸ ਮੁਤਾਬਕ ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦੀ ਖ਼ਬਰ ਇਥੇ ਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਿਲੀ ਸੀ। ਇਹ ਜਗ੍ਹਾ ਗੁਰੂਘਰ ਦੇ ਸ਼ਰਧਾਲੂ ਬਲਾਕੀ ਰਾਮ ਦਾ ਘਰ ਸੀ। ਇਸ ਜਗ੍ਹਾ’ਤੇ ਸੁਸ਼ੋਭਿਤ ਗੁਰਦੁਆਰੇ ਵਿਚ ਗੁਰੂ ਗ੍ਰੰਥ ਸਾਹਿਬ ਦਾ ਇਕ ਪੁਰਾਤਨ ਹੱਥ-ਲਿਖਿਤ ਸਰੂਪ ਅਤੇ ਇਕ ਖੜਾਵਾਂ ਦਾ ਜੋੜਾ ਮੌਜੂਦ ਹਨ, ਜਿਨ੍ਹਾਂ ਨੂੰ ਹੁਣ ਗੁਰਦੁਆਰਾ ਦੀ ਖਸਤਾ ਹਾਲਤ ਇਮਾਰਤ ਹੋਣ ਕਾਰਣ ਗੁਰਦੁਆਰਾ ਨਾਨਕਸ਼ਾਹੀ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ। ਇਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਾਂ ਹੈ ਪਰ ਗ੍ਰੰਥੀ ਨਹੀਂ ਹੈ। ਇਕ ਗ੍ਰੰਥੀ ਦਿਨ ਵਿਚ ਇਕ ਵਾਰ ਜਾ ਕੇ ਸੁਖਮਨੀ ਸਾਹਿਬ ਦਾ ਪਾਠ ਕਰਕੇ ਵਾਪਸ ਆ ਜਾਂਦਾ ਹੈ।

            ਗੁਰਦੁਆਰਾ ਸਿੱਖ ਟੈਂਪਲ ਚੌਕ ਬਾਜ਼ਾਰ ਚਿਟਗਾਂਗ ਵਿਚ ਹੈ, ਜੋ 1939 ਨੂੰ ਉਸਾਰਿਆ ਗਿਆ। ਇਹ ਗੁਰਦੁਆਰਾ ਭਾਈ ਬਾਲੇ ਦੀ ਸਾਖੀ ਮੁਤਾਬਕ ਗੁਰੂ ਨਾਨਕ ਦੇਵ ਜੀ ਦੇ ਉਦਾਸੀ ਦੇ ਇਤਿਹਾਸ ਨਾਲ ਜੁੜਿਆ ਹੈ। ਪਹਿਲਾਂ ਇਥੇ ਗ੍ਰੰਥੀ ਸਿੰਘ ਸੇਵਾ ਕਰਦੇ ਰਹੇ ਹਨ ਪਰ ਹੁਣ ਬੋਰਡ ਕੋਲ ਗ੍ਰੰਥੀ ਸਿੰਘਾਂ ਦੀ ਘਾਟ ਹੋਣ ਕਾਰਣ ਇਥੇ ਜਿੰਦਰਾ ਵਜਾ ਹੋਇਆ ਹੈ। ਕੁਝ ਲੋਕਾਂ ਨੇ ਝੌਂਪੜੀਆਂ ਬਣਾ ਲਈਆਂ ਹਨ। ਇਸ ਗੁਰਦੁਆਰਾ ਸਾਹਿਬ ਦੀ ਜਾਇਦਾਦ ਨੂੰ ਵੀ ਹੜੱਪਣ ਦੇ ਯਤਨ ਕੀਤੇ ਜਾ ਰਹੇ ਹਨ।

ਇਨ੍ਹਾਂ ਗੁਰੂ-ਧਾਮਾਂ ਵਿਚ ਸੁਰਖਿਅਤ ਬਹੁਤ ਸਾਰੀਆਂ ਯਾਦਗਾਰੀਆਂ ਵਸਤੂਆਂ, ਬੀੜਾਂ ਅਤੇ ਹੁਕਮਨਾਮਿਆਂ ਦੀ ਹੁਣ ਕੁਝ ਵੀ ਖ਼ੋਜ-ਖ਼ਬਰ ਨਹੀਂ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1488, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.