ਮਨੋਵਿਗਿਆਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਨੋਵਿਗਿਆਨ [ਨਾਂਪੁ] ਮਨ ਦੀ ਵਿਆਖਿਆ ਕਰਨ ਵਾਲ਼ਾ ਵਿਗਿਆਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13668, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਮਨੋਵਿਗਿਆਨ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਮਨੋਵਿਗਿਆਨ : ਮਨ ਦੇ ਅਧਿਐਨ ਦੀ ਵਿਗਿਆਨਕ ਵਿਧੀ ਨੂੰ ਮਨੋਵਿਗਿਆਨ ਕਹਿੰਦੇ ਹਨ। ਧਰਮ ਦੇ ਪ੍ਰਭਾਵ ਅਧੀਨ ਸ਼ਰੀਰ ਅਤੇ ਮਨ ਨੂੰ ਵੱਖ ਵੱਖ ਇਕਾਈਆਂ ਮੰਨਿਆ ਜਾਂਦਾ ਰਿਹਾ ਹੈ ਪਰ ਅਜੋਕਾ ਮਨੋਵਿਗਿਆਨ ਇਸ ਗੱਲ ਉੱਤੇ ਜ਼ੋਰ ਦਿੰਦਾ ਹੈ ਕਿ ਮਨੁੱਖ ਦੀਆਂ ਸ਼ਰੀਰਕ ਕ੍ਰਿਆਵਾਂ ਨੂੰ ਉਸ ਦੀਆਂ ਮਾਨਸਿਕ ਕ੍ਰਿਆਵਾਂ ਤੋਂ ਨਿਖੇੜ ਕੇ ਨਹੀਂ ਵੇਖਿਆ ਜਾ ਸਕਦਾ। ਸਦੀਆਂ ਤਕ ਮਨੁੱਖੀ ਮਨ ਨੂੰ ਆਤਮਾ ਦੇ ਅਰਥਾਂ ਵਿਚ ਜਾਣਿਆ ਜਾਂਦਾ ਰਿਹਾ ਹੈ ਅਤੇ ਇਸ ਨੂੰ ਪਹਿਲਾਂ ਧਰਮ ਅਤੇ ਮਗਰੋਂ ਦਰਸ਼ਨ ਦੇ ਖੇਤਰਾ ਦਾ ਵਿਸ਼ਾ ਗਿਣਿਆ ਜਾਂਦਾ ਰਿਹਾ ਹੈ। ਮਨੋਵਿਗਿਆਨੀਆਂ ਨੇ ਵੱਖ ਵੱਖ ਪ੍ਰਯੋਗਾਂ ਨਾਲ ਮਨੋਵਿਗਿਆਨ ਨੂੰ ਇਕ ਸਵੈ–ਸੁਤੰਤਰ ਵਿਗਿਆਨ ਵਜੋਂ ਸਥਾਪਤ ਕਰਨ ਦਾ ਉਪਰਾਲਾ ਕੀਤਾ ਹੈ। ਮਨੋਵਿਗਿਆਨ ਦੇ ਸੰਕਲਪ ਨੂੰ ਪਹਿਲੀ ਵਾਰ ਸੋਲ੍ਹਵੀਂ ਸਦੀ ਵਿਚ ਸਵੀਕਾਰ ਕੀਤਾ ਗਿਆ। ਆਰੰਭ ਵਿਚ ਮਨੋਵਿਗਿਆਨ ਨੂੰ ਜੀਵ–ਵਿਗਿਆਨਾਂ ਦੀ ਇਕ ਵੰਨਗੀ ਮੰਨਿਆ ਗਿਆ।

          ਮਨੁੱਖ ਦਾ ਆਪਣੇ ਆਲੇ–ਦੁਆਲੇ ਨਾਲ ਆਦਾਨ–ਪ੍ਰਦਾਨ ਮਾਨਸਿਕ ਕ੍ਰਿਆਵਾਂ, ਹਾਲਤਾਂ ਅਤੇ ਕਾਰਜਾਂ ਰਾਹੀਂ ਹੁੰਦਾ ਹੈ। ਇਹ ਆਦਾਨ–ਪ੍ਰਦਾਨ ਹੀ ਮੁੱਢਲੇ ਮਨੋਵਿਗਿਆਨ ਦੇ ਅਧਿਐਨ ਦਾ ਖੇਤਰ ਅਤੇ ਵਿਸ਼ਾ ਸੀ। ਅਜੋਕਾ ਮਨੋਵਿਗਿਆਨ ਮਨੁੱਖੀ ਵਿਵਹਾਰ ਅਤੇ ਮਨੁੱਖੀ ਸ਼ਖ਼ਸੀਅਤ ਦੇ ਵਿਕਾਸ ਦਾ ਅਧਿਐਨ ਕਰਦਾ ਹੈ। ਨਿਰਸੰਦੇਹ ਮਨੁੱਖੀ ਵਿਵਹਾਰ ਅਤੇ ਸ਼ਖ਼ਸੀਅਤ ਦੇ ਅਨੇਕਾਂ ਪੱਖ ਅਜਿਹੇ ਹਨ ਜਿਹੜੇ ਹੋਰ ਵਿਗਿਆਨਾਂ ਦਾ ਵਿਸ਼ਾ ਹਨ ਅਤੇ ਉਨ੍ਹਾਂ ਨੂੰ ਮਨੋਵਿਗਿਆਨ ਦੇ ਘੇਰੇ ਵਿਚ ਨਹੀਂ ਮੰਨਿਆ ਜਾਂਦਾ।

          ਸ਼ਰੀਰ–ਵਿਗਿਆਨ ਅਤੇ ਮਨੋਵਿਗਿਆਨ ਦੀਆਂ ਅਨੇਕਾਂ ਗੱਲਾਂ ਸਾਂਝੀਆਂ ਹਨ। ਸ਼ਰੀਰ–ਵਿਗਿਆਨ ਸ਼ਰੀਰ ਦੇ ਵਿਭਿੰਨ ਅੰਗਾਂ ਨੂੰ ਇਕ ਦੂਜੇ ਨਾਲੋਂ ਨਿਖੇੜ ਕੇ ਅਧਿਐਨ ਕਰਦਾ ਹੈ ਜਦੋਂ ਕਿ ਮਨੋਵਿਗਿਆਨ ਸਮੁੱਚੇ ਸ਼ਰੀਰਿਕ ਵਰਤਾਰੇ ਦਾ ਅਧਿਐਨ ਕਰਦਾ ਹੈ। ਮਨੋਵਿਗਿਆਨ ਸ਼ਰੀਰ–ਵਿਗਿਆਨ ਦੇ ਕੇਵਲ ਉਨ੍ਹਾਂ ਪੱਖਾਂ ਨੂੰ ਧਿਆਨ ਵਿਚ ਰੱਖਦਾ ਹੈ ਜਿਹੜੇ ਮਨੁੱਖੀ ਵਿਵਹਾਰ ਦ੍ਰਿਸ਼ਟੀ ਤੋਂ ਮਹੱਤਵਪੂਰਣ ਹਨ। ਕਿਸੇ ਵੀ ਹੋਰ ਪੱਖ ਦੇ ਮੁਕਾਬਲੇ ਮਨੁੱਖੀ ਵਿਵਹਾਰ ਨੂੰ ਮਨੋਵਿਗਿਆਨ ਨੇ ਵਧੇਰੇ ਵਿਸਤਾਰ ਨਾਲ ਵਿਚਾਰਿਆ ਹੈ। ਅਜੋਕਾ ਮਨੋਵਿਗਿਆਨ ਮਨੁੱਖੀ ਵਿਵਹਾਰ ਦੇ ਨਾਲ ਨਾਲ ਮਨੁੱਖ ਅਨੁਭਵ ਨੂੰ ਵੀ ਆਪਣੇ ਕਲੇਵਰ ਵਿਚ ਲੈਂਦਾ ਹੈ। ਮਨੋਵਿਗਿਆਨ ਦਾ ਉਦੇਸ਼ ਉਨ੍ਹਾਂ ਨੇਮਾਂ ਦਾ ਨਿਰਮਾਣ ਕਰਨਾ ਹੈ, ਜਿਨ੍ਹਾਂ ਦੇ ਆਧਾਰ ਉੱਤੇ ਕਿਸੇ ਵੀ ਵਿਅਕਤੀ ਦੇ ਵਿਵਹਾਰ ਦਾ ਅਧਿਐਨ ਕੀਤਾ ਜਾ ਸਕੇ, ਉਸ ਵਿਵਹਾਰ ਪਿੱਛੇ ਕਾਰਜਸ਼ੀਲ ਕਾਰਣਾਂ ਦਾ ਪਤਾ ਲਾਇਆ ਜਾ ਸਕੇ ਅਤੇ ਉਸ ਵਿਵਹਾਰ ਦੇ ਅਸਲ ਅਰਥਾਂ ਨੂੰ ਜਾਣਿਆ ਜਾ ਸਕੇ। ਮਨੋਵਿਗਿਆਨ ਨੇ ਅਨੇਕਾਂ ਉਨ੍ਹਾਂ ਨੇਮਾਂ ਨੂੰ ਲੱਭਿਆ ਅਤੇ ਸਥਾਪਤ ਕੀਤਾ ਹੈ ਜਿਨ੍ਹਾਂ ਨੂੰ ਵਿਭਿੰਨ ਪ੍ਰਯੋਗਾਂ ਰਾਹੀਂ ਸਿੱਧ ਕਰਕੇ ਵਿਖਾਇਆ ਜਾ ਸਕਦਾ ਹੈ। ਭਾਵੇਂ ਪ੍ਰਯੋਗਾਂ ਦੇ ਖੇਤਰ ਵਿਚ ਮਨੋਵਿਗਿਆਨ ਦੂਜੇ ਵਿਗਿਆਨਾਂ ਦੇ ਮੁਕਾਬਲੇ ਬੜਾ ਪਛੜਿਆ ਹੋਇਆ ਹੈ ਪਰ ਅਨੇਕਾਂ ਮਨੋਵਿਗਿਆਨਕ ਧਾਰਣਾਵਾਂ ਸੰਬੰਧੀ ਮਨੋਵਿਗਿਆਨੀਆਂ ਵਿਚ ਸਹਿਮਤੀ ਹੈ। ਇੱਥੇ ਇਹ ਉਲੇਖ ਕਰਨਾ ਜ਼ਰੂਰੀ ਹੈ ਕਿ ਮਨੁੱਖੀ ਮਨ ਜਾਂ ਦਿਮਾਗ਼ ਇਤਨਾ ਗੁੰਝਲਦਾਰ ਹੈ ਅਤੇ ਇਸ ਦੀਆਂ ਕ੍ਰਿਆਵਾਂ ਇਤਨੀਆਂ ਜਟਿਲ ਹਨ ਕਿ ਉਨ੍ਹਾਂ ਸਪਸ਼ਟ ਭਾਂਤ ਇਕ ਦੂਜੀ ਨਾਲੋਂ ਨਿਖੇੜ ਕੇ ਪ੍ਰਯੋਗਾਂ ਰਾਹੀਂ ਸਿੱਧ ਨਹੀਂ ਕੀਤਾ ਜਾ ਸਕਦਾ। ਇਹ ਮਨੋਵਿਗਿਆਨ ਦਾ ਦੋਸ਼ ਨਹੀਂ, ਇਸ ਸਮੁੱਚੇ ਵਿਗਿਆਨ ਦਾ ਦੋਸ਼ ਹੈ ਕਿ ਉਹ ਉਨ੍ਹਾਂ ਯੰਤਰਾਂ ਦਾ ਨਿਰਮਾਣ ਨਹੀਂ ਕਰ ਸਕਿਆ ਜਿਨ੍ਹਾਂ ਰਾਹੀਂ ਮਨੋਵਿਗਿਆਨ ਦੀਆਂ ਧਾਰਣਾਵਾਂ ਨੂੰ ਪ੍ਰਯੋਗਾਂ ਰਾਹੀਂ ਸਿੱਧ ਕੀਤਾ ਜਾ ਸਕੇ। ਨਿਰਸੰਦੇਹ ਨਿਰੰਤਰ ਯਤਨਾਂ ਨਾਲ ਮਨੋਵਿਗਿਆਨ ਹੋਰ ਜੀਵ–ਵਿਗਿਆਨਾਂ ਵਾਂਗ ਇਕ ਸੰਗਠਿਤ ਵਿਗਿਆਨ ਹੋ ਨਿਬੜੇਗਾ।

          ਮਨੋਵਿਗਿਆਨ ਦੇ ਜਨਮ ਦੀ ਕਥਾ ਬਹੁਤ ਪਿੱਛੇ ਅਰਸਤੂ ਤਕ ਚਲੀ ਜਾਂਦੀ ਹੈ ਜਿਸ ਦੀਆ ਅਨੇਕਾਂ ਧਾਰਣਾਵਾਂ ਅਜ ਵੀ ਮਨੋਵਿਗਿਆਨੀਆਂ ਲਈ ਦਿਲਚਸਪੀ ਦਾ ਵਿਸ਼ਾ ਹਨ। ਹੋਰ ਵੀ ਅਨੇਕਾਂ ਚਿੰਤਕਾਂ ਨੇ ਅਜਿਹੀਆਂ ਧਾਰਣਾਵਾਂ ਪੇਸ਼ ਕੀਤੀਆਂ ਹਨ, ਜਿਹੜੀਆਂ ਮਨੋਵਿਗਿਆਨ ਦੇ ਆਧੁਨਿਕ ਸਰੂਪ ਨੂੰ ਨਿਖਾਰਨ ਵਿਚ ਸਹਾਈ ਹੋਈਆਂ ਹਨ। ਇਸ ਸੰਬੰਧ ਵਿਚ ਡੈਕਾਰਟ ਦਾ ਨਾਂ ਉਲੇਖਯੋਗ ਹੈ। ਭਾਵੇਂ ਉਹ ਇਕ ਦਾਰਸ਼ਨਿਕ ਅਤੇ ਗਣਿਤ ਵਿਗਿਆਨੀ ਸੀ ਪਰ ਉਸ ਨੇ ਮਨੋਵਿਗਿਆਨ ਨੂੰ ਇਕ ਵਿਗਿਆਨ ਵਜੋਂ ਸਥਾਪਤ ਕਰਨ ਦੇ ਮੁੱਢਲੇ ਕਦਮ ਚੁੱਕੇ। ਅਠਾਰ੍ਹਵੀਂ ਸਦੀ ਦੀਆਂ ਵਿਗਿਆਨਕ ਸੋਚਾਂ ਨੇ ਮਨੋਵਿਗਿਆਨ ਦੀਆਂ ਸੰਭਾਵਨਾਵਾਂ ਉਜਾਗਰ ਕੀਤੀਆਂ ਹਨ। ਉਨ੍ਹੀਵੀਂ ਸਦੀ ਵਿਚ ਅਨੇਕਾਂ ਦਾਰਸ਼ਨਿਕਾਂ ਅਤੇ ਵਿਗਿਆਨੀਆਂ ਦੀਆਂ ਪ੍ਰਾਪਤੀਆਂ ਨੇ ਅਤੇ ਵਿਸ਼ੇਸ਼ ਕਰਕੇ ਚਿਕਿਤਸਾ, ਭੌਤਿਕ ਅਤੇ ਜੀਵ–ਵਿਗਿਆਨਾਂ ਦੇ ਖੇਤਰ ਵਿਚਲੀਆਂ ਨਵੀਆਂ ਲੱਭਤਾਂ ਅਤੇ ਖੋਜਾਂ ਨੇ ਆਧੁਨਿਕ ਮਨੋਵਿਗਿਆਨ ਨੂੰ ਸੰਭਵ ਕਰ ਵਿਖਾਇਆ ਹੈ।

          ਜਿਵੇਂ ਮਨੁੱਖੀ ਵਿਵਹਾਰ ਦੀਆਂ ਕੋਈ ਸੀਮਾਵਾਂ ਨਹੀਂ, ਉਵੇਂ ਹੀ ਮਨੋਵਿਗਿਆਨ ਦਾ ਖੇਤਰ ਵੀ ਵਿਸ਼ਾਲ ਹੈ। ਮਾਨਵ ਦੇ ਆਪਣੇ ਆਲੇ ਦੁਆਲੇ ਨਾਲ ਸੰਬੰਧਾਂ ਦਾ ਸਮੁੱਚਾ ਖੇਤਰ ਮਨੋਵਿਗਿਆਨ ਦਾ ਖੇਤਰ ਹੈ। ਹੁਣ ਤਾਂ ਮਨੋਵਿਗਿਆਨ ਦੀਆਂ ਅਨੇਕਾਂ ਸ਼ਾਖਾਵਾਂ ਹੋਂਦ ਵਿਚ ਆ ਗਈਆਂ ਹਨ, ਜਿਨ੍ਹਾਂ ਵਿਚੋਂ ਤੁਲਨਾਤਮਕ ਮਨੋਵਿਗਿਆਨ, ਜਾਤੀ ਮਨੋਵਿਗਿਆਨ, ਆਸਾਧਾਰਣ ਮਨੋਵਿਗਿਆਨ, ਸਮਾਜਕ ਮਨੋਵਿਗਿਆਨ, ਉਦਯੋਗਿਕ ਮਨੋਵਿਗਿਆਨ, ਆਦਿ ਪ੍ਰਮੁੱਖ ਹਨ। ਨਿਰਸੰਦੇਹ ਮਨੋਵਿਗਿਆਨ ਦਾ ਖੇਤਰ ਅਸੀਮ ਹੈ। ਭਾਵੇ ਮਨੁੱਖ ਦਾ ਆਪਣੇ ਆਲੇ–ਦੁਆਲੇ ਨਾਲ ਰਿਸ਼ਤਾ ਅਤੇ ਸੰਬੰਧ ਇਸ ਦਾ ਮੁੱਢਲਾ ਵਿਸ਼ਾ ਹੈ ਪਰ ਮਨ ਦਾ ਵਿਕਾਸ, ਤੰਤਰਿਕ ਪ੍ਰਬੰਧ ਦਾ ਵਿਕਾਸ, ਮੂਲ ਪ੍ਰਵ੍ਰਿਤੀਆਂ, ਸਿੱਖਿਆ ਗ੍ਰਹਿਣ ਕਰਨ ਦੀ ਵਿਧੀ, ਪ੍ਰਤੱਖਣ ਸੰਵੇਦਨਾਵਾਂ ਆਦਿ ਰਾਹੀਂ ਉਸਾਰਨ ਦੀ ਕ੍ਰਿਆ, ਭਾਸ਼ਾ ਦਾ ਨਿਰਮਾਣ, ਗਿਆਨ ਗ੍ਰਹਿਣ ਕਰਨ ਦੀ ਸਮਰੱਥਾ ਅਤੇ ਯਾਦ ਸ਼ਕਤੀ, ਸੁਪਨੇ, ਯਾਦਾਂ ਅਰਥਾਤ ਸੁਚੇਤ ਅਤੇ ਅਚੇਤ ਮਨ ਆਦਿ ਇਸ ਦੇ ਅਨੇਕਾਂ ਮਹੱਤਵਪੂਰਣ ਖੇਤਰ ਹਨ। ਆਧੁਨਿਕ ਕਾਲ ਵਿਚ ਚਿਕਿਤਸਾ ਅਤੇ ਸਿੱਖਿਆ ਦੇ ਖੇਤਰਾਂ ਵਿਚ ਇਸ ਵਿਗਿਆਨ ਦਾ ਯੋਗਦਾਨ ਅਤੇ ਮਹੱਤਵ ਨਿਰਵਿਵਾਦ ਹੈ। ਸਾਹਿੱਤ ਦੇ ਖੇਤਰ ਵਿਚ ਮਨੋਵਿਗਿਆਨ ਦੇ ਬੜਾ ਡੂੰਘਾ ਅਤੇ ਵਿਸ਼ਾਲ ਪ੍ਰਭਾਵ ਪਾਇਆ ਹੈ। ਮਨੋਵਿਗਿਆਨ ਦੇ ਪ੍ਰਭਾਵ ਅਧੀਨ ਸਿਰਜੇ ਗਏ ਸਾਹਿੱਤ ਵਿਚ ਹੁਣ ਪਲਾਟ ਦੀ ਥਾਂ ਪਾਤਰ ਉਸਾਰੀ ਵਧੇਰੇ ਮਹੱਤਵਪੂਰਣ ਹੋ ਗਈ। ਘਟਨਾਵਾਂ ਦੀ ਥਾਂ ਉਨ੍ਹਾਂ ਪ੍ਰਤਿ ਪ੍ਰਤਿਕਰਮ ਵਧੇਰੇ ਦਿਲਚਸਪ ਹੋ ਗਏ ਹਨ। ਪਾਤਰਾਂ ਦੇ ਬਾਹਰੀ ਵਿਵਰਣ ਦੀ ਥਾਂ ਉਨ੍ਹਾਂ ਦੇ ਅਚੇਤ ਮਨ ਵਿਚ ਝਾਤੀ ਮਾਰੀ ਜਾਂਦੀ ਹੈ ਅਤੇ ਸ਼ਰੀਰਿਕ ਕਰਜ ਦੀ ਥਾਂ ਮਾਨਸਿਕ ਕਾਰਜ ਰਾਹੀਂ ਰਚਨਾਵਾਂ ਵਿਚ ਮਨੁੱਖੀ ਵਿਵਹਰ ਦੀਆਂ ਸੂਖਮ ਤੰਦਾਂ ਖੇਸ਼ ਹੋਣ ਲੱਗ ਪਈਆਂ ਹਨ। ਨਾਵਲ ਵਿਚ ਚੇਤਨਾ–ਪ੍ਰਵਾਹ ਵਿਧੀ ਮਨੁੱਖੀ ਵਿਵਹਾਰ ਅਤੇ ਸੋਚ ਦੀਆਂ ਅਨੇਕ ਪਰਤਾਂ ਨੂੰ ਪ੍ਰਗਟਾਉਣ ਵਿਚ ਸਹਾਈ ਹੋਈ ਹੈ। ਪਾਤਰਾਂ ਦੇ ਬੋਲੇ ਸ਼ਬਦਾਂ ਦੀ ਥਾਂ ਹੁਣ ਉਨ੍ਹਾਂ ਪਿੱਛੇ ਛੁਪੇ ਭਾਵ ਵਧੇਰੇ ਮਹੱਤਵਪੂਰਣ ਹੋ ਗਏ ਹਨ। ਮਨੋਵਿਗਿਆਨਕ ਨਾਟਕਾਂ ਵਿਚ ਮਾਨਸਿਕ ਗੁੰਝਲਾਂ ਅਤੇ ਉਲਝਣਾਂ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਮਨੋਵਿਗਿਆਨ ਦੇ ਪ੍ਰਭਾਵ ਅਧੀਨ ਹੀ ਆਧੁਨਿਕ ਕਵਿਤਾ ਵਿਚ ਬਿੰਬ ਅਤੇ ਪ੍ਰਤੀਕ ਸਿਰਜੇ ਜਾ ਰਹੇ ਹਨ। ਫਿਲਮਾਂ ਵਿਚ ਮਨੋਵਿਗਿਆਨਕ ਛੋਖਾਂ ਨਾਲ ਵਿਸ਼ੇ ਦੇ ਅਨੇਕਾਂ ਛੁਪੇ ਹੋਏ ਪਸਾਰਾਂ ਨੂੰ ਉਜਾਗਰ ਕੀਤਾ ਜਾ ਰਿਹਾ ਹੈ। ਮਨੋਵਿਗਿਆਨਕ ਆਲੋਚਨਾ ਰਚਨਾ ਦੇ ਅਧਿਐਨ ਰਾਹੀਂ ਲੇਖਕ ਦੇ ਅਚੇਤ ਮਨ ਵਿਚ ਪਹੁੰਚਣ ਦਾ ਯਤਨ ਕਰਦੀ ਹੈ। ਇਸ ਆਲੋਚਨਾ ਅਨੁਸਾਰ ਹਰ ਲੇਖਕ ਮਨੋ–ਸੰਤਾਪੀ ਹੁੰਦਾ ਹੈ ਅਤੇ ਆਪਣੇ ਸੰਤਾਪ ਤੋਂ ਮੁਕਤੀ ਪ੍ਰਾਪਤ ਕਰਨ ਲਈ ਉਹ ਇਕ ਸੁਪਨ–ਸੰਸਾਰ ਸਿਰਜਦਾ ਹੈ ਜਿੱਥੇ ਘਟਨਾਵਾਂ ਉਸ ਦੇ ਚਾਹੇ ਅਨੁਸਾਰ ਵਾਪਰਦੀਆਂ ਹਨ ਅਤੇ ਆਪਣੀ ਹੀਣਤਾ ਦੀ ਭਾਵਨਾਦਾ ਉੱਦਾਤੀਕ੍ਰਿਤ ਰੂਪ ਸਿਰਜ ਕੇ ਉਹ ਆਪਣਾ ਵਿਰੇਚਨ ਤਾਂ ਕਰਦਾ ਹੀ ਹੈ, ਪਾਠਕ ਦਾ ਵਿਰੇਚਨ ਵੀ ਹੁੰਦਾ ਹੈ। ਇੰਜ ਸਾਹਿੱਤ ਅਸਲ ਵਿਚ ਲੇਖਕ ਦੀ ਆਪਣੀ ‘ਮੈਂ’ ਦੀ ਹੀ ਗੂੰਜ ਅਰਥਾਤ, ਸਵੈਜੀਵਨਕ ਹੁੰਦਾ ਹੈ।

          ਮਨੋਵਿਗਿਆਨ ਨੇ ਸਾਹਿੱਤ ਨੂੰ ਅੰਦਰੋਂ–ਬਾਹਰੋਂ ਬਦਲ ਦਿੱਤਾ ਹੈ ਅਰਥਾਤ ਮਨੋਵਿਗਿਆਨ ਨੇ ਸਾਹਿੱਤ ਦੇ ਅਰਥ ਹੀ ਬਦਲ ਦਿੱਤੇ ਹਨ ਕਿਉਂਕਿ ਹੁਣ ਅਸੀਂ ਸਾਹਿੱਤ ਵਿਚ ਲੇਖਕ ਦੇ ਛੁੱਪੇ ਹੋਏ ਅਚੇਤ ਮਨ ਨੂੰ ਪੜ੍ਹਨਾ ਚਾਹੁੰਦੇ ਹਾਂ। 


ਲੇਖਕ : ਡਾ. ਨਰਿੰਦਰ ਸਿੰਘ ਕਪੂਰ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5420, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

thanks for tihs software.

 


kuldeep singh, ( 2014/03/10 12:00AM)

i m thankful for punjabi software .


charanpal, ( 2014/07/21 12:00AM)

punjabi pedia chngi kosis aa punjabi ware knowledge gain karn di iss link nu sare prmote kro plzzzzzzzzzzz 


harpreet, ( 2014/09/26 12:00AM)

Great efforts for punjabi language.


Gurminder Bajwa, ( 2014/12/19 12:00AM)

ਸਰ ਪੰਜਾਬੀ ਪੀਡਿਆ ਵਾਲਾ ਕੰਮ ਬਹੁਤ ਮਹਾਨ ਹੈ ਜੀ ....  Charnjit Singh From Smalsar Village


Charnjit Singh, ( 2014/12/19 12:00AM)


Kirandeep, ( 2018/02/10 03:5915)

ਭਲਾ ਹੋਵੇ ਬਣਾੳੁਣ ਵਾਲੇ ਦਾ


Kirandeep, ( 2018/02/10 03:5929)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.