ਭਾਸ਼ਾ ਟਾਈਪਾਲੋਜੀ ਸਰੋਤ :
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
ਭਾਸ਼ਾ ਟਾਈਪਾਲੋਜੀ: ਭਾਸ਼ਾ ਵਿਗਿਆਨ ਦੇ ਖੇਤਰ ਵਿਚ ਇਸ ਸੰਕਲਪ ਦੀ ਵਰਤੋਂ ਭਾਸ਼ਾਵਾਂ ਦਾ ਵਰਗੀਕਰਨ ਕਰਨ ਲਈ ਕੀਤੀ ਜਾਂਦੀ ਹੈ। ਭਾਸ਼ਾਵਾਂ ਦਾ ਵਰਗੀਕਰਨ ਕਰਨ ਦੇ ਦੋ ਅਧਾਰ ਹਨ : (i) ਭਾਸ਼ਾਵਾਂ ਦੀ ਪਰਿਵਾਰਕ ਵੰਡ ਅਤੇ (ii) ਭਾਸ਼ਾ ਦੀ ਟਾਈਪਾਲੋਜੀਕਲ ਵੰਡ। ਭਾਸ਼ਾਵਾਂ ਦੀ ਖੇਤਰੀ ਵੰਡ ਨੂੰ ਅਧਾਰ ਬਣਾ ਕੇ ਵਿਭਿੰਨ ਪੱਧਰਾਂ ਦੀਆਂ ਸਾਝਾਂ ਦੇ ਪੱਖ ਤੋਂ ਭਾਸ਼ਾਵਾਂ ਨੂੰ ਪਰਿਵਾਰਾਂ ਵਿਚ ਵੰਡਿਆ ਗਿਆ ਹੈ। ਭਾਸ਼ਾ ਸ਼ਾਸਤਰੀਆਂ ਅਤੇ ਭਾਸ਼ਾ ਵਿਗਿਆਨੀਆਂ ਨੇ ਹੁਣ ਤੱਕ ਪਰਾਪਤ ਭਾਸ਼ਾਵਾਂ ਨੂੰ ਦਸ ਮੁੱਖ ਪਰਿਵਾਰਾਂ ਵਿਚ ਵੰਡਿਆ ਹੈ ਜਿਸ ਵਿਚੋਂ ਬੁਲਾਰਿਆਂ ਦੇ ਪੱਖ ਤੋਂ ਭਾਰਤੀ-ਯੋਰਪੀ ਪਰਿਵਾਰ ਇਕ ਵੱਡਾ ਭਾਗ ਹੈ ਜਿਸ ਵਿਚ ਸੌ ਦੇ ਕਰੀਬ ਭਾਸ਼ਾਵਾਂ ਹਨ। ਭਾਰਤੀ-ਆਰੀਆ ਇਸ ਦਾ ਇਕ ਉਪ-ਪਰਿਵਾਰ ਹੈ ਜਿਸ ਵਿਚ ਭਾਰਤੀ ਭਾਸ਼ਾਵਾਂ (ਦ੍ਰਾਵਿੜ ਨੂੰ ਛੱਡ ਕੇ) ਆਉਂਦੀਆਂ ਹਨ। ਇਸ ਪੱਖ ਤੋਂ ਭਾਰਤੀ ਭਾਸ਼ਾਵਾਂ ਅਤੇ ਯੋਰਪੀ ਭਾਸ਼ਾਵਾਂ ਵਿਚ ਸਰੋਤ ਅਤੇ ਪਰਿਵਾਰ ਦੀ ਸਾਂਝ ਹੈ। ਦੂਜੇ ਪਾਸੇ ਭਾਸ਼ਾ ਵਿਗਿਆਨੀ ਇਸ ਵੰਡ ਤੋਂ ਇਕ ਵੱਖਰੀ ਵੰਡ ਸਥਾਪਤ ਕਰਨ ਵਲ ਰੁਚਿਤ ਹਨ। ਇਸ ਪਰਕਾਰ ਦੀ ਵੰਡ ਨੂੰ ਭਾਸ਼ਾ ਟਾਈਪਾਲੋਜੀ ਕਿਹਾ ਜਾਂਦਾ ਹੈ। ਭਾਸ਼ਾ ਟਾਈਪਾਲੋਜੀ ਦੁਆਰਾ ਭਾਸ਼ਾ ਦੇ ਰੂਪ ਅਤੇ ਬਣਤਰ ਨੂੰ ਵਰਗੀਕਰਨ ਦਾ ਅਧਾਰ ਬਣਾਇਆ ਜਾਂਦਾ ਹੈ। ਭਾਸ਼ਾ ਦੇ ਇਸ ਪੱਖ ’ਤੇ ਵੀ ਸਤਾਰ੍ਹਵੀਂ ਸਦੀ ਤੋਂ ਕੰਮ ਸ਼ੁਰੂ ਹੋ ਗਿਆ ਸੀ। ਇਸ ਅਧਿਅਨ ਰਾਹੀਂ ਭਾਸ਼ਾ ਦੇ ਪਰਿਵਾਰ ਨੂੰ ਇਕ ਪਾਸੇ ਰੱਖ ਕੇ ਉਸ ਦੀ ਬਣਤਰ ਦਾ ਅਧਿਅਨ ਕੀਤਾ ਜਾਂਦਾ ਹੈ ਅਤੇ ਨਿਰੋਲ ਰੂਪ ਵਿਚ ਭਾਸ਼ਾਈ ਅਧਿਅਨ ਵਿਧੀਆਂ ਦਾ ਸਹਾਰਾ ਲਿਆ ਜਾਂਦਾ ਹੈ ਜਦੋਂ ਕਿ ਪਰਿਵਾਰਕ ਵੰਡ ਵੇਲੇ ਭਾਸ਼ਾਈ ਸਭਿਆਚਾਰਾਂ ਦੀ ਸਾਂਝ ਜਨ-ਸੰਖਿਆ ਵਟਾਂਦਰੇ ਨੂੰ ਅਧਾਰ ਬਣਾਇਆ ਜਾਂਦਾ ਹੈ ਅਤੇ ਸ਼ਬਦ ਅਤੇ ਅਰਥਾਂ ਦੀ ਸਮਾਨਤਾ\ਨੇੜਤਾ ਨੂੰ ਹੀ ਵੇਖਿਆ ਜਾਂਦਾ ਹੈ। ਭਾਸ਼ਾ ਟਾਈਪਾਲੋਜੀ ਦੇ ਘੇਰੇ ਵਿਚ ਭਾਸ਼ਾ ਵਿਗਿਆਨ ਦੇ ਸਾਰੇ ਪੱਧਰਾਂ ਦਾ ਅਧਿਅਨ ਕੀਤਾ ਜਾਂਦਾ ਹੈ, ਜਿਵੇਂ : ਧੁਨੀ ਵਿਗਿਆਨਕ ਟਾਈਪਾਲੋਜੀ, ਧੁਨੀ-ਵਿਉਂਤਕ ਟਾਈਪਾਲੋਜੀ, ਅਰਥ ਵਿਗਿਆਨਕ ਟਾਈਪਾਲੋਜੀ ਅਤੇ ਵਾਕ ਵਿਗਿਆਨਕ ਟਾਈਪਾਲੋਜੀ ਆਦਿ। ਧੁਨੀ ਵਿਗਿਆਨ ਅਤੇ ਧੁਨੀ-ਵਿਉਂਤ ਦੇ ਅਧਾਰ ’ਤੇ ਭਾਸ਼ਾਵਾਂ ਵਿਚਲੀਆਂ ਧੁਨਾਤਮਕ ਸਮਾਨਤਾਵਾਂ, ਵਖਰੇਵਿਆਂ ਅਤੇ ਵਰਤੋਂ ਦਾ ਅਧਿਅਨ ਕੀਤਾ ਜਾਂਦਾ ਹੈ। ਰੂਪ ਵਿਗਿਆਨ ਵਿਚ ਸ਼ਬਦ ਬਣਤਰਾਂ ਦੇ ਨਿਯਮਾਂ ਦਾ ਅਧਿਅਨ ਕੀਤਾ ਜਾਂਦਾ ਹੈ। ਰੂਪ ਵਿਗਿਆਨ ਵਿਚ ਸ਼ਬਦ ਬਣਤਰਾਂ ਦੇ ਨਿਯਮਾਂ ਦਾ ਅਧਿਅਨ ਕਰਕੇ ਟਾਕਰਾ ਕੀਤਾ ਜਾਂਦਾ ਹੈ। ਵਾਕ-ਵਿਉਂਤ ਵਿਚ ਸ਼ਬਦ ਵਿਚਰਨ ਤਰਤੀਬ ਦਾ ਅਧਿਅਨ ਕੀਤਾ ਜਾਂਦਾ ਹੈ। ਸ਼ਬਦ ਵਿਚਰਨ ਦੀ ਤਰਤੀਬ ਅਨੁਸਾਰ ਭਾਸ਼ਾਵਾਂ ਨੂੰ ਸੀਮਤ ਗਰੁੱਪਾਂ ਵਿਚ ਵੰਡਿਆ ਜਾ ਸਕਦਾ ਹੈ, ਜਿਵੇਂ : SOV, VSO, OVS ਆਦਿ। ਕੁਝ ਭਾਸ਼ਾਵਾਂ ਇਸ ਭਾਂਤ ਦੀਆਂ ਹਨ ਜਿਨ੍ਹਾਂ ਵਿਚ ਇਸ ਤਰਤੀਬ ਨੂੰ ਬਦਲਣਾ ਸੰਭਵ ਨਹੀਂ ਹੁੰਦਾ ਅਤੇ ਕੁਝ ਇਸ ਪਰਕਾਰ ਦੀਆਂ ਹਨ ਜਿਨ੍ਹਾਂ ਵਿਚਲੀ ਸ਼ਬਦ ਤਰਤੀਬ ਨੂੰ ਬਦਲਿਆ ਜਾ ਸਕਦਾ ਹੈ। ਇਸ ਖੇਤਰ ਵਿਚ ਸੰਰਚਨਾਵਾਦੀ ਭਾਸ਼ਾ ਵਿਗਿਆਨੀਆਂ ਦੇ ਨਾਲ ਨਾਲ ਫਿੰਕ, ਗਰੀਨਬਰਗ, ਸ਼ਾਪਨ, ਮਲਿਨਸਨ ਅਤੇ ਬਲੇਕ ਆਦਿ ਨੇ ਕਾਫੀ ਕੰਮ ਕੀਤਾ ਹੈ।
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 1577, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First