ਮਲਵਈ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਮਲਵਈ : ਪੰਜਾਬ ਦੇ ਮਾਲਵਾ ਇਲਾਕੇ ਦੀ ਬੋਲੀ ਨੂੰ ‘ਮਲਵਈ’ ਆਖਿਆ ਜਾਂਦਾ ਹੈ। ਮਲਵਈ ਮਾਲਵ ਤੋਂ ਬਣਿਆ ਸ਼ਬਦ ਹੈ। ਮਾਲਵ ਆਰੀਆ ਲੋਕਾਂ ਦੀ ਇੱਕ ਪ੍ਰਾਚੀਨ ਜਾਤੀ ਸੀ, ਜਿਸ ਦਾ ਜ਼ਿਕਰ ਸੰਸਕ੍ਰਿਤ ਦੇ ਪ੍ਰਾਚੀਨ ਗ੍ਰੰਥ ਮਹਾਂਭਾਰਤ (ਸੱਤਵੀਂ ਸਦੀ ਈਸਵੀ ਪੂਰਵ) ਵਿੱਚ ਹੋਇਆ ਹੈ।

     ਮਲਵਈ ਦੇ ਖੇਤਰ : ਜ਼ਿਲ੍ਹਾ ਫ਼ਿਰੋਜ਼ਪੁਰ, ਬਠਿੰਡਾ, ਲੁਧਿਆਣਾ ਦੇ ਵਧੇਰੇ ਹਿੱਸੇ ਅਤੇ ਫ਼ਰੀਦਕੋਟ; ਜ਼ਿਲ੍ਹਾ ਲੁਧਿਆਣਾ ਦੇ ਰੋਪੜ ਨਾਲ ਲੱਗਦੀ ਨੁੱਕਰ ਛੱਡ ਕੇ ਬਾਕੀ ਸਾਰਾ ਇਲਾਕਾ; ਜ਼ਿਲ੍ਹਾ ਪਟਿਆਲਾ ਅਤੇ ਸੰਗਰੂਰ ਦਾ ਪੱਛਮੀ ਅੱਧ; ਦਰਿਆ ਸਤਲੁਜ ਦੇ ਨਾਲ ਲੱਗਦੇ ਦੁਆਬੇ ਦੇ ਵਧੇਰੇ ਹਿੱਸੇ ਵਿੱਚ ਮਲਵਈ ਨਾਲ ਰਲਦੀ ਬੋਲੀ ਵੀ ਬੋਲੀ ਜਾਂਦੀ ਹੈ।

     ਮਲਵਈ ਦੀਆਂ ਕੁਝ ਆਪਣੀਆਂ ਧੁਨੀਆਤਮਿਕ ਵਿਸ਼ੇਸ਼ਤਾਈਆਂ ਹਨ। ਇਸ ਉਪਭਾਸ਼ਾ ਵਿੱਚ 28 ਵਿਅੰਜਨ, 10 ਸ੍ਵਰ ਧੁਨੀਆਂ ਹਨ। ਇਸ ਵਿੱਚ ਕੰਠੀ ਤੇ ਤਾਲਵੀ ਅਨੁਨਾਸਿਕ ਵਿਅੰਜਨ। ਙ, ਞ ਨਹੀਂ ਉਚਾਰੇ ਜਾਂਦੇ, ਪਰ ਮਾਝੀ ਵਿੱਚ ਇਹਨਾਂ ਦੀ ਵਰਤੋਂ ਹੁੰਦੀ ਹੈ।

     ਨੀਵੀਂ ਸੁਰ ਦੀ ਵਰਤੋਂ ਮਲਵਈ ਵਿੱਚ ਵੀ ਬਿਲਕੁਲ ਮਾਝੀ ਵਾਂਗ ਹੀ ਹੈ, ਪਰ ਉੱਚੀ ਸੁਰ ਮਾਝੀ ਨਾਲੋਂ ਘੱਟ ਵਰਤੀ ਜਾਂਦੀ ਹੈ। ‘ਚਾਹ’, ‘ਸਾਹ’, ‘ਰਾਹ’ ਦੇ ਮਾਝੀ ਉਚਾਰਨ ਵਿੱਚ ਅੰਤਿਮ /ਹ/ ਨਹੀਂ ਉਚਾਰਿਆ ਜਾਂਦਾ - ਜਿਸ ਦੀ ਥਾਂ ਉੱਚੀ ਸੁਰ ਦੀ ਵਰਤੋਂ ਹੁੰਦੀ ਹੈ। ਮਲਵਈ ਦੇ ਬਹੁਤੇ ਇਲਾਕਿਆਂ ਵਿੱਚ ਇਸ ਅੰਤਿਮ /ਹ/ ਦਾ ਉਚਾਰਨ ਹੁੰਦਾ ਹੈ। ਦੋ ਸ੍ਵਰਾਂ ਵਿਚਕਾਰ ਆਉਣ ਵਾਲਾ /ਹ/ ਮਲਵਈ ਵਿੱਚ ਉਚਾਰਿਆ ਜਾਂਦਾ ਹੈ, ਜਿਵੇਂ ‘ਬੋਹਲ’, ‘ਕਾਹਲ’, ‘ਸੋਹਲ’, ‘ਬਾਹਰ’ ਵਿੱਚ ਮਾਝੀ ਵਿੱਚ /ਹ/ ਦਾ ਉਚਾਰਨ ਸਿਰਫ਼ ਸ਼ਬਦਾਂ ਦੇ ਅਰੰਭ ਵਿੱਚ ਹੀ ਹੁੰਦਾ ਹੈ।

     ਸ਼ਬਦਾਂ ਦੇ ਅਰੰਭ ਵਿੱਚ ਆਉਣ ਵਾਲਾ /ਵ/ ਮਲਵਈ ਵਿੱਚ ਜ਼ਿਆਦਾਤਰ /ਬ/ ਹੋ ਜਾਂਦਾ ਹੈ, ਜਿਵੇਂ ‘ਬੀਰ’ (ਵੀਰ), ‘ਬੀਹ’ (ਵੀਹ), ‘ਬਾਲ’ (ਵਾਲ) ਆਦਿ ਵਿੱਚ। ਇਸੇ ਤਰ੍ਹਾਂ ‘ਬੋਲ ਬਰਿਆਮ ਸਿੰਘਾਂ ਬਾਹਗੁਰੂ’ (ਬੋਲ ਵਰਿਆਮ ਸਿੰਘ ਵਾਹਿਗੁਰੂ)।

     ਸ਼ਬਦਾਂ ਦੇ ਵਿਚਕਾਰ ਆਉਣ ਵਾਲਾ /ਵ/ ਕੁਝ ਹਾਲਤਾਂ ਵਿੱਚ /ਮ/ ਹੋ ਜਾਂਦਾ ਹੈ, ਜਿਵੇਂ ‘ਤੀਮੀਂ’ (ਤੀਵੀਂ), ‘ਲਾਮਾਂ’ (ਲਾਵਾਂ), ‘ਜਾਮਾਂਗੇ’ (ਜਾਵਾਂਗੇ) ਆਦਿ।

     /ਲ਼/ ਦੀ ਧੁਨੀ ਮਲਵਈ ਵਿੱਚ ਵੀ ਮਾਝੀ ਵਾਂਗ /ਲ/ ਨਾਲੋਂ ਵੱਖਰੀ ਹੈ, ਬਿਲਕੁਲ ਉਸੇ ਤਰ੍ਹਾਂ ਇੱਕ ਧੁਨੀ ਦੀ ਥਾਂ ਦੂਜੀ ਵਰਤਿਆਂ ਅਰਥਾਂ ਵਿੱਚ ਫ਼ਰਕ ਪੈ ਜਾਂਦਾ ਹੈ ਜਿਵੇਂ ਗੋਲੀ ਤੇ ਗੋਲ਼ੀ ਅਤੇ ਬੋਲੀ ਤੇ ਬੋਲ਼ੀ ਆਦਿ ਵਿੱਚ।

     ਮਲਵਈ ਵਿੱਚ ਉਚਾਰਨ ਦੇ ਪੱਧਰ ਤੇ ਸ੍ਵਰ-ਹੀਨਤਾ ਦੀ ਬਿਰਤੀ ਬਹੁਤ ਜ਼ਿਆਦਾ ਹੈ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਮਲਵਈ ਲੋਕ ਸ਼ਬਦਾਂ ਮੁੱਢਲੇ ਸ੍ਵਰਾਂ ਦੇ ਉਚਾਰਨ ਵਿੱਚ ਆਲਸ ਕਰਦੇ ਹੋਣ ਜਿਵੇਂ ਕੇਰਾਂ (ਇੱਕ ਵੇਰਾਂ), ਲਾਜ (ਇਲਾਜ), ਖੰਡ (ਅਖੰਡ), ਨਾਜ (ਅਨਾਜ), ਨੰਦ (ਅਨੰਦ), ਦਾਲਤਾਂ (ਅਦਾਲਤਾਂ) ਵਿੱਚ।

     ਮਲਵਈ ਵਿੱਚ ਨਾਸਿਕਤਾ ਦੀ ਮਾਤਰਾ ਮਾਝੀ ਨਾਲੋਂ ਜ਼ਿਆਦਾ ਹੈ। ਜਿਵੇਂ ਤਾਂਸ਼ (ਤਾਸ਼), ਪੂੰਛ (ਪੂਛ), ਸੈਂਕਲ (ਸਾਇਕਲ), ਚੌਂਤੀ (ਚੌਤੀ), ਸ਼ੈਂਤ (ਸ਼ਾਇਦ), ਚਾਹੀਂਦਾ (ਚਾਹੀਦਾ) ਵਿੱਚ।

     ਮਲਵਈ ਦੀ ਇੱਕ ਹੋਰ ਵਿਸ਼ੇਸ਼ਤਾ ਅੰਤਰ ਵਟਾਂਦਰਾ ਹੈ। ਇਹ ਵਟਾਂਦਰਾ ‘ਸ਼’ ਤੇ ‘ਛ’ ਦਾ ਜਾਂ ‘ਛ’ ਤੇ ‘ਸ਼’ ਦਾ ਹੁੰਦਾ ਹੈ। ਜਿਵੇਂ : ਸ਼ੇਰ ਨੂੰ ਛੇਰ ਅਤੇ ਛਾਤੀ ਨੂੰ ਸ਼ਾਤੀ, ਸੜਕ ਨੂੰ ਸ਼ੜਕ ਜਾਂ ਛੜਕ, ਛਿੱਤਰ ਨੂੰ ਸ਼ਿੱਤਰ, ਸ਼ਰਮ ਨੂੰ ਛਰਮ, ਛੇਤੀ ਨੂੰ ਸ਼ੇਤੀ, ਸ਼ੈਤਾਨ ਨੂੰ ਛੈਤਾਨ ਅਤੇ ਸਰਦੀ ਨੂੰ ਛਰਦੀ ਆਦਿ।

     ਮਲਵਈ ਦੀਆਂ ਕੁਝ ਵਿਆਕਰਨਿਕ ਵਿਸ਼ੇਸ਼ਤਾਈਆਂ ਵੀ ਵੱਖਰੀਆਂ ਹਨ, ਇਹ ਟਕਸਾਲੀ ਪੰਜਾਬੀ ਨਾਲੋਂ ਵਧੇਰੇ ਵਿਜੋਗਾਤਮਿਕ ਹੈ। ਜਿਵੇਂ ਮੇਰੇ ਆਏ ਤੇ (ਮੇਰੇ ਆਇਆਂ), ਸ਼ਹਿਰਾਂ ਵਿੱਚ ਵੱਸਣ ਆਏ ਲੋਕ (ਸ਼ਹਿਰੀਂ ਵੱਸਦੇ ਲੋਕ), ਹੱਥਾਂ ਵਿੱਚੋਂ ਡਿੱਗੀ (ਹੱਥੋਂ ਡਿੱਗੀ), ਲਿਖਣ ਨਾਲ (ਲਿਖਿਆਂ) ਆਦਿ।

     ਮਲਵਈ ਵਿੱਚ ਪੜਨਾਂਵਾਂ ਦੇ ਰੂਪਾਂ ਦੀ ਵਰਤੋਂ ਬਾਕੀ ਸਾਰੀਆਂ ਉਪਭਾਸ਼ਾਵਾਂ ਨਾਲੋਂ ਵੱਖਰੀ ਨੁਹਾਰ ਵਾਲੀ ਹੈ। ‘ਤੂੰ’ ਦੀ ਥਾਂ ‘ਤੈਂ’ ਅਤੇ ਤੁਹਾਡਾ ਦੀ ਥਾਂ ‘ਥੋਡਾ, ਠੋਡਾ, ਸੋਡਾ’ ਆਦਿ ਕਈ ਰੂਪ ਬੋਲੇ ਜਾਂ ਵਰਤੇ ਜਾਂਦੇ ਹਨ। ਇਸੇ ਤਰ੍ਹਾਂ ‘ਮੈਂ’ ਤੇ ‘ਤੂੰ’ ਜਾਂ ‘ਅਸੀਂ’ ਤੇ ‘ਤੁਸੀਂ’ ਦੋਹਾਂ ਦਾ ਸਾਂਝਾ ਦੋ-ਪੁਰਖੀ ਪੜਨਾਂਵ ‘ਆਪਾਂ’ ਦੀ ਵਰਤੋਂ ਬਹੁਤ ਕੀਤੀ ਮਿਲਦੀ ਹੈ।

     ਮਲਵਈ ਦੇ ਬਹੁਤੇ ਇਲਾਕਿਆਂ ਵਿੱਚ ਭੂਤ ਕਾਲ ਦੀ ਸਹਾਇਕ ਕਿਰਿਆ ਇੱਕੋ ‘ਸੀ’ ਹੀ ਹੈ, ਜਿਵੇਂ ‘ਮੈਂ ਬੈਠਾ ਸੀ’, ‘ਅਸੀਂ ਬੈਠੇ ਸੀ’, ‘ਉਹ ਬੈਠੇ ਸੀ’, ‘ਤੂੰ ਬੈਠੀ ਸੀ’, ‘ਤੁਸੀਂ ਬੈਠੀਆਂ ਸੀ’ ਆਦਿ ਵਿੱਚ।

     ਮਲਵਈ ਵਿੱਚ ਪ੍ਰਾਚੀਨ ਭੂਤ ਕ੍ਰਿਦੰਤ ਮਾਝੀ ਦੇ ਮੁਕਾਬਲੇ ਤੇ ਬਹੁਤ ਘੱਟ ਵਰਤੇ ਜਾਂਦੇ ਹਨ : ਕਰਿਆ (ਕੀਤਾ), ਦੇਖਿਆ (ਡਿੱਠਾ), ਪੀਸਿਆ/ਪੀਹਿਆ (ਪੀਠਾ), ਗੁੰਨਿਆਂ (ਗੁੱਧਾ), ਰਿੰਨਿਆਂ (ਰਿੱਧਾ), ਨੱਸਿਆ/ਭੱਜਿਆ (ਨੱਛਾ)। ਮਲਵਈ ਦੇ ਕਿਰਿਆ ਵਿਸ਼ੇਸ਼ਣ ਵੀ ਮਾਝੀ ਨਾਲੋਂ ਫ਼ਰਕ ਵਾਲੇ ਹਨ-ਜਦ (ਜਦੋਂ), ਕਦ (ਕਦੋਂ), ਕਾਸਨੂੰ ਜਾਂ ਕਾਹਤੇ (ਕਿਸ ਲਈ), ਪਰੇ ਨੂੰ (ਪਰ੍ਹਾਂ), ਉਰੇਨੂੰ (ਉਰ੍ਹਾਂ) ਆਦਿ।

     ਭਵਿਖਤ ਦੀ ਕਿਰਿਆ ਮਲਵਈ ਵਿੱਚ ਮਾਝੀ ਵਾਂਗ ਲਿੰਗ, ਵਚਨ ਅਨੁਸਾਰ ਬਦਲਦੀ ਹੈ, ਤੇ ਇਸ ਵਿੱਚ ਭਵਿਖਤ ਨੂੰ ਦਰਸਾਉਣ ਵਾਲਾ ਰੂਪ /ਗ/ ਹੈ : ਮੈਂ ਜਾਊਂਗਾ (ਮੈਂ ਜਾਵਾਂਗਾ), ਅਸੀਂ ਜਾਮਾਂਗੇ (ਅਸੀਂ ਜਾਵਾਂਗੇ), ਤੂੰ ਜਾਮੇਂਗਾ/ਜਾਏਂਗਾ (ਤੂੰ ਜਾਵੇਂਗਾ/ਜਾਏਂਗਾ), ਤੁਸੀਂ ਜਾਓਗੇ/ ਜਾਊਂਗੇ (ਤੁਸੀਂ ਜਾਵੋਗੇ/ਜਾਓਗੇ), ਉਹ ਜਾਊਗਾ (ਉਹ ਜਾਵੇਗਾ/ਜਾਏਗਾ), ਉਹ ਜਾਣਗੇ/ਜਾਊਂਗੇ (ਉਹ ਜਾਣਗੇ)।

     ਸ਼ਬਦਾਵਲੀ ਵੀ ਕੁਝ ਫ਼ਰਕ ਵਾਲੀ ਹੈ। ਕਈਆਂ ਹਾਲਤਾਂ ਵਿੱਚ ਤਾਂ ਬੜੇ ਘਰੋਗੀ ਵਰਤੋਂ ਵਾਲੇ ਸ਼ਬਦ ਵੀ ਵੱਖੋ-ਵੱਖਰੇ ਹਨ, ਜਿਵੇਂ ਤੜਕਾ (ਸਵੇਰਾ), ਸਾਝਰੇ (ਸੁਵੱਖਤੇ), ਬਹੂ (ਵਹੁਟੀ), ਛਾਹ ਵੇਲਾ (ਹਾਜਰੀ, ਲੱਸੀ ਵੇਲਾ), ਕਲ੍ਹਾੜੀ ਵੇਲਣਾ (ਕਮਾਦ ਵੇਲਣ ਵਾਲਾ), ਆਥਣ (ਲੌਢਾ ਵੇਲਾ) ਆਦਿ।


ਲੇਖਕ : ਗੁਰਪਾਲ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 16843, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਮਲਵਈ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਲਵਈ [ਨਿਇ] ਮਾਲਵਾ (ਪੰਜਾਬ) ਇਲਾਕੇ ਦੀ ਬੋਲੀ [ਨਾਂਪੁ] ਮਾਲਵੇ ਦਾ ਵਸਨੀਕ [ਵਿਸ਼ੇ] ਮਾਲਵੇ ਨਾਲ਼ ਸੰਬੰਧਿਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16825, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਮਲਵਈ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਮਲਵਈ : ਵੇਖੋ ‘ਉਪਭਾਸ਼ਾ’

ਉਪਭਾਸ਼ਾ/ਉਪਭਾਖਾ : ਉਪਭਾਸ਼ਾ ਜਾਂ ਉਪਭਾਖਾ ਕਿਸੇ ਵਡੇਰੀ ਤੇ ਪ੍ਰਚੱਲਿਤ ਭਾਸ਼ਾ ਦੇ ਇਕ ਸੀਮਿਤ ਹਿੱਸੇ ਵਿਚ ਬੋਲੇ ਜਾਣ ਵਾਲੇ ਇਲਾਕਾਈ ਰੂਪ ਨੂੰ ਕਹਿੰਦੇ ਹਨ। ਉਪਭਾਸ਼ਾ ਵਿਚ ਇਕ ਵਡੇਰੀ ਭਾਸ਼ਾ ਵਾਲੇ ਸਾਰੇ ਗੁਣ ਮੌਜੂਦ ਹੁੰਦੇ ਹਨ ਤੇ ਉਹ ਸਮਾਂ ਪਾ ਕੇ ਅਤੇ ਹਾਲਾਤ ਦੇ ਅਨੁਕੂਲ ਹੋਣ ਨਾਲ ਉਪਭਾਸ਼ਾ ਦੀ ਥਾਂ ਖੁਦ ਭਾਸ਼ਾ ਦਾ ਰੂਪ ਧਾਰ ਸਕਦੀ ਹੈ।

               ਇਹ ਗੱਲ ਮੰਨੀ ਗਈ ਹੈ ਕਿ ਨਾ ਤਾਂ ਸਾਰੇ ਮਨੁੱਖਾਂ, ਕਬੀਲਿਆਂ, ਸਮਾਜਕ ਗੁੱਟਾਂ ਦਾ ਉਚਾਰਣ ਢੰਗ ਤੇ ਸ਼ਬਦਾਵਲੀ ਇਕੋ ਹੈ ਤੇ ਨਾ ਹੀ ਵੱਖ ਵੱਖ ਭੂਗੋਲਿਕ ਸਥਿਤੀਆਂ ਅੰਦਰ ਪੈਦਾ ਹੋਈਆਂ ਉਚਾਰਣ ਵਿਸ਼ੇਸ਼ਤਾਵਾਂ ਇਕੋ ਜਿਹੀਆਂ ਹਨ। ਇਸੇ ਲਈ ਕਹਿੰਦੇ ਹਨ ਕਿ ਹਰ ਬਾਰ੍ਹਾਂ ਕੋਹਾਂ ਤੇ ਬੋਲੀ ਬਦਲ ਜਾਂਦੀ ਹੈ। ਇਸ ਤਰ੍ਹਾਂ ਇਹ ਸਮਾਜਕ ਤੇ ਇਲਾਕਾਈ ਭੇਦ ਉਪਭਾਸ਼ਾ ਨੂੰ ਜਨਮ ਦਿੰਦੇ ਹਨ।

               ਇੱਥੇ ਇਕ ਹੋਰ ਗੱਲ ਵੀ ਸਪਸ਼ਟ ਕਰਨੀ ਜ਼ਰੂਰੀ ਹੈ ਕਿ ਬਾਰ੍ਹਾਂ ਕੋਹਾਂ ਵਿਚ ਬੋਲੀ ਇਕ–ਦਮ ਨਹੀਂ ਬਦਲ ਜਾਂਦੀ, ਕੇਵਲ ਉਚਾਰਣ ਢੰਗ ਤੇ ਸ਼ਬਦਾਵਲੀ ਵਿਚ ਥੋੜ੍ਹਾ ਜਿਹਾ ਫ਼ਰਕ ਪੈ ਜਾਂਦਾ ਹੈ। ਦਰਿਆ ਦੇ ਇਕ ਕੰਢੇ ਤੇ ਵਸਣ ਵਾਲਿਆਂ ਦੀ ਬੋਲੀ ਦੂਜੇ ਕੰਢੇ ਤੇ ਵਸਣ ਵਾਲਿਆਂ ਨਾਲੋਂ ਕੁਝ ਵੱਖ ਹੋਵੇਗੀ। ਇਹ ਵੱਖਰੇਵਾਂ ਪ੍ਰਾਚੀਨ ਕਾਲ ਵਿਚ ਹੋਰ ਵੀ ਜ਼ਿਆਦਾ ਹੋ ਜਾਂਦਾ ਸੀ ਜਦ ਦਰਿਆ ਵਿਚ ਹੜ੍ਹ ਆ ਜਾਣ ਦੇ ਕਾਰਣ ਦੋਹਾਂ ਕੰਢਿਆਂ ਤੇ ਵਸਣ ਵਾਲਿਆਂ ਦਾ ਮੇਲ ਜੋਲ ਮਹੀਨਿਆਂ ਬੱਧੀ ਬੰਦ ਹੋ ਜਾਂਦਾ ਸੀ।

               ਅੱਜ ਲੋਕਾਂ ਦੇ ਮੇਲ ਜੋਲ ਵੱਧ ਜਾਣ ਨਾਲ ਬੋਲੀਆਂ ਦੇ ਇਲਾਕਾਈ ਰੂਪਾਂ ਵਿਚ ਵਖਰੇਵੇਂ ਭਾਵੇਂ ਘਟ ਰਹੇ ਹਨ, ਫਿਰ ਵੀ ਇਕ–ਦਮ ਮਿਟ ਨਹੀਂ ਗਏ। ਜਿਵੇਂ ਭੋਜਪੁਰੀ, ਬੁੰਧੇਲਖੰਡੀ, ਅਵਧੀ, ਰਾਜਸਥਾਨੀ, ਖੜੀ ਬੋਲੀ, ਹਰਿਆਣਵੀ ਆਦਿ ਹਿੰਦੀ ਦੀਆਂ ਉਪਭਾਸ਼ਾਵਾਂ ਹਨ, ਠੀਕ ਇਸੇ ਤਰ੍ਹਾਂ ਪੰਜਾਬੀ ਦੀਆਂ ਵੀ ਉਪਭਾਸ਼ਾਵਾਂ ਹਨ ਅਤੇ ਉਹ ਹਿੰਦੁਸਤਾਨੀ ਤੇ ਪਾਕਿਸਤਾਨੀ ਪੰਜਾਬ ਵਿਚ ਫੈਲੀਆਂ ਹੋਈਆਂ ਹਨ। ਸੰਖਿਪਤ ਵੇਰਵਾ ਇਸ ਪ੍ਰਕਾਰ ਹੈ:

               ਮਾਝੀ ਅਥਵਾ ਕੇਂਦਰੀ : ਇਹ ਸਾਂਝੇ ਪੰਜਾਬ ਦੇ ਐਨ ਕੇਂਦਰੀ ਇਲਾਕੇ ਵਿਚ ਬੋਲੀ ਜਾਂਦੀ ਹੈ ਤੇ ਇਸੇ ਲਈ ਇਸ ਨੂੰ ਪੰਜਾਬ ਦੀ ਟਕਸਾਲੀ ਭਾਸ਼ਾ ਦੇ ਤੌਰ ਤੇ ਪ੍ਰਵਾਨ ਕੀਤਾ ਗਿਆ ਹੈ। ਗੁਜਰਾਂਵਾਲਾ, ਲਾਹੌਰ, ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਪੂਰੇ ਜਿਲ੍ਹੇ ਅਤੇ ਸ਼ੇਖੂਪੁਰਾ ਤੇ ਸਿਆਲਕੋਟ ਅਥਵਾ ਗੁਜਰਾਤ ਦੇ ਕੁਝ ਇਲਾਕੇ ਇਸ ਦੇ ਘੇਰੇ ਵਿਚ ਆਉਂਦੇ ਹਨ। ਇਸ ਦਾ ਠੇਠ ਮੁਹਾਵਰਾ ਅੰਮ੍ਰਿਤਸਰ ਦੇ ਆਲੇ ਦੁਆਲੇ ਦਾ ਹੈ। ਮਾਝੀ ਨੂੰ ਜੇ ਲਹਿੰਦੀ ਦਾ ਸੋਧਿਆ ਰੂਪ ਕਿਹਾ ਜਾਏ ਤਾਂ ਅਯੋਗ ਨਹੀਂ ਹੋਵੇਗਾ ਜਿਵੇਂ ਪਿਉ, ਘਿਉ, ਪੁਤ੍ਰ, ਭਾਊ ਆਦਿ ਕਈ ਸ਼ਬਦ ਇਕੋ ਤਰ੍ਹਾਂ ਵਰਤੇ ਜਾਂਦੇ ਹਨ। ਹਾਂ ਕ੍ਰਿਆ ਰੂਪ ਵਿਚ ਚੋਖੀ ਤਬਦੀਲੀ ਆਈ ਹੈ ਜਿਵੇਂ ‘ਮਰੇਂਦਾ’ ਦੀ ਥਾਂ ‘ਮਾਰਦਾ’ ਅਤੇ ‘ਜਾਸਾਂ’ ਦੀ ਥਾਂ ‘ਜਾਵਾਂਗਾ’, ‘ਆਵਾਂਗਾ’ ਵਰਤਦੇ ਹਨ। ਅੱਜਕਲ੍ਹ ਪੰਜਾਬੀ ਦੀਆਂ ਲਗਭਗ ਸਭ ਪੁਸਤਕਾਂ ਵਿਚ ਇਹੀ ਉਪਭਾਸ਼ਾ ਵਰਤੀ ਜਾਂਦੀ ਹੈ। ਫਿਰ ਦੀ ‘ਆਰਾਮ’ ਨੂੰ ‘ਰਮਨ’, ‘ਪੰਚ’ ਨੂੰ ‘ਪੈਂਚ’,‘ਸਿੰਘ’ ਨੂੰ ‘ਸਿੰਹਾਂ’ ਆਦਿ ਇਸ ਦੇ ਖ਼ਾਸ ਇਲਾਕਾਈ ਭੇਦ ਹਨ। ਮੁਲਤਾਨੀ ਤੋਂ ਬਾਅਦ ਇਸ ਨੂੰ ਪੰਜਾਬ ਦੀ ਸਭ ਤੋਂ ਪੁਰਾਤਨ ਉਪਭਾਸ਼ਾ ਮੰਨਿਆ ਜਾਂਦਾ ਹੈ। ਪੁਰਾਤਨ ਪੁਸਤਕਾਂ ਵਿਚ ਇਸ ਦਾ ਨਾਂ ਲਾਹੌਰੀ ਵੀ ਦਿੱਤਾ ਹੈ।

               ਦੁਆਬੀ : ਕੇਂਦਰੀ ਪੰਜਾਬ ਦੇ ਪੂਰਬ ਵੱਲ ਦੁਆਬਾ ਹੈ। ਦੁਆਬੇ ਦੇ ਅਰਥ ਹਨ ‘ਦੋ ਪਾਣੀ’ ਅਤੇ ‘ਦੁਆਬਾ’ ਦਾ ਅਰਥ ਹੈ ਦੋ ਦਰਿਆਵਾਂ ਦੇ ਵਿਚਕਾਰ ਦਾ ਇਲਾਕਾ। ਉਂਜ ਤਾਂ ਪੰਜਾਬ ਵਿਚ ਪੰਜ ਦੁਆਬੇ ਹਨ ਪਰ ਸਤਲੁਜ ਤੇ ਬਿਆਸ ਦੇ ਵਿਚਕਾਰ ਦਾ ਇਲਾਕਾ ਖ਼ਾਸ ‘ਦੁਆਬੇ’ ਦੇ ਨਾਂ ਨਾਲ ਪ੍ਰਸਿੱਧ ਹੈ। ਇਸ ਦੀ ਬੋਲੀ ਨੂੰ ਦੁਆਬੀ ਕਹਿੰਦੇ ਹਨ। ਜਲੰਧਰ, ਹੁਸ਼ਿਆਰਪੁਰ ਤੇ ਕਪੂਰਥਲਾ ਦੇ ਜ਼ਿਲ੍ਹੇ ਇਸ ਵਿਚ ਆਉਂਦੇ ਹਨ। ਦੁਆਬਾ ਨਿਵਾਸੀ ਉਂਜ ਤਾਂ ਕੇਂਦਰੀ ਬੋਲੀ ਹੀ ਬੋਲਦੇ ਹਨ ਪਰ ‘ਵ’ ਦੀ ਥਾਂ ‘ਬ’, ‘ਸ਼’ ਦੀ ਥਾਂ ‘ਛ’ ਜਾਂ ‘ਬ’ ਦੀ ਥਾਂ ‘ਵ’ ਵਰਤ ਕੇ ਇਹ ਬੋਲੀ ਦਾ ਰੰਗ ਰੂਪ ਬਦਲ ਦਿੰਦੇ ਹਨ ਜਿਵੇਂ ‘ਵਾਹਿਗੁਰੂ’ ਨੂੰ ‘ਬਾਹਗੁਰੂ’, ‘ਬੰਡ’ ਤੇ ‘ਵਟ’ ਨੂੰ ‘ਬਟ’ ਬੋਲਣਗੇ। ਇਸੇ ਤਰ੍ਹਾਂ ‘ਬਰਮਾ’ ਨੂੰ ‘ਵਰਮਾ’ ਅਤੇ ‘ਬੜੀ ਖੁਸ਼ੀ’ ਅਤੇ ‘ਬ੍ਰਿਸ਼ਭਾਨ’ ਨੂੰ ‘ਬ੍ਰਿਛਭਾਨ’ ਬਣਾ ਦੇਣਗੇ। ਕੇਂਦਰੀ ਤੇ ਦੁਆਬੀ ਉਪਭਾਸ਼ਾਵਾਂ ਹੁਣ ਤੇਜ਼ੀ ਨਾਲ ਇਕ–ਮਿਕ ਹੋ ਰਹੀਆਂ ਹਨ।

               ਮਲਵਈ : ਦੁਆਬੀ ਨਾਲ ਮਿਲਦੀ ਜੁਲਦੀ ਇਹ ਉਪਭਾਸ਼ਾ ਸਤਲੁਜ ਪਾਰ ਦੀ ਬੋਲੀ ਹੈ। ਫ਼ੀਰੋਜ਼ਪੁਰਾ, ਫਰੀਦਕੋਟ, ਲੁਧਿਆਣਾ, ਪਟਿਆਲਾ, ਬਠਿੰਡਾ ਦੇ ਪੂਰੇ ਜ਼ਿਲ੍ਹੇ ਅਤੇ ਸੰਗਰੂਰ ਦਾ ਚੋਖਾ ਇਲਾਕਾ ਇਸ ਵਿਚ ਸ਼ਾਮਲ ਹੈ। ‘ਵ’ ਤੇ ‘ਬ’ ਦੀ ਵਰਤੋਂ ਇੱਥੇ ਵੀ ਵਰਤੋਂ ਇੱਥੇ ਵੀ ਦੁਆਬੇ ਜਿਹੀ ਹੈ। ਕੁਝ ਹੋਰ ਵੱਖਰੇਵੇਂ ਇਸ ਤਰ੍ਹਾਂ ਹਨ। ‘ਤੁਹਾਨੂੰ’ ਦੀ ਥਾਂ ‘ਥੁਆਨੂੰ’, ‘ਤੁਹਾਡੀ’ ਦੀ ਥਾਂ ‘ਥੋਡੀ’ ਬੋਲਦੇ ਹਨ। ਇਸ ਤਰ੍ਹਾਂ ਜਿੱਥੇ ‘ਾਂ’ ਜਾਂ ‘ਈਂ’ ਦੀ ਆਵਾਜ਼ ਹੋਵੇ ਉੱਥੇ ‘ਮ’ ਬੋਲਦੇ ਹਨ ਜਿਵੇਂ ‘ਲਿਆਵਾਂ’ ਨੂੰ ‘ਲਿਆਮਾ’ ਜਾਂ ‘ਤੀਵੀਂ’ ਨੂੰ ‘ਤੀਮੀ’ ਤੇ ਭਾਈ ਨੂੰ ਬਾਈ। ਇਸੇ ਤਰ੍ਹਾਂ ‘ਕਿਵੇ ਕਰੀਏ’ ਨੂੰ ‘ਕਿਕਰ ਕਰਾਂ’ ਬੋਲਣਗੇ। ਬਠਿੰਡੇ ਦੇ ਇਰਦ ਗਿਰਦ ਦੀ ਬੋਲੀ ਨੂੰ ‘ਭਟਿਆਣੀ’ ਵੀ ਕਹਿੰਦੇ ਹਨ।

               ਡੋਗਰੀ : ਡੂਗਰ ਦ ਅਰਬ ਹੈ ‘ਪਹਾੜ’। ਇਹ ਬੋਲੀ ਪੰਜਾਬ ਦੇ ਨਾਲ ਦੇ ਪਹਾੜੀ ਇਲਾਕਿਆਂ ਵਿਚ ਵਰਤੀ ਜਾਂਦੀ ਹੈ। ਕੁਲੂ, ਕਾਂਗੜਾ, ਸ਼ਿਮਲਾ, ਜੰਮੂ ਤੇ ਸਿਆਲਕੋਟ ਦੇ ਪਹਾੜੀ ਇਲਾਕੇ ਇਸ ਦੇ ਘੇਰੇ ਵਿਚ ਆਉਂਦੇ ਹਨ। ਇਹ ਪੋਠੋਹਾਰੀ ਨਾਲ ਮੇਲ ਖਾਂਦੀ ਹੈ। ‘ਮਿਘੀ’,‘ਤੁਘੀ’ ਇੱਥੇ ਵੀ ਵਰਤਦੇ ਹਨ। ਕ੍ਰਿਆ ਵਿਚ ‘ਦੇ’ ਦੀ ਵਰਤੋਂ ਵਾਧੂ ਕਰਦੇ ਹਨ ਜਿਵੇਂ ‘ਗਏ ਨੇ’ ਨੂੰ ‘ਗਏ ਦੇ ਨੇ’। ‘ਸੀ’ ਜਾਂ ‘ਸਾ’ ਦੀ ਥਾਂ ‘ਥ’ ਵਰਤਦੇ ਹਨ ਜਿਵੇਂ ‘ਕਹਿ ਛਡਿਆ ਸੀ’ ਨੂੰ ‘ਗਲਾਈ ਛੋੜਿਆ ਥਾ’ ਬੋਲਣਗੇ। ‘ਏ’ ਦੀ ਵਰਤੋਂ ਆਮ ਕਰਦੇ ਹਨ ਜਿਵੇਂ ‘ਸੋਹੀਏ ਬਾਪੂਏ ਦੀ’।

               ਜਾਂਗਲੀ ਜਾਂ ਬਾਰੇ ਦੀ ਬੋਲੀ : ਕੇਂਦਰੀ ਇਲਾਕੇ ਨਾਲ ਪੱਛਮ ਵਲ ਲਗਦਾ ਇਲਾਕਾ ਬਾਰ ਦਾ ਹੈ। ਇਹ ਬਾਰ ਸ਼ੇਖੂਪਰੇ ਤੋਂ ਲੈ ਕੇ ਖ਼ਾਨੇਵਾਲ ਤੱਕ ਅਤੇ ਰਾਵੀ ਤੋਂ ਲੈ ਕੇ ਜਿਹਲਮ ਤਕ ਪਸਰੀ ਹੋਈ ਹੈ। ਇਸ ਸਾਰੇ ਇਲਾਕੇ ਦੀ ਝਾਂਗੀ ਕਹਿੰਦੇ ਹਨ। ਸ਼ੇਖੂਪੁਰੇ ਦਾ ਅੱਧਾ ਜ਼ਿਲ੍ਹਾਂ, ਮਿੰਟਗੁਮਰੀ, ਲਾਇਲਪੁਰ ਤੇ ਝੰਗ ਦੇ ਸਾਰੇ ਜ਼ਿਲ੍ਹੇ, ਮੁਲਤਾਨ ਦੀਆਂ ਤਿੰਨ ਤਹਿਸੀਲਾਂ, ਖ਼ਾਨੇਵਾਲ, ਕਬੀਰਵਾਲਾ ਤੇ ਮੈਲਸੀ ਵਿਹਾੜੀ ਅਤੇ ਜ਼ਿਲ੍ਹਾਂ ਸ਼ਾਹਪੁਰ (ਹੁਣ ਸਰਗੋਧਾ) ਦਾ ਬਹੁਤ ਸਾਰਾ ਇਲਾਕਾ ਇਸ ਵਿਚ ਸ਼ਾਮਲ ਹਨ। ‘ਹਿੱਕ’, ‘ਵੰਝਣਾ’ ਤੇ ‘ਮਰੇਸ’ ਆਦਿ ਬੋਲ ਇਸ ਦੇ ਪੋਠੋਹਾਰੀ ਨਾਲ ਮਿਲਦੇ ਹਨ ਅਤੇ ‘ਧਾਵਣਾ’, ‘ਧਾਤਾ’, ‘ਭਾਹ’, ਤੇ ‘ਚੌਡਸ’ ਆਦਿ ਮੁਲਤਾਨੀ ਨਾਲ। ਪਰ ਇਸ ਵਿਚ ‘ਮੈਂਡਾ’ ‘ਤੈਂਡਾ’ ਦੀ ਥਾਂ ‘ਮੇਰਾ’ ‘ਤੇਰਾ’ ਹੀ ਵਰਤਦੇ ਹਨ। ਝੰਗ ਦੇ ਸ਼ਹਿਰੀ ਲੋਕ, ‘ਮੈਰਾ’ ‘ਤੈਰਾ’ ਬੋਲਦੇ ਹਨ ਤੇ ਇਹੀ ਉਨ੍ਹਾਂ ਦੀ ਪਛਾਣ ਹੈ। ਇਹ ਉਪਬੋਲੀ ਕੇਂਦਰੀ ਨਾਲ ਚੋਖਾ ਮੇਲ ਖਾਂਦੀ ਹੈ। ਇਸ ਦੀ ਖ਼ਾਸ ਨਿਸ਼ਾਨੀ ਇਹ ਹੈ ਕਿ ਇਸ ਵਿਚ ਟਿਪੀ (ੰ) ਦੀ ਥਾਂ ਅਧਕ (ੱ) ਦੀ ਵਰਤੋਂ ਜ਼ਿਆਦਾ ਕੀਤੀ ਜਾਂਦੀ ਹੈ ਜਿਵੇਂ ‘ਕੰਧ’ ਨੂੰ, ‘ਕੱਧ’ ‘ਕੰਘੀ’ ਨੂੰ ‘ਕੱਘੀ’, ‘ਸੱਘ’ ਨੂੰ ‘ਸੰਘ’ ਤੇ ‘ਚੁੰਘਣਾ’ ਨੂੰ ‘ਚੁੱਘਣਾ’ ਕਹਿਣਗੇ। ਬਹੁਤ ਸਾਰੀਆਂ ਥਾਂਵਾਂ ਤੇ ਜਾਂ ਤੇ (ਿ) ਉਡਾ ਹੀ ਦਿੱਤੀ ਜਾਂਦੀ ਹੈ, ਨਹੀਂ ਤੇ ਇਸ ਦੀ ਥਾਂ (ਾ) ਵਰਤਿਆ ਜਾਂਦਾ ਹੈ ਜਿਵੇਂ ਸ਼ਹਿਰ ਨੂੰ ‘ਸ਼ਾਹਰ’ ਤੇ ‘ਗਹਿਣਾ’ ਨੂੰ ‘ਗਾਹਣਾ’, ‘ਰਹਿੰਦੇ’ ਨੂੰ ‘ਰਾਹੰਦੇ’ ਤੇ ‘ਲਾਹਿੰਦਾ’ ਨੂੰ ‘ਲਾਹੰਦਾ’ ਬੋਲਿਆ ਜਾਂਦਾ ਹੈ। ‘ਸੀ’ ਦੀ ਥਾਂ ‘ਆਹਾ’, ‘ਆਹੀ’ ਜਾਂ ‘ਹਾਈ’ ਵਰਤਦੇ ਹਨ, ਜਿਵੇਂ ‘ਇਕ ਦਿਲ ਆਹਾ ਸੋ ਰਾਂਝਣ ਲੀਤਾ ਖੇੜਿਆਂ ਨੂੰ ਕੇ ਦੇਸੀ’ (ਹੀਰ ਦਮੋਦਰ)। ਇਸ ਦੇ ਲੋਕ ਗੀਤਾਂ ਵਿਚ ਉਤਮ ਸਾਹਿੱਤ ਲੁਕਿਆ ਪਿਆ ਹੈ। ਦਮੋਦਰ ਨੇ ਆਪਣੇ ਕਿੱਸਾ ‘ਹੀਰ’ ਵਿਚ ਪ੍ਰਮੁੱਖ ਰੂਪ ਵਿਚ ਇਹੀ ਬੋਲੀ ਵਰਤੀ ਹੈ। ਜਿਹਲਮ ਦੇ ਪਾਰਲੇ ਇਲਾਕੇ ਤੇ ਖੁਸ਼ਾਬ ਦੀ ਬੋਲੀ ਨੂੰ ਬਲੋਚੀ ਕਹਿੰਦੇ ਹਨ,

ਇਹ ਜਾਂਗਲੀ ਉਪਭਾਖਾ ਦਾ ਛੋਟਾ ਰੂਪ ਹੈ। ਇਸ ਤਰ੍ਹਾਂ ਜ਼ਿਲ੍ਹਾ ਮੀਆਂਵਾਲੀ ਦੀ ਬੋਲੀ ਨੂੰ ਆਵਾਣਕਾਰੀ ਕਹਿੰਦੇ ਹਨ। ਇਹ ਪੋਠੋਹਾਰੀ ਤੇ ਜਾਂਗਲੀ ਬੋਲੀ ਦੀ ਮਿਸ਼ਰਿਤ ਹੈ। ਹੀਰ ਦਮੋਦਰ ਜਾਂਗਲੀ ਭਾਖਾ ਦਾ ਸਫਲ ਨਮੂਨਾ ਹੈ।

               ਮੁਲਤਾਨੀ : ਪੁਰਾਤਨ ਪੰਜਾਬ ਦਾ ਬਹੁਤ ਸਾਹਿੱਤ ਮੁਲਤਾਨੀ ਵਿਚ ਪ੍ਰਾਪਤ ਹੈ। ਮੁਲਤਾਨੀ ਜ਼ਿਲ੍ਹਾ ਮੁਲਤਾਨ ਦੀਆਂ ਤਹਿਸੀਲਾਂ ਮੁਲਤਾਨ, ਸੁਜਾਬਾਦ ਤੇ ਲੋਧਰਾਂ ਅਤੇ ਮੁਜ਼ੱਫਰਗੜ੍ਹ ਦੇ ਜ਼ਿਲ੍ਹੇ ਵਿਚ ਬੋਲੀ ਜਾਂਦੀ ਹੈ। ਬਹਾਵਲਪੁਰ ਦੀ ਬੋਲੀ ਬਹੁਤੀ ਮੁਲਤਾਨੀ ਹੈ ਭਾਵੇਂ ਉਸ ਪੁਰ ਪੇਤਲਾ ਜਿਹਾ ਸਿੰਧੀ ਦਾ ਅਸਰ ਵੀ ਹੈ। ਕਈ ਇਸ ਨੂੰ ‘ਸਰਾਇਕੀ’ ਵੀ ਕਹਿੰਦੇ ਹਨ। ਇਸੇ ਤਰ੍ਹਾਂ ਡੇਰਾ ਗਾਜ਼ੀਖਾਨ ਦੀ ਬੋਲੀ ਵੀ ਮੁਲਤਾਨੀ ਹੀ ਕਹੀ ਜਾ ਸਕਦੀ ਹੈ ਭਾਵੇਂ ਇਸ ਨੂੰ ਡੇਰਾ ਜਾਤੀ ਕਹਿਕੇ ਵੱਖ ਕਰਨ ਦਾ ਯਤਨ ਕੀਤਾ ਗਿਆ ਹੈ। ਕ੍ਰਿਆ ਦਾ ਭਵਿੱਖ ਰੂਪ ਬਾਰ ਦੀ ਬੋਲੀ ਵਾਲਾ ਹੀ ਹੈ, ਭਾਵ ‘ਜਾਸੀ’ ‘ਖਾਸੀ’ ‘ਰਹਿਸੀ’ ਆਦਿ, ਪਰ ਭੂਤ ਵਿਚ ‘ਆਹਾ’ ਦੀ ਥਾਂ ‘ਹਾਈ’ ਸੁਣਿਆ ਜਾਏਗਾ। ਇਸੇ ਤਰ੍ਹਾਂ ‘ਚਲਣਾ’ ਨੂੰ ‘ਜੁਲਣਾ’, ਅਤੇ ‘ਮੈਂਡਾ’ ‘ਤੈਂਡਾ’, ‘ਘਿੰਨ’‘ਵੰਞ’ ਆਦਿ ਇਸ ਦੀ ਪਛਾਣ ਦੇ ਪ੍ਰਸਿੱਧ ਬੋਲ ਹਨ।

               ਪੋਠੋਹਾਰੀ : ਇਹ ਬੋਲੀ ਰਾਵਲਪਿੰਡੀ, ਕੈਂਬਲਪੁਰ (ਅਟਕ), ਜਿਹਲਮ ਦੀ ਸੁਹਾਂ ਨਦੀ ਦੇ ਆਰ ਪਾਰ ਦੇ ਜੰਮੂ ਕਸ਼ਮੀਰ ਦੇ ਨਾਲ ਲਗਦੇ ਇਲਾਕੇ ਮੀਰਪੁਰ ਵਿਚ ਬੋਲੀ ਜਾਂਦੀ ਹੈ। ਪੁਰਾਣੇ ਸਮਿਆਂ ਵਿਚ ਇਹ ਇਲਾਕਾ ਵਿੱਦਿਆ ਦਾ ਕੇਂਦਰ ਰਿਹਾ ਹੈ। ਟੈਕਸਲਾ ਇੱਥੇ ਹੀ ਸਥਾਪਿਤ ਸੀ। ਵਿਚੋਂ ਕੁਝ ਸਮਾਂ ਪਛੜਿਆ ਰਹਿ ਕੇ ਨਵੀਨ ਯੁੱਗ ਵਿਚ ਇਸ ਇਲਾਕੇ ਨੇ ਚੋਖੇ ਸਾਹਿੱਤਕਾਰਾਂ ਨੂੰ ਜਨਮ ਦਿੱਤਾ ਹੈ। ‘ਮੈਂਡਾ’, ‘ਤੈਂਡਾ’ ਤੇ ‘ਘਿਨ’, ‘ਵੰਝ’ ਦੇ ਬੋਲ ਇਸ ਦੇ ਮੁਲਤਾਨੀ ਉਪਭਾਖਾ ਨਾਲ ਮਿਲਦੇ ਜੁਲਦੇ ਹਨ। ਇਸ ਉਪਬੋਲੀ ਵਿਚ ‘ਮਿਘੀ’, ‘ਤੁਘੀ’ ਦੇ ਨਾਲ (ੇ) ਦੀ ਥਾਂ (ੈ) ਦੀ ਵਧੇਰੇ ਵਰਤੋਂ ਹੁੰਦੀ ਹੈ ਜਿਵੇਂ ‘ਕਿਸਕੈ’, ‘ਕੈ ਪਿਆ ਕਰੇਨੈ’ ਆਦਿ। ਇਸ ਤਰ੍ਹਾਂ ‘ਕਿਥੇ’ ਨੂੰ ‘ਕੁਥੇ’ ਅਤੇ ‘ਸਾਡੇ’ ਦੀ ਥਾਂ ‘ਅਸਾਂ ਨੇ’ ਬੋਲਦੇ ਹਨ। ‘ੲ’ ਦੀ ਥਾਂ ‘ਹ’ ਅੱਖਰ ਦੀ ਵਰਤੋਂ ਵੀ ਆਮ ਕੀਤੀ ਜਾਦੀ ਹੈ, ਜਿਵੇਂ ‘ਇਸ’ ਦੀ ਥਾਂ ‘ਹਿਸ’ ਤੇ ‘ਇਹ’ ਦੀ ਥਾਂ ‘ਹਿਹ’। ਮੋਹਨ ਸਿੰਘ ਦਾ ਗੀਤ ‘ਹਿਕ ਢੋਕ ਸਾੜ੍ਹੀ ਦਰ ਅੱਛ ਢੋਲਾ’ ਇਸ ਉਪਭਾਖਾ ਦਾ ਚੰਗਾ ਨਮੂਨਾ ਹੈ।

               ਪੁਆਧੀ :  ਦਰਿਆ ਘੱਗਰ ਦੇ ਇਰਦ ਗਿਰਦ ਅੰਬਾਲਾ, ਪਟਿਆਲਾ ਤੇ ਸਰਸਾ–ਫ਼ਤਹਆਬਾਦ ਦੇ ਕੁਝ ਇਲਾਕੇ ਦੀ ਬੋਲੀ ਨੂੰ ਪੁਆਧੀ ਕਹਿੰਦੇ ਹਨ। ਇਹ ਮਲਵਈ ਨਾਲ ਚੋਖੀ ਮਿਲਦੀ ਹੈ। ਇਥੇ ‘ਸਾਨੂੰ’ ਦੀ ਥਾਂ ‘ਹਮਾਨੂੰ’,‘ਵਿਚ’ ਦੀ ਥਾਂ ‘ਬਿਚ ਮਾ’ ਤੇ ‘ਹੁਣ’ ਨੂੰ ‘ਇਬ’ ਬੋਲਦੇ ਹਨ। ‘ਆਇਆ ਸੀ’ ਦੀ ਥਾਂ ‘ਆਇਆ ਤੀ’ ਅਤੇ ‘ਗਿਆ ਸੀ’ ਦੀ ਥਾਂ ‘ਗਿਆ ਤੀ’ ਬੋਲਦੇ ਹਨ।

               ਪੁਆਧੀ ਤੋਂ ਅੱਗੇ ਬਾਂਗਰੂ ਬੋਲੀ ਆ ਜਾਂਦੀ ਹੈ। ਇਸ ਲਈ ਬਾਂਗਰੂ ਦਾ ਅਸਰ ਵੀ ਥੋੜ੍ਹਾ ਬਹੁਤ ਪੁਆਧੀ ਪੁਰ ਪੈਂਦਾ ਹੈ। ਕਰਨਾਲ ਤੇ ਰੋਹਤਕ ਦੀ ਬੋਲੀ ਬਾਂਗਰੂ ਹੈ ਜਦ ਕਿ ਸਰਸਾ, ਹਿਸਾਰ, ਹਨੂਮਾਨਗੜ੍ਹ (ਬੀਕਾਨੇਰ) ਦੀ ਭਟਿਆਣੀ। ਇਨ੍ਹਾਂ ਦੋਹਾਂ ਬੋਲੀਆਂ ਪੁਰ ਹਿੰਦੀ ਦਾ ਅਸਰ ਜ਼ਰੂਰ ਹੈ ਪਰ ਇਨ੍ਹਾਂ ਦੀ ਰੂਹ ਪੰਜਾਬੀ ਹੀ ਹੈ। ਇੱਥੇ ‘ਅਸੀ ਇਹ ਨਹੀਂ ਹੋਣ ਦਿਆਂਗੇ’ ਨੂੰ ‘ਹਮ ਯਹ ਨਹੀਂ ਹੋਣ ਦੇਂ’ ਬੋਲਣਗੇ। ‘ਕਿਥੇ ਜਾਂਦੇ ਹੋ’ ਨੂੰ ‘ਕੱਠੇ ਜਾਉ ਸੋ’ ਬੋਲਣਗੇ।

               ਪੋਠੋਹਾਰੀ, ਮੁਲਤਾਨੀ ਤੇ ਝਾਂਗੀ , ਤਿੰਨਾਂ ਉਪਬੋਲੀਆਂ ਨੂੰ ਮਿਲਾ ਕੇ ਲਹਿੰਦੀ ਜਾਂ ਲਹਿੰਦਾ  ਦਾ ਨਾਂ ਵੀ ਦਿੱਤਾ ਜਾਂਦਾ ਹੈ। ਇਨ੍ਹਾਂ ਤਿੰਨਾਂ ਦੀ ਸ਼ਬਦਾਵਾਲੀ ਕਾਫ਼ੀ ਸਾਂਝੀ ਹੈ ਅਤੇ ਕ੍ਰਿਆ ਰੂਪ ਜਿਵੇਂ ‘ਜਾਸੀ’,‘ਖਾਸੀ’ ‘ਵੰਝਣਾ’, ਆਦਿ ਅਤੇ ਲਾਂ (ੇ) ਦੀ ਵਾਧੂ ਵਰਤੋਂ ਜਿਵੇਂ ‘ਕਰੇਂਦਾ’, ਮਰੇਂਦਾ’, ਆਦਿ ਇਕੋ ਜਿਹੇ ਵਰਤੇ ਜਾਂਦੇ ਹਨ। ਇਹ ਤਿੰਨੇ ਉਪਬੋਲੀਆਂ ਗੁਟ ਹਨ ਅਤੇ ਸੰਸਕ੍ਰਿਤ ਦੇ ਸਭ ਤੋਂ ਵੱਧ ਨੇੜੇ। ‘ਇਕ ਦੀ ਥਾਂ’ ‘ਹਿਕ’ ਵੀ ਇਸ ਸਾਰੇ ਇਲਾਕੇ ਵਿਚ ਇਕੋ ਜਿਹਾ ਵਰਤਿਆ ਜਾਂਦਾ ਹੈ।

               ਉਨ੍ਹੀਵੀਂ ਸਦੀ ਈ. ਦੇ ਅੰਤ ਤਕ ਇਨ੍ਹਾਂ ਇਲਾਕਿਆਂ ਦੇ ਸਾਹਿੱਤਕਾਰ ਆਪਣੀਆਂ ਰਚਨਾਵਾਂ ਵਿਚ ਆਪਣੀ ਆਪਣੀ ਉਪਭਾਖਾ ਦੀ ਚੋਖੀ ਵਰਤੋਂ ਕਰਦੇ ਰਹੇ ਹਨ। ਪਰ ਵੀਹਵੀਂ ਸਦੀ ਈ. ਦੇ ਆਰੰਭ ਵਿਚ ਪੰਜਾਬੀ ਸਾਹਿੱਤ ਵਿਚ ਨਵੇਂ ਮੋੜ ਆਉਣ ਨਾਲ ਲਗਭਗ ਸਾਰੇ ਸਾਹਿੱਤਕਾਰ ਕੇਂਦਰੀ ਬੋਲੀ ਦੀ ਵਰਤੋਂ ਹੀ ਕਰਨ ਲਗ ਪਏ। ਉਨ੍ਹਾਂ ਦੀਆਂ ਰਚਨਾਵਾਂ ਵਿਚ ਸਥਾਨਕ ਭਾਖਾ ਦਾ ਪ੍ਰਭਾਵ ਨਾ ਮਾਤਰ ਹੀ ਰਹਿ ਗਿਆ ਹੈ।

[ਸਹਾ. ਗ੍ਰੰਥ––‘ਪੰਜਾਬੀ ਦੁਨੀਆਂ’, ‘ਉਪਭਾਖਾ ਅੰਕ’; ਪ੍ਰੋ. ਪ੍ਰੇਮ ਪ੍ਰਕਾਸ਼ ਸਿੰਘ: ‘ਪੰਜਾਬੀ ਸਾਹਿੱਤ ਦੀ ਉਤਪਤੀ ਤੇ ਵਿਕਾਸ’;  ਡਾ. ਗੁਪਾਲ ਸਿੰਘ ਦਰਦੀ : ‘ਪੰਜਾਬੀ ਸਾਹਿੱਤ ਦਾ ਇਤਿਹਾਸ’]


ਲੇਖਕ : ਪ੍ਰਿੰ. ਗੁਰਦਿਤ ਸਿੰਘ ਪ੍ਰੇਮੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 13456, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.