ਭ੍ਰਮ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਭ੍ਰਮ: ਇਸ ਦਾ ਅਰਥ ਹੈ ਸਤਿ-ਗਿਆਨ ਦੇ ਉਲਟ ਮਿਥਿਆ-ਗਿਆਨ। ਇਸ ਦਾ ਅਰਥ ਭੁਲੇਖਾ ਵੀ ਕੀਤਾ ਜਾ ਸਕਦਾ ਹੈ। ਅਧਿਆਮਿਕ ਸਾਧਨਾ ਵਿਚ ਮਨੁੱਖ ਭੌਤਿਕਤਾ ਨੂੰ ਸਚ ਸਮਝਣ ਦੇ ਭ੍ਰਮ ਵਿਚ ਫਸ ਜਾਂਦਾ ਹੈ। ਫਲਸਰੂਪ ਉਹ ਹਰਿ-ਪ੍ਰਾਪਤੀ-ਪਥ ਤੋਂ ਭ੍ਰਸ਼ਟ ਹੋ ਜਾਂਦਾ ਹੈ। ਇਹ ਸਥਿਤੀ ਤਦ ਤਕ ਬਣੀ ਰਹਿੰਦੀ ਹੈ ਜਦ ਤਕ ਮਨ ਵਿਚ ਮਿਥਿਆ-ਗਿਆਨ ਹੈ। ਗੁਰੂ ਦੀ ਕ੍ਰਿਪਾ ਨਾਲ ਮਨ ਨੂੰ ਸਥਿਰਤਾ ਪ੍ਰਾਪਤ ਹੁੰਦੀ ਹੈ। ਗੁਰੂ ਨਾਨਕ ਦੇਵ ਜੀ ਨੇ ਆਸਾ ਰਾਗ ਵਿਚ ਕਿਹਾ ਹੈ—ਡੀਗਨ ਡੋਲਾ ਤਊ ਲਉ ਜਉ ਮਨ ਕੇ ਭਰਮਾ ਭ੍ਰਮ ਕਾਟੇ ਗੁਰਿ ਆਪਣੈ ਪਾਏ ਬਿਸਰਾਮਾ (ਗੁ.ਗ੍ਰੰ.400)। ਸੰਤ ਕਬੀਰ ਨੇ ਧਨਾਸਰੀ ਰਾਗ ਵਿਚ ਪ੍ਰਾਣੀ ਨੂੰ ਸੰਬੋਧਨ ਕਰਦਿਆਂ ਭ੍ਰਮ ਛਡ ਕੇ ਪਰਮਾਤਮਾ ਦੇ ਨਾਮ-ਸਿਮਰਨ ਵਲ ਪ੍ਰੇਰਿਤ ਕੀਤਾ ਹੈ—ਕਹਤ ਕਬੀਰ ਸੁਨਹੁ ਰੇ ਪ੍ਰਾਨੀ ਛੋਡਹੁ ਮਨ ਕੇ ਭਰਮਾ ਕੇਵਲ ਨਾਮੁ ਜਪਹੁ ਰੇ ਪ੍ਰਾਨੀ ਪਰਹੁ ਏਕ ਕੀ ਸਰਨਾਂ (ਗੁ.ਗ੍ਰੰ.692)।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 17464, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਭ੍ਰਮ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Delusion_ਭ੍ਰਮ: ਜਿਥੇ ਦਲੀਲ ਵਿਚ ਗੜਬੜ ਹੋਵੇ ਉਥੇ ਚਿਤ ਅਸਵਸਥ ਹੁੰਦਾ ਹੈ। ਦਲੀਲ ਦਾ ਅਭਾਵ ਅੰਸ਼ਕ ਰੂਪ ਵਿਚ ਵੀ ਹੋ ਸਕਦਾ ਹੈ ਅਤੇ ਪੂਰਣ ਰੂਪ ਵਿਚ ਵੀ। ਇਸ ਦਾ ਕਾਰਨ ਭ੍ਰਮ ਦੀ ਹੋਂਦ ਹੈ। ਭ੍ਰਮ ਦਾ ਮਤਲਬ ਹੈ ਅਜਿਹੇ ਤੱਥਾਂ ਵਿਚ ਵਿਸ਼ਵਾਸ ਜਿਨ੍ਹਾਂ ਵਿਚ ਕੋਈ ਬਾਦਲੀਲ ਆਦਮੀ ਵਿਸ਼ਵਾਸ ਨਹੀਂ ਕਰ ਸਕਦਾ। ਕੇਵਲ ਸਨਕ ਨੂੰ ਚਿੱਤ ਦੀ ਅਸਵਸਥਤਾ ਦਾ ਨਾਮ ਨਹੀਂ ਦਿੱਤਾ ਜਾ ਸਕਦਾ। ਇਸੇ ਤਰ੍ਹਾਂ ਘੜੀ ਤੋਲਾ ਘੜੀ ਮਾਸਾ ਹਿੰਸਕ ਸੁਭਾ ਨੂੰ ਹੀ ਚਿੱਤ ਦੀ ਅਸਵੱਸਥਤਾ ਨਹੀਂ ਕਿਹਾ ਜਾ ਸਕਦਾ। ਦਲੀਲ ਦੀ ਸ਼ਕਤੀ ਵਿਚ ਗੜਬੜ ਹੋਵੇ ਤਦ ਹੀ ਮਨੁੱਖ ਨੂੰ ਅਸਵਸਥ ਚਿਤ ਕਿਹਾ ਜਾ ਸਕਦਾ ਹੈ। ਇਸ ਨਾਲ ਮਨੁੱਖ ਉਸ ਅਵੱਸਥਾ ਵਿਚ ਪਹੁੰਚ ਜਾਂਦਾ ਹੈ ਜਿਸ ਵਿਚ ਉਹ ਅਜਿਹੇ ਤੱਥਾਂ ਵਿਚ ਵਿਸ਼ਵਾਸ ਕਰਨ ਲਗ ਪੈਂਦਾ ਹੈ ਜਿਨ੍ਹਾਂ ਵਿਚ ਕੋਈ ਬਾਦਲੀਲ ਆਦਮੀ ਵਿਸ਼ਵਾਸ ਨਹੀਂ ਕਰ ਸਕਦਾ। ਅਜਿਹਾ ਵਿਅਕਤੀ ਉਨ੍ਹਾਂ ਗੱਲਾਂ ਨੂੰ ਹਕੀਕਤ ਮੰਨਣ ਲੱਗ ਪੈਂਦਾ ਹੈ ਜੋ ਉਸ ਦੀ ਕਲਪਨਾ ਵਿਚ ਬੈਠੀਆਂ ਹੁੰਦੀਆਂ ਹਨ ਅਤੇ ਉਹ ਉਸ ਭੁਲੇਖੇ ਪੂਰਨ ਵਿਸ਼ਵਾਸ ਦੇ ਵਿਰੁਧ ਮਾਨਸਿਕ ਜਦੋ ਜਹਿਦ ਕਰਨ ਤੋਂ ਅਸਮਰਥ ਹੁੰਦਾ ਹੈ। ਇਸ ਤਰ੍ਹਾਂ ਦੇ ਭ੍ਰਮ ਦੇ ਨਾਲ ਸਨ੍ਹਕ, ਹਿੰਸਾ ਅਤੇ ਕਈ ਵਾਰੀ ਅਤਿ ਦਰਜੇ ਦੇ ਸ਼ਕ ਮਨੁੱਖ ਨੂੰ ਪਾਗਲ ਦੀ ਕੋਟੀ ਵਿਚ ਲੈ ਜਾਂਦੇ ਹਨ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 17464, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.