ਭਰਤਰੀ ਹਰੀ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਭਰਤਰੀ ਹਰੀ: ਵਿਆਕਰਨ ਦੇ ਦਾਰਸ਼ਨਿਕ ਚਿੰਤਕ ਅਤੇ ਭਾਰਤੀ ਵਿਆਕਰਨ ਸ਼ਾਸਤਰ ਦੀ ਅੰਤਿਮ ਮੌਲਿਕ ਕ੍ਰਿਤ ਵਾਕਿਆਪਦੀ ਦੇ ਰਚਨਾਕਾਰ ਭਰਤਰੀ ਹਰੀ ਦਾ ਕਾਲ ਪੰਜਵੀਂ ਸ਼ਤਾਬਦੀ ਮੰਨਿਆ ਜਾਂਦਾ ਹੈ। ਮਹਾਭਾਸ਼ ਦੀਪਿਕਾ-ਇਸ ਦਾ ਵਿਆਕਰਨ ਸੰਬੰਧੀ ਦੂਜਾ ਉਪਲਬਧ ਗ੍ਰੰਥ ਹੈ। ਵਾਕ ਅਤੇ ਪਦ ਦੇ ਆਧਾਰ `ਤੇ ਲਿਖੀ ਗਈ ਵਾਕਿਆਪਦੀ ਵਿਆਕਰਨ ਸ਼ਾਸਤਰ ਦੇ ਇਤਿਹਾਸ ਵਿੱਚ ਅਸ਼ਟਾਧਿਆਈ ਅਤੇ ਮਹਾਭਾਸ਼ ਤੋਂ ਬਾਅਦ ਤੀਜਾ ਮਹੱਤਵਪੂਰਨ ਗ੍ਰੰਥ ਸਿੱਧ ਹੋਇਆ ਜਿਸ ਤੋਂ ਵਿਆਕਰਨ ਦੀਆਂ ਸ਼੍ਰੇਣੀਆਂ ਦੇ ਦਾਰਸ਼ਨਿਕ ਆਧਾਰ ਦੇ ਵਿਸ਼ਲੇਸ਼ਣ ਦੀ ਪਰੰਪਰਾ ਸ਼ੁਰੂ ਹੋਈ। ਵਾਕਿਆਪਦੀ ਦੇ ਤਿੰਨ ਕਾਂਡਾਂ ਵਿੱਚ ਕੁੱਲ 1860 ਕਾਰੀਕਾਵਾਂ (ਆਮ ਤੌਰ ਤੇ ਵਿਆਖਿਆ ਅਤੇ ਟਿਪਣੀ ਲਈ ਵਰਤਿਆ ਜਾਣ ਵਾਲਾ ਦੋ ਲਾਈਨਾਂ ਦਾ ਕਾਵਿ-ਰੂਪ) ਹਨ, 156 ਪਹਿਲੇ ਬ੍ਰਹਮਕਾਂਡ ਵਿੱਚ 486 ਦੂਜੇ ਵਾਕ ਕਾਂਡ ਵਿੱਚ ਅਤੇ 1218 ਤੀਜੇ ਪਦ ਕਾਂਡ ਵਿੱਚ। ਇਹ ਸਭ ਕਾਰੀਕਾਵਾਂ ਮਹਾਭਾਸ਼ ਦੇ ਕਿਸੇ ਨਾ ਕਿਸੇ ਵਚਨ ਨੂ ਆਧਾਰ ਮੰਨ ਕੇ ਰਚੀਆਂ ਗਈਆਂ ਹਨ। ਪਹਿਲਾ ਕਾਂਡ ਮੁੱਖ ਤੌਰ ਤੇ ਆਗਮ ਕਾਂਡ ਕਿਹਾ ਜਾਂਦਾ ਹੈ ਅਤੇ ਇਸ ਵਿੱਚ ਭਰਤਰੀ ਹਰੀ ਨੇ ਸ਼ਬਦ ਨੂੰ ਬ੍ਰਹਮ ਦੇ ਰੂਪ ਵਿੱਚ ਅਤੇ ਉਸ ਅਨੁਸਾਰ ਜਗਤ ਨੂੰ ਸ਼ਬਦ ਦਾ ਪਲਟਾਓ ਮੰਨਿਆ ਹੈ। ਇਹ ਸ਼ਬਦ ਅਨਾਦਿ, ਅੱਖਰ, ਜਗਤਕਾਰਨ, ਨਿੱਤ ਅਤੇ ਚੇਤਨ ਹੈ ਅਤੇ ਵੇਦ ਵਿੱਚ ਨਿਹਿਤ ਹੋ ਕੇ ਬ੍ਰਹਮ ਦੇ ਗਿਆਨ ਦਾ ਮੁੱਖ ਕਾਰਨ ਵੀ ਹੈ। ਵਿਆਕਰਨ ਦੁਆਰਾ ਬ੍ਰਹਮ ਦਾ ਗਿਆਨ ਹੁੰਦਾ ਹੈ ਜਿਸ ਤੋਂ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ: ਇਸਦਾ ਅਰਥ ਹੈ ਕਿ ਸ਼ਬਦ ਗਿਆਨ ਤੋਂ ਹੀ ਸੰਪੂਰਨ ਮੋਕਸ਼- ਦਾਇਕ ਗਿਆਨ ਪੈਦਾ ਹੁੰਦਾ ਹੈ। ਇਸ ਲਈ ਸਾਧੂ- ਸ਼ਬਦ-ਗਿਆਨ ਵਿਆਕਰਨ ਸ਼ਾਸਤਰ ਦਾ ਉਦੇਸ਼ ਹੈ ਜਿਸ ਦੇ ਲਈ ਸ਼ਬਦ, ਅਰਥ ਅਤੇ ਉਹਨਾਂ ਦੇ ਸੰਬੰਧ ਨੂੰ ਮੰਨ ਕੇ, ਮੂਲ ਅਤੇ ਵਧੇਤਰ ਆਦਿ ਘਟਕਾਂ ਦੀ ਕਲਪਨਾ ਕੀਤੀ ਗਈ ਹੈ। ਦੂਜੇ ਕਾਂਡ ਦਾ ਮੁੱਖ ਵਿਸ਼ਾ ਵਾਕ ਦਾ ਸਰੂਪ ਹੈ ਅਤੇ ਉਸ ਦਾ ਵਿਵੇਚਨ ਕਰਨ ਲਈ ਵਾਕ ਦੇ ਸੰਬੰਧ ਵਿੱਚ ਵਿਭਿੰਨ ਦ੍ਰਿਸ਼ਟੀਕੋਣਾਂ ਦੀ ਚਰਚਾ ਹੈ। ਜਿਸ ਵਿੱਚ ਖੰਡ-ਅਖੰਡ ਪੱਖ, ਵਾਕਅਰਥ ਅਤੇ ਪ੍ਰਤਿਭਾ ਦੇ ਸਰੂਪ ਆਦਿ ਦਾ ਅਤਿ ਸੂਖਮ ਵਿਸ਼ਲੇਸ਼ਣ ਸ਼ਾਮਲ ਹੈ।
ਤੀਜੇ ਕਾਂਡ ਵਿੱਚ ਜਾਤੀ, ਪਦਾਰਥ, ਸੰਬੰਧ, ਪਦਾਰਥ ਲੱਛਣ, ਗੁਣ ਅਤੇ ਦਿਕ, (ਗੁਣ ਅਤੇ ਸਥਾਨ/ਦਿਸ਼ਾ) ਸਾਧਨ, ਕਿਰਿਆ, ਕਾਲ, ਪੁਰਖ, ਸੰਖਿਆ, ਉਪਗ੍ਰਹਿ, ਲਿੰਗ ਅਤੇ ਵਰਿੱਤੀ ਆਦਿ ਬੌਧਿਕ ਸ਼੍ਰੇਣੀਆਂ ਦਾ ਵਿਸ਼ਲੇਸ਼ਣ ਹੈ ਜਿਸਦਾ ਉਦੇਸ਼ ਇਹਨਾਂ ਸ਼੍ਰੇਣੀਆਂ ਦੇ ਤਾਤਵਿਕ ਅਤੇ ਵਿਆਕਰਨਿਕ ਸਰੂਪਾਂ ਦੇ ਸੰਬੰਧ ਅਤੇ ਭੇਦ ਦਾ ਵਿਵੇਚਨ ਹੈ।
ਭਰਤਰੀ ਹਰੀ ਦੇ ਨਾਲ ਵਿਆਕਰਨ ਸ਼ਾਸਤਰ ਨੇ ਨਵਾਂ ਮੋੜ ਲਿਆ। ਤਦ ਤੱਕ ਇਹ ਇੱਕ ਵਿਵਰਨਾਤਮਿਕ ਸ਼ਾਸਤਰ ਸੀ। ਭਰਤਰੀ ਹਰੀ ਨੇ ਇਸ ਨੂੰ ਦਰਸ਼ਨ ਬਣਾ ਦਿੱਤਾ। ਉਸ ਦੀਆਂ ਭਾਸ਼ਾ ਸੰਬੰਧੀ ਚਾਰ ਪਰਾਧਾਰਨਾਵਾਂ ਹੁਣ ਭਾਰਤੀ ਭਾਸ਼ਾ ਸ਼ਾਸਤਰ ਦੀਆਂ ਆਧਾਰਭੂਤ ਮਾਨਤਾਵਾਂ ਵਿੱਚੋਂ ਹਨ-1. ਵਾਣੀ ਦੇ ਤਿੰਨ ਭੇਦ ਹਨ-ਪਸ਼ਯੰਤੀ, ਮਧਿਅਮਾ ਅਤੇ ਵੈਖਰੀ; 2. ਸ਼ਬਦ ਦੇ ਦੋ ਰੂਪ ਹਨ-ਇੱਕ ਵਿਆਕਰਨਿਕ ਦੂਜਾ ਅਰਥ ਬੋਧਕ; 3. ਭਾਸ਼ਾ ਕ੍ਰਮਬੱਧ ਹੋਣ ਦੇ ਕਾਰਨ ਜਗਤ ਜਾਂ ਸੱਤਾ ਦਾ ਦੁਹਰਾਓ ਅਤੇ ਵਿਕਾਰ ਹੈ ਅਤੇ ਨਾਲ ਦੇ ਨਾਲ 4. ਜਗਤ ਦਾ ਕਾਰਨ ਵੀ।
ਭਰਤਰੀ ਹਰੀ ਵਿਆਕਰਨ ਦੇ ਇਲਾਵਾ, ਵੇਦ, ਮੀਮਾਂਸਾ ਅਤੇ ਵੇਦਾਂਤ ਦਾ ਵੀ ਪੰਡਤ ਸੀ ਅਤੇ ਅਦਵੈਤਵਾਦੀ ਵਿਚਾਰਧਾਰਾ ਨੂੰ ਭਾਸ਼ਾ ਦੇ ਵਿਸ਼ਲੇਸ਼ਣ ਦੁਆਰਾ ਵਿਗਿਆਨਿਕ ਰੂਪ ਤੋਂ ਪ੍ਰਤਿਪਾਦਿਤ ਕਰ ਕੇ ਉਸ ਨੇ ਭਾਰਤੀ ਚਿੰਤਨ ਨੂੰ ਪ੍ਰਭਾਵਿਤ ਕੀਤਾ। ਇਸ ਲਈ ਸਾਰੇ ਸੰਪਰਦਾਵਾਂ ਦੇ ਚਿੰਤਕ-ਬੋਧੀ, ਜੈਨ, ਬ੍ਰਾਹਮਣ ਆਦਿ-ਉਸ ਦੇ ਵਿਚਾਰਾਂ ਦਾ ਖੰਡਨ-ਮੰਡਨ ਜ਼ਰੂਰ ਕਰਦੇ ਹਨ। ਆਧੁਨਿਕ ਕਾਲਜ ਵਿੱਚ ਭਾਰਤ ਅਤੇ ਪੱਛਮੀ ਦੇਸਾਂ ਵਿੱਚ ਹੁਣ ਭਰਤਰੀ ਹਰੀ ਦਾ ਇੱਕ ਭਾਸ਼ਾ ਦਾਰਸ਼ਨਿਕ ਦੇ ਰੂਪ ਵਿੱਚ ਅਧਿਐਨ ਹੋ ਰਿਹਾ ਹੈ ਅਤੇ ਕਈ ਭਾਰਤੀ ਵਿਦਵਾਨਾਂ-ਸ੍ਰੀਯੁਤ ਅਭਯੰਕਾ, ਲਿਮਯ, ਅੱਯਰ ਆਦਿ ਨੇ ਉਸ ਦੀ ਵਾਕਿਆਪਦੀ ਦਾ ਕਈ ਸਾਲਾਂ ਤੱਕ ਅਧਿਐਨ ਕੀਤਾ ਅਤੇ ਉਸ ਤੇ ਟੀਕਾਵਾਂ ਲਿਖੀਆਂ ਹਨ।
ਲੇਖਕ : ਕਪਿਲ ਕਪੂਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2068, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First