ਭਗਵਦ ਗੀਤਾ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਭਗਵਦ ਗੀਤਾ : ਇਸ ਨੂੰ ਸ੍ਰੀਮਦ ਭਗਵਤ ਗੀਤਾ ਦੇ ਨਾਉਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਮਹਾਭਾਰਤ ਦੇ ਯੁੱਧ ਵੇਲੇ ਸ੍ਰੀ ਕ੍ਰਿਸ਼ਨ ਜੀ ਦਾ ਅਰਜਨ ਨੂੰ ਆਪਣੇ ਸਬੰਧੀਆਂ ਨਾਲੋਂ ਮੋਹ ਭੰਗ ਕਰਨ ਲਈ ਦਿਤਾ ਉਪਦੇਸ਼ ਸੀ ਇਹ ਭੀਸ਼ਮ ਪਰਵ ਦਾ ਹੀ ਇਕ ਅੰਗ ਹੈ। ਇਸ ਰਚਨਾ ਦੇ 18 ਅਧਿਆਇ ਅਤੇ 700 ਸਲੋਕ ਹਨ। ਇਸ ਦੀ ਰਚਨਾ ਦੇ ਸਮੇਂ ਬਾਰੇ ਵਿਦਵਾਨਾਂ ਦੇ ਵੱਖ-ਵੱਖ ਵਿਚਾਰ ਹਨ। ਪੁਰਾਤਨ ਵਿਸ਼ਵਾਸ ਅਤੇ ਵਿਚਾਰ ਅਨੁਸਾਰ ਇਸ ਦੀ ਰਚਨਾ ਮਹਾਭਾਰਤ ਦੇ ਨਾਲ ਹੋਈ ਮੰਨੀ ਜਾਂਦੀ ਹੈ ਜਦੋਂ ਕਿ ਦੂਜੀ ਧਾਰਨਾ ਅਨੁਸਾਰ ਇਸ ਨੂੰ ਈਸਵੀ ਸੰਨ ਸ਼ੁਰੂ ਹੋਣ ਦੇ ਨੇੜੇ ਤੇੜੇ ਰਚੀ ਹੋਈ ਮੰਨਿਆ ਜਾਂਦਾ ਹੈ।
ਹਿੰਦੂ ਧਰਮ ਵਿਚ ਇਸ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਹੈ ਅਤੇ ਇਸ ਨੂੰ ਪ੍ਰਸਥਾਨਤ੍ਰਈ ਵਿਚੋਂ ਇਕ ਮੰਨਿਆ ਜਾਂਦਾ ਹੈ। ਪ੍ਰਸਥਾਨਤ੍ਰਈ ਵਿਚ ਉਪਨਿਸ਼ਦ, ਬ੍ਰਹਮਸੂਤਰ ਅਤੇ ਗੀਤਾ ਦੀ ਗਿਣਤੀ ਕੀਤੀ ਜਾਂਦੀ ਹੈ। ਇਸ ਨੂੰ ਪੱਛਮੀ ਵਿਦਵਾਨਾਂ ਨੇ ਵੀ ਭਾਰਤੀਆਂ ਵਾਂਗ ਹੀ ਸਲਾਹਿਆ ਹੈ ਅਤੇ ਕਈ ਬਦੇਸ਼ੀ ਭਾਸ਼ਾਵਾਂ ਵਿਚ ਇਸ ਦਾ ਅਨੁਵਾਦ ਹੋ ਚੁੱਕਾ ਹੈ। ਸ਼ੰਕਰਾਚਾਰੀਆ ਅਤੇ ਮੱਧਕਾਲ ਦੇ ਹੋਰ ਅਨੇਕ ਮਹਾਪੁਰਸ਼ਾਂ ਨੇ ਇਸ ਉੱਤੇ ਭਾਸ਼ਯ ਲਿਖ ਕੇ ਆਪਣਾ ਦ੍ਰਿਸ਼ਟੀਕੋਣ ਅਤੇ ਭਾਰਤੀ ਦਰਸ਼ਨ ਪਰੰਪਰਾ ਵਿਚ ਇਸ ਦੀ ਉੱਚਤਾ ਨੂੰ ਉਜਾਗਰ ਕੀਤਾ ਹੈ।
ਇਸ ਅਨੁਸਾਰ ਮੁਕਤੀ ਪ੍ਰਾਪਤ ਕਰਨ ਦੇ ਤਿੰਨ ਪ੍ਰਮੁੱਖ ਸਾਧਨ ਹਨ। ਪਹਿਲਾ ਗਿਆਨ ਮਾਰਗ ਜਿਸ ਦਾ ਉਪਨਿਸ਼ਦਾਂ ਅਤੇ ਸਾਂਖ ਦਰਸ਼ਨ ਵਿਚ ਵਿਸਥਾਰ ਸਹਿਤ ਵਰਣਨ ਹੈ। ਦੂਜਾ ਸਾਧਨ ਕਰਮ ਮਾਰਗ ਹੈ ਜਿਹੜਾ ਪੁਰਾਤਨ ਸਮੇਂ ਤੋਂ ਹੀ ਹਿੰਦੂ ਧਰਮ ਵਿਚ ਪ੍ਰਚਲਿਤ ਸੀ ਪਰ ਗੀਤਾ ਨੇ ਇਸ ਸਬੰਧੀ ਵਿਲੱਖਣ ਸਿਧਾਂਤ ਇਹ ਦਿੱਤਾ ਕਿ ਕੇਵਲ ਨਿਸ਼ਕਾਮ ਕਰਮ ਹੀ ਮੁਕਤੀ ਦਿਵਾ ਸਕਦਾ ਹੈ ਜਦੋਂ ਕਿ ਧਰਮ ਗ੍ਰੰਥਾਂ ਵਿਚ ਬਿਆਨੇ ਕਰਮ ਕੇਵਲ ਥੋੜ੍ਹ ਚਿਰੇ ਸੁਖ ਹੀ ਪ੍ਰਦਾਨ ਕਰ ਸਕਦੇ ਹਨ। ਨਿਸ਼ਕਾਮ ਭਾਵ ਨਾਲ ਕੀਤੀ ਕਰਮ ਵਿਧੀ ਨੂੰ ਕਰਮਯੋਗ ਦਾ ਨਾਂ ਦਿੱਤਾ ਗਿਆ। ਗੀਤਾ ਅਨੁਸਾਰ ਮੋਕਸ਼ ਪ੍ਰਾਪਤ ਕਰਨ ਦਾ ਤੀਜਾ ਸਾਧਨ ਭਗਤੀ ਮਾਰਗ ਹੈ। ਮਨ, ਬਾਣੀ, ਕਰਮ, ਬਿਰਤੀ ਅਤੇ ਚਿੱਤ ਦੀ ਸੰਪੂਰਨ ਇਕਸੁਰਤਾ ਨਾਲ ਪ੍ਰਭੂ ਦਾ ਪ੍ਰੇਮ ਸਹਿਤ ਭਜਨ ਕਰਨਾ ਮੁਕਤੀ ਦਾ ਦਾਤਾ ਹੈ।
ਇਸ ਵਿਚ ਹਿੰਦੂ ਧਰਮ ਦੇ ਪ੍ਰਮੁੱਖ ਸਿਧਾਂਤਾਂ ਨੂੰ ਸੰਖੇਪ ਰੂਪ ਵਿਚ ਦਰਜ ਕਰ ਕੇ ਸਥਿਤੀ ਅਤੇ ਯੁਗ ਦੀ ਨੁਹਾਰ ਅਨੁਸਾਰ ਸੋਧ ਕੀਤੀ ਗਈ ਹੈ ਜਿਸ ਕਾਰਨ ਇਸ ਦਾ ਉਪਦੇਸ਼ ਹਰ ਯੁਗ ਅਤੇ ਹਰ ਸਮੇਂ ਦੇ ਅਨੁਕੂਲ ਹੈ ਅਤੇ ਪ੍ਰਾਚੀਨਤਾ ਵਿਚ ਨਵੀਨਤਾ ਦੇ ਅਹਿਸਾਸ ਕਰਾਉਂਦਾ ਹੈ। ਗੀਤਾ ਵਿਚ ਵਰਣ-ਆਸ਼ਰਮ ਦਾ ਕਿਤੇ ਵੀ ਵਿਰੋਧ ਨਹੀਂ ਪਰ ਹੋਰ ਗ੍ਰੰਥਾਂ ਵਾਂਗ ਮੁਕਤੀ ਪ੍ਰਾਪਤ ਕਰਨ ਦੇ ਅਧਿਕਾਰੀ ਕੇਵਲ ਸੰਨਿਆਸੀਆਂ ਨੂੰ ਨਹੀ ਦੱਸਿਆ ਗਿਆ। ਗੀਤਾ ਅਨੁਸਾਰ ਗ੍ਰਹਿਸਥ ਧਰਮ ਦਾ ਪਾਲਣ ਕਰਨ ਵਾਲੇ ਆਮ ਮਨੁੱਖ ਵੀ ਗਿਆਨ, ਭਗਤੀ ਅਤੇ ਕਰਮ ਯੋਗ ਨਾਲ ਮੁਕਤੀ ਪ੍ਰਾਪਤ ਕਰ ਸਕਦੇ ਹਨ। ਇਸ ਲਈ ਭਗਵਦ ਗੀਤਾ ਪਰੰਪਰਾ ਦਾ ਪਾਲਣ ਕਰਦੀ ਹੋਈ ਵੀ ਯੁੱਗ ਬੋਧ ਅਤੇ ਯੁਗ ਲੋੜ ਦੀ ਪੂਰਤੀ ਕਰਦਿਆਂ ਹਿੰਦੂ ਧਰਮ ਦੇ ਆਧਾਰ ਗ੍ਰੰਥ ਵਜੋਂ ਮਹੱਤਵਪੂਰਨ ਹੋ ਨਿਬੜਦੀ ਹੈ।
ਗੁਰਮਤਿ ਕਾਵਿ ਵਿਚ ਇਸ ਦੇ ਅਨੇਕ ਹਵਾਲੇ ਹਨ। ਭਗਤ ਨਾਮਦੇਵ ਜੀ ਗੋਂਡ ਰਾਗ ਵਿਚ ਫੁਰਮਾਉਂਦੇ ਹਨ :
ਗੁਰਮਤਿ ਰਾਮ ਨਾਮ ਗਹੁ ਮੀਤਾ ‖
ਪ੍ਰਣਵੈ ਨਾਮਾ ਇਉ ਕਹੈ ਗੀਤਾ ‖
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 22, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-12-10-40-42, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.; ਹਿੰ. ਵਿ. ਕੋ. ; ਪੰ. ਸਾ. ਸੰ. ਕੋ.; ਹਿੰ. ਵ.
ਵਿਚਾਰ / ਸੁਝਾਅ
Please Login First