ਭਾਸ਼ਾ-ਵਿਗਿਆਨ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਭਾਸ਼ਾ-ਵਿਗਿਆਨ: ਭਾਸ਼ਾ ਦੇ ਵਿਗਿਆਨਿਕ ਅਧਿਐਨ ਨੂੰ ਭਾਸ਼ਾ-ਵਿਗਿਆਨ ਕਿਹਾ ਜਾਂਦਾ ਹੈ। ਭਾਸ਼ਾ-ਵਿਗਿਆਨ, ਭਾਸ਼ਾ ਨਿਰੀਖਣ ਤੋਂ ਲੈ ਕੇ ਭਾਸ਼ਾ ਦੇ ਨੇਮ ਸਿਰਜਣ ਤੱਕ ਦਾ ਸਫ਼ਰ ਵਿਗਿਆਨਿਕ ਵਿਧੀ ਦੇ ਆਧਾਰ ਤੇ ਤੈ ਕਰਦਾ ਹੈ। ਭਾਸ਼ਾ-ਵਿਗਿਆਨਿਕ ਅਧਿਐਨ ਲਈ ਕਿਸੇ ਖੇਤਰ ਦੀ ਬੋਲੀ ਜਾਂ ਭਾਸ਼ਾ ਨੂੰ ਚੁਣ ਲਿਆ ਜਾਂਦਾ ਹੈ ਅਤੇ ਉਸ ਨੂੰ ਆਧਾਰ ਮੰਨ ਕੇ ਮਨੁੱਖੀ ਭਾਸ਼ਾ ਸੰਬੰਧੀ ਸਿਧਾਂਤ ਪੇਸ਼ ਕਰਨ ਦਾ ਯਤਨ ਕੀਤਾ ਜਾਂਦਾ ਹੈ। ਭਾਸ਼ਾ- ਵਿਗਿਆਨੀ ਭਾਸ਼ਾ ਦੀ ਪ੍ਰਕਿਰਤੀ ਨੂੰ ਸਮਝ ਕੇ ਭਾਸ਼ਾਈ ਸਿਧਾਂਤ ਦੀ ਸਥਾਪਨਾ ਕਰਦਾ ਹੈ। ਇਹਨਾਂ ਸਿਧਾਂਤਾਂ ਦੇ ਆਧਾਰ ਤੇ ਭਾਸ਼ਾਈ ਵਖਰੇਵਿਆਂ ਅਤੇ ਸਾਂਝ ਨੂੰ ਵੀ ਬਿਆਨ ਕਰਨ ਦਾ ਯਤਨ ਕਰਦਾ ਹੈ।
ਕਿਸੇ ਵੀ ਅਧਿਐਨ ਨੂੰ ਵਿਗਿਆਨਿਕ ਤਾਂ ਹੀ ਕਿਹਾ ਜਾ ਸਕਦਾ ਹੈ ਜੇਕਰ ਉਹ ਤੱਥਾਂ ਦੇ ਨਿਰੀਖਣ ਉੱਤੇ ਆਧਾਰਿਤ ਹੋਵੇ। ਭਾਸ਼ਾ-ਵਿਗਿਆਨੀ ਭਾਸ਼ਾਈ ਉਚਾਰਨ ਦਾ ਜਿਵੇਂ ਨਿਰੀਖਣ ਕਰਦਾ ਹੈ, ਉਸੇ ਤਰ੍ਹਾਂ ਉਸ ਨੂੰ ਬਿਆਨ ਕਰ ਦਿੰਦਾ ਹੈ। ਉਸ ਦਾ ਕੰਮ ਸਮਾਜ ਵਿੱਚ ਵਰਤੇ ਜਾਣ ਵਾਲੇ ਉਚਾਰਨ ਪਿੱਛੇ ਕਾਰਜਸ਼ੀਲ ਨਿਯਮ ਲੱਭਣਾ ਹੈ। ਮਿਸਾਲ ਵਜੋਂ, ਜੇ ਭਾਸ਼ਾ-ਵਿਗਿਆਨੀ ਕਿਸੇ ਭਾਸ਼ਾ ਦੀ ਧੁਨੀ ਵਿਉਂਤ ਦਾ ਅਧਿਐਨ ਕਰਨ ਲੱਗਦਾ ਹੈ, ਸਭ ਤੋਂ ਪਹਿਲਾਂ ਉਹ ਧੁਨੀਆਤਮਿਕ ਵਰਗੀਕਰਨ ਕਰਦਾ ਹੈ। ਜੇਕਰ ਉਹ ਇਹ ਕਹਿੰਦਾ ਹੈ ਕਿ ਪੰਜਾਬੀ ਵਿੱਚ ਨੀਵੀਂ ਸੁਰ ਮੌਜੂਦ ਹੈ ਤਾਂ ਉਹ ਘੱਟ ਅਤੇ ਕੱਟ ਦੋ ਸ਼ਬਦਾਂ ਨੂੰ ਵਿਰੋਧ ਵਿੱਚ ਰੱਖ ਕੇ ਦੋਹਾਂ ਦੇ ਫ਼ਰਕ ਨੂੰ ਸਥਾਪਿਤ ਕਰਦਾ ਹੈ। ਕੁਝ ਕੁ ਅੰਦਾਜ਼ੇ ਤਾਂ ਪਹਿਲਾਂ ਲਾਉਣੇ ਪੈਂਦੇ ਹਨ ਅਤੇ ਫੇਰ ਉਹਨਾਂ ਨੂੰ ਟੈਸਟ ਕੀਤਾ ਜਾਂਦਾ ਹੈ ਤਾਂ ਜੋ ਕਿਸੇ ਤੱਥ ਦੀ ਹੋਂਦ ਪ੍ਰਤੱਖ ਹੋ ਸਕੇ। ਜੇਕਰ ਇਹ ਅਨੁਮਾਨ ਲਾਇਆ ਜਾਵੇ ਕਿ ਲ ਅਤੇ ਲ਼ ਵਿੱਚ ਕੋਈ ਕਾਰਜੀ ਅੰਤਰ ਨਹੀਂ ਤਾਂ ਸਮਗਰੀ ਤੋਂ ਇਸ ਬਾਰੇ ਨਿਰੀਖਣ ਕੀਤਾ ਜਾਂਦਾ ਹੈ ਜੇਕਰ ਇਹ ਧੁਨੀਆਂ ਸਾਰਥਕ ਸਿੱਧ ਹੋ ਜਾਣ ਤਾਂ ਆਪਣੇ ਵਿਚਾਰ ਬਦਲਣੇ ਪੈਂਦੇ ਹਨ। ਇੱਕ ਭਾਸ਼ਾਈ ਸਿਧਾਂਤ ਨੂੰ ਸਥਾਪਿਤ ਕਰਨ ਲਈ ਕਈ ਮਿਸਾਲਾਂ ਨੂੰ ਪਰਖਣਾ ਭਾਸ਼ਾ ਦੇ ਅਧਿਐਨ ਲਈ ਲਾਜ਼ਮੀ ਹੋ ਜਾਂਦਾ ਹੈ। ਇਸ ਤਰ੍ਹਾਂ ਭਾਸ਼ਾ-ਵਿਗਿਆਨ ਭਾਸ਼ਾ ਦੇ ਵੱਖ-ਵੱਖ ਭਾਸ਼ਾਈ ਨਮੂਨਿਆਂ ਦੀ ਪਰਿਕਲਪਨਾ ਕਰਦੇ ਹੋਏ ਅਤੇ ਇਹਨਾਂ ਦੀ ਪੁਸ਼ਟੀ ਕਰਦੇ ਹੋਏ ਪਰਿਵਰਤਨ ਜਾਂ ਸਵੀਕ੍ਰਿਤੀ ਦੇ ਪੱਧਰ ਤੱਕ ਪਹੁੰਚਦਾ ਹੈ।
ਜੇਕਰ ਭਾਸ਼ਾ-ਵਿਗਿਆਨ ਭਾਸ਼ਾ ਦਾ ਵਿਗਿਆਨ ਹੈ ਤਾਂ ਇਸ ਵਿੱਚ ਭਾਸ਼ਾ ਦਾ ਸਮੁੱਚਾ ਇਤਿਹਾਸ, ਉਸ ਦਾ ਹਰ ਰੂਪ ਭਾਸ਼ਾ-ਵਿਗਿਆਨ ਦੇ ਅਧਿਐਨ ਦਾ ਵਿਸ਼ਾ ਬਣ ਜਾਂਦਾ ਹੈ। ਭਾਸ਼ਾ-ਵਿਗਿਆਨ, ਭਾਸ਼ਾ ਦੀ ਅਜਿਹੀ ਤਸਵੀਰ ਦਰਸਾਉਂਦਾ ਹੈ ਜਿਸ ਵਿੱਚ ਭਾਸ਼ਾ ਦੇ ਭਿੰਨ ਭਿੰਨ ਅੰਗਾਂ ਅਤੇ ਸਰੂਪਾਂ ਦਾ ਵਿਵੇਚਨ ਕੀਤਾ ਜਾਂਦਾ ਹੈ, ਜਿਵੇਂ ਧੁਨੀ-ਵਿਗਿਆਨ ਵਿੱਚ ਧੁਨੀਆਂ ਦੇ ਉਚਾਰਨ ਉਹਨਾਂ ਦੀ ਪ੍ਰਕਿਰਤੀ ਬਾਰੇ ਪੂਰੀ ਜਾਣਕਾਰੀ ਮਿਲਦੀ ਹੈ। ਇਸੇ ਤਰ੍ਹਾਂ ਰੂਪ-ਵਿਗਿਆਨ (ਸ਼ਬਦ-ਵਿਗਿਆਨ) ਵਿੱਚ ਧੁਨੀ ਤੋਂ ਲੈ ਕੇ ਸ਼ਬਦਾਂ ਤਕ ਦਾ ਅਧਿਐਨ ਕੀਤਾ ਜਾਂਦਾ ਹੈ।
ਭਾਸ਼ਾ-ਵਿਗਿਆਨੀ ਭਾਸ਼ਾ ਦਾ ਅਧਿਐਨ ਦੋ ਪਹਿਲੂਆਂ ਤੋਂ ਕਰਦਾ ਹੈ। ਇਤਿਹਾਸਿਕ ਅਧਿਐਨ ਅਤੇ ਸਮਕਾਲਿਕ ਅਧਿਐਨ। ਇਤਿਹਾਸਿਕ ਅਧਿਐਨ ਵਿੱਚ ਭਾਸ਼ਾ ਦੇ ਇਤਿਹਾਸਿਕ ਵਿਕਾਸ ਕ੍ਰਮ ਦੇ ਪੜਾਵਾਂ ਦਾ ਅਧਿਐਨ ਕੀਤਾ ਜਾਂਦਾ ਹੈ ਜਿਸ ਵਿੱਚ ਮੂਲਾਤਮਿਕ, ਰੂਪਾਤਮਿਕ, ਰਚਨਾਤਮਿਕ ਅਤੇ ਅਰਥਾਤਮਿਕ ਪੱਧਰਾਂ ਤੇ ਅਧਿਐਨ ਵਿੱਚ ਸਮਕਾਲੀਨ ਭਾਸ਼ਾਵਾਂ ਦੀ ਸੰਰਚਨਾ ਦਾ ਅਧਿਐਨ ਕੀਤਾ ਜਾਂਦਾ ਹੈ। ਮਿਸਾਲ ਵਜੋਂ, ਪੰਜਾਬੀ ਇੱਕ ਮਨੁੱਖੀ ਭਾਸ਼ਾ ਹੈ। ਪੰਜਾਬੀ ਨੂੰ ਮੁੱਖ ਮੰਨ ਕੇ ਉਸ ਦੀਆਂ ਕਈ ਬੋਲੀਆਂ ਮੰਨੀਆਂ ਜਾਂਦੀਆਂ ਹਨ, ਜਿਵੇਂ- ਮਾਝੀ, ਪੁਆਧੀ, ਦੁਆਬੀ, ਮਲਵਈ ਆਦਿ। ਇਹਨਾਂ ਬੋਲੀਆਂ ਨੂੰ ਪੰਜਾਬੀ ਭਾਸ਼ਾ ਦੀਆਂ ਬੋਲੀਆਂ ਮੰਨਣਾ ਇਤਿਹਾਸਿਕ ਦ੍ਰਿਸ਼ਟੀਕੋਣ ਹੈ ਜਦੋਂ ਕਿ ਹਰ ਇੱਕ ਬੋਲੀ ਨੂੰ ਵੱਖੋ-ਵੱਖਰਾ ਮੰਨ ਕੇ ਅਧਿਐਨ ਕਰਨਾ ਸਮਕਾਲਿਕ ਦ੍ਰਿਸ਼ਟੀਕੋਣ ਹੈ। ਸਮਕਾਲੀ ਦ੍ਰਿਸ਼ਟੀ ਦੇ ਅਧੀਨ ਵਰਤਮਾਨ ਵਿੱਚ ਭਿੰਨ-ਭਿੰਨ ਅਧਿਐਨ ਪੱਧਤੀਆਂ ਵਿਕਸਿਤ ਹੋਈਆਂ ਹਨ। ਵਰਣਨਾਤਮਿਕ ਸੰਰਚਨਾਤਮਿਕ, ਤੁਲਨਾਤਮਿਕ ਅਤੇ ਪ੍ਰਯੋਗਾਤਮਿਕ।
ਭਾਸ਼ਾ ਦੇ ਆਂਤਰਿਕ ਢਾਂਚੇ ਦਾ ਵਿਸ਼ਲੇਸ਼ਣ ਕਰਨ ਦੇ ਉਦੇਸ਼ ਤੋਂ ਜਿਸ ਭਾਸ਼ਾ ਅਧਿਐਨ ਪੱਧਤੀ ਦਾ ਵਿਕਾਸ ਹੋਇਆ ਉਸ ਨੂੰ ਵਰਣਨਾਤਮਿਕ ਕਿਹਾ ਗਿਆ। ਇਸੇ ਦਿਸ਼ਾ ਵਿੱਚ ਅੱਗੇ ਵਧਦਿਆਂ ਕਿਸੇ ਭਾਸ਼ਾ ਦੇ ਸੰਰਚਨਾ ਤੱਤਾਂ ਦੇ ਸੂਖ਼ਮ ਅਧਿਐਨ ਨੂੰ ਸੰਰਚਨਾਤਮਿਕ ਅਧਿਐਨ ਪੱਧਤੀ ਦਾ ਨਾਂ ਦਿੱਤਾ ਗਿਆ। ਜੇਕਰ ਦੋ ਜਾਂ ਵੱਖ ਭਾਸ਼ਾਵਾਂ ਦੀ ਬਣਤਰ ਦੀ ਆਪਸੀ ਤੁਲਨਾ ਕੀਤੀ ਜਾਵੇ ਤਾਂ ਉਹ ਅਧਿਐਨ ਤੁਲਨਾਤਮਿਕ ਅਧਿਐਨ ਅਖਵਾਉਂਦਾ ਹੈ। ਇਸੇ ਤਰ੍ਹਾਂ ਧੁਨੀਆਂ ਦੇ ਉਚਾਰਨ, ਸ਼੍ਰਵਣ ਅਤੇ ਗ੍ਰਹਿਣ ਦੀ ਸੂਖ਼ਮਤਾ ਨੂੰ ਜਾਣਨ ਲਈ ਭਿੰਨ-ਭਿੰਨ ਵਿਗਿਆਨਿਕ ਤਕਨੀਕੀ ਯੰਤਰਾਂ ਰਾਹੀਂ ਉਚਾਰਨੀ ਧੁਨੀਆਂ ਦਾ ਅਧਿਐਨ ਕੀਤਾ ਜਾਂਦਾ ਹੈ। ਇਸ ਨੂੰ ਪ੍ਰਯੋਗਾਤਮਿਕ ਅਧਿਐਨ ਪੱਧਤੀ ਦਾ ਨਾਂ ਦਿੱਤਾ ਜਾਂਦਾ ਹੈ।
ਆਧੁਨਿਕ ਦ੍ਰਿਸ਼ਟੀ ਨੇ ਭਾਸ਼ਾ ਅਧਿਐਨ ਦੀਆਂ ਹੋਰਨਾਂ ਕਈ ਪੱਧਤੀਆਂ ਨੂੰ ਜਨਮ ਦਿੱਤਾ ਜਿਵੇਂ ਭਾਸ਼ਾ ਮਨੋ- ਵਿਗਿਆਨ, ਸਮਾਜ ਭਾਸ਼ਾ-ਵਿਗਿਆਨ, ਭਾਸ਼ਾ ਭੂਗੋਲ, ਭਾਸ਼ਾ ਅਧਿਆਪਨ ਆਦਿ। ਵੀਹਵੀਂ ਸਦੀ ਦੇ ਅਰੰਭ ਵਿੱਚ ਯੂਰਪ ਦੇ ਪ੍ਰਸਿੱਧ ਭਾਸ਼ਾ-ਵਿਗਿਆਨੀ ਸੋਸਿਊਰ ਨੇ ਆਧੁਨਿਕ ਭਾਸ਼ਾ-ਵਿਗਿਆਨ ਦੀ ਨੀਂਹ ਰੱਖੀ। ਸੋਸਿਊਰ ਮੁਤਾਬਕ 1. ਭਾਸ਼ਾ ਦਾ ਜੀਵਿਤ ਅਤੇ ਬੋਲ-ਚਾਲ ਦਾ ਰੂਪ ਅਧਿਐਨ ਲਈ ਮਹੱਤਵਪੂਰਨ ਹੈ। 2. ਭਾਸ਼ਾ ਵਿਗਿਆਨ ਸਮਕਾਲੀਨ ਅਤੇ ਇਤਿਹਾਸਿਕ ਦੋ ਤਰ੍ਹਾਂ ਦਾ ਹੁੰਦਾ ਹੈ ਪਰ ਇਸ ਵਿੱਚ ਸਮਕਾਲਿਕ ਵਧੇਰੇ ਮਹੱਤਵਪੂਰਨ ਹੈ 3. ਭਾਸ਼ਾ ਦੇ ਅਧਿਐਨ ਦਾ ਉਦੇਸ਼ ਇਸਦੀ ਅੰਦਰੂਨੀ ਬਣਤਰ ਦੀ ਖੋਜ ਕਰਨਾ ਹੈ। ਆਧੁਨਿਕ ਭਾਸ਼ਾ-ਵਿਗਿਆਨ ਨੂੰ ਗਤੀ ਪ੍ਰਦਾਨ ਕਰਨ ਵਾਲੇ ਦੂਜੇ ਭਾਸ਼ਾ-ਵਿਗਿਆਨੀ ਬੋਆਸ ਸਪੀਰ ਅਤੇ ਬਲੂਮ ਫੀਲਡ ਸਨ। ਬੋਆਸ ਨੇ ਸਮਕਾਲਿਕ ਵਰਣਨਾਤਮਿਕ ਅਧਿਐਨ ਤੇ ਬਲ ਦਿੱਤਾ। ਸਪੀਰ ਨੇ ਮਾਨਵ-ਵਿਗਿਆਨ ਅਤੇ ਸਮਾਜ-ਵਿਗਿਆਨ ਦੇ ਪਰਿਪੇਖ ਵਿੱਚ ਭਾਸ਼ਾ ਦੇ ਅਧਿਐਨ ਤੇ ਜ਼ੋਰ ਦਿੱਤਾ। ਬਲੂਮਫੀਲਡ ਨੇ ਵੀ ਵਰਣਨਾਤਮਿਕ ਭਾਸ਼ਾ-ਵਿਗਿਆਨ ਤੇ ਬਲ ਦਿੱਤਾ।
ਭਾਸ਼ਾ-ਵਿਗਿਆਨ ਦੇ ਕਈ ਸਕੂਲ ਸਨ ਜਿਵੇਂ ਬ੍ਰਿਟਿਸ਼ ਸਕੂਲ, ਲੰਦਨ ਸਕੂਲ, ਅਮਰੀਕੀ ਸਕੂਲ, ਕੋਪਨ ਹਾਗਨ ਅਤੇ ਪਰਾਗ ਸਕੂਲ।
ਲੇਖਕ : ਵੇਦ ਅਗਨੀਹੋਤਰੀ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 10097, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਭਾਸ਼ਾ-ਵਿਗਿਆਨ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਭਾਸ਼ਾ-ਵਿਗਿਆਨ [ਨਾਂਪੁ] ਭਾਸ਼ਾ ਦੀ ਸ਼ਬਦ ਰਚਨਾ/ਵਾਕ-ਵਿਓਂਤ/ਰੂਪ-ਵਿਗਿਆਨ/ ਧੁਨੀ-ਵਿਗਿਆਨ ਆਦਿ ਦੀ ਵਿਵਸਥਿਤ ਜਾਣਕਾਰੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10086, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First