ਮਹਲਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮਹਲਾ (ਨਾਂ,ਪੁ) ਸਿੱਖ ਗੁਰੂ ਸਾਹਿਬਾਨ ਵੱਲੋਂ ਆਪਣੇ ਲਈ ਵਰਤਿਆ ਸ਼ਬਦ; ਮਹਲਾ ਦੇ ਅੰਤ ’ਤੇ ਜੋ ਅੰਗ ਹੋਵੇ ਉਸ ਤੋਂ ਗੁਰੂ ਸਾਹਿਬਾਨ ਦਾ ਨਾਂ ਜਾਣਨਾ ਚਾਹੀਏ, ਜਿਵੇਂ ਮਹਲਾ ੧ (ਗੁਰੂ ਨਾਨਕ ਦੇਵ) ਮਹਲਾ ੯ (ਗੁਰੂ ਤੇਗ ਬਹਾਦਰ) ਆਦਿ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14775, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਮਹਲਾ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਮਹਲਾ: ਇਹ ਸ਼ਬਦ ਬਾਣੀ ਦੇ ਕਰਤ੍ਰਿਤਵ ਦਾ ਵਾਚਕ ਹੈ। ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਸਾਹਿਬਾਨ ਦੁਆਰਾ ਲਿਖੀ ਸਾਰੀ ਬਾਣੀ ਵਿਚ ਕਵੀ-ਛਾਪ ਕੇਵਲ ‘ਨਾਨਕ ’ ਹੈ। ਇਸ ਲਈ ਕਿ ਦਸਾਂ ਗੁਰੂ ਸਾਹਿਬਾਨ ਵਿਚ ਇਕੋ ਜੋਤਿ ਵਿਆਪਤ ਸੀ (ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ—ਗੁ.ਗ੍ਰੰ.966)। ਪਰ ਹਰ ਇਕ ਗੁਰੂ ਦੀ ਬਾਣੀ ਨੂੰ ਨਿਖੇੜਨ ਲਈ ਸ਼ਬਦ-ਆਰੰਭ ਵਿਚ ‘ਮਹਲਾ’ ਲਿਖ ਕੇ ਉਸ ਨਾਲ ਗੁਰੂ-ਸੂਚਕ ਅੰਕ ਜੋੜ ਦਿੱਤਾ ਗਿਆ ਹੈ, ਤਾਂ ਜੋ ਗੁਰਬਾਣੀ ਦਾ ਕਰਤ੍ਰਿਤਵ ਸਪੱਸ਼ਟ ਰਹੇ ।
‘ਮਹਲਾ’ ਸ਼ਬਦ ਦੇ ਭਾਸ਼ਿਕ ਪਿਛੋਕੜ ਨੂੰ ਲੈ ਕੇ ਇਸ ਦੇ ਵਖ ਵਖ ਅਰਥ ਕਰਨ ਦਾ ਯਤਨ ਕੀਤਾ ਗਿਆ ਹੈ। ਮੁੱਖ ਤੌਰ ’ਤੇ ਦੋ ਮਤ ਪ੍ਰਚਲਿਤ ਹਨ। ਇਕ ਮਤ ਉਨ੍ਹਾਂ ਦਾ ਹੈ ਜੋ ਫ਼ਾਰਸੀ ਭਾਸ਼ਾ ਦਾ ਪਿਛੋਕੜ ਰਖਦੇ ਹਨ, ਜਿਵੇਂ ਡਾ. ਪਿਆਰ ਸਿੰਘ। ਉਸ ਨੇ ‘ਗਾਥਾ ਸ੍ਰੀ ਆਦਿ ਗ੍ਰੰਥ ’ (ਪੰਨਾ 489) ਵਿਚ ਲਿਖਿਆ ਹੈ :
ਮਹਲੁ (ਮਹੱਲ) ਪਦ ਦੇ ਗੁਰ-ਵਿਅਕਤੀਆਂ ਲਈ ਵਰਤੇ ਜਾਣ ਤੇ ਇਸ ਪਿਛੇ ਪਾਏ ਜਾਂਦੇ ਖਿਆਲ ਦਾ ਉੱਲੇਖ ਗੁਰੂ ਹਰਿਗੋਬਿੰਦ ਜੀ ਦੇ ਦਰਬਾਰ ਵਿਚ ਰਹ ਚੁੱਕੇ ਪਾਰਸੀ ਲੇਖਕ, ਜ਼ੁਲਫ਼ਿਕਾਰ ਅਰਦਸਤਾਨੀ, ਪ੍ਰਸਿੱਧ ਨਾਂ ‘ਮੁਹਸਿਨ ਫ਼ਾਨੀ’ ਨੇ ਆਪਣੀ ਪੁਸਤਕ ‘ਦਬਿਸਤਾਨਿ ਮਜ਼ਾਹਿਬ’ ਵਿਚ ਬੜੇ ਸਪੱਸ਼ਟ ਸ਼ਬਦਾਂ ਵਿਚ ਕੀਤਾ ਹੈ। ਉਹ ਇਸ ਨੂੰ ਅਰਬੀ ਧਾਤੁ ‘ਹੱਲ’ ਤੋਂ ਬਣੇ ਸ਼ਬਦ ‘ਹਲੂਲ’ ਜਿਸ ਦਾ ਅਰਥ ‘ਪ੍ਰਵੇਸ਼ ਕਰਨਾ’, ‘ਸਮਾਉਣਾ’, ‘ਉਤਰਣਾ’ ਹੈ, ਨਾਲ ਜੋੜ ਕੇ, ਗੁਰੂ ਪਰਮੇਸਰ ਜੋਤਿ ਦੇ ਉੱਤਰਣ ਦੀ ਥਾਂ ਮੰਨਦਾ ਹੈ; ਮਹੱਲ ਪਹਲਾ, ਪਹਲੀ ਜੋਤਿ ਦੇ ਉੱਤਰਣ ਦੀ ਥਾਂ, ਮਹੱਲ ਦੂਜਾ, ਦੂਜੀ ਜੋਤਿ ਦੇ ਉੱਤਰਣ ਦੀ ਥਾਂ; ਤੇ ਇਸੇ ਤਰ੍ਹਾਂ ਮਹੱਲ ਤੀਜਾ, ਚੌਥਾ ਤੇ ਪੰਜਵਾ। ਇਹੀ ਸ਼ਬਦ (ਮਹਲੁ-ਮਹੱਲ) ਬਾਅਦ ਵਿਚ ‘ਮਹਲਾ’ ਵਿਚ ਵਟ ਗਇਆ ਸਿੱਧ ਹੁੰਦਾ ਹੈ। ਇਹ ਸ਼ਬਦ ‘ਮਹਲੁ ’ ਜਾਂ ਮਹੱਲ ਤੋਂ ਮਹਲਾ ਵਿਚ ਕਿਵੇਂ ਵਟ ਗਿਆ ? ਇਸ ਬਾਰੇ ਡਾ. ਪਿਆਰ ਸਿੰਘ ਨੇ ਦੂਰੋਂ ਕੌਡੀ ਲਭ ਲਿਆਉਣ ਦਾ ਕਾਫ਼ੀ ਯਤਨ ਕੀਤਾ ਹੈ, ਪਰ ਉਨ੍ਹਾਂ ਦੀ ਗੱਲ ਮੰਨਣਯੋਗ ਨਹੀਂ ਬਣੀ।
ਦੂਜਾ ਮਤ ਸੰਸਕ੍ਰਿਤ ਪਿਛੋਕੜ ਵਾਲੇ ਵਿਦਵਾਨਾਂ ਦਾ ਹੈ ਜਿਨ੍ਹਾਂ ਵਿਚੋਂ ਪ੍ਰਮੁਖ ਨਿਰਮਲਾ ਸੰਪ੍ਰਦਾਇ ਦੇ ਵਿਆਖਿਆਕਾਰ ਹਨ। ਉਨ੍ਹਾਂ ਦੀ ਧਾਰਣਾ ਹੈ ਕਿ ਇਹ ਸ਼ਬਦ ਸੰਸਕ੍ਰਿਤ ਦਾ ‘ਮਹਿਲਾ ’ ਹੈ ਜਿਸ ਦਾ ਅਰਥ ਹੈ ਇਸਤਰੀ। ਇਹ ਵਿਦਵਾਨ ਪਰਮਾਤਮਾ ਨੂੰ ਪੁਰਖ ਰੂਪ ਵਿਚ ਅਤੇ ਗੁਰੂ ਸਾਹਿਬਾਨ ਨੂੰ ਇਸਤਰੀ ਰੂਪ ਵਿਚ ਵੇਖਦੇ ਹਨ।
ਗੰਭੀਰਤਾ ਨਾਲ ਵਿਚਾਰ ਕਰੀਏ ਤਾਂ ਦੂਜਾ ਮਤ ਜ਼ਿਆਦਾ ਉਚਿਤ ਪ੍ਰਤੀਤ ਹੁੰਦਾ ਹੈ। ਕਿਉਂਕਿ ਇਕ ਤਾਂ ਅਰਬੀ-ਫ਼ਾਰਸੀ ਦੀ ਬਹੁਤ ਘਟ ਸ਼ਬਦਾਵਲੀ ਗੁਰੂ ਸਾਹਿਬਾਨ ਨੇ ਵਰਤੀ ਹੈ ਅਤੇ ਜੋ ਵਰਤੀ ਹੈ ਉਹ ਵੀ ਅਣਸਰਦੇ ਨੂੰ। ਬਾਕੀ ਸਾਰਾ ਸ਼ਬਦ-ਭੰਡਾਰ, ਭਗਤੀ ਸਾਧਨਾ ਦੀ ਪਰਿਭਾਸ਼ਿਕ ਸ਼ਬਦਾਵਲੀ ਅਤੇ ਸਿੱਧਾਂਤ ਅਧਿਕਤਰ ਭਾਰਤੀ ਪਰੰਪਰਾ ਦੇ ਹਨ। ਇਸ ਲਈ ਗੁਰੂ ਸਾਹਿਬਾਨ ਦੀ ਬਾਣੀ ਵਿਚ ਅਰਬੀ -ਫ਼ਾਰਸੀ ਸ਼ਬਦਾਵਲੀ ਨੂੰ ਵਰਤਣ ਪ੍ਰਤਿ ਕੋਈ ਖ਼ਾਸ ਝੁਕਾ ਨਹੀਂ ਹੈ।
ਦੂਜੀ ਗੱਲ ਇਹ ਕਿ ਗੁਰੂ ਸਾਹਿਬਾਨ ਨੇ ਪ੍ਰੇਮ- ਭਗਤੀ ਵਿਚ ਪਰਮਾਤਮਾ ਨੂੰ ਪਤੀ ਮੰਨ ਕੇ ਹੀ ਪ੍ਰਵੇਸ਼ ਕੀਤਾ ਹੈ। ਇਸ ਲਈ ਇਥੇ ‘ਮਹਲਾ’ ਇਸਤਰੀ ਵਾਚਕ ਹੋਣਾ ਅਧਿਕ ਭਾਵ-ਅਨੁਰੂਪ ਹੈ। ਫ਼ਾਰਸੀ ਵਿਦਵਾਨਾਂ ਨੇ ਆਪਣੇ ਫ਼ਾਰਸੀ ਗਿਆਨ ਦੇ ਮੋਹ ਵਸ ਹੋਰ ਵੀ ਕਈ ਸ਼ਬਦਾਂ ਦੇ ਅਰਥ ਵਾਸਤਵਿਕਤਾ ਤੋਂ ਹਟ ਕੇ ਕੀਤੇ ਹਨ। ਨਮੂਨੇ ਵਜੋਂ ‘ਅਰਦਾਸ ’ (ਵੇਖੋ) ਅਤੇ ‘ਰਹਿਰਾਸ ’ (ਵੇਖੋ) ਇਸ ਧਾਰਣਾ ਅਨੁਸਾਰ ਕੀਤੇ ਅਰਥ ਹਨ। ਇਸ ਲਈ ‘ਮਹਲਾ’ ਦਾ ਅਰਥ ਪ੍ਰੇਮ-ਭਗਤੀ (ਕਾਂਤਾ-ਭਗਤੀ) ਦੇ ਸੰਦਰਭ ਵਿਚ ‘ਇਸਤਰੀ’ ਕਰਨਾ ਵਸਤੂ-ਸਥਿਤੀ ਦੇ ਅਨੁਰੂਪ ਹੈ। ਇਸ ਦਾ ਉੱਚਾਰਣ ਵੀ ਬਿਨਾ ਅੱਧਕ ਲਗੇ ਕਰਨਾ ਸਹੀ ਹੈ ਕਿਉਂਕਿ ਬਾਣੀ ਵਿਚ ਸ਼ਬਦਾਂ ਦੇ ਅੰਤਰਗਤ ਹ੍ਰਸਵ ਸ੍ਵਵ ‘ਸਿਹਾਰੀ’ ਲਗਾਉਣ ਦੀ ਪ੍ਰਥਾ ਬਹੁਤ ਘਟ ਹੈ। ਮਹਿਲਾ ਦੇ ‘ਇਸਤਰੀ’ ਅਰਥ ਦਾ ਵਿਸਤਾਰ ਪੁਰਖ ਜਾਂ ਗੁਰੂ ਜੀ ਦੇ ‘ਸ਼ਰੀਰ’ ਉਤੇ ਆਰੋਪਿਤ ਹੋਣ ਨਾਲ ਇਹ ਪੁਲਿੰਗ ਬਣਦਾ ਗਿਆ ਅਤੇ ‘ਮਹਲਾ’ ਤੋਂ ਬਾਦ ਗੁਰੂ-ਵਾਚਕ ਸੰਖਿਆ-ਅੰਕ ਪਹਿਲਾ, ਦੂਜਾ ਜਾਂ ਤੀਜਾ ਉਚਾਰਿਆ ਜਾਣ ਲਗ ਪਿਆ। ਇਸਤਰੀ ਲਿੰਗ ਤੋਂ ਪੁਲਿੰਗ ਵਿਚ ਸਰੂਪ-ਪਰਿਵਰਤਨ ਦੀ ਪ੍ਰਥਾ ਪੰਜਾਬੀ ਵਿਚ ਮੌਜੂਦ ਹੈ, ਜਿਵੇਂ ਆਰਤੀ ਤੋਂ ਆਰਤਾ, ਮਾਤ੍ਰਾ ਤੋਂ ਮਾਤ੍ਰਾ ਬਾਬਾ ਸ੍ਰੀ ਚੰਦ ਕਾ ਆਦਿ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14502, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਮਹਲਾ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਮਹਲਾ : ‘ਮਹਲਾ ਸ਼ਬਦ ਦੀ ਵਰਤੋਂ ਗੁਰੂ ਸਾਹਿਬਾਂ ਦੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਦੇ ਆਰੰਭ ਵਿਚ ਗੁਰੂ ਵਿਅਕਤੀ ਸੂਚਕ ਪਦ ਵਜੋਂ ਹੋਈ ਹੈ, ਜਿਵੇਂ ਮਹਲਾ–1, ਮਹਲਾ–2 ਆਦਿ ਵਿਦਵਾਲਾਂ ਨੇ ਇਸ ਦੇ ਅਰਥ ਸੰਬੰਧੀ ਭਿੰਨ ਭਿੰਨ ਮੱਤ ਪ੍ਰਗਟਾਏ ਹਨ। ਸੰਸਕ੍ਰਿਤ ਭਾਸ਼ਾ ਦੇ ਜਾਣਕਾਰ ਵਿਦਵਾਨ ਇਸ ਨੂੰ ‘ਮਹਿਲਾ’ (ਅਰਥਾਤ ਇਸਤ੍ਰੀ) ਦਾ ਤਦਭਵ ਰੂਪ ਦੱਸਦੇ ਹਨ। ਉਨ੍ਹਾਂ ਦੇ ਮੱਤ ਅਨੁਸਾਰ ਕਾਂਤਾ ਭਗਤੀ (ਪ੍ਰਮਾਤਮਾ ਦੀ ਪਤੀ/ਪ੍ਰੀਤਮ ਰੂਪ ਵਿਚ ਕੀਤੀ ਭਗਤੀ) ਵੇਲੇ ਗੁਰੂ ਆਪਣੇ ਆਪ ਨੂੰ ਪ੍ਰਮਾਤਮਾ ਦੀ ਨਾਰੀ/ਇਸਤ੍ਰੀ ਰੂਪ ਵਿਚ ਪ੍ਰਸਤੁਤ ਕਰਦੇ ਹਨ। ਪਰ ਇਹ ਧਾਰਣਾ ਇਸ ਲਈ ਨਿਰਮੂਲ ਹੈ ਕਿਉਂਕਿ ‘ਮਹਲਾ’ ਸ਼ਬਦ ਪੁਲਿੰਗ ਹੈ, ਇਸਤ੍ਰੀ–ਲਿੰਗ ਨਹੀਂ, ਯਥਾ ‘ਆਸਾ ਦੀ ਵਾਰ’ ਵਿਚ ਲਿਖਿਆ ਹੈ ‘ਸਲੋਕ ਵੀ ਲਿਖੇ ਮਹਲੇ ਪਹਲੇ ਕੇ’, ਗੁਜਰੀ ਰਾਗ ਵਿਚ ਤੀਜੇ ਗੁਰੂ ਅਮਰਦਾਸ ਦੇ ਸੱਤਵੇਂ ਚਉਪਦੇ ਦੇ ਆਰੰਭ ਵਿਚ ‘ਤੀਜਾ’ ਲਿਖਿਆ ਹੈ ਅਤੇ ਭੱਟਾਂ ਦੇ ਸਵੈਯਾਂ ਦੇ ਸਿਰਲੇਖ ਹਨ––‘ਸਵਈਏ ਮਹਲੇ ਪਹਲੇ ਕੇ’, ‘ਸਵਈਏ ਮਹਲੇ ਦੂਜੇ ਕੇ’ ਆਦਿ।
ਪ੍ਰੋ. ਸਾਹਿਬ ਸਿੰਘ ਦਾ ਮੱਤ ਹੈ ਇਹ ਨਿਰਣਾ ਕਰਨ ਲਈ ਕਿ ਅਮੁਕੀ ਬਾਣੀ ਕਿਸ ਗੁਰੂ ਵਿਅਕਤੀ ਦੀ ਹੈ, ਸ਼ਬਦ ‘ਮਹਲਾ’ ਵਰਤਿਆ ਗਿਆ ਹੈ ਜਿਸ ਦਾ ਅਰਥ ਹੈ ‘ਵਿਅਕਤੀ’, ‘ਕਾਇਆ’। ਪ੍ਰਮਾਣ ਵਜੋਂ ਉਨ੍ਹਾਂ ਨੇ “ਸਬਦੇ ਪਤੀਜੈ ਅੰਕੁ ਭੀਜੇ ਸੁ ਮਹਲੁ ‘ਮਹਲਾ’ ਅੰਤਰੇ’। (ਆ. ਗ੍ਰੰਥ, 767), “ਏਕ ‘ਮਹਲਿ’ ਤੂੰ ਪੰਡਿਤ ਬਕਤਾ ਏਕ ‘ਮਹਿਲ’ ਖਲੁ ਹੋਤਾ।” (ਆ. ਗ੍ਰੰਥ, 206)। ਪਰ ਪ੍ਰੋ. ਸਾਹਿਬ ਸਿੰਘ ਦੀਆਂ ਦਿੱਤੀਆਂ ਟੂਕਾਂ ਵਿਚ ‘ਮਹਲਾ’ ਅਥਵਾ ‘ਮਹਿਲ’ ਸ਼ਬਦ ਦੀ ਵਰਤੋਂ ਨਾਲ ਪੂਰੀ ਤਰ੍ਹਾਂ ਸ਼ੰਕਾ–ਸਮਾਧਾਨ ਨਹੀਂ ਹੁੰਦਾ।
ਸ. ਸ਼ਮਸ਼ੇਰ ਸਿੰਘ ਅਸ਼ੋਕ ਅਨੁਸਾਰ ਇਹ ਸ਼ਬਦ ਅਰਬੀ–ਫ਼ਾਰਸੀ ਮੂਲਕ ਹੈ ਤੇ ਇਸ ਦਾ ਅਰਥ ਹੈ “ਜਗ੍ਹਾ ਉਤਾਰਨ ਦੀ ਜਾਂ ਕੋਈ ਮੰਜ਼ਿਲ ਅਥਵਾ ਉਹ ਥਾਂ ਜਿੱਥੇ ਕੋਈ ਵਿਅਕਤੀ ਉਤਰ ਕੇ ਟਿਕੇ”। ਅਰਬੀ ਬੋਲੀ ਦੇ ‘ਹਲੂਲ’ ਸ਼ਬਦ ਦਾ ਇਹੋ ਅਰਥ ਹੈ ਅਤੇ ਇਸੇ ਤੋਂ ਮੁਖੱਫ਼ਿਫ ਹੋ ਕੇ ‘ਮਹਲਾ’ ਸ਼ਬਦ ਬਣਿਆ ਹੈ। ‘ਹਲੂਲ’ ਸ਼ਬਦ ਦਾ ਅਰਥ ਵੀ ਉਤਰਨਾ, ਅਵਤਾਰ ਲੈਣਾ ਜਾਂ ਕਿਸੇ ਇਕ ਰੂਹ ਅਥਵਾ ਵਿਅਕਤੀ ਦਾ ਕਿਸੇ ਦੂਜੀ ਰੂਹ ਅਥਵਾ ਸ਼ਖ਼ਸੀਅਤ ਵਿਚ ਹਲੂਲ ਹੋ ਕੇ ਇਕ–ਮਿਕ ਹੋਣਾ ਲਿਆ ਜਾਂਦਾ ਹੈ। ਇਸ ਲਈ ਗੁਰਬਾਣੀ ਵਿਚ ਇਸ ਸੰਕੇਤਕ ਸ਼ਬਦ ਦਾ ਸਹੀ ਅਰਥ–ਭਾਵ ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਮਰਦਾਸ ਆਦਿ ਪਹਿਲੇ ਤੋਂ ਪੰਜਵੇਂ ਤੇ ਨੌਵੇਂ ਗੁਰੂ ਤੇਗ਼ ਬਹਾਦਰ ਤਕ ‘ਗੁਰੂ–ਅਵਤਾਰ’ ਹੀ ਸਿੱਧ ਹੁੰਦਾ ਹੈ, ਹੋਰ ਕੁਝ ਨਹੀਂ।
ਸਾਰਾਂਸ਼ ਇਹ ਕਿ ‘ਮਹਲਾ’ ਸ਼ਬਦ ਪੁਲਿੰਗ ਹੈ ਅਤੇ ਗੁਰੂ ਗ੍ਰੰਥ ਸਾਹਿਬ ਵਿਚ ਇਸ ਦੀ ਵਰਤੋਂ ‘ਗੁਰੂ ਵਿਅਕਤੀ’ ਲਈ ਹੋਈ ਹੈ। ਗੁਰੂ ਸਾਹਿਬਾਂ ਤੋਂ ਭਿੰਨ ਬਾਣੀਕਾਰਾਂ ਲਈ ਭਗਤ ਆਦਿ ਸ਼ਬਦ ਵਰਤੇ ਗਏ ਹਨ।
[ਸਹਾ. ਗ੍ਰੰਥ––ਪ੍ਰੋ. ਸਾਹਿਬ ਸਿੰਘ : ‘ਗੁਰਬਾਣੀ ਵਿਆਕਰਣ’; ‘ਗੁਰਦੁਆਰਾ ਗਜ਼ਟ’ ਨਵੰਬਰ, 1978; ਮ. ਕੋ.]
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 12050, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First