ਮਲਾਰ ਰਾਗ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਮਲਾਰ ਰਾਗ (ਬਾਣੀ): ਗੁਰੂ ਗ੍ਰੰਥ ਸਾਹਿਬ ਦੇ ਇਸ ਰਾਗ ਵਿਚ 61 ਚਉਪਦੇ , ਅੱਠ ਅਸ਼ਟਪਦੀਆਂ , ਇਕ ਛੰਤ ਅਤੇ ਇਕ ਵਾਰ ਮਹਲੇ ਪਹਿਲੇ ਦੀ ਹੈ। ਭਗਤ-ਬਾਣੀ ਪ੍ਰਕਰਣ ਵਿਚ ਪੰਜ ਸ਼ਬਦ ਹਨ, ਦੋ ਨਾਮਦੇਵ ਦੇ ਅਤੇ ਤਿੰਨ ਰਵਿਦਾਸ ਦੇ।
ਚਉਪਦੇ ਪ੍ਰਕਰਣ ਦੇ ਕੁਲ 61 ਚਉਪਦਿਆਂ ਵਿਚੋਂ ਨੌਂ ਗੁਰੂ ਨਾਨਕ ਦੇਵ ਜੀ ਦੇ ਹਨ ਜਿਨ੍ਹਾਂ ਵਿਚੋਂ ਅੱਠ ਵਿਚ ਚਾਰ ਚਾਰ ਅਤੇ ਇਕ ਵਿਚ ਪੰਜ ਪਦਿਆਂ ਦੇ ਸਮੁੱਚ ਹਨ। ਗੁਰੂ ਜੀ ਨੇ ਦਸਿਆ ਹੈ ਕਿ ਪਰਮਾਤਮਾ ਨੂੰ ਭੁਲਾਉਣ ਨਾਲ ਮਨੁੱਖ ਆਪਣਾ ਹੀ ਸਭ ਕੁਝ ਵਿਗਾੜਦਾ ਹੈ। ਗੁਰੂ ਅਮਰਦਾਸ ਜੀ ਦੇ 13 ਚਉਪਦਿਆਂ ਵਿਚੋਂ 10 ਵਿਚ ਚਾਰ ਚਾਰ ਅਤੇ ਤਿੰਨ ਵਿਚ ਪੰਜ ਪੰਜ ਪਦਿਆਂ ਦੇ ਜੁਟ ਹਨ। ਇਨ੍ਹਾਂ ਵਿਚ ਗੁਰੂ ਜੀ ਨੇ ਉਪਦੇਸ਼ ਦਿੱਤਾ ਹੈ ਕਿ ਪਰਮਾਤਮਾ ਸਰਵ-ਸ਼ਕਤੀਮਾਨ ਹੈ। ਗੁਰੂ ਰਾਮਦਾਸ ਜੀ ਦੇ ਲਿਖੇ ਨੌਂ ਚਉਪਦਿਆਂ ਵਿਚੋਂ ਇਕ ਵਿਚ ਦੋ, ਸੱਤ ਵਿਚ ਚਾਰ ਚਾਰ ਅਤੇ ਇਕ ਵਿਚ ਪੰਜ ਪਦਿਆਂ ਦੇ ਸਮੁੱਚ ਹਨ। ਇਨ੍ਹਾਂ ਵਿਚ ਗੁਰੂ ਜੀ ਨੇ ਜਿਗਿਆਸੂ ਨੂੰ ਸਪੱਸ਼ਟ ਕੀਤਾ ਹੈ ਕਿ ਹਰਿ-ਨਾਮ ਵਰਗੀ ਮਹਾਨ ਵਸਤੂ ਅਸਲੋਂ ਸਾਡੇ ਅੰਦਰ ਵਸਦੀ ਹੈ, ਪਰ ਮਾਇਆ ਦੇ ਪ੍ਰਭਾਵ ਕਰਕੇ ਮਹਿਸੂਸ ਨਹੀਂ ਹੁੰਦੀ। ਗੁਰੂ ਅਰਜਨ ਦੇਵ ਜੀ ਦੇ 30 ਚਉਪਦਿਆਂ ਵਿਚੋਂ 21 ਦੁਪਦੇ, ਦੋ ਤ੍ਰਿਪਦੇ ਅਤੇ ਸੱਤ ਚਉਪਦੇ ਹਨ। ਇਨ੍ਹਾਂ ਵਿਚ ਗੁਰੂ ਜੀ ਨੇ ਗੁਰਮਤਿ ਦੇ ਅਨੇਕ ਸਿੱਧਾਂਤਾਂ ਨੂੰ ਸਪੱਸ਼ਟ ਕੀਤਾ ਹੈ ਅਤੇ ਅਨੇਕ ਉਪਮਾਨ, ਦ੍ਰਿਸ਼ਟਾਂਤ ਵਰਤ ਕੇ ਜੀਵਾਤਮਾ ਅਤੇ ਪਰਮਾਤਮਾ ਦੇ ਸੰਬੰਧ ਨੂੰ ਦਰਸਾਇਆ ਹੈ।
ਅਸ਼ਟਪਦੀ ਪ੍ਰਕਰਣ ਦੀਆਂ ਕੁਲ ਅੱਠ ਅਸ਼ਟਪਦੀਆਂ ਵਿਚੋਂ ਪੰਜ ਗੁਰੂ ਨਾਨਕ ਦੇਵ ਜੀ ਦੀਆਂ ਹਨ, ਜਿਨ੍ਹਾਂ ਵਿਚੋਂ ਇਕ ਵਿਚ ਪੰਜ, ਤਿੰਨ ਵਿਚ ਅੱਠ ਅੱਠ ਅਤੇ ਇਕ ਵਿਚ ਨੌਂ ਪਦੀਆਂ ਸ਼ਾਮਲ ਹਨ। ਗੁਰੂ ਜੀ ਨੇ ਜੀਵਾਤਮਾ ਦਾ ਪਰਮਾਤਮਾ ਨਾਲ ਸੰਬੰਧ ਸਪੱਸ਼ਟ ਕਰਨ ਲਈ ਕਈ ਉਪਮਾਨ ਅਤੇ ਦ੍ਰਿਸ਼ਟਾਂਤ ਵਰਤੇ ਹਨ। ਗੁਰੂ ਅਮਰਦਾਸ ਜੀ ਨੇ ਆਪਣੀਆਂ ਤਿੰਨ ਅਸ਼ਟਪਦੀਆਂ ਵਿਚ ਇਸ ਗੱਲ ਨੂੰ ਸਪੱਸ਼ਟ ਕੀਤਾ ਹੈ ਕਿ ਸੰਸਾਰਿਕ ਸਿਖਿਆਵਾਂ ਵਿਅਰਥ ਹਨ।
ਗੁਰੂ ਅਰਜਨ ਦੇਵ ਜੀ ਨੇ ਚਾਰ ਪਦਿਆਂ ਦੇ ਆਪਣੇ ਇਕ ਛੰਤ ਵਿਚ ਬੜੀ ਮਗਨਤਾ ਨਾਲ ਪਰਮਾਤਮਾ ਦੀ ਉਸਤਤ ਕੀਤੀ ਹੈ। ਇਸ ਤੋਂ ਅਗੇ ਮਲ੍ਹਾਰ ਦੀ ਵਾਰ ਹੈ, ਜਿਸ ਬਾਰੇ ਸੁਤੰਤਰ ਇੰਦਰਾਜ ਵੇਖੋ।
ਭਗਤ ਬਾਣੀ ਪ੍ਰਕਰਣ ਵਿਚ ਦੋ ਸ਼ਬਦ ਭਗਤ ਨਾਮਦੇਵ ਦੇ ਹਨ। ਇਨ੍ਹਾਂ ਵਿਚ ਪਰਮਾਤਮਾ ਦੀ ਉਸਤਤ ਕੀਤੀ ਗਈ ਹੈ। ਭਗਤ ਰਵਿਦਾਸ ਨੇ ਆਪਣੇ ਤਿੰਨ ਸ਼ਬਦਾਂ ਵਿਚ ਦਸਿਆ ਹੈ ਕਿ ਨੀਵੀਂ ਜਾਤਿ ਵਾਲਾ ਸਾਧਕ ਵੀ ਪਰਮਾਤਮਾ ਦੀ ਕ੍ਰਿਪਾ ਨਾਲ ਮਹਾਨ ਬਣ ਸਕਦਾ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2826, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਮਲਾਰ ਰਾਗ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਮਲਾਰ ਰਾਗ : ਸ਼ੁੱਧ ਮਲਾਰ ਖਮਾਜ ਥਾਟ ਦਾ ਔੜਵ ਜਾਤੀ ਦਾ ਰਾਗ ਹੈ ਜਿਸ ਵਿਚ ਗੰਧਾਰ ਅਤੇ ਨਿਸ਼ਾਦ ਵਰਜਿਤ ਹਨ। ਇਸ ਰਾਗ ਵਿਚ ਸ਼ੜਜ, ਰਿਸ਼ਭ, ਪੰਚਮ ਅਤੇ ਧੈਵਤ ਸ਼ੁੱਧ ਲਗਦੇ ਹਨ। ਇਸ ਦਾ ਵਾਦੀ ਸੁਰ ਮੱਧਮ ਸੰਵਾਦੀ ਸ਼ੜਜ ਹੈ ਅਤੇ ਗ੍ਰਹਿ ਸੁਰ ਮੱਧਮ ਹੈ। ਇਸ ਰਾਗ ਦੇ ਗਾਉਣ ਦਾ ਸਮਾਂ ਮੱਧ ਰਾਤ ਹੈ ਅਤੇ ਵਿਸ਼ੇਸ਼ ਕਰਕੇ ਇਸ ਦਾ ਗਾਇਨ ਵਰਖਾ ਰੁੱਤ ਵਿਚ ਕੀਤਾ ਜਾਂਦਾ ਹੈ। ਇਸ ਰੁੱਤ ਵਿਚ ਇਹ ਕਿਸੇ ਵੀ ਸਮੇਂ ਗਾਇਆ ਜਾ ਸਕਦਾ ਹੈ। ਇਹ ਗੰਭੀਰ ਪ੍ਰਕ੍ਰਿਤੀ ਦਾ ਰਾਗ ਹੈ ਅਤੇ ਇਸ ਵਿਚ ਭਗਤੀ ਰਸ ਪ੍ਰਧਾਨ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਰਾਗ ਦਾ ਨੰਬਰ ਸਤਾਈਵਾਂ ਹੈ ਅਤੇ ਇਹ ਪੰਨਾ ਨੰਬਰ ੧੨੫੪ ਤੋਂ ੧੨੯੩ ਤਕ ਵਿਸਤ੍ਰਿਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਅਨੁਸਾਰ :–
ਮਲਾਰ ਸੀਤਲ ਰਾਗੁ ਹੈ ਹਰਿ ਧਿਆਇਐ ਸਾਂਤਿ ਹੋਇ ‖
ਸ੍ਰੀ ਗੁਰੂ ਅਮਰਦਾਸ ਜੀ ਦਾ ਮਲਾਰ ਰਾਗ ਬਾਰੇ ਫੁਰਮਾਨ ਹੈ-
ਗੁਰਮੁਖਿ ਮਲਾਰ ਰਾਗੁ ਜੋ ਕਰਹਿ
ਤਿਨ ਮਨੁ ਤਨੁ ਸੀਤਲੁ ਹੋਇ।
ਸੰਗੀਤਕਾਰਾਂ ਨੇ ਇਸ ਰਾਗ ਦੇ ਮਧੁਰ ਅੰਸ਼ਾਂ ਦਾ ਹੋਰ ਰਾਗਾਂ ਨਾਲ ਮਿਸ਼ਰਣ ਕਰਕੇ ਕਈ ਨਵੀਨ ਰਾਗਾਂ ਦੀ ਸਿਰਜਣਾ ਕੀਤੀ ਹੈ ਜਿਸਦੇ ਫਲਸਰੂਪ ਇਸ ਦੇ ਕਈ ਭੇਦ ਹੋਂਦ ਵਿਚ ਆਏ ਹਨ ਜਿਵੇਂ ਮੇਘ ਮਲਾਰ, ਮੀਆਂ ਕੀ ਮਲਾਰ, ਰਾਮਦਾਸੀ ਮਲਾਰ, ਸੂਰਦਾਸੀ ਮਲਾਰ, ਨਟ ਮਲਾਰ, ਸੋਰਠਿ ਮਲਾਰ, ਦੇਸੀ ਮਲਾਰ, ਜੈ ਅੰਤ ਮਲਾਰ ਆਦਿ।
ਸ਼ੁੱਧ ਮਲਾਰ ਦੀ ਸਰਗਮ ਹੇਠ ਲਿਖੇ ਅਨੁਸਾਰ ਹੈ :–
ਆਰੋਹੀ - ਸ ਰੇ ਮ ਪ ਧ ਰੇ ਸਂ .
ਅਵਰੋਹੀ - ਸਂ ਧ ਪ ਮ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1767, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-14-01-05-16, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.; ਆਦਿ ਗ੍ਰੰਥ ਰਾਗ ਕੋਸ਼ – ਡਾ. ਗੁਰਨਾਮ ਸਿੰਘ; ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ – ਪੋਥੀ ਚੌਥੀ
ਵਿਚਾਰ / ਸੁਝਾਅ
Please Login First