ਭੂਸ਼ਣ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਭੂਸ਼ਣ (1613–1715): ਹਿੰਦੀ ਸਾਹਿਤ ਦੇ ਇਤਿਹਾਸ ਵਿੱਚ ‘ਰੀਤੀਕਾਲ’ ਦੇ ਨਾਂ ਨਾਲ ਵਿਖਿਆਤ ਦੌਰ ਵਿੱਚ ਕਵਿਤਾ ਦਾ ਵਿਸ਼ਾ-ਵਸਤੂ ਮੁੱਖ ਤੌਰ ਤੇ ਸ਼ਿੰਗਾਰੀ ਕਿਸਮ ਦਾ ਸੀ। ਕਵਿਤਾ ਵਿਲਾਸਤਾ ਦੀ ਗ਼ੁਲਾਮ ਬਣ ਗਈ ਸੀ। ਕਵੀਆਂ ਦੀ ਰੁਚੀ ਵਿਸ਼ੇਸ਼ ਤੌਰ ਤੇ ਨਾਇਕ-ਨਾਇਕਾ ਭੇਦ ਅਤੇ ਨਖ-ਸ਼ਿਖ ਵਰਣਨ (ਔਰਤ ਦੇ ਜਿਸਮ ਦੀ ਅੱਡੀ ਤੋਂ ਚੋਟੀ ਤੱਕ ਦੀ ਸੁੰਦਰਤਾ ਅਤੇ ਅੰਗ-ਅੰਗ ਦਾ ਵਰਣਨ) ਤੱਕ ਸੀਮਿਤ ਹੋ ਕੇ ਰਹਿ ਗਈ ਸੀ। ਆਪਣੇ ਆਸਰਾ-ਦਾਤਾ ਰਾਜਿਆਂ ਨੂੰ ਸ਼ਿੰਗਾਰ-ਰਸ ਨਾਲ ਛਲਕਦੀਆਂ ਰਚਨਾਵਾਂ ਸੁਣਾ ਕੇ ਪ੍ਰਸੰਨ ਕਰਨਾ ਅਤੇ ਇਨਾਮ ਵਿੱਚ ਮੋਹਰਾਂ ਖੱਟਣਾ ਬਹੁਤੇ ਕਵੀਆਂ ਦਾ ਮੁੱਖ ਮਨੋਰਥ ਬਣ ਗਿਆ ਸੀ। ਇਸ ਤਰ੍ਹਾਂ ਦੇ ਸਾਹਿਤਿਕ ਮਾਹੌਲ ਵਿੱਚ ਇੱਕ ਬਿਲਕੁਲ ਵੱਖਰੀ ਅਤੇ ਵਿਲੱਖਣ ਸੁਰ ਦਾ ਨਾਂ ਹੈ-ਕਵੀ ਭੂਸ਼ਣ। ਹਿੰਦੀ ਵਿੱਚ ਰਚੇ ਗਏ ਵੀਰ- ਰਸੀ ਸਾਹਿਤ ਦੇ ਖੇਤਰ ਵਿੱਚ ਭੂਸ਼ਣ ਨੇ ਸਭ ਤੋਂ ਵੱਧ ਨਾਮਣਾ ਖੱਟਿਆ ਹੈ। ਭਾਵੇਂ ਹਿੰਦੀ ਸਾਹਿਤ ਦੇ ਆਦਿ- ਕਾਲ ਵਿੱਚ ਵੀਰ-ਰਸੀ ਰਚਨਾਵਾਂ ਦੀ ਭਰਮਾਰ ਰਹੀ ਅਤੇ ਇਸ ਪ੍ਰਵਿਰਤੀ ਦੇ ਕਾਰਨ ਹੀ ਉਸ ਯੁੱਗ ਨੂੰ ‘ਵੀਰ-ਗਾਥਾ ਕਾਲ’ ਕਿਹਾ ਗਿਆ ਪਰ ਉਸ ਦੌਰ ਦੀ ਕਵਿਤਾ ਲੋਕ-ਮਨਾਂ ਅੰਦਰ ਆਪਣੀ ਪਹੁੰਚ ਬਣਾ ਸਕਣ ਵਿੱਚ ਏਨੀ ਸਫਲ ਨਾ ਹੋ ਸਕੀ। ਭੂਸ਼ਣ ਨੂੰ ਇਸ ਗੱਲ ਦਾ ਮਾਣ ਹਾਸਲ ਹੈ ਕਿ ਉਸ ਦੀ ਕਵਿਤਾ ਲੋਕਾਂ ਦੇ ਮੂੰਹ ਚੜ੍ਹੀ, ਜਨਤਾ ਦੇ ਹਿਰਦਿਆਂ ਨੂੰ ਹਲੂਣਿਆ ਅਤੇ ਉਹਨਾਂ ਅੰਦਰ ਵੀਰਤਾ ਦੇ ਭਾਵ ਜਗਾਉਣ ਵਿੱਚ ਕਾਮਯਾਬ ਰਹੀ।
ਭੂਸ਼ਣ ਦੀ ਜਨਮ-ਤਾਰੀਖ਼ ਦੇ ਸੰਬੰਧ ਵਿੱਚ ਵਿਦਵਾਨਾਂ ਵਿੱਚ ਮੱਤ-ਭੇਦ ਰਹੇ ਹਨ। ਉਸ ਦਾ ਜਨਮ ਕਾਨ੍ਹਪੁਰ ਦੇ ਨਜ਼ਦੀਕ ਕਸਬੇ ਤਿਕਵਾਂਕੁਰ ਵਿੱਚ ਰਤਨਾਕੁਰ ਤ੍ਰਿਪਾਠੀ ਦੇ ਘਰ ਹੋਇਆ। ਕੁਝ ਵਿਦਵਾਨਾਂ ਦੀ ਰਾਇ ਮੁਤਾਬਕ ਉਹ ਰੀਤੀਕਾਲ ਦੇ ਪ੍ਰਸਿੱਧ ਕਵੀ ਮਤੀ ਰਾਮ ਅਤੇ ਚਿੰਤਾਮਣੀ ਤ੍ਰਿਪਾਠੀ ਦਾ ਭਰਾ ਸੀ ਪਰੰਤੂ ਨਵੀਆਂ ਖੋਜਾਂ ਮੁਤਾਬਕ ਇਹ ਤੱਥ ਸਹੀ ਨਹੀਂ ਹੈ। ਪੰਡਤ ਵਿਸ਼ਵਨਾਥ ਪ੍ਰਸਾਦ ਮਿਸ਼ਰ ਅਨੁਸਾਰ ਉਸ ਦਾ ਅਸਲੀ ਨਾਂ ਘਣ ਸ਼ਿਆਮ ਸੀ। ਭੂਸ਼ਣ ਉਸ ਦੀ ਉਪਾਧੀ ਸੀ ਜੋ ਚਿੱਤਰਕੂਟ ਦੇ ਰਾਜਾ ਰੁਦਰਪ੍ਰਤਾਪ ਸਿੰਘ ਸੋਲੰਕੀ ਨੇ ਉਸ ਨੂੰ ਪ੍ਰਦਾਨ ਕੀਤੀ :
ਕਵੀ ਭੂਸ਼ਣ ਪਦਵੀ ਦਈ, ਹਿਰਦੇ ਰਾਮ ਸੁਤ ਰੁਦਰ।
ਇਹ ਉਪਾਧੀ ਕਵੀ ਲਈ ਏਨੀ ਪ੍ਰਸਿੱਧੀ ਦਾ ਕਾਰਨ ਬਣੀ ਕਿ ਲੋਕਾਂ ਨੂੰ ਉਸ ਦਾ ਅਸਲੀ ਨਾਂ ਵਿਸਰ ਹੀ ਗਿਆ। ਆਪਣੇ ਸਮੇਂ ਦੀ ਪ੍ਰਥਾ ਅਨੁਸਾਰ ਉਹ ਰੁਜ਼ਗਾਰ ਦੀ ਤਲਾਸ਼ ਅਤੇ ਪ੍ਰਤਿਭਾ ਦਾ ਮੁੱਲ ਪੁਆਉਣ ਲਈ ਕਈ ਰਾਜਿਆਂ ਦੇ ਦਰਬਾਰ ਵਿੱਚ ਗਿਆ ਪਰੰਤੂ ਹਰ ਥਾਂ ਤੇ ਫੈਲੀ ਵਿਲਾਸਤਾ ਦੇਖ ਕੇ ਉਸ ਦਾ ਮਨ ਗਿਲਾਨੀ ਨਾਲ ਭਰ ਗਿਆ। ਉਸ ਸਮੇਂ ਦੇ ਰਜਵਾੜਿਆਂ ਵਿੱਚ ਪ੍ਰਤਿਭਾਸ਼ਾਲੀ ਸ਼ਾਇਰਾਂ ਨੂੰ ਆਪਣੀ ਰਾਜ ਸਭਾ ਦਾ ਸ਼ਿੰਗਾਰ ਬਣਾਉਣ ਦਾ ਰਿਵਾਜ ਸੀ। ਪਰੰਤੂ ਉਹ ਅਜਿਹੀ ਕਵਿਤਾ ਪਸੰਦ ਕਰਦੇ ਸੀ ਜਿਸ ਵਿੱਚ ਸ਼ਬਦ-ਚਮਤਕਾਰ ਅਤੇ ਮਨੋਰੰਜਨ ਹੋਵੇ। ਕਵਿਤਾ ਨੂੰ ਸ਼ਰਾਬ ਦੇ ਜਾਮ ਵਾਂਗ ਜਿਹਨੀ ਅਯਾਸ਼ੀ ਦਾ ਸਮਾਨ ਬਣਾ ਕੇ ਵੇਚਣਾ ਭੂਸ਼ਣ ਨੂੰ ਸਵੀਕਾਰ ਨਹੀਂ ਸੀ। ਉਹ ਕਿਸੇ ਵੀ ਕੀਮਤ ਤੇ ਕਵੀ ਦਾ ਸ੍ਵੈਮਾਣ ਗਿਰਵੀ ਰੱਖਣ ਲਈ ਤਿਆਰ ਨਹੀਂ ਸੀ।
ਵੀਰ ਸ਼ਿਵਾ ਜੀ ਮਰਾਠਾ ਦੇ ਦਰਬਾਰ ਵਿੱਚ ਪਹੁੰਚ ਕੇ ਭੂਸ਼ਣ ਨੂੰ ਮਨ-ਮਾਫ਼ਕ ਕਾਵਿ ਨਾਇਕ ਮਿਲ ਗਿਆ। ਉਸ ਨੂੰ ਸ਼ਿਵਾ ਜੀ ਦੇ ਰੂਪ ਵਿੱਚ ਹਿੰਦੁਸਤਾਨ ਅਤੇ ਹਿੰਦੂ ਸੰਸਕ੍ਰਿਤੀ ਦੇ ਰੱਖਿਅਕ ਅਤੇ ਤਾਰਨਹਾਰ ਦੇ ਨਕਸ਼ ਨਜ਼ਰੀਂ ਆਏ ਅਤੇ ਸ਼ਿਵਾ ਜੀ ਦੀ ਪ੍ਰਸੰਸਾ ਵਿੱਚ ਬਵੰਜਾ ਪਦਾਂ ਦੀ ਰਚਨਾ ਕੀਤੀ ਜੋ ਸ਼ਿਵਾ-ਬਾਵਨੀ ਦੇ ਨਾਂ ਨਾਲ ਪ੍ਰਸਿੱਧ ਹੋਈ। ਕਿਹਾ ਜਾਂਦਾ ਹੈ ਕਿ ਸ਼ਿਵਾ ਜੀ ਉਸ ਦੀ ਕਵਿਤਾ ਤੋਂ ਏਨੇ ਪ੍ਰਸੰਨ ਹੋਏ ਕਿ ਬਵੰਜਾ ਪਿੰਡਾਂ ਦੀ ਜਗੀਰ ਕਵੀ ਦੇ ਨਾਂ ਕਰ ਦਿੱਤੀ।
ਭੂਸ਼ਣ ਦੀ ਕਵਿਤਾ ਵਿੱਚ ਵੀਰ-ਰਸ ਡੁੱਲ੍ਹ-ਡੁੱਲ੍ਹ ਪੈਂਦਾ ਹੈ। ਸ਼ਿਵਾ ਜੀ ਨੂੰ ਉਸ ਨੇ ਇੱਕ ਅਜਿਹੇ ਸੂਰਬੀਰ ਦੇ ਰੂਪ ਵਿੱਚ ਪੇਸ਼ ਕੀਤਾ ਹੈ ਜੋ ‘ਮਲੇਛ ਵੰਸ’ ਦੇ ਖ਼ਾਤਮੇ ਲਈ ਅਵਤਾਰੀ-ਪੁਰਸ਼ ਬਣ ਕੇ ਪ੍ਰਗਟ ਹੋਇਆ ਅਤੇ ਜਿਸ ਨੇ ਹਿੰਦੂ ਧਰਮ ਅਤੇ ਸੰਸਕ੍ਰਿਤੀ ਦੀ ਬੇੜੀ ਨੂੰ ਡੁੱਬਣੋਂ ਬਚਾ ਲਿਆ। ਕਵੀ ਨੇ ਬੜੀ ਹੀ ਜੋਸ਼ੀਲੀ ਭਾਸ਼ਾ ਵਿੱਚ ਆਪਣੇ ਨਾਇਕ ਦੀ ਵੀਰਤਾ ਦਾ ਵਿਖਿਆਨ ਕੀਤਾ ਅਤੇ ਸ਼ਿਵਾ ਜੀ ਨੂੰ ਧਰਮ-ਰੱਖਿਅਕ ਅਤੇ ਵੇਦ-ਬਿਰਦ ਸਾਂਭਣ ਵਾਲੇ ਸੂਰਮੇ ਦੇ ਰੂਪ ਵਿੱਚ ਸਤਿਕਾਰਿਆ।
ਸ਼ਿਵਾ ਜੀ ਤੋਂ ਇਲਾਵਾ ਪੰਨਾ ਦੇ ਰਾਜਾ ਛਤਰਸਾਲ ਦੀ ਉਸਤਤ ਵਿੱਚ ਵੀ ਉਸ ਨੇ ਪਦਾਂ ਦੀ ਰਚਨਾ ਕੀਤੀ। ਛਤਰਸਾਲ ਦੀ ਵੀਰਤਾ ਅਤੇ ਨਿਮਰਤਾ ਨੇ ਉਸ ਦਾ ਮਨ ਮੋਹ ਲਿਆ ਸੀ। ਜਦੋਂ ਛਤਰਸਾਲ ਦੇ ਦਰਬਾਰ ਵਿੱਚ ਉਹ ਪਹੁੰਚਿਆ ਤਾਂ ਰਾਜੇ ਨੇ ਖ਼ੁਦ ਉਸ ਦੀ ਪਾਲਕੀ ਨੂੰ ਮੋਢਾ ਦਿੱਤਾ ਸੀ। ਰਾਜੇ ਵੱਲੋਂ ਮਿਲੇ ਏਨੇ ਆਦਰ ਮਾਣ ਦੇ ਜਵਾਬ ਵਿੱਚ ਉਸ ਦੀ ਕਲਮ ਕਹਿ ਉੱਠੀ :
ਸ਼ਿਵਾ ਕੋ ਸਰਾਹੋਂ ਕੇ ਸਰਾਹੋਂ ਛਤਰਸਾਲ ਕੋ’॥
ਛਤਰਸਾਲ ਦੀ ਉਸਤਤ ਵਿੱਚ ਲਿਖੇ ਪਦ ਛਤਰਸਾਲ ਦਸ਼ਕ ਨਾਂ ਦੀ ਰਚਨਾ ਵਜੋਂ ਪ੍ਰਸਿੱਧ ਹੋਏ।
ਮਰਾਠਾ ਇਤਿਹਾਸ ਮੁਤਾਬਕ ਭੂਸ਼ਣ ਕੇਵਲ ਕਲਮ ਦਾ ਹੀ ਨਹੀਂ ਸਗੋਂ ਤੇਗ਼ ਦਾ ਵੀ ਧਨੀ ਸੀ ਅਤੇ ਸ਼ਿਵਾ ਜੀ ਦੇ ਕਰੀਬੀ ਸਲਾਹਕਾਰਾਂ ਵਿੱਚੋਂ ਇੱਕ ਸੀ।
ਉਹ ਮੁੱਖ ਰੂਪ ਵਿੱਚ ਵੀਰ-ਕਾਵਿ ਦਾ ਕਰਤਾ ਹੈ। ਭਾਵੇਂ ਸ਼ਾਸਤਰਾਂ ਵਿੱਚ ਵਰਣਿਤ ਯੁੱਧਵੀਰ, ਦਾਨਵੀਰ, ਦਯਾਵੀਰ ਅਤੇ ਧਰਮਵੀਰ ਇਹਨਾਂ ਚਾਰੇ ਰੂਪਾਂ ਦਾ ਹੀ ਉਸ ਦੀ ਕਵਿਤਾ ਵਿੱਚ ਜ਼ਿਕਰ ਮਿਲਦਾ ਹੈ ਪਰੰਤੂ ਸ਼ਿਵਾ ਜੀ ਦੀ ਯੁੱਧ ਅਤੇ ਦਾਨ ਵੀਰਤਾ ਨੂੰ ਕਵੀ ਨੇ ਵਿਸ਼ੇਸ਼ ਤੌਰ ਤੇ ਬਿਆਨ ਕੀਤਾ ਹੈ। ਰੀਤੀਕਾਲ ਦੇ ਕੁੱਝ ਹੋਰ ਕਵੀਆਂ ਨੇ ਵੀਰ-ਰਸੀ ਕਵਿਤਾ ਰਚੀ ਪਰ ਭੂਸ਼ਣ ਦੀ ਵਿਲੱਖਣਤਾ ਸਪਸ਼ਟ ਨਜ਼ਰੀਂ ਆਉਂਦੀ ਹੈ। ਉਸ ਦੀ ਕਵਿਤਾ ਵਿੱਚ ਕੌਮੀ ਜਜ਼ਬਾ ਛਲਕਦਾ ਹੈ। ਉਹ ਰਾਸ਼ਟਰੀ ਭਾਵਨਾਵਾਂ ਦਾ ਗਾਇਕ ਹੈ ਅਤੇ ਉਸ ਨੇ ਰਾਸ਼ਟਰੀਅਤਾ ਦੀ ਪਰਿਭਾਸ਼ਾ ਸੱਭਿਆਚਾਰਿਕ ਨਜ਼ਰੀਏ ਤੋਂ ਕੀਤੀ। ਸ਼ਿਵਾ ਜੀ ਦੇ ਚਰਿੱਤਰ ਵਿੱਚ ਕਵੀ ਨੂੰ ਇੱਕ ਕੌਮੀ ਨਾਇਕ ਨਜ਼ਰੀਂ ਪੈਂਦਾ ਹੈ ਜਿਸ ਦੀ ਛੱਤਰ-ਛਾਇਆ ਹੇਠਾਂ ਉਹ ਜਨਤਾ ਦੀ ਸੁਰੱਖਿਆ ਲਈ ਆਸਵੰਦ ਨਜ਼ਰ ਆਉਂਦਾ ਹੈ। ਤੁਰਕ ਸੋਧਣ ਵਾਲੇ ਸ਼ਿਵਾ ਜੀ ਦਾ ਚਿੱਤਰ ਕਿਸੇ ਸੰਪਰਦਾਇਕ ਵਿਅਕਤੀ ਵਜੋਂ ਨਹੀਂ ਸਗੋਂ ਮਰਯਾਦਾ ਬਚਾਉਣ ਵਾਲੇ ਨੇਤਾ ਵਜੋਂ ਉੱਭਰਦਾ ਹੈ।
ਭੂਸ਼ਣ ਨੂੰ ਰੀਤੀ-ਬੱਧ ਕਵੀਆਂ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ। ਅਚਾਰੀਆ ਪਦਵੀ ਪਾਉਣ ਦੀ ਕੋਸ਼ਿਸ਼ ਵਿੱਚ ਭੂਸ਼ਣ ਨੇ ਸ਼ਿਵਰਾਜ ਭੂਸ਼ਣ ਨਾਮਕ ਗ੍ਰੰਥ ਦੀ ਰਚਨਾ ਕੀਤੀ। ਪਰੰਤੂ ਉਸ ਨੂੰ ਅਚਾਰੀਆ ਕਰਮ ਵਿੱਚ ਉਹ ਸਫਲਤਾ ਨਾ ਮਿਲੀ ਜੋ ਕਵੀ ਕਰਮ ਵਿੱਚ ਮਿਲੀ। ਸੀਮਾਵਾਂ ਵਿੱਚ ਬੱਝੇ ਹੋਣ ਕਾਰਨ ਭੂਸ਼ਣ ਕਾਵਿ-ਰੀਤੀ ਨਿਰੂਪਣ ਦੇ ਕੰਮ ਨਾਲ ਨਿਆਂ ਨਾ ਕਰ ਸਕਿਆ। ਸ਼ਿਵਰਾਜ ਭੂਸ਼ਣ ਗ੍ਰੰਥ ਵਿੱਚ ਉਸ ਨੇ 105 ਅਲੰਕਾਰਾਂ ਦਾ ਨਿਰੂਪਣ ਕੀਤਾ ਹੈ। ਇਹਨਾਂ ਵਿੱਚੋਂ ਅਨੇਕਾਂ ਅਲੰਕਾਰਾਂ ਦੇ ਲੱਛਣ ਅਸ਼ੁੱਧ ਹਨ ਅਤੇ ਜਿੱਥੇ ਕਿਤੇ ਸਹੀ ਲੱਛਣ ਨਜ਼ਰੀਂ ਪੈਂਦੇ ਹਨ ਉਹਨਾਂ ਵਿੱਚ ਵੀ ਦੂਸਰੇ ਕਵੀਆਂ ਦੀ ਨਕਲ ਕੀਤੀ ਜਾਪਦੀ ਹੈ। ਭੂਸ਼ਣ ਹਜ਼ਾਰਾ ਅਤੇ ਭੂਸ਼ਣ ਉਲਾਸ ਨਾਂ ਦੀਆਂ ਰਚਨਾਵਾਂ ਵੀ ਉਸ ਦੇ ਨਾਂ ਨਾਲ ਜੋੜੀਆਂ ਜਾਂਦੀਆਂ ਹਨ ਪਰ ਇਸ ਦਾ ਕੋਈ ਠੋਸ ਪ੍ਰਮਾਣ ਉਪਲਬਧ ਨਹੀਂ।
ਵੀਰ-ਰਸ ਵਰਣਨ ਵਿੱਚ ਉਸ ਨੇ ਜਿਸ ਜੋਸ਼ੀਲੀ ਅਤੇ ਭਾਵ-ਅਨੁਕੂਲ ਭਾਸ਼ਾ ਦਾ ਪ੍ਰਯੋਗ ਕੀਤਾ ਹੈ ਉਸ ਨੂੰ ਕਵੀ ਦੀ ਪ੍ਰਾਪਤੀ ਮੰਨਿਆ ਜਾ ਸਕਦਾ ਹੈ। ਭਾਸ਼ਾ ਦਾ ਜੋਸ਼ੀਲਾਪਣ ਪੜ੍ਹਨ ਸੁਣਨ ਵਾਲੇ ਦੇ ਖ਼ੂਨ ਵਿੱਚ ਉਬਾਲ ਲਿਆ ਸਕਦਾ ਹੈ ਅਤੇ ਅੰਗ-ਅੰਗ ਫਰਕਣ ਭਰ ਦਿੰਦਾ ਹੈ। ਬ੍ਰਜ ਭਾਸ਼ਾ ਨੂੰ ਆਮ ਤੌਰ ਤੇ ਮਧੁਰ ਭਾਸ਼ਾ ਗਿਣਿਆ ਜਾਂਦਾ ਹੈ ਜਿਸ ਨੂੰ ਸ਼ਿੰਗਾਰ-ਰਸੀ ਕਵਿਤਾ ਲਈ ਹੀ ਅਨੁਕੂਲ ਸਮਝਿਆ ਜਾਂਦਾ ਹੈ। ਪਰ ਉਸ ਨੇ ਇਸ ਭਾਸ਼ਾ ਵਿੱਚ ਰੋਹ ਅਤੇ ਜੋਸ਼ ਭਰ ਕੇ ਚਮਤਕਾਰ ਕਰ ਦਿਖਾਇਆ ਹੈ। ਉਸ ਦੀ ਰਚਨਾ ਵਿਚਲੀ ਰਸ ਯੋਜਨਾ ਉਹਨਾਂ ਲੋਕਾਂ ਦੀ ਧਾਰਨਾ ਨੂੰ ਖੰਡਿਤ ਕਰਦੀ ਹੈ ਜਿਨ੍ਹਾਂ ਦਾ ਮੰਨਣਾ ਸੀ ਕਿ ਬ੍ਰਜ ਭਾਸ਼ਾ ਵੀਰ-ਰਸ ਦੇ ਅਨੁਕੂਲ ਨਹੀਂ। ਗੁਰੂ ਗੋਬਿੰਦ ਸਿੰਘ ਰਚਿਤ ਬ੍ਰਜ ਭਾਸ਼ਾ ਕਾਵਿ ਵਿੱਚ ਵੀ ਵੀਰ- ਰਸ ਦੀ ਇਹ ਛਟਾ ਦੇਖਣ ਯੋਗ ਹੈ।
ਭੂਸ਼ਣ ਤੇ ਇਹ ਦੋਸ਼ ਵੀ ਲੱਗਦਾ ਹੈ ਕਿ ਉਸ ਨੇ ਭਾਸ਼ਾ ਨੂੰ ਆਪਣੀ ਮਰਜ਼ੀ ਮੁਤਾਬਕ ਤੋੜਿਆ ਮੋੜਿਆ ਹੈ ਅਤੇ ਦੂਜੀਆਂ ਭਾਸ਼ਾਵਾਂ ਦੇ ਸ਼ਬਦਾਂ ਦਾ ਵੀ ਖੁੱਲ੍ਹ ਕੇ ਪ੍ਰਯੋਗ ਕੀਤਾ ਹੈ। ਹਕੀਕਤ ਇਹ ਹੈ ਕਿ ਭਾਸ਼ਾ ਨੂੰ ਵੀਰ-ਰਸ ਦੇ ਮੇਚੇ ਲਿਆਉਣ ਲਈ ਅਜਿਹੀ ਭੰਨ-ਘੜ ਕੀਤੀ ਜਾਣੀ ਜ਼ਰੂਰੀ ਸੀ।
ਭੂਸ਼ਣ ਦੀ ਕਵਿਤਾ ਵਿੱਚ ਲੋਹੜੇ ਦੀ ਰਵਾਨਗੀ ਹੈ ਅਤੇ ਸ਼ਬਦ ਜਿਵੇਂ ਝਰਨੇ ਬਣ ਕੇ ਵਗ ਤੁਰਦੇ ਹਨ। ਉਸ ਦੇ ਰਚੇ ਕਬਿੱਤ ਸਵੱਈਏ ਸਹਿਜੇ ਹੀ ਮੂੰਹ ਚੜ੍ਹ ਜਾਂਦੇ ਹਨ। ਇੱਕ ਵੰਨਗੀ ਦੇਖੋ :
ਸਾਜਿ ਚਤੁਰੰਗ ਵੀਰ ਰੰਗ ਮੇ ਤੁਰੰਗ ਚੜ੍ਹ
ਸਰਜਾ ਸ਼ਿਵਾ ਜੀ ਜੰਗ ਜੀਤਨ ਚਲਤ ਹੈਂ।
ਭੂਸ਼ਣ ਭਣਤ ਨਾਦ ਬਿਹਦ ਨਗਾਰਨ ਕੇ
ਨਦੀ ਨਦ ਮਦ ਗੈਬਰਨ ਕੇ ਰਲਤ ਹੈਂ।
ਐਲ ਫੈਲ ਗੈਲ ਭੈਲ ਖਲਕ ਮੇਂ ਗੈਲ ਗੈਲ
ਗਜਨ ਕੋ ਠੇਲ ਪੈਲ ਸੈਲ ਉਸਲਤ ਹੈਂ।
ਤਾਰਾ ਸੋ ਤਰਨਿ ਧੂਰਿ ਧਾਰਾ ਮੇਂ ਲਗਤ ਲਗਤ ਜਿਮਿ
ਥਾਰਾ ਪਰ ਪਾਰਾ ਪਾਰਾਵਾਰ ਯੋਂ ਹਲਤ ਹੈਂ।
ਅਚਾਰੀਆ ਸ਼ੁਕਲ ਅਨੁਸਾਰ ਭੂਸ਼ਣ ਨੇ ਜਿਨ੍ਹਾਂ ਨਾਇਕਾਂ ਨੂੰ ਵੀਰ-ਕਾਵਿ ਦਾ ਵਿਸ਼ਾ ਬਣਾਇਆ, ਉਹ ਅਨਿਆਂ ਦੇ ਦਮਨ ਲਈ ਤਤਪਰ, ਹਿੰਦੂ ਧਰਮ ਦੇ ਰੱਖਿਅਕ ਅਤੇ ਇਤਿਹਾਸ ਦੇ ਪ੍ਰਸਿੱਧ ਵੀਰ ਸਨ। ਇੱਕ ਹੋਰ ਵਿਦਵਾਨ ਅਨੁਸਾਰ ਸ਼ਿਵਾ ਜੀ ਦੀ ਤੇਗ਼ ਜਿਸ ਮਕਸਦ ਨੂੰ ਪੂਰਾ ਕਰਨ ਲਈ ਯਤਨਸ਼ੀਲ ਸੀ, ਭੂਸ਼ਣ ਦੀ ਕਲਮ ਵੀ ਉਸੇ ਆਸ਼ੇ ਨੂੰ ਸਮਰਪਿਤ ਸੀ।
ਲੇਖਕ : ਮੱਖਣ ਲਾਲ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2845, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First