ਭਾਸ਼ਾ ਸ਼ਾਸਤਰ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਭਾਸ਼ਾ ਸ਼ਾਸਤਰ: ਆਧੁਨਿਕ ਭਾਸ਼ਾ ਵਿਗਿਆਨ ਦਾ ਪੁਰਾਤਨ ਸਰੂਪ ਹੈ। ਆਧੁਨਿਕ ਭਾਸ਼ਾ ਵਿਗਿਆਨ ਭਾਸ਼ਾ ਦੀ ਅੰਦਰੂਨੀ ਜੁਗਤ ਵੱਲ ਰੁਚਿਤ ਹੈ। ਇਸ ਅੰਦਰੂਨੀ ਜੁਗਤ ਨੂੰ ਅਧਾਰ ਬਣਾ ਕੇ ਭਾਸ਼ਾ ਵਿਗਿਆਨੀ ਭਾਸ਼ਾ ਦੇ ਵੱਖੋ ਵੱਖਰੇ ਪੱਧਰਾਂ ਦਾ ਤੁਲਨਾਤਮਕ ਅਧਿਅਨ ਭਾਸ਼ਾ ਟਾਈਪਾਲੋਜੀ ਦੇ ਅਧਾਰ ਤੇ ਕਰਦੇ ਹਨ ਪਰ ਭਾਸ਼ਾ ਸ਼ਾਸਤਰ ਵਿਚ ਭਾਸ਼ਾਵਾਂ ਦੇ ਇਤਿਹਾਸ, ਇਕ ਭਾਸ਼ਾ ਦਾ ਦੂਜੀ ਭਾਸ਼ਾ ਨਾਲ ਪਰਿਵਾਰਕ ਰਿਸ਼ਤਾ, ਸਾਂਜਾਂ ਅਤੇ ਵਖਰੇਵਿਆਂ ਨੂੰ ਅਧਾਰ ਬਣਾਇਆ ਜਾਂਦਾ ਸੀ। ਇਨ੍ਹਾਂ ਅਧਾਰਾਂ ਨੂੰ ਲੈ ਕੇ ਭਾਸ਼ਾ ਦੇ ਪਰਿਵਾਰਾਂ ਦੀ ਸਥਾਪਤੀ ਕੀਤੀ ਗਈ ਅਤੇ ਹੈਰਾਨੀਜਨਕ ਨਤੀਜੇ ਪ੍ਰਸਤੁਤ ਹੋਵੇ। ਭਾਰਤੀ ਅਤੇ ਯੋਰਪੀ ਭਾਸ਼ਾਵਾਂ ਦੀ ਸਾਂਝ ਇਨ੍ਹਾਂ ਵਿਚੋਂ ਇਕ ਹੈ। ਭਾਸ਼ਾ ਸ਼ਾਸਤਰੀਆਂ ਨੇ ਵਿਆਕਰਨਕ ਅਤੇ ਸ਼ਾਬਦਕ ਇਕਾਈਆਂ ਨੂੰ ਅਧਾਰ ਬਣਾ ਕੇ ਇਸ ਪਰਿਵਾਰ ਦੀ ਨਿਸ਼ਾਨਦੇਹੀ ਕੀਤੀ। ਇਸ ਪਰਿਵਾਰ ਵਿਚ ਯੋਰਪ ਦੀਆਂ ਅਧਿਕਤਰ ਅਤੇ ਭਾਰਤ ਵਿਚ ਆਰੀਆ ਮੂਲ ਦੀਆਂ ਭਾਸ਼ਾਵਾਂ ਤੇਲਗੂ, ਤਾਮਿਲ, ਕੰਨੜ, ਮਲਿਆਲਮ ਆਦਿ ਇਕ ਵੱਖਰੇ ਭਾਸ਼ਾ ਪਰਿਵਾਰ ਭਾਵ ਦ੍ਰਾਵਿੜ ਪਰਿਵਾਰ ਦੀਆਂ ਭਾਸ਼ਾਵਾਂ ਹਨ। ਇਸ ਪਰਕਾਰ ਸੰਸਾਰ ਦੇ ਬਾਕੀ ਖੇਤਰਾਂ ਵਿਚ ਬੋਲੀਆਂ ਜਾਣ ਵਾਲੀਆਂ ਕੋਈ ਤਿੰਨ ਹਜ਼ਾਰ ਦੇ ਕਰੀਬ ਭਾਸ਼ਾਵਾਂ ਨੂੰ ਕੁਝ ਸੀਮਤ ਪਰਿਵਾਰਾਂ ਵਿਚ ਵੰਡ ਦਿੱਤਾ ਗਿਆ। ਭਾਸ਼ਾ ਸ਼ਾਸਤਰੀ ਅਧਿਅਨ ਦੇ ਦੌਰ ਵਿਚ ਭਾਸ਼ਾਵਾਂ ਸਬੰਧੀ ਇਕ ਵੱਡਾ ਸਾਹਿਤ ਇਕੱਠਾ ਕੀਤਾ ਗਿਆ ਜੋ ਹੁਣ ਅਧਿਅਨ ਦੀ ਅਧਾਰ ਸਮੱਗਰੀ ਵਜੋਂ ਵਰਤਿਆ ਜਾ ਰਿਹਾ ਹੈ। ਭਾਸ਼ਾ ਸ਼ਾਸਤਰ ਨਾਲ ਸਬੰਧਤ ਭਾਸ਼ਾ ਸ਼ਾਸਤਰੀ ਭਾਸ਼ਾ ਪਰਿਵਾਰ, ਭਾਸ਼ਾਈ ਉਧਾਰਾਪਣ, ਭਾਸ਼ਾਈ ਅਨੁਰੂਪਤਾ ਅਤੇ ਧੁਨੀ ਪਰਿਵਰਤਨ ਆਦਿ ਨੂੰ ਵਿਸ਼ਲੇਸ਼ਣ ਦਾ ਅਧਾਰ ਬਣਾਉਂਦੇ ਹਨ। ਇਸ ਤਰ੍ਹਾਂ ਭਾਸ਼ਾ ਸ਼ਾਸਤਰ ਨੂੰ ਮੁੱਢਲੇ ਭਾਸ਼ਾ ਵਿਗਿਆਨ ਦਾ ਦਰਜਾ ਵੀ ਦਿੱਤਾ ਜਾ ਸਕਦਾ ਹੈ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 3869, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.