ਮਾਇਆ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਾਇਆ (ਨਾਂ,ਇ) 1 ਈਸ਼ਵਰ ਜਾਂ ਸ਼ਕਤੀ; ਕੁਦਰਤ 2 ਧਨ; ਮਾਲ; ਦੌਲਤ 3 ਛਲਾਵਾ; ਭਰਮ 4 ਪਦਾਰਥਕ ਸੰਸਾਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8540, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਮਾਇਆ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਾਇਆ [ਨਾਂਇ] ਭਰਮ , ਭੁਲੇਖਾ; ਰੱਬੀ-ਸ਼ਕਤੀ, ਕੁਦਰਤ; ਧਨ , ਦੌਲਤ, ਮਾਲ; ਮਾਵਾ , ਲੇਵੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8534, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਮਾਇਆ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਮਾਇਆ (ਸੰ.। ਸੰਸਕ੍ਰਿਤ ਮਾਯਾ। ਪੰਜਾਬੀ ਮਾਯਾ। ਮਾਇਆ) ੧. ਕਪਟ ਛਲ

             ਦੇਖੋ, ‘ਮਾਯਾ’

੨. ਭੁਲੇਵਾ। ਯਥਾ-‘ਕੋਈ ਐਸੋ ਰੇ ਭਗਤੁ ਜੁ ਮਾਇਆ ਤੇ ਰਹਤੁ ਇਕੁ ਅੰਮ੍ਰਿਤ ਨਾਮੁ ਮੇਰੈ ਰਿਦੈ ਸਿੰਚਾ’।

੩. ਦਾਰਸ਼ਨਕ ਵਿਦ੍ਯਾ ਵਿਚ- ਉਹ ਭੁਲੇਵਾ ਜੋ ਜਗਤ ਦੀ ਅਣਹੋਂਦ ਵਿਚ ਹੋਂਦ ਦਿਖਾ ਰਿਹਾ ਹੈ। ਜਗਤ ਹੈ ਨਹੀਂ , ਇਕ ਬ੍ਰਹਮ ਪਸਰ ਰਿਹਾ ਹੈ, ਇਹ ਫਿਰ ਜੋ ਸਾਰਾ ਜਗਤ ਨਜ਼ਰ ਆ ਰਿਹਾ ਹੈ ਇਹ ਮਾਯਾ ਹੈ।

੪. ਤੀਸਰੇ ਗੁਰੂ ਜੀ ਭਗਤੀ ਮਾਰਗ ਵਿਚ ਮਾਯਾ ਦਾ ਇਹ ਲੱਛਣ ਲਿਖਦੇ ਹਨ-‘ਏਹ ਮਾਇਆ ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ’। ਇਹ ਮਾਇਆ ਹੈ ਜੋ ਜਗ੍ਯਾਸੂ ਨੂੰ ਪਰਮੇਸ਼ਰ ਦੇ ਧਿਆਨ ਵਿਚੋਂ ਉਖੇੜਦੀ ਤੇ ਮੋਹ ਵਿਚ ਰਖਦੀ ਹੈ। ਵਾਹਿਗੁਰੂ ਭਾਵਨਾਂ ਤੋਂ ਉਖੜ ਕੇ ਦੂਈ ਭਾਵਨਾ ਵਿਚ ਜੋ ਮਨ ਦੀ ਅਵਸਥਾ ਹੈ ਸੋ ਮਾਯਾ ਹੈ।

੫. ਦੌਲਤ, ਧਨ , ਮਾਲ। ਯਥਾ-‘ਮਾਇਆ ਕਾਰਨਿ ਧਾਵਹੀ ਮੂਰਖ ਲੋਗ ਅਜਾਨ’।

੬. (ਸੰ.। ਦੇਖੋ , ਮਾਇ) ਮਾਂ , ਮਾਤਾ। ਯਥਾ-‘ਤਾ ਭੀ ਚੀਤਿ ਨ ਰਾਖਸਿ ਮਾਇਆ’।

੭. (ਸੰ.। ਪੰਜਾਬੀ) ਪੰਜਾਬ ਵਿਚ ਉਕਾਂਹ ਬ੍ਰਿਛ ਹੁੰਦਾ ਹੈ ਤਿਸ ਦੀ ਲਾਖ ਦਾ ਨਾਮ ਮਾਈਂ ਹੈ, ਰੰਗ ਦੇਣ ਵੇਲੇ ਕਪੜੇ ਨੂੰ ਪਾਹ ਦੇਣ ਦੇ ਕੰਮ ਵਿਚ ਆਉਂਦੀ ਹੈ*। ਯਥਾ-‘ਇਹੁ ਤਨੁ ਮਾਇਆ ਪਾਹਿਆ ਪਿਆਰੇ ’। ਇਹ ਤਨ (ਮਾਂਈਂ ਸਮਾਨ) ਮਾਇਆ ਨਾਲ ਪਾਹਿਆ ਹੋਇਆ ਹੈ, ਅਰਥਾਤ ਮਾਇਆ ਦੀ ਲਾਗ ਇਸ ਨੂੰ ਲਗੀ ਹੋਈ ਹੈ।

----------

* ਅਜ ਕਲ ਪੰਜਾਬ ਦੇ ਛੀਂਬੇ ਤੇ ਲਲਾਰੀ ਰਿੱਧੇ ਹੋਏ ਨਿਸ਼ਾਸਤੇ ਦੀ ਲੇਟੀ ਨੂੰ -ਮਾਇਆ- ਕਹਿੰਦੇ ਹਨ, ਜੋ ਓਹ ਧੋਤੇ ਯਾ ਰੰਗੇ ਹੋਏ ਕਪੜਿਆਂ ਨੂੰ ਅਕੜਾ ਦੇਣ ਲਈ ਲਾਉਂਦੇ ਹਨ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8177, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਮਾਇਆ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਮਾਇਆ : ਅਦ੍ਵੈਤ ਵੇਦਾਂਤ ਵਿਚ ਨਿਰਗੁਣ ਬ੍ਰਹਮ ਨੂੰ ਹੀ ਸੰਸਾਰ ਦਾ ਸਿਰਜਣਹਾਰ ਜਾਂ ਕਰਤਾਰ ਅਤੇ ਸੰਘਾਰਕ ਮੰਨਿਆ ਗਿਆ ਹੈ। ਮਾਇਆ ਨਾਲ ਰਲ ਕੇ ਇਹੀ ਬ੍ਰਹਮ ਪ੍ਰਪੰਚ ਦਾ ਰੂਪ ਬਣ ਜਾਂਦਾ ਹੈ। ਅਦ੍ਵੈਤਵਾਦ ਵਿਚ ਮਾਇਆ ਸ਼ਬਦ ਕਈ ਅਰਥਾਂ ਵਿਚ ਆਇਆ ਹੈ, ਜਿਵੇਂ ਭਰਮ, ਸੰਸਾਰ ਦੀ ਕਾਰਣ–ਸ਼ਕਤੀ ਆਦਿ (ਵੇਖੋ ‘ਅਦ੍ਵੈਤਵਾਦ’)।

          ਰਿਗਵੇਦ ਤੇ ਯਜੁਰਵੇਦ ਵਿਚ ਮਾਇਆ ਇੰਦਰ ਦੀਆਂ ਸ਼ਕਤੀਆਂ ਦੀ ਪ੍ਰਤੀਕ ਹੈ। ਉਪਨਿਸ਼ਦਾਂ ਵਿਚ ਮਾਇਆ ਬ੍ਰਹਮ ਦੀ ਸਹਿਯੋਗੀ ਸਕਤੀ ਮੰਨੀ ਗਈ ਹੈ।

          ਸਾਧਾਰਣ ਤੌਰ ਪੁਰ ਮਾਇਆ ਨੂੰ ਭਰਮ ਤੇ ਅਗਿਆਨ ਦਾ ਹੀ ਪਰਿਆਇਵਾਚੀ ਮੰਨਿਆ ਜਾਂਦਾ ਹੈ ਤੇ ਇਸ ਦਿਸਦੇ ਸੰਸਾਰ ਨੂੰ ਮਿਥਿਆ ਜਾਂ ਮਾਇਆ–ਰੂਪ ਆਖਿਆ ਜਾਂਦਾ ਹੈ।

          ਸਿੱਧਾਂ, ਨਿਰਗੁਣ–ਧਾਰਾ ਦੇ ਸੰਤਾਂ ਤੇ ਸਗੁਣ–ਧਾਰਾ ਤੇ ਭਗਤੀ ਕਾਵਿ ਵਿਚ ਵੀ ਮਾਇਆ ਸ਼ਬਦ ਦੀ ਵਰਤੋਂ ਕੀਤੀ ਮਿਲਦੀ ਹੈ। ਸਿੱਧ ਲੋਕ ਕਿਉਂਕਿ ਬੁੱਧ ਮੱਤ ਤੋਂ ਚੋਖੇ ਪ੍ਰਭਾਵਿਤ ਸਨ, ਇਸ ਲਈ ਉਹ ਬੋਧੀਆਂ ਵਾਂਗ ਸਾਰੇ ਸੰਸਾਰ ਨੂੰ ਮਾਇਆ ਦਾ ਹੀ ਰੂਪ ਸਮਝਦੇ ਸਨ। ਕਬੀਰ ਸਾਹਿਬ ਨਿਰਗੁਣਵਾਦੀ ਸੰਤ ਸਨ ਤੇ ਅਦ੍ਵੈਤਵਾਦ ਤੋਂ ਚੋਖੇ ਪ੍ਰਭਾਵਿਤ ਸਨ, ਇਸ ਲਈ ਉਨ੍ਹਾਂ ਵਿਚ ਮਾਇਆ ਦਾ ਸੰਕਲਪ ਇਸ ਅਦ੍ਵੈਤ ਸਿਧਾਂਤ ਅਨੁਸਾਰ ਹੀ ਚਲਦਾ ਹੈ। ਇਸ ਪ੍ਰਭਾਵ ਥੱਲੇ ਉਹ ਮਾਇਆ ਨੂੰ ਬ੍ਰਹਮਫਾਸ, ਮਹਾਂ ਠਗਣੀ, ਡਾਇਣ, ਆਦਿ ਸ਼ਬਦਾਂ ਨਾਲ ਸੰਬੋਧਨ ਕਰਦੇ ਹਨ। ਤੁਲਸੀ ਦਾਸ ਸਗੁਣਵਾਦੀ ਭਗਤ ਸਨ। ਆਪ ਨੇ ਮਾਇਆ ਨੂੰ ਭਰਮ ਜਾਂ ਭੁਲੇਖਾ ਅਥਵਾ ਛਲਾਵਾ ਮੰਨਿਆ ਹੈ। ਇਸ ਤੋਂ ਬਿਨਾ ਆਪ ਨੇ ਮਾਇਆ ਨੂੰ ਮਹਾਸ਼ਕਤੀ ਜਾਂ ਮਹਾਮਾਇਆ ਦਾ ਨਾਂ ਵੀ ਦਿੱਤਾ ਹੈ ਤੇ ਸੀਤਾ ਨੂੰ ਇਸੇ ਰੂਪ ਵਿਚ ਰਾਮ ਦੀ ਨਿਰੰਤਰ ਸੰਗਤ ਵਿਚ ਦਿਖਾਇਆ ਹੈ। ਰਾਮ–ਮਾਇਆ ਦਾ ਕੰਮ ਪ੍ਰਪੰਚ ਰਚਣਾ ਹੈ। ਨਾਰਦ ਤੇ ਸਤੀ ਨੂੰ ਭਰਮਾਉਣ ਵਾਲੀ ਇਹੀ ਸੀ। ਰਾਮ–ਭਗਤਾਂ ਤੋਂ ਡਰਦੇ ਰਹਿਣ ਵਾਲੀ ਦਾਸੀ–ਮਾਇਆ ਹੈ। ਵਿੱਦਿਆ–ਮਾਇਆ ਭਗਤ ਨੂੰ ਵੈਰਾਗਵਾਨ ਬਣਾਉਂਦੀ ਹੈ ਪਰ ਅਵਿੱਦਿਆ–ਮਾਇਆ ਉਸ ਨੂੰ ਸੰਸਾਰਮੁਖੀ ਬਣਾ ਦਿੰਦੀ ਹੈ।

          ਵੈਸ਼ਣਵ ਭਗਤੀ–ਕਾਵਿ ਵਿਚ ਮਾਇਆ ਨੂੰ ਪੌਰਾਣਿਕ ਤੇ ਦਾਰਸ਼ਨਿਕ ਮਾਨਤਾ ਦਿੱਤੀ ਗਈ ਹੈ ਤੇ ਇਸ ਨੂੰ ਸ਼ਕਤੀ ਆਖਿਆ ਗਿਆ ਹੈ। ਇਸ ਦੇ ਤਿੰਨ ਰੂਪ ਹਨ––ਅੰਤਰੰਗ ਸ਼ਕਤੀ, ਬਹਿਰੰਗ ਸ਼ਕਤੀ ਤੇ ਮੂਲ ਸ਼ਕਤੀ। ਪਹਿਲੀ ਅੰਤਰੰਗ ਸ਼ਕਤੀ ਮਾਇਆ ਦਾ ਉਹ ਰੂਪ ਹੈ ਜਿਸ ਦਾ ਅਨੁਭਵ ਸੰਤਾਂ ਤੇ ਮਹਾਪੁਰਸ਼ਾਂ ਨੂੰ ਹੁੰਦਾ ਹੈ। ਬਹਿਰੰਗ ਸ਼ਕਤੀ ਇਸ ਅੰਤਰੰਗ ਨਾਲੋਂ ਬਿਲਕੁਲ ਉਲਟ ਤੇ ਵਿਪਰਿਤ ਜਾਂ ਪ੍ਰਤਿਕੂਲ ਹੈ। ਇਸੇ ਨੂੰ ਅਵਿੱਦਿਆ ਜਾਂ ਅਗਿਆਨ ਆਖਦੇ ਹਨ। ਸੰਸਾਰ ਜਾਂ ਪ੍ਰਪੰਚ ਦਾ ਇਹ ਮੂਲ ਕਾਰਣ ਹੈ। ਇਸ ਦੇ ਦੋ ਭੇਦ ਹਨ––ਗੁਣ–ਮਾਇਆ ਤੇ ਜੀਵ–ਮਾਇਆ। ਗੁਣ–ਮਾਇਆ ਸ੍ਰਿਸ਼ਟੀ ਦੇ ਸਾਰੇ ਕਾਰਜ ਜਾਂ ਪ੍ਰਬੰਧ ਦੀ ਜ਼ਿੰਮੇਵਾਰ ਹੈ ਤੇ ਜੀਵ–ਮਾਇਆ ਮਨੁੱਖ ਨੂੰ ਮੋਹ ਲੈਣ ਵਾਲੀ ਤੇ ਪ੍ਰਪੰਚ ਵਿਚ ਫਸਾ ਲੈਣ ਵਾਲੀ ਹੈ। ਤੀਜੀ ਬ੍ਰਹਮ ਦੀ ਮੂਲ ਜਾਂ ਆਦਿ–ਸ਼ਕਤੀ ਹੈ ਜੋ ਜੀਵ ਦੇ ਰੂਪ ਵਿਚ ਹੁੰਦੀ ਹੋਈ ਬ੍ਰਹਮ ਦੀ ਸੰਗਤ ਵਿਚ ਰਹਿੰਦੀ ਹੈ। ਰਾਧਾ, ਸੀਤਾ ਆਦਿ ਦੀ ਗਿਣਤੀ ਇਸੇ ਸ਼ਕਤੀ ਦੇ ਰੂਪ ਵਿਚ ਕੀਤੀ ਜਾ ਸਕਦੀ ਹੈ।

          ਪੌਰਾਣਿਕ ਧਾਰਾ ਵਿਚ ਮਾਇਆ ਨੂੰ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਗੋਪੀਆਂ ਨੂੰ ਹੀ ਮਾਇਆ ਦਾ ਰੂਪ ਮੰਨਿਆ ਗਿਆ ਹੈ। ਬ੍ਰਹਮ ਪੁਰਾਣ (289 : 14–15) ਅਤੇ ਪਦਮ ਪੁਰਾਣ, (ਪਾਤਾਲ : 77–15) ਵਿਚ ਰਾਧਾ ਨੂੰ ਮਾਇਆ ਜਾਂ ਪੂਰਣ ਸ਼ਕਤੀ ਕਿਹਾ ਹੈ। ਭਾਗਵਤ ਪੁਰਾਣ ਵਿਚ ਰਾਧਾ ਨੂੰ ਪੂਰਣ ਸ਼ਕਤੀ, ਮਹਾ ਲੱਛਮੀ, ਚਿੱਤਪ੍ਰਕ੍ਰਿਤੀ ਜਾਂ ਯੋਗ ਮਾਇਆ ਕਹਿ ਕੇ ਸੱਦਿਆ ਗਿਆ ਹੈ।

          ਰਾਮ ਭਗਤੀ ਪਰੰਪਰਾ ਵਿਚ ਸੀਤਾ ਹੀ ਲੱਛਮੀ (ਵਾਲਮੀਕੀ ਰਾਮਾਇਣ ਸਰਗ 6, 117–27), ਸ੍ਰਿਸ਼ਟੀ ਦੀ ਮੂਲ ਪ੍ਰਕ੍ਰਿਤੀ (ਰਾਮਤਾਪਨੀ ਉਪਨਿਸ਼ਦ), ਪ੍ਰਕ੍ਰਿਤੀ, ਯੋਗ ਮਾਇਆ ਜਾਂ ਧਰਮ ਸ਼ਕਤੀ (ਅਧਿਆਤਮ ਰਾਮਾਇਣ : 1/7/27), ਬ੍ਰਹਮ ਵਿੱਦਿਆ (ਭਾਗਵਤ ਪੁਰਾਣ) ਆਦਿ ਹੈ।

          ਗੁਰਬਾਣੀ ਵਿਚ ਮਾਇਆ ਸ਼ਬਦ ਕਈ ਅਰਥਾਂ ਵਿਚ ਆਇਆ ਹੈ। ਮਾਇਆ ਦੇ ਇਕ ਅਰਥ ਮਾਂ ਹਨ : ‘ਆਪਿ ਪਿਤਾ ਆਪਿ ਮਾਇਆ’ (ਮ. 5)। ਦੂਜੇ ਅਰਥ ਛਲਾਵਾ, ਛਲ, ਧੋਖਾ, ਕਪਟ, ਦੰਭ, ਠੱਗੀ ਵੀ ਹਨ :

                   ਇਹੁ ਤਨੁ ਮਾਇਆ ਪਾਹਿਆ ਪਿਆਰੇ, ਲੀਤੜਾ ਲਬਿ ਰੰਗਾਏ।

                                                                                         ––(ਆ. ਗ੍ਰੰਥ, ਪੰਨਾ ੭੨੧)

          ਅਗਿਆਨਤਾ, ਭੁਲੇਖਾ, ਅਵਿੱਦਿਆ, ਭਰਮ ਆਦਿ ਵੀ ਅਰਥ ਹਨ :

          (1)     ਕੋਈ ਐਸੋ ਰੇ ਭਗਤੁ ਜੁ ਮਾਇਆ ਤੇ ਰਹਿਤ।                        ––(ਆ. ਗ੍ਰੰਥ, ਪੰਨਾ ੬੮੭)

          (2)     ਏਹਾ ਮਾਇਆ ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ।

                                                                                         ––(ਆ. ਗ੍ਰੰਥ, ਪੰਨਾ ੯੨੧)

          ਧਨ, ਸੰਪਤੀ, ਲੱਛਮੀ, ਪੈਸੇ, ਦੌਲਤ ਆਦਿ ਵੀ ਮਾਇਆ ਦੇ ਹੀ ਅਰਥਾਂ ਵਿਚ ਆਏ ਹਨ :

                   ਮਾਇਆ ਕਾਰਨ ਧਾਵਹੀ ਮੂਰਖਿ ਲੋਗ ਅਜਾਨ।                                ––(ਸਲੋਕ ਮ. ੯)

          ਧਨ, ਦੌਲਤ ਤੋਂ ਛੁੱਟ ਗੁਰਬਾਣੀ ਨੇ ਮਾਇਆ ਨੂੰ ਇਕ ਹੋਰ ਅਰਥ ਵੀ ਦਿੱਤੇ ਹਨ ਤੇ ਉਹ ਹਨ ਜਗਤ ਦੀ ਸਿਰਜਣਾਂ ਕਰਨ ਵਾਲੀ ਆਦਿ–ਸ਼ਕਤੀ। ਇਸੇ ਆਦਿ–ਸ਼ਕਤੀ ਨੇ ਤਿੰਨ ਗੁਣਾਂ ਸਤ, ਰਜ ਤੇ ਤਮ ਨੂੰ ਜਨਮ ਦਿੱਤਾ :

                   ਮਾਇਆ ਮਾਈ ਤ੍ਰੈ ਗੁਣ ਪਰਸੂਤਿ ਜਮਾਇਆ।                    ––(ਆ. ਗ੍ਰੰਥ, ਪੰਨਾ ੧੦੬੬)

                                                                   [ਸਹਾ. ਗ੍ਰੰਥ––ਮ. ਕੋ.]           


ਲੇਖਕ : ਡਾ. ਗੁਰਦੇਵ ਸਿੰਘ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 6658, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no

ਮਾਇਆ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ

ਮਾਇਆ : ਭਾਰਤੀ ਦਰਸ਼ਨ ਪਰੰਪਰਾ ਵਿੱਚ ਵੇਦਾਂਤ ਦਾ ਵਿਸ਼ੇਸ਼ ਮਹੱਤਵ ਹੈ ਜੋ ਕਿ ਬਾਦਰਾਯਨ ਦੇ ਬ੍ਰਹਮ ਸੂਤਰ ਤੇ ਆਧਾਰਿਤ ਹੈ। ਵੇਦਾਂਤ ਦੀਆਂ ਵੱਖ-ਵੱਖ ਕਿਸਮਾਂ ਵਿੱਚ ਸ਼ੰਕਰਾਚਾਰੀਆ ਦਾ ਅਦ੍ਵੈਤ ਵੇਦਾਂਤ ਦਾਰਸ਼ਨਿਕ ਅਤੇ ਧਾਰਮਿਕ ਪੱਖੋਂ ਸਭ ਤੋਂ ਵੱਧ ਮਹੱਤਵਪੂਰਨ ਹੈ। ਅਦ੍ਵੈਤ ਵੇਦਾਂਤ ਅਨੁਸਾਰ :

ਬ੍ਰਹਮ ਸੱਤ ਹੈ, ਜਗਤ ਮਿੱਥ (ਝੂਠ) ਹੈ, ਜੀਵ ਤੇ ਬ੍ਰਹਮ ਇੱਕ ਹਨ।

ਇਸ ਦਰਸ਼ਨ ਵਿੱਚ ਮਾਇਆ ਦਾ ਵਿਚਾਰ ਕੇਂਦਰੀ ਵਿਚਾਰ ਹੈ।

ਸ਼ੰਕਰ ਅਨੁਸਾਰ ਮਾਇਆ ਦੁਆਰਾ ਹੀ ਬ੍ਰਹਮ ਜਗਤ ਦੀ ਰਚਨਾ ਕਰਦਾ ਹੈ। ਮਾਇਆ ਉਹ ਹੈ, ਜੋ ਨਹੀਂ ਹੈ। ਸ਼ੰਕਰ ਮਾਇਆ ਅਤੇ ਅਵਿੱਦਿਆ ਨੂੰ ਸਮਾਨ-ਅਰਥਕ ਮੰਨਦੇ ਹਨ ਪਰ ਕੁਝ ਵਿਦਵਾਨ ਦੋਹਾਂ ਵਿੱਚ ਅੰਤਰ ਕਰਦੇ ਹਨ। ਉਹਨਾਂ ਅਨੁਸਾਰ ਅਵਿੱਦਿਆ ਨਿਸ਼ੇਧਾਤਮਿਕ ਹੈ ਅਤੇ ਉਸ ਦਾ ਸੰਬੰਧ ਜੀਵ-ਆਤਮਾ ਨਾਲ ਹੈ ਅਤੇ ਉਹ ਆਤਮਾ ਦੇ ਸਹੀ ਸਰੂਪ ਨੂੰ ਲੁਕਾਉਂਦੀ ਹੈ ਪਰ ਮਾਇਆ ਰਚਨਾਤਮਕ ਸ਼ਕਤੀ ਹੈ ਅਤੇ ਇਸਦਾ ਸੰਬੰਧ ਬ੍ਰਹਮ ਨਾਲ ਹੈ। ਮਾਇਆ ਜਗਤ ਦੀ ਰਚਨਾ ਕਰਦੀ ਹੈ।

ਮਾਇਆ ਈਸ਼ਵਰ ਦੀ ਦਿਵ ਸ਼ਕਤੀ ਹੈ, ਜਿਸ ਰਾਹੀਂ ਈਸ਼ਵਰ ਜਗਤ ਦੀ ਰਚਨਾ ਕਰਦਾ ਹੈ। ਮਾਇਆ ਸਾਂਖਿਆ ਦੀ ਪ੍ਰਕਿਰਤੀ ਵਾਂਗ ਸੁਤੰਤਰ ਸੱਤਾ ਹੈ। ਮਾਇਆ ਈਸ਼ਵਰ ਤੇ ਆਧਾਰਿਤ ਹੈ।

ਮਾਇਆ ਦੀਆਂ ਵਿਸ਼ੇਸ਼ਤਾਵਾਂ :

1.        ਮਾਇਆ ਈਸ਼ਵਰ ਦੀ ਸ਼ਕਤੀ ਹੈ। ਇਹ ਈਸ਼ਵਰ ਦੀ ਸਿਰਜਣਾਤਮਿਕ ਸ਼ਕਤੀ ਹੈ ਅਤੇ ਜਗਤ ਦੀ ਉਤਪਤੀ ਕਰਦੀ ਹੈ।

2.       ਸ਼ੰਕਰ ਦੀ ਮਾਇਆ ਬੋਧਾਂ ਦੇ ਸ਼ੂਨਯ ਵਾਂਗ ਨਿਖੇਧਾਤਮਕ ਨਾ ਹੋ ਕੇ ਭਾਵਰੂਪ ਸ਼ਕਤੀ ਹੈ ਕਿਉਂਕਿ ਇਹ ਸੰਸਾਰ ਦਾ ਕਾਰਨ ਹੈ। ਮਾਇਆ ਤੋਂ ਉਤਪੰਨ ਹੋਇਆ ਸੰਸਾਰ ਅਨੁਭਵ ਦਾ ਵਿਸ਼ਾ ਹੈ। ਇਸ ਲਈ ਮਾਇਆ ਭਾਵਰੂਪਾਂ ਜਾਂ ਰਚਨਾਤਮਕ ਸ਼ਕਤੀ ਹੈ।

3.       ਮਾਇਆ ਅਨਾਦਿ ਹੈ ਕਿਉਂਕਿ ਮਾਇਆ ਅਵਿੱਦਿਆ ਜਾਂ ਅਗਿਆਨ ਹੈ ਅਤੇ ਅਗਿਆਨ ਦਾ ਕੋਈ ਆਦਿ ਨਹੀਂ। ਅਨਾਦਿ ਹੋਣ ਦੇ ਬਾਵਜੂਦ ਮਾਇਆ ਸ਼ਾਂਤ ਜਾਂ ਅੰਤਵਾਲੀ ਹੈ। ਮਾਇਆ ਅਗਿਆਨ ਦਾ ਰੂਪ ਹੈ, ਜਿਸਦਾ ਗਿਆਨ ਨਾਲ ਅੰਤ ਹੋ ਜਾਂਦਾ ਹੈ।

4.       ਮਾਇਆ ਤ੍ਰਿਗੁਣਾਤਮਿਕ ਪ੍ਰਕਿਰਤੀ ਹੈ ਜੋ ਸੱਤਵ, ਰਜੱਸ ਅਤੇ ਤਮੱਸ ਗੁਣਾਂ ਦੇ ਮੇਲ ਤੋਂ ਬਣਦੀ ਹ ਪਰ ਮਾਇਆ ਸਾਂਖਯ ਦੀ ਪ੍ਰਕਿਰਤੀ ਵਾਂਗ ਸਦੀਵੀ ਨਹੀਂ ਹੈ।

5. ਮਾਇਆ ਬ੍ਰਹਿਮੰਡੀ ਭਰਮ ਹੈ। ਸ਼ੰਕਰ ਅਨੁਸਾਰ:

ਕਿਸੇ ਚੀਜ਼ ਦਾ ਉਸ ਦੇ ਇਲਾਵਾ ਕਿਸੇ ਹੋਰ ਵਸਤੂ ਵਿੱਚ ਆਭਾਸ ਹੋਣਾ ਹੀ ਭਰਮ ਹੈ।”

ਜਿਵੇਂ ਭਰਮਵੱਸ ਸਿੱਧੀ ਨੂੰ ਚਾਂਦੀ ਸਮਝ ਲਿਆ ਜਾਂਦਾ ਹੈ। ਉਸੇ ਤਰ੍ਹਾਂ ਬ੍ਰਹਮ ਵਿੱਚ ਨਾਮਰੂਪਾਤਮਕ ਜਗਤ ਦਾ ਮਾਇਆ ਕਾਰਨ ਭਰਮ ਹੁੰਦਾ ਹੈ।

6. ਮਾਇਆ ਆਵਰਨ ਸ਼ਕਤੀ ਹੈ ਜੋ ਬ੍ਰਹਮ ਦੇ ਸ਼ੁੱਧ ਸਰੂਪ ਨੂੰ ਛੁਪਾ ਲੈਂਦੀ ਹੈ ਜਿਵੇਂ ਹਨੇਰੇ ਵਿੱਚ ਮਾਇਆ ਕਾਰਨ ਰੱਸੀ ਆਪਣੇ ਯਥਾਰਥ ਰੂਪ ਵਿੱਚ ਦਿਖਾਈ ਨਹੀਂ ਦਿੰਦੀ, ਉਸੇ ਤਰ੍ਹਾਂ ਮਾਇਆ ਕਾਰਨ ਬ੍ਰਹਮ ਦਾ ਸ਼ੁੱਧ ਸਰੂਪ ਦਿਖਾਈ ਨਹੀਂ ਦਿੰਦਾ।

7. ਮਾਇਆ ਇੱਕ ਸਿਰਜਣਾਤਮਕ ਸ਼ਕਤੀ ਹੈ ਜਿਸ ਰਾਹੀਂ ਜਗਤ ਦੀ ਉਤਪਤੀ ਹੁੰਦੀ ਹੈ ਜਿਵੇਂ ਹਨੇਰੇ ਵਿੱਚ ਆਵਰਨ ਸ਼ਕਤੀ ਦੁਆਰਾ ਰੱਸੀ ਦਾ ਯਥਾਰਥ ਰੂਪ ਲੁਕ ਜਾਂਦਾ ਹੈ ਅਤੇ ਸਿਰਜਣ ਸ਼ਕਤੀ ਦੁਆਰਾ ਸੱਪ ਦੀ ਰਚਨਾ ਹੁੰਦੀ ਹੈ ਉਸੇ ਤਰ੍ਹਾਂ ਬ੍ਰਹਮ ਦਾ ਸ਼ੁੱਧ ਸਰੂਪ ਲੁਕੋ ਕੇ ਮਾਇਆ ਜਗਤ ਦੀ ਰਚਨਾ ਕਰਦੀ ਹੈ।

8. ਮਾਇਆ ਵਰਣਨਾਤੀਤ ਜਾਂ ਅਕਹਿ ਹੈ ਕਿਉਂਕਿ ਇਹ ਨਾ ਤਾਂ ਸੱਤ ਹੈ, ਨਾ ਅਸੱਤ ਹੈ ਅਤੇ ਨਾ ਹੀ ਸੱਤ ਅਤੇ ਅਸੱਤ ਦੋਵੇਂ। ਮਾਇਆ ਸੱਤ ਨਹੀਂ ਹੈ, ਕਿਉਂਕਿ ਗਿਆਨ ਦੁਆਰਾ ਇਸਦਾ ਨਾਸ਼ ਹੋ ਜਾਂਦਾ ਹੈ। ਇਸ ਨੂੰ ਅਸੱਤ ਵੀ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਹ ਭਾਵਰੂਪ ਅਤੇ ਅਤੇ ਵਿਹਾਰਕ ਜਗਤ ਦਾ ਸਿਰਜਣ ਕਰਦੀ ਹੈ। ਦੋਵੇਂ ਸੱਤ ਅਤੇ ਅਸੱਤ ਹੋਣਾ ਤਾਰਕਿਕ ਰੂਪ ਤੋਂ ਸੰਭਵ ਨਹੀਂ ਹੈ। ਇਸ ਲਈ ਮਾਇਆ ਵਰਣਨਾਤੀਤ ਹੈ।

ਮਾਇਆ ਦੇ ਪ੍ਰਭਾਵ ਨਾਲ ਨਾਮ ਰੂਪਾਤਮਕ ਵਿਹਾਰਿਕ ਜਗਤ, ਜੋ ਭਰਮ ਮਾਤਰ ਹੀ ਹੈ, ਸੱਤ ਜਾਪਦਾ ਹੈ। ਬ੍ਰਹਮ ਅਤੇ ਆਤਮ ਇੱਕ ਹੈ, ਪਰ ਮਾਇਆ ਦੇ ਪ੍ਰਭਾਵ ਨਾਲ ਵੱਖ-ਵੱਖ ਲੱਗਦੇ ਹਨ।


ਲੇਖਕ : ਜਤਿੰਦਰ ਕੁਮਾਰ ਜੈਨ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 3033, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-03-31-03-57-07, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.