ਮਾਇਆਵਤੀ ਸਰੋਤ :
ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Mayavati ਮਾਇਆਵਤੀ: ਮਾਯਾਵਤੀ ਉੱਤਰ ਪ੍ਰਦੇਸ਼ ਰਾਜ ਦੀ ਚੌਥੀਵਾਰ ਮੁੱਖ ਮੰਤਰੀ ਬਣੀ ਹੈ। ਮਾਯਾਵਤੀ ਸਥਿਰ ਸੁਭਾਓ ਦੀ ਮਾਲਕ ਹੈ ਅਤੇ ਉਸ ਨੂੰ ਸਾਰੇ ਉਸਦੇ ਚਾਹੁਣ ਵਾਲੇ , ਵਰਕਰ, ਸਮਰੱਥਕ ਅਤੇ ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਵੀ ‘ਬਹਿਨ ਜੀ’ ਕਰਕੇ ਬੁਲਾਉਂਦੇ ਹਨ। ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਹੈ। ਇਸ ਸਮੇਂ ਇਸ ਪਾਰਟੀ ਦੇ ਭਾਰਤ ਦੀ ਸੰਸਦ ਵਿਚ 19 ਮੈਂਬਰ ਹਨ ਅਤੇ ਉੱਤਰ ਪ੍ਰਦੇਸ਼ ਦੀ ਵਿਧਾਨ ਸਭਾ ਵਿਚ ਤਾਂ ਇਸ ਨੂੰ ਬਹੁਮਤ ਪ੍ਰਾਪਤ ਹੀ ਹੈ। ਰਾਜ ਸਭਾ ਵਿਚ ਵੀ ਇਸ ਪਾਰਟੀ ਦੇ ਛੇ ਮੈਂਬਰ ਹਨ। ਪਰੰਤੂ ਜਿਥੋਂ ਤੱਕ ਵੋਟਾਂ ਦੀ ਪ੍ਰਤਿਸ਼ਤਤਾ ਦਾ ਸਬੰਧ ਹੈ, ਇਹ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਤੋਂ ਬਾਅਦ ਤੀਜੇ ਨੰਬਰ ਤੇ ਆਉਂਦੀ ਹੈ। ਮਾਯਾਵਤੀ ਦੀ ਬਹੁਜਨ ਸਮਾਜ ਪਾਰਟੀ ਨੇ ਉੱਤਰ ਪ੍ਰਦੇਸ਼ ਦੇ ਕੁਲ 2.02 ਕਰੋੜ ਵੋਟਾਂ ਵਿਚੋਂ 1 ਕਰੋੜ 31 ਲੱਖ ਨਾਲੋਂ ਅਧਿਕ ਵੋਟ ਪ੍ਰਾਪਤ ਕੀਤੇ।
ਚੋਣ ਸਫ਼ਲਤਾ ਤੋਂ ਇਲਾਵਾ ਮਹੱਤਵਪੂਰਣ ਗੱਲ ਇਹ ਹੈ ਕਿ ਬਹੁਜਨ ਸਮਾਜ ਪਾਰਟੀ ਵਿਚ ਵੱਖਰੇ ਰੂਪ ਦੀ ਰਾਜਨੀਤਿਕ ਪਾਰਟੀ ਦਾ ਰੂਪ ਧਾਰ ਰਹੀ ਹੈ। ਕੁਮਾਰੀ ਮਾਯਾਵਤੀ ਨੇ ਆਪਣੇ ਆਪ ਨੂੰ ਇਕ ਲੋਹ ਇਸਤਰੀ ਅਤੇ ਇਕ ਲੋਕ-ਪ੍ਰਿਯ ਲੀਡਰ ਸਿੱਧ ਕਰ ਵਿਖਾਇਆ ਹੈ। ਉਹ ਬਹੁਜਨ ਸਮਾਜ ਪਾਰਟੀ ਨਾਲ ਸਬੰਧਤ ਲੋਕਾਂ ਦੇ ਸਮਾਜਿਕ ਉਥਾਨ ਅਤੇ ਆਰਥਿਕ ਸਤੰਤਰਤਾ ਲਈ ਵਚਨਬੱਧ ਹੈ। ਬਹੁਜਨ ਸਮਾਜ ਪਾਰਟੀ ਵਿਚ ਅਨੁਸੂਚਿਤ ਜਾਤੀਆਂ , ਅਨੁਸੂਚਿਤ ਕਬੀਲਿਆਂ, ਹੋਰ ਪੱਛੜੀਆਂ ਸ਼੍ਰੇਣੀਆਂ ਦੇ ਲੋਕਾਂ ਤੋਂ ਇਲਾਵਾ ਸਿੱਖ , ਮੁਸਮਾਨ, ਈਸਾਈ, ਪਾਰਸੀ ਅਤੇ ਸਮਾਜ ਦੀਆਂ ਉੱਤ ਜਾਤੀਆਂ ਦੇ ਲੋਕ ਵੀ ਸ਼ਾਮਲ ਹਨ। ਮਾਯਾਵਤੀ ਨੂੰ ਉਸ ਦੇ ਮਿਸ਼ਨ ਕਾਰਨ ਭਾਰਤੀ ਰਾਜਨੀਤੀ ਵਿਚ ਬੜੀ ਇੱਜਤ , ਸਨਮਾਨ ਅਤੇ ਸਤਿਕਾਰ ਨਾਲ ਵੇਖਿਆ ਜਾਂਦਾ ਹੈ। ਉਹ ਭਾਰਤ ਦੀ ਕੇਵਲ ਇਕੋ-ਇਕ ਲੀਡਰ ਹੈ ਜਿਸ ਦੀ ਲੋਕ ਸੁਣਦੇ ਹਨ ਅਤੇ ਉਸ ਦੀ ਆਪਣੇ ਵੋਟਰਾਂ ਤੇ ਪੱਕੀ ਪਕੜ ਹੈ। ਮਾਯਾਵਤੀ ਦਾ ਉਦੇਸ਼ ਭਾਰਤ ਦੀਆਂ ਧਾਰਮਿਕ ਘੱਟ-ਗਿਣਤੀਆਂ ਦੇ ਲੋਕਾਂ ਨੂੰ ਉੱਪਰ ਚੁੱਕਣਾ ਅਤੇ ਉਨ੍ਹਾਂ ਦੇ ਵਿਕਾਸ ਲਈ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਾ ਹੈ। ਅਜਿਹੇ ਲੋਕਾਂ ਨੂੰ ਆਪਣੇ ਕਾਨੂੰਨੀ ਅਤੇ ਸੰਵਿਧਾਨਕ ਅਧਿਕਾਰ ਪ੍ਰਾਪਤ ਕਰਨ ਲਈ ਸੰਗਠਿਤ ਕਰਨਾ ਹੈ। ਉਹ ਕਈ ਵਾਰ ਲੋਕ ਸਭਾ ਦੀ ਮੈਂਬਰ ਵੀ ਰਹਿ ਚੁੱਕੀ ਹੈ।
ਮਾਯਾਵਤੀ ਨੇ ਕਈ ਪੁਸਤਕਾਂ ਵੀ ਲਿਖੀਆਂ ਹਨ ਜਿਵੇਂ ਕਿ ਬਹੁਜਨ ਸਮਾਜ ਅਤੇ ਉਸ ਦੀ ਰਾਜਨੀਤੀ, ਮੇਰੇ ਸੰਘਰਸ਼ਮਈ ਜੀਵਨ ਏਵਮ ਬਹੁਜਨ ਸਮਾਜ ਮੂਵਮੈਂਟ ਦਾ ਸਫ਼ਰਨਾਮਾ ਆਦਿ।
ਮਾਯਾਵਤੀ ਨੂੰ ਇਹ ਮਾਣ ਵੀ ਪ੍ਰਾਪਤ ਹੈ ਕਿ ਉਸ ਨੇ ਇਕ ਬਹੁਤ ਵੱਡੀ ਰਾਜਨੀਤਿਕ ਰੈਲੀ ਕੀਤੀ। 14 ਅਪ੍ਰੈਲ, 2003 ਨੂੰ ਉਸ ਨੇ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ 27-ਏਕੜ ਡਾ. ਅੰਬੇਦਕਰ ਮੈਦਾਨ ਵਿਚ 5.75 ਲੱਖ ਲੋਕਾਂ ਦਾ ਇਕੱਠ ਕਰ ਵਿਖਾਇਆ।
ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1341, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First