ਮਾਰੂ ਰਾਗ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮਾਰੂ ਰਾਗ (ਬਾਣੀ): ਗੁਰੂ ਗ੍ਰੰਥ ਸਾਹਿਬ ਵਿਚ ਦਰਜ ਇਸ ਰਾਗ ਵਿਚ ਕੁਲ 60 ਚਉਪਦੇ (ਦੋ ਅੰਜਲੀਆਂ ਸਮੇਤ), 20 ਅਸ਼ਟਪਦੀਆਂ (ਦੋ ਅੰਜਲੀਆਂ ਸਹਿਤ), 62 ਸੋਲਹੇ , ਇਕ ਵਾਰ ਮ.੩, ਅਤੇ ਇਕ ਵਾਰ ਮ.੫ ਸੰਕਲਿਤ ਹਨ। ਭਗਤ-ਬਾਣੀ ਪ੍ਰਕਰਣ ਵਿਚ ਕੁਲ 16 ਸ਼ਬਦ ਹਨ ਜਿਨ੍ਹਾਂ ਵਿਚੋਂ 12 ਸੰਤ ਕਬੀਰ ਦੇ, ਇਕ ਭਗਤ ਨਾਮਦੇਵ ਦਾ ਇਕ ਜੈਦੇਵ ਦਾ ਅਤੇ ਦੋ ਭਗਤ ਰਵਿਦਾਸ ਦੇ ਹਨ।

ਚਉਪਦੇ ਪ੍ਰਕਰਣ ਦੇ ਕਲ 60 ਚਉਪਦਿਆਂ ਵਿਚੋਂ 12 ਗੁਰੂ ਨਾਨਕ ਦੇਵ ਜੀ ਦੇ ਹਨ। ਇਨ੍ਹਾਂ ਵਿਚੋਂ ਦੋ ਦੁਪਦੇ, ਇਕ ਤ੍ਰਿਪਦਾ, ਸੱਤ ਚਉਪਦੇ, ਇਕ ਪੰਚਪਦਾ ਅਤੇ ਇਕ ਛਿਪਦਾ ਹੈ। ਪਹਿਲੇ ਅਤੇ ਪੰਜਵੇਂ ਚਉਪਦਿਆਂ ਤੋਂ ਪਹਿਲਾਂ ਇਕ ਇਕ ਸ਼ਲੋਕ ਵੀ ਹੈ। ਇਨ੍ਹਾਂ ਪਦਿਆਂ ਵਿਚ ਗੁਰੂ ਜੀ ਨੇ ਦਸਿਆ ਹੈ ਕਿ ਮਨੁੱਖ ਵਿਚ ਪ੍ਰਕਾਸ਼ਮਈ ਅਤੇ ਅੰਧਕਾਰਮਈ ਦੋਵੇਂ ਪੱਖ ਹਨ। ਗੁਰੂ ਅਮਰਦਾਸ ਜੀ ਨੇ ਪੰਜ ਚਉਪਦਿਆਂ ਵਿਚੋਂ ਚਾਰ ਵਿਚ ਚਾਰ ਚਾਰ ਪਦੇ ਹਨ ਅਤੇ ਇਕ ਵਿਚ ਪੰਜ। ਗੁਰੂ ਜੀ ਨੇ ਦਸਿਆ ਹੈ ਕਿ ਮਾੜੀਆਂ ਰੁਚੀਆਂ ਦਾ ਤਿਆਗ ਕਰਕੇ ਹੁਕਮ ਮੰਨਣ ਦੀ ਬਿਰਤੀ ਦਾ ਵਿਕਾਸ ਕਰਨਾ ਚਾਹੀਦਾ ਹੈ। ਗੁਰੂ ਰਾਮਦਾਸ ਜੀ ਦੇ ਅੱਠ ਚਉਪਦਿਆਂ ਵਿਚੋਂ ਛੇ ਚਾਰ ਚਾਰ ਪਦਿਆਂ ਦੇ ਅਤੇ ਦੋ ਪੰਜ ਪੰਜ ਪਦਿਆਂ ਦੇ ਸਮੁੱਚ ਹਨ। ਇਨ੍ਹਾਂ ਵਿਚ ਗੁਰੂ ਜੀ ਨੇ ਹਰਿ-ਨਾਮ ਵਿਚ ਧਿਆਨ ਲਗਾਉਣ ਵਾਲੇ ਸਾਧਕਾਂ ਦਾ ਸਰੂਪ ਸਪੱਸ਼ਟ ਕੀਤਾ ਹੈ। ਪੰਜਵੇਂ ਗੁਰੂ ਦੇ ਲਿਖੇ 32 ਚਉਪਦਿਆਂ ਵਿਚੋਂ ਦੋ ਨੂੰ ‘ਅੰਜਲੀ’ ਉਪ-ਸਿਰਲੇਖ ਦਿੱਤਾ ਹੋਇਆ ਹੈ ਜਿਨ੍ਹਾਂ ਵਿਚੋਂ ਇਕ ਚਉਪਦਾ ਹੈ ਅਤੇ ਇਕ ਪੰਜਪਦਾ। ਬਾਕੀ ਦੇ 30 ਚਉਪਦਿਆਂ ਵਿਚੋਂ ਨੌਂ ਦੁਪਦੇ, 19 ਚਉਪਦੇ ਅਤੇ ਦੋ ਪੰਚਪਦੇ ਹਨ। ਇਨ੍ਹਾਂ ਵਿਚ ਗੁਰੂ ਜੀ ਨੇ ਦਸਿਆ ਹੈ ਕਿ ਸਰਬੱਤ੍ਰ ਨਿਰਭਉ ਪ੍ਰਭੂ ਵਿਆਪਤ ਹੈ, ਬਾਕੀ ਸਭ ਉਸ ਦੇ ਭੈ ਵਿਚ ਕਾਰਜ ਕਰ ਰਹੇ ਹਨ। ਨੌਵੇਂ ਗੁਰੂ ਨੇ ਆਪਣੇ ਤਿੰਨ ਦੁਪਦਿਆਂ ਵਿਚ ਸਪੱਸ਼ਟ ਕੀਤਾ ਹੈ ਕਿ ਮਨ ਅਨੁਸਾਰ ਚਲਣ ਨਾਲ ਮਨੁੱਖ ਦਾ ਜਨਮ ਵਿਅਰਥ ਜਾਂਦਾ ਹੈ।

ਅਸ਼ਟਪਦੀਆਂ ਪ੍ਰਕਰਣ ਦੀਆਂ ਕੁਲ 20 ਅਸ਼ਟਪਦੀਆਂ ਵਿਚੋਂ ਯਾਰ੍ਹਾਂ ਗੁਰੂ ਨਾਨਕ ਦੇਵ ਜੀ ਦੀ ਰਚਨਾ ਹਨ, ਜਿਨ੍ਹਾਂ ਵਿਚੋਂ ਅੱਠ ਵਿਚ ਅੱਠ ਅੱਠ ਪਦੀਆਂ ਅਤੇ ਬਾਕੀ ਤਿੰਨਾਂ ਵਿਚ ਸੱਤ, ਨੌਂ ਅਤੇ ਬਾਰ੍ਹਾਂ ਪਦੀਆਂ ਹਨ। ਇਨ੍ਹਾਂ ਵਿਚ ਗੁਰੂ ਜੀ ਨੇ ਨਾਮ-ਜਾਪ ਦੇ ਮੁਕਾਬਲੇ ਹੋਰ ਸਾਰੇ ਕਰਮ-ਕਾਂਡ ਵਿਅਰਥ ਦਸੇ ਹਨ। ਗੁਰੂ ਅਮਰਦਾਸ ਜੀ ਨੇ ਆਪਣੀ ਇਕ ਦਸ-ਪਦੀ ਵਿਚ ਦਸਿਆ ਹੈ ਪਰਮਾਤਮਾ ਮਾਇਆ ਦੁਆਰਾ ਮਨੁੱਖ ਨੂੰ ਪਹਿਲਾਂ ਉਲਝਾਉਂਦਾ ਹੈ ਅਤੇ ਫਿਰ ਆਪ ਹੀ ਉਸ ਦਾ ਉੱਧਾਰ ਕਰਦਾ ਹੈ।

ਗੁਰੂ ਅਰਜਨ ਦੇਵ ਜੀ ਦੀਆਂ ਅੱਠ ਅਸ਼ਟਪਦੀਆਂ ਵਿਚ ਦੋ ਅੰਜਲੀਆਂ ਵੀ ਹਨ। ਇਨ੍ਹਾਂ ਵਿਚ ਹਰਿ­-ਨਾਮ ਦੇ ਮਹੱਤਵ, ਸਚੇ ਭਗਤਾਂ ਦੇ ਸਰੂਪ ਅਤੇ ਗੁਰੂ ਦੀ ਮਹਿਮਾ ਨੂੰ ਦਰਸਾਇਆ ਗਿਆ ਹੈ।

ਸੋਲਹੇ ਪ੍ਰਕਰਣ ਦੇ ਕੁਲ 62 ਸੋਲਹਿਆਂ ਵਿਚੋਂ 22 ਗੁਰੂ ਨਾਨਕ ਦੇਵ ਜੀ ਦੇ ਹਨ। ਇਨ੍ਹਾਂ ਵਿਚੋਂ ਪੰਜ ਵਿਚ 15 ਪਦੇ, 12 ਵਿਚ ਸੋਲ੍ਹਾਂ ਪਦੇ ਅਤੇ ਪੰਜ ਵਿਚ 17 ਪਦੇ ਹਨ। ਇਨ੍ਹਾਂ ਵਿਚ ਸ੍ਰਿਸ਼ਟੀ ਦੀ ਸਿਰਜਨਾ ਤੋਂ ਲੈ ਕੇ ਮਨੁੱਖ ਦੇ ਅਧਿਆਤਮਿਕ ਵਿਕਾਸ ਤਕ ਦੇ ਅਨੇਕ ਪੱਖਾਂ ਉਤੇ ਚਾਨਣਾ ਪਾਇਆ ਗਿਆ ਹੈ। ਗੁਰੂ ਅਮਰਦਾਸ ਜੀ ਨੇ ਆਪਣੇ 24 ਸੋਲਹਿਆਂ ਵਿਚ ਦਸਆ ਹੈ ਕਿ ਸਭ ਕੁਝ ਪਰਮਾਤਮਾ ਦੇ ਹੁਕਮ ਨਾਲ ਹੋ ਰਿਹਾ ਹੈ। ਹਉਮੈ ਨੂੰ ਮਾਰ ਕੇ ਮਨ ਨੂੰ ਸ਼ੁੱਧ ਕਰਨਾ ਚਾਹੀਦਾ ਹੈ। ਗੁਰੂ ਰਾਮਦਾਸ ਜੀ ਦੇ ਲਿਖੇ ਦੋ ਸੋਲਹਿਆਂ ਵਿਚ ਦਸਿਆ ਗਿਆ ਹੈ ਕਿ ਉਸ ਪ੍ਰਭੂ ਦਾ ਬੋਧ ਗੁਰੂ ਰਾਹੀਂ ਹੁੰਦਾ ਹੈ। ਗੁਰੂ ਅਰਜਨ ਦੇਵ ਜੀ ਦੇ 14 ਸੋਲਹਿਆਂ ਵਿਚੋਂ ਇਕ ਵਿਚ ਨੌਂ, ਚਾਰ ਵਿਚ 15, ਸੱਤ ਵਿਚ 16, ਇਕ ਵਿਚ 17 ਅਤੇ ਇਕ ਵਿਚ 21 ਪਦੇ ਹਨ। ਇਨ੍ਹਾਂ ਵਿਚ ਗੁਰਮਤਿ ਦੇ ਅਨੇਕ ਸਿੱਧਾਂਤਾਂ ਦੀ ਵਿਆਖਿਆ ਹੋਈ ਹੈ।

ਵਾਰ ਮਹਲਾ ੩ ਅਤੇ ਵਾਰ ਮਹਲਾ ੫ ਬਾਰੇ ਸੁਤੰਤਰ ਇੰਦਰਾਜ ਦਰਜ ਹਨ।

            ਭਗਤ-ਬਾਣੀ ਪ੍ਰਕਰਣ ਵਿਚ ਪਹਿਲਾਂ ਦਸ ਸ਼ਬਦ ਸੰਤ ਕਬੀਰ ਦੇ ਹਨ ਜਿਨ੍ਹਾਂ ਵਿਚ ਬਾਹਰਲੇ ਆਡੰਬਰਾਂ, ਕਰਮ-ਕਾਂਡਾਂ ਨੂੰ ਛਡ ਕੇ ਹਰਿ-ਨਾਮ ਦੀ ਆਰਾਧਨਾ ਦੀ ਪ੍ਰੇਰਣਾ ਦਿੱਤੀ ਗਈ ਹੈ। ਕਬੀਰ ਦੇ ਦੋ ਹੋਰ ਸ਼ਬਦ ਨਾਮਦੇਵ ਅਤੇ ਜੈਦੇਵ ਦੇ ਸ਼ਬਦਾਂ ਨਾਲ ਦਰਜ ਹੋਏ ਹਨ। ਭਗਤ ਨਾਮਦੇਵ ਦੇ ਨਾਂ ਅਧੀਨ ਦੋ ਸ਼ਬਦ ਲਿਖੇ ਹਨ। ਪਹਿਲੇ ਵਿਚ ਨਾਮਦੇਵ ਨੇ ਦਸਿਆ ਹੈ ਕਿ ਭਗਤੀ ਕਰਨ ਨਾਲ ਮਨੁੱਖ ਦੇ ਸਾਰੇ ਕਾਰਜ ਸਿੱਧ ਹੋ ਜਾਂਦੇ ਹਨ। ਇਕ ਸ਼ਬਦ, ਭਾਵ ਦੀ ਵਿਆਖਿਆ ਲਈ , ਸੰਤ ਕਬੀਰ ਦਾ ਇਥੇ ਰਖਿਆ ਗਿਆ ਹੈ। ਜੈਦੇਵ ਨੇ ਆਪਣੇ ਇਕ ਸ਼ਬਦ ਵਿਚ ਦਸਿਆ ਹੈ ਕਿ ਹਰਿ-ਨਾਮ ਦੇ ਜਾਪ ਨਾਲ ਅਨੇਕ ਯੌਗਿਕ ਸਿੱਧੀਆਂ ਦੀ ਪ੍ਰਾਪਤੀ ਸਹਿਜ ਵਿਚ ਹੀ ਹੋ ਗਈ ਹੈ। ਇਸ ਤੋਂ ਬਾਦ ਸੰਤ ਕਬੀਰ ਦੇ ਇਕ ਸ਼ਬਦ ਰਾਹੀਂ ਹਰਿ-ਨਾਮ ਦੇ ਸਿਮਰਨ ਦੇ ਮਹੱਤਵ ਨੂੰ ਦਰਸਾ ਕੇ ਜਿਗਿਆਸੂ ਨੂੰ ਉਸ ਵਿਚ ਰੁਚਿਤ ਹੋਣ ਲਈ ਕਿਹਾ ਗਿਆ ਹੈ। ਰਵਿਦਾਸ ਜੀ ਨੇ ਆਪਣੇ ਦੋ ਸ਼ਬਦਾਂ ਵਿਚ ਜਾਤਿ-ਪਾਤਿ ਦੀਆਂ ਵਿਥਾਂ ਨੂੰ ਹਰਿ-ਭਗਤੀ ਦੇ ਖੇਤਰ ਵਿਚ ਸਾਰ-ਹੀਨ ਦਸ ਕੇ ਪਰਮਾਤਮਾ ਦੇ ਨਾਮ ਨੂੰ ਸਰਵੋਤਮ ਵਸਤੂ ਮੰਨਿਆ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3296, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਮਾਰੂ ਰਾਗ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਮਾਰੂ (ਰਾਗ) : ਇਕ ਪੁਰਾਤਨ ਅਤੇ ਕਠਿਨ ਰਾਗ ਜਿਸ ਨੂੰ ਬੀਰ ਰਸੀ ਰਾਗ ਹੋਣ ਕਾਰਨ ਮਾਰੁਵ, ਮਾਰਵ ਅਤੇ ਮਾਰਵਿਕ ਨਾਂ ਵੀ ਦਿੱਤੇ ਜਾਂਦੇ ਹਨ। ਇਹ ਸ਼ਾੜਵ ਜਾਤੀ ਦਾ ਰਾਗ ਹੈ ਜਿਸ ਵਿਚ ਪੰਚਮ ਵਰਜਿਤ ਹੈ। ਇਸ ਵਿਚ ਸ਼ੜਜ, ਗੰਧਾਰ, ਧੈਵਤ ਅਤੇ ਨਿਸ਼ਾਦ ਸ਼ੁੱਧ, ਰਿਸ਼ਭ ਕੋਮਲ ਅਤੇ ਮਧਿਅਮ ਤੀਬਰ ਲਗਦਾ ਹੈ। ਇਸ ਦਾ ਵਾਦੀ ਸੁਰ ਗੰਧਾਰ, ਸੰਵਾਦੀ ਧੈਵਤ ਹੈ ਅਤੇ ਗਾਉਣ ਦਾ ਸਮਾਂ ਦਿਨ ਦਾ ਤੀਜਾ ਪਹਿਰ ਹੈ। ਕਈ ਸੰਗੀਤਕਾਰਾਂ ਨੇ ਇਸ ਨੂੰ ਸੰਪੂਰਨ ਜਾਤੀ ਦਾ ਰਾਗ ਮੰਨਿਆ ਹੈ ਜਿਸ ਵਿਚ ਸਾਰੇ ਸੁਰ ਸ਼ੁੱਧ ਲਗਦੇ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਦਾ ਨੰਬਰ ਇਕੀਵਾਂ ਹੈ ਅਤੇ ਇਹ ਪੰਨਾ ਨੰਬਰ 989 ਤੋਂ 1106 ਤਕ ਵਿਸਤਰਿਤ ਹੈ। ਇਸ ਰਾਗ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਬਦ, ਅਸਟਪਦੀਆਂ, ਕਾਫੀਆਂ ਅਤੇ ਸੋਲਹੇ; ਸ੍ਰੀ ਅਮਰਦਾਸ ਜੀ ਦੇ ਸ਼ਬਦ, ਅਸਟਪਦੀ, ਸੋਲਹੇ ਅਤੇ ਵਾਰ; ਸ੍ਰੀ ਗੁਰੂ ਰਾਮਦਾਸ ਜੀ ਦੇ ਸ਼ਬਦ ਅਤੇ ਸੋਲਹੇ; ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਬਦ, ਅਸਟਪਦੀਆਂ, ਅੰਜੁਲੀਆਂ, ਸੋਲਹੇ ਅਤੇ ਵਾਰ; ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਬਦ; ਭਗਤ ਕਬੀਰ ਜੀ, ਨਾਮਦੇਵ ਜੀ, ਜੈਦੇਵ ਜੀ ਅਤੇ ਰਵਿਦਾਸ ਜੀ ਦੇ ਸ਼ਬਦ ਦਰਜ ਹਨ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2107, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-15-03-48-58, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. ; ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ- ਪੋਥੀ ਤੀਜੀ ; ਗਵਾਹੁ ਸਚੀ ਬਾਣੀ–ਡਾ. ਰਘਬੀਰ ਸਿੰਘ; ਆਦਿ ਗ੍ਰੰਥ ਰਾਗ ਕੋਸ਼–ਡਾ. ਗੁਰਨਾਮ ਸਿੰਘ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.