ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ (ਕਾਵਿ): ਕੇਸਰ ਸਿੰਘ ਛਿੱਬਰ ਦੀ ਲਿਖੀ ਇਹ ਰਚਨਾ ਸਿੱਖ ਇਤਿਹਾਸ ਦਾ ਇਕ ਬਹੁ-ਚਰਚਿਤ ਗ੍ਰੰਥ ਹੈ। ਇਸ ਵਿਚ ਕੁਲ ਚੌਦਾਂ ਚਰਣ ਹਨ ਅਤੇ ਕਵਿਤਾ ਦਾ ਪੱਧਰ ਅਤਿ ਸਾਧਾਰਣ ਹੈ। ਪਹਿਲੇ ਦਸਾਂ ਵਿਚ ਦਸ ਗੁਰੂ ਸਾਹਿਬਾਨ ਦਾ ਬ੍ਰਿੱਤਾਂਤ ਹੈ। ਗਿਆਰ੍ਹਵੇਂ ਵਿਚ ਬੰਦਾ ਬਹਾਦਰ ਦੇ ਕਾਰਨਾਮਿਆਂ ਉਤੇ ਝਾਤ ਪਾਈ ਗਈ ਹੈ। ਬਾਰ੍ਹਵੇਂ ਵਿਚ ਬਾਬਾ ਜੀਤ ਸਿੰਘ ਦਾ ਅਤੇ ਤੇਰ੍ਹਵੇਂ ਵਿਚ ਮਾਤਾ ਸਾਹਿਬ ਦੇਵੀ ਦਾ ਵਿਵਰਣ ਦਿੱਤਾ ਗਿਆ ਹੈ। ਚੌਦਵੇਂ ਚਰਣ ਵਿਚ ਸਮਕਾਲੀ ਸਿੱਖਾਂ ਦੀ ਸਥਿਤੀ ਉਤੇ ਝਾਤ ਪਾਈ ਗਈ ਹੈ। ਇਸ ਦਾ ਦਸਵਾਂ ਚਰਣ ਸਭ ਤੋਂ ਵੱਡਾ (737 ਪਦ) ਅਤੇ ਸੱਤਵਾਂ ਸਭ ਤੋਂ ਛੋਟਾ (18 ਪਦ) ਹੈ। ਕੁਲ ਪਦ-ਸੰਖਿਆ 2563 ਹੈ। ਇਸ ਦੀ ਮੁੱਢਲੀ ਉਕਤੀ ਵਿਚ ਇਸ ਦਾ ਨਾਂ ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’ ਲਿਖਿਆ ਹੈ, ਪਰ 14ਵੇਂ ਚਰਣ (ਛੰਦਾਂਕ 399) ਵਿਚ ਇਸ ਨੂੰ ‘ਕੁਰਸੀਨਾਮਾ’ ਵੀ ਕਿਹਾ ਗਿਆ ਹੈ। ਇਸ ਦੀ ਰਚਨਾ ਅੰਦਰਲੀ ਗਵਾਹੀ ਅਨੁਸਾਰ ਸੰ. 1826 ਬਿ. (1769 ਈ.) ਵਿਚ ਹੋਈ ਸੀ

ਉਂਜ ਤਾਂ ਭਾਵੇਂ ਇਸ ਵਿਚ ਕਈ ਮਹੱਤਵਪੂਰਣ ਗੱਲਾਂ ਕਹੀਆਂ ਗਈਆਂ ਹਨ, ਪਰ ਦੋ ਵਿਸ਼ੇਸ਼ ਉੱਲੇਖਯੋਗ ਹਨ। ਇਕ ਇਹ ਕਿ ਇਸ ਵਿਚ ਘਟਨਾਵਾਂ ਨਾਲ ਸੰਬੰਧਿਤ ਸੰਨ/ਸੰਮਤ ਬਹੁਤ ਅਧਿਕ ਦਿੱਤੇ ਗਏ ਹਨ। ਕਵੀ ਅਨੁਸਾਰ ਉਸ ਪਾਸ ਗੁਰੂ ਗੋਬਿੰਦ ਸਿੰਘ ਜੀ ਦੇ ਖ਼ਜ਼ਾਨੇ ਦੀ ਇਕ ‘ਵਹੀ ’ ਸੀ ਜਿਸ ਤੋਂ ਉਸ ਨੇ ਸੰਮਤਾਂ ਆਦਿ ਦਾ ਵੇਰਵਾ ਪ੍ਰਾਪਤ ਕੀਤਾ ਸੀ—ਸੋ ਤਿਸ ਦਸਵੇ ਪਾਤਸਾਹ ਦੇ ਖ਼ਰਚ ਖਜਾਨੇ ਦੀ ਵਹੀ ਆਹੀ ਮੇਰੇ ਪਾਸ ਸੰਮਤ ਦਿਨ ਕਛੁ ਉਪਰੋਂ ਦੇਖ ਲਿਖੇ ਤਾਸ (14/189-90)। ਇਨ੍ਹਾਂ ਸੰਮਤਾਂ ਬਾਰੇ ਸਿੱਖ ਸਮਾਜ ਵਿਚ ਦੋ ਮਤ ਪ੍ਰਚਲਿਤ ਹਨ। ਇਕ ਮਤ ਅਨੁਸਾਰ ਇਸ ਵਿਚ ਦਿੱਤੀ ਸਾਮਗ੍ਰੀ ਅਤੇ ਸੰਮਤ ਅਪ੍ਰਮਾਣਿਕ ਹਨ। ਇਸ ਮਤ ਦਾ ਪ੍ਰਮੁਖ ਪ੍ਰਵਕਤਾ ਗਿਆਨੀ ਮਹਾਂ ਸਿੰਘ (ਸੰਪਾਦਕ—‘ਖ਼ਾਲਸਾ ਸਮਾਚਾਰ’) ਹੈ ਜਿਸ ਨੇ ਆਪਣੀ ਪੁਸਤਕ ‘ਪਰਮ ਪਵਿਤ੍ਰ ਆਦਿ ਬੀੜ ਦਾ ਸੰਕਲਨ -ਕਾਲ’ ਵਿਚ ਇਸ ਦੇ ਸੰਮਤਾਂ ਨੂੰ ਸੰਦਿਗਧ ਦਸਿਆ ਹੈ। ਦੂਜੇ ਮਤ ਵਾਲੇ ਇਸ ਦੇ ਸੰਮਤਾਂ ਨੂੰ ਪ੍ਰਮਾਣਿਕ ਮੰਨਦੇ ਹੋਇਆਂ ਆਪਣੇ ਵਿਚਾਰਾਂ ਦੀ ਪੁਸ਼ਟੀ ਲਈ ਪੇਸ਼ ਕਰਦੇ ਹਨ। ਇਨ੍ਹਾਂ ਵਿਚ ਭਾਈ ਰਣਧੀਰ ਸਿੰਘ (ਗੁਰਦੁਆਰਾ ਇਨਸਪੈਕਟਰ) ਪ੍ਰਮੁਖ ਹੈ। ਉਂਜ ਇਸ ਦੇ ਸੰਮਤਾਂ ਬਾਰੇ ਘੋਖ ਕਰਕੇ ਵਸਤੂ-ਸਥਿਤੀ ਸਪੱਸ਼ਟ ਹੋਣੀ ਚਾਹੀਦੀ ਹੈ, ਪਰ ਅਜੇ ਵਿਦਵਾਨਾਂ ਦਾ ਧਿਆਨ ਇਸ ਪਾਸੇ ਵਲ ਨਹੀਂ ਗਿਆ।

ਇਸ ਗ੍ਰੰਥ ਦੀ ਦੂਜੀ ਮਹੱਤਵਪੂਰਣ ਵਿਸ਼ੇਸ਼ਤਾ ਇਹ ਹੈ ਕਿ ਇਹ ਅਜਿਹੀ ਪਹਿਲੀ ਇਤਿਹਾਸ-ਨੁਮਾ ਰਚਨਾ ਹੈ ਜਿਸ ਵਿਚ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਦੀ ਲੋੜ ਅਤੇ ਇਸ ਸੰਬੰਧ ਵਿਚ ਕੀਤੀ ਗਈ ਕਾਰਵਾਈ ਬਾਰੇ ਚਾਨਣਾ ਪਾਇਆ ਗਿਆ ਹੈ। ਇਸ ਵਿਚਲਾ ਆਵੱਸ਼ਕ ਸੰਦਰਭ ਇਸ ਪ੍ਰਕਾਰ ਹੈ—

            ਸੰਮਤੁ ਸੋਲਾਂ ਸੈ ਸਤਿਵੰਜਾ ਗਏ ਰਬਾਬੀ ਆਏ ਕਢੇ ਹੋਏ ਸੋ ਉਨ੍ਹਾਂ ਨੂੰ ਮਿਲਦੇ ਭਏ੮੬ ਮਿਹਰਬਾਨ ਪੁਤੁ ਪ੍ਰਿਥੀਏ ਦਾ ਕਬੀਸਰੀ ਕਰੇ ਪਾਰਸੀ ਹਿੰਦਵੀ ਸਹਸਕ੍ਰਿਤ ਨਾਲ ਗੁਰਮੁਖੀ ਪੜ੍ਹੇ ਤਿਨ ਭੀ ਬਾਣੀ ਬਹੁਤ ਬਣਾਈ ਭੋਗੁ ਗੁਰੂ ਨਾਨਕ ਜੀ ਦਾ ਹੀ ਪਾਈ੮੭ ਡੂਮ ਲਗੇ ਸਬਦ ਮੀਣਿਆ ਦੇ ਗਾਵਨਿ ਦੂਯਾ ਦਰਬਾਰ ਵਡਾ ਗੁਰਿਆਈ ਦਾ ਲਗੇ ਬਣਾਵਨਿ ਮੀਣਿਆ ਭੀ ਪੁਸਤਕ ਇਕ ਗ੍ਰੰਥ ਬਣਾਇਆ ਚਹੁੰ ਪਾਤਿਸਾਹੀਆ ਦੀ ਸਬਦ ਬਾਣੀ ਲਿਖਿ ਵਿਚਿ ਪਾਇਆ੮੮...

ਇਥੇ ਸਬਦ ਕੀਰਤਨ ਕਰਨ ਸਿਖ ਡੂਮ ਰਬਾਬੀ ਅਤੇ ਕਢੇ ਹੋਏ ਉਨਾਂ ਲਏ ਰਖ ਇਥੇ ਕਿਸੇ ਸਿਖ ਸਬਦ ਮਿਹਰਬਾਨ ਦਾ ਕੀਰਤਨ ਵਿਚਿ ਪੜਿਆ ਸੋ ਸਰਵਣੀ ਗੁਰੂ ਅਰਜਨੁ ਜੀ ਕੀ ਪਰਿਆ੯੨ ਬਚਨ ਕੀਤਾ ਭਾਈ ਗੁਰਦਾਸ ਗੁਰੂ ਦੀ ਬਾਣੀ ਜੁਦਾ ਕਰੀਏ ਮੀਣੇ ਪਾਂਦੇ ਨੀ ਰਲਾ ਸੇ ਵਿਚਿ ਰਲਾ ਧਰੀਏ ਸੋ ਸਾਹਿਬ ਬਾਣੀ ਉਚਾਰੁ ਅਗੇ ਹੀ ਕਰਤ ਸੇ ਭਏ ਸੋ ਭਾਈ ਗੁਰਦਾਸ ਸਭ ਇਕਤਰ ਕਰ ਲਏ੯੩ (ਚਰਣ ਪੰਜਵਾਂ)

ਗ੍ਰੰਥ ਸਾਹਿਬ ਜੀ ਨੇ ਸੰਮਤੁ ਸੁਲਾ ਸੌ ਅਠਵੰਜਵੇ ਜਨਮੁ ਹੈ ਧਾਰਾ ਗੁਰੂ ਅਰਜਨ ਜੀ ਕੇ ਧਾਮ ਖਿਡਾਵਾ ਭਾਈ ਗੁਰਦਾਸ ਭਲਾ ਲਿਖਾਰਾ੧੩੫

ਸੰਮਤੁ ਸੋਲਾ ਸੈ ਅਠਵੰਜਾ ਸੇ ਗਏ ਤਬ ਆਦਿ ਗ੍ਰੰਥ ਜੀ ਜਨਮੁ ਲਏ ਗੁਰੂ ਅਰਜਨ ਜੀ ਕੇ ਧਾਮ ਗ੍ਰੰਥ ਸਾਹਿਬ ਜਨਮੁ ਹੈ ਧਾਰਾ ਦਾਇਆ ਸੀ ਭਾਈ ਗੁਰਦਾਸ ਲਿਖਾਰੀ ਖਿਡਾਵਣਹਾਰਾ੨੬੬ ਛੋਟਾ ਗ੍ਰੰਥ ਜੀ ਜਨਮੇ ਦਸਵੇ ਪਾਤਸਾਹ ਕੇ ਧਾਮ ਸੰਮਤੁ ਸਤਾਰਾ ਸੈ ਪਜਵੰਝਾ ਬਹੁਤ ਖਿਡਾਵੇ ਲਿਖਾਰੇ ਨਾਮ ਸਾਹਿਬ ਨੂੰ ਸੀ ਪਿਆਰਾ ਅਪਨੀ ਹਥੀ ਲਿਖਿਆ ਖਿਡਾਇਆ ਸਿਖਾ ਕੀਤੀ ਅਰਦਾਸੁ ਜੀ ਅਗਲੇ ਨਾਲਿ ਚਾਹੀਏ ਰਲਾਇਆ੨੬੭ ਬਚਨ ਕੀਤਾ ਗ੍ਰੰਥ ਸਾਹਿਬ ਹੈ ਓਹੁ ਏਹ ਅਸਾਡੀ ਹੈ ਖੇਡੁ ਨਾਲ ਮਿਲਾਇਆ ਆਹਾ ਪਿਆਰਾ ਕਉਨ ਜਾਣ ਭੇਦ੨੬੮ (ਚਰਣ ਚੌਦਵਾਂ)

ਉਪਰੋਕਤ ਟੂਕਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਮੀਣਿਆਂ ਵਲੋਂ ਰਚੀ ਜਾ ਰਹੀ ਬਾਣੀ ਤੋਂ ਗੁਰਬਾਣੀ ਨੂੰ ਸ਼ੁੱਧ ਰਖਣ ਲਈ ਗ੍ਰੰਥ ਸਾਹਿਬ ਦੇ ਸੰਕਲਨ ਦੀ ਯੋਜਨਾ ਬਣਾਈ ਸੀ। ਇਥੇ ਬਾਬੇ ਮੋਹਨ ਵਾਲੀਆਂ ਪੋਥੀਆਂ ਦਾ ਜ਼ਿਕਰ ਨਹੀਂ ਹੈ, ਹਾਂ ਬਾਬਾ ਮੋਹਨ ਅਤੇ ਗੁਰੂ ਅਰਜਨ ਦੇਵ ਜੀ ਦੇ ਅਤਿਅਧਿਕ ਪ੍ਰੇਮ ਦੀ ਗੱਲ ਜ਼ਰੂਰ ਕਹੀ ਗਈ ਹੈ। ਉਸੇ ਪ੍ਰੇਮ ਨਾਤੇ ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ... ਵਾਲਾ ਸ਼ਬਦ ਉਚਾਰਿਆ ਦਸਿਆ ਗਿਆ ਹੈ, ਨ ਕਿ ਪੋਥੀਆਂ ਪ੍ਰਾਪਤ ਕਰਨ ਲਈ। ਚੌਦਵੇਂ ਚਰਣ ਵਿਚ ਗੁਰੂ ਗ੍ਰੰਥ ਦੇ ਸੰਕਲਨ ਦਾ ਸੰਨ 1601 ਈ. (ਸੰਮਤ 1658 ਬਿ.) ਦਿੱਤਾ ਹੈ। ਇਸ ਗ੍ਰੰਥ ਨੂੰ ਪਹਿਲੀ ਵਾਰ ਛਿੱਬਰ ਨੇ ‘ਆਦਿ-ਗ੍ਰੰਥ ’ ਅਥਵਾ ‘ਵੱਡਾ ਗ੍ਰੰਥ’ ਕਿਹਾ ਹੈ ਅਤੇ ‘ਦਸਮ-ਗ੍ਰੰਥ ’ ਨੂੰ ‘ਛੋਟਾ ਗ੍ਰੰਥ’ ਦਸਿਆ ਹੈ।

ਚੌਦਵੇਂ ਚਰਣ ਵਿਚ ਗੁਰੂ ਗ੍ਰੰਥ ਸਾਹਿਬ ਦੇ ਮਹੱਤਵ ਅਤੇ ਗੁਰੂ ਗੋਬਿੰਦ ਸਿੰਘ ਜੀ ਵਲੋਂ ਗੁਰਿਆਈ ਪ੍ਰਦਾਨ ਕਰਨ ਬਾਰੇ ਕਈ ਸੰਕੇਤ ਮਿਲਦੇ ਹਨ ਜੋ ਮਹੱਤਵ- ਪੂਰਣ ਇਤਿਹਾਸਿਕ ਦਸਤਾਵੇਜ਼ ਹਨ, ਜਿਵੇਂ—

            ਸੋ ਅਸਾਡਾ ਗੁਰੂ ਗ੍ਰੰਥ ਸਾਹਿਬ ਜੀ ਆਹੇ ਸਿਖ ਸੋਈ ਜੋ ਚਲੇ ਗ੍ਰੰਥ ਸਾਹਿਬ ਦੇ ਕਹੇ...੯੩... ਭਾਈ ਸਿਖੋ ਗ੍ਰੰਥ ਸਾਹਿਬ ਜੀ ਕੇ ਬਚਨ ਪਛਾਨੋ ਅਤੇ ਬਚਨ ਗੁਰੂ ਕੇ ਸਤਿ ਕਰ ਮਾਨੋ...੧੪੨... ਗੁਰੂ ਕਾ ਸਿਖ ਅਪਨਾ ਧਰਮ ਤਿਆਗੇਗਾ ਗੁਰੂ ਕਾ ਸਿਖ ਗ੍ਰੰਥ ਜੀ ਦੇ ਕਹੇ ਲਾਗੇਗਾ...੧੭੩.. ਅਜੇ ਕਲਿਜੁਗ ਹੈ ਨਿਦਾਨ ਅਪਨਾ ਧਰਮ ਨਹੀ ਤਿਆਗਨਾ ਗੁਰੂ ਗ੍ਰੰਥ ਸਾਹਿਬ ਦੇ ਕਹੇ ਲਾਗਨਾ੧੭੪... ਸੁਣੋ ਭਾਈ ਸਿਖੋ ਐਸਾ ਸੰਤ ਬਾਬਾ ਨਾਨਕ ਸਚੁ ਜਾਨੋ ਦਸੇ ਮਹਲ ਇਕ ਬਾਬਾ ਨਾਨਕ ਜੀ ਪਛਾਨੋ ਦਸਵਾ ਪਾਤਸਾਹ ਗਦੀ ਗੁਰਿਆਈ ਦੀ ਗ੍ਰੰਥ ਸਾਹਿਬ ਨੂੰ ਦੇ ਹੈ ਗਇਆ ਅਜੁ ਪ੍ਰਤਖ ਗੁਰੂ ਅਸਾਡਾ ਗ੍ਰੰਥ ਸਾਹਿਬ ਹੈ ਸੋਈ ਗਇਆ ਜੇ ਗ੍ਰੰਥੋ ਗਇਆ ੨੬੪ ਜਿਤਨਾ ਹੋਇ ਆਵੈ ਤਿਤਨਾ ਗ੍ਰੰਥ ਸਾਹਿਬ ਦੇ ਬਚਨ ਕਮਾਣੇ ਬਿਨਾ ਗ੍ਰੰਥ ਕੋਈ ਹੋਰ ਜਾਣੇ ਗ੍ਰੰਥ ਸਾਹਿਬ ਹੈਨਿ ਦੁਇ ਸਕੇ ਭਾਈ ਇਕ ਹੈ ਵਡਾ ਇਕ ਛੋਟਾ ਕਹਾਣੀ੨੬੫


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2661, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.