ਮਿਰਜ਼ਾ ਸਾਹਿਬਾਂ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਮਿਰਜ਼ਾ ਸਾਹਿਬਾਂ : ਮਿਰਜ਼ਾ ਸਾਹਿਬਾਂ ਪੰਜਾਬ ਦੀ ਪ੍ਰਤਿਨਿਧ ਲੋਕ ਗਾਥਾ ਹੈ, ਜੋ ਸਦੀਆਂ ਤੋਂ ਪਰੰਪਰਾਗਤ ਰੂਪ ਵਿੱਚ ਪ੍ਰਚਲਿਤ ਪੀੜ੍ਹੀ-ਦਰ-ਪੀੜ੍ਹੀ ਅੱਗੇ ਚੱਲਦੀ ਆਈ ਹੈ। ਇਸ ਕਹਾਣੀ ਦਾ ਸਾਰ ਇਹ ਹੈ ਕਿ ਮਿਰਜ਼ਾ ਪਾਕਿਸਤਾਨੀ ਪੰਜਾਬ ਦੇ ਮਿੰਟਗੁਮਰੀ (ਸਾਹੀਵਾਲ) ਜ਼ਿਲ੍ਹੇ ਦੇ ਪਿੰਡ ਦਾਨਾਬਾਦ ਦੇ ਵਾਸੀ ਖਰਲ ਰਾਜਪੂਤ ਘਰਾਣੇ ਦੇ ਚੌਧਰੀ ਵੰਝਲ ਦਾ ਬੇਟਾ ਸੀ। ਛੋਟੇ ਹੁੰਦਿਆਂ ਹੀ ਝੰਗ ਸਿਆਲੀਂ ਆਪਣੇ ਨਾਨਕਿਆਂ ਪਾਸ ਗਿਆ। ਉੱਥੇ ਮਿਰਜ਼ੇ ਦੇ ਮਾਮੇ ਜਾਂ ਮਾਸੀ ਦੀ ਧੀ ਸਾਹਿਬਾਂ ਮਸੀਤ ਵਿੱਚ ਪੜ੍ਹਨ ਜਾਂਦੀ ਸੀ। ਮਿਰਜ਼ੇ ਨੂੰ ਵੀ ਉਸ ਦੇ ਨਾਲ ਪੜ੍ਹਨੇ ਪਾ ਦਿੱਤਾ। ਘਰ ਵਿੱਚ ਇਕੱਠੇ ਰਹਿਣਾ, ਮਸੀਤ ਵਿੱਚ ਇਕੱਠਿਆਂ ਪੜ੍ਹਨਾ ਅਤੇ ਉਮਰ ਦੇ ਵਾਧੇ ਨਾਲ ਉਹ ਇੱਕ-ਦੂਜੇ ਨੂੰ ਪਿਆਰ ਕਰਨ ਲੱਗ ਪਏ। ਇਸ਼ਕ ਤੇ ਮੁਸ਼ਕ ਕਦੀ ਛਿਪੇ ਨਹੀਂ ਰਹਿੰਦੇ। ਉਹਨਾਂ ਦੇ ਵਰਤਾਰੇ ਵਿੱਚ ਆਏ ਪਰਿਵਰਤਨ ਅਤੇ ਪਰਸਪਰ ਪਿਆਰ ਦੀ ਸੋਅ ਮਾਪਿਆਂ ਨੇ ਵੀ ਮਹਿਸੂਸ ਕੀਤੀ। ਮਿਰਜ਼ਾ ਆਪਣੇ ਘਰ ਵਾਪਸ ਪਰਤ ਗਿਆ।
ਮੁਸਲਮਾਨ ਭਾਈਚਾਰੇ ਵਿੱਚ ਆਮ ਤੌਰ ਤੇ ਭੈਣਾਂ- ਭਰਾਵਾਂ ਦੇ ਧੀਆਂ ਪੁੱਤਰਾਂ ਦੀ ਆਪਸ ਵਿੱਚ ਸ਼ਾਦੀ ਹੋ ਜਾਂਦੀ ਹੈ। ਪਰ ਮਿਰਜ਼ੇ ਅਤੇ ਸਾਹਿਬਾਂ ਦੀ ਹਾਲਤ ਵਿੱਚ ਅਜਿਹਾ ਨਾ ਹੋ ਸਕਿਆ। ਸਾਹਿਬਾਂ ਦੇ ਪਿਤਾ ਖੀਵੇ ਖ਼ਾਂ ਨੇ ਜਦ ਵੇਖਿਆ ਕਿ ਕੁੜੀ ਵਿਆਹੁਣਯੋਗ ਹੋ ਗਈ ਹੈ ਤਾਂ ਉਸ ਦਾ ਰਿਸ਼ਤਾ ਚੰਧੜ ਗੋਤ ਦੇ ਗੱਭਰੂ ਤਾਹਿਰ ਖ਼ਾਨ ਨਾਲ ਕਰ ਦਿੱਤਾ। ਵਿਆਹ ਦੀ ਤਾਰੀਖ਼ ਵੀ ਨਿਸ਼ਚਿਤ ਹੋ ਗਈ। ਪਰ ਸਾਹਿਬਾਂ ਨੂੰ ਇਹ ਸਭ ਕੁਝ ਮਨਜੂਰ ਨਹੀਂ ਸੀ। ਉਹ ਮਿਰਜ਼ੇ ਨੂੰ ਦਿਲੋਂ ਚਾਹੁੰਦੀ ਸੀ। ਉਸ ਨੇ ਮਿਰਜ਼ੇ ਨੂੰ ਸੁਨੇਹਾ ਭੇਜਿਆ ਕਿ ਉਹ ਜਲਦੀ ਹੀ ਪਰਾਈ ਹੋ ਜਾਏਗੀ, ਇਸ ਲਈ ਉਹ ਕੋਈ ਤਰਕੀਬ ਬਣਾਏ।
ਮਿਰਜ਼ੇ ਨੇ ਆਓ ਦੇਖਿਆ ਨਾ ਤਾਓ, ਉਸ ਨੇ ਆਪਣੀ ਘੋੜੀ (ਬੱਕੀ) ਨੂੰ ਤਿਆਰ ਕੀਤਾ ਅਤੇ ਮਾਂ-ਪਿਓ ਦੇ ਰੋਕਣ ਦੇ ਬਾਵਜੂਦ ਵੀ ਉਹ ਬੱਕੀ ਤੇ ਸਵਾਰ ਹੋ ਕੇ ਸਿਆਲੀਂ ਪੁੱਜ ਗਿਆ। ਉਸ ਸਮੇਂ ਤੱਕ ਵਿਆਹ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸਨ ਅਤੇ ਚੰਧੜ ਬਰਾਤ ਲੈ ਕੇ ਪੁੱਜ ਚੁੱਕੇ ਸਨ। ਮਿਰਜ਼ੇ ਅਤੇ ਸਾਹਿਬਾਂ ਦੇ ਪਰਸਪਰ ਪਿਆਰ ਦੀ ਰਾਜ਼ਦਾਨ ਬੀਬੋ ਰਾਹੀਂ ਮਿਰਜ਼ਾ ਸਾਹਿਬਾਂ ਨੂੰ ਬੁਲਾ ਕੇ ਮਿਲਦਾ ਹੈ। ਸਾਹਿਬਾਂ ਜੋ ਪਹਿਲਾਂ ਹੀ ਉਸ ਦੀ ਉਡੀਕ ਵਿੱਚ ਸੀ, ਘਰਦਿਆਂ ਤੋਂ ਚੋਰੀ ਮਿਰਜ਼ੇ ਨੂੰ ਮਿਲਦੀ ਹੈ। ਹੋਰ ਕੋਈ ਚਾਰਾ ਨਾ ਵੇਖ ਕੇ ਮਿਰਜ਼ਾ, ਸਾਹਿਬਾਂ ਨੂੰ ਬੱਕੀ ਤੇ ਬਿਠਾ ਕੇ ਉਧਾਲ ਕੇ ਲੈ ਜਾਂਦਾ ਹੈ। ਸਿਆਲਾਂ ਦੀ ਜੂਹ ਤੋਂ ਕਾਫ਼ੀ ਦੂਰ ਜਾ ਕੇ ਕੁਝ ਜਿੱਤ ਦਾ ਨਸ਼ਾ ਤੇ ਕੁਝ ਥਕੇਵੇਂ ਦਾ ਮਾਰਿਆ ਮਿਰਜ਼ਾ ਇੱਕ ਜੰਡ ਨਾਲ ਬੱਕੀ ਨੂੰ ਬੰਨ੍ਹ ਕੇ ਕੁਝ ਚਿਰ ਅਰਾਮ ਕਰਨ ਲਈ ਰੁਕ ਜਾਂਦਾ ਹੈ। ਥੱਕੇ ਹੋਣ ਕਾਰਨ ਉਸ ਦੀ ਅੱਖ ਲੱਗ ਜਾਂਦੀ ਹੈ। ਏਨੇ ਨੂੰ ਸਾਹਿਬਾਂ ਵੇਖਦੀ ਹੈ ਕਿ ਧੂੜ ਉੱਡ ਰਹੀ ਹੈ ਅਤੇ ਉਸ ਦੇ ਭਰਾ ਵਾਹਰ ਨਾਲ ਉਹਨਾਂ ਵੱਲ ਆ ਰਹੇ ਹਨ। ਇਹ ਸੋਚ ਕੇ ਕਿ ਕੋਈ ਭਾਣਾ ਨਾ ਵਰਤ ਜਾਏ। ਸਾਹਿਬਾਂ ਮਿਰਜ਼ੇ ਦਾ ਤਰਕਸ਼ ਜੰਡ ਉਪਰ ਟੰਗ ਦਿੰਦੀ ਹੈ ਅਤੇ ਕਾਨੀਆਂ ਤੋੜ ਦਿੰਦੀ ਹੈ। ਉਸ ਨੂੰ ਡਰ ਹੈ ਕਿ ਮਿਰਜ਼ਾ ਮਤਾਂ ਉਸ ਦੇ ਭਰਾਵਾਂ ਨੂੰ ਮਾਰ ਦੇਵੇ। ਆਖ਼ਰ ਵਾਹਰ ਪੁੱਜ ਗਈ ਅਤੇ ਨਿਹੱਥਾ ਮਿਰਜ਼ਾ ਵਾਹਰ ਦੇ ਘੇਰੇ ਵਿੱਚ ਆ ਕੇ ਮਾਰਿਆ ਗਿਆ। ਇਹ ਸਿਆਲਾਂ ਦੀ ਅਣਖ ਦਾ ਵੀ ਸਵਾਲ ਸੀ। ਉਹਨਾਂ ਨੇ ਸਾਹਿਬਾਂ ਨੂੰ ਵੀ ਜੰਡ ਨਾਲ ਲਟਕਾ ਕੇ ਫਾਹੇ ਲਾ ਦਿੱਤਾ।
ਜਿਵੇਂ ਹੀ ਮਿਰਜ਼ੇ ਦੀ ਮੌਤ ਦੀ ਖ਼ਬਰ ਮਿਰਜ਼ੇ ਦੇ ਪਰਿਵਾਰ ਤੱਕ ਪੁੱਜੀ ਤਾਂ ਉਸ ਦੇ ਭਰਾ ਨੇ ਖਰਲ ਕਬੀਲੇ ਦੇ ਲੋਕਾਂ ਨੂੰ ਲੈ ਕੇ, ਹਥਿਆਰਾਂ ਨਾਲ ਲੈਸ ਹੋ ਕੇ ਸਿਆਲਾਂ ਤੇ ਚੰਧੜਾਂ ਉਪਰ ਚੜ੍ਹਾਈ ਕਰ ਦਿੱਤੀ। ਇਸ ਮੁਕਾਬਲੇ ਵਿੱਚ ਕਾਫ਼ੀ ਜਾਨੀ ਨੁਕਸਾਨ ਵੀ ਹੋਇਆ। ਉਹਨਾਂ ਨੇ ਘਟਨਾ ਸਥਾਨ ਤੋਂ ਮਿਰਜ਼ੇ ਅਤੇ ਸਾਹਿਬਾਂ ਦੀਆਂ ਲਾਸ਼ਾਂ ਲਈਆਂ ਅਤੇ ਦਾਨਾਬਾਦ ਲਿਆ ਕੇ ਦੋਨੋਂ ਇਕੱਠਿਆਂ ਹੀ ਦਬਾ ਦਿੱਤੀਆਂ। ਇਸ ਤਰ੍ਹਾਂ ਖਰਲਾਂ ਅਤੇ ਸਿਆਲਾਂ ਦੀ ਰਿਸ਼ਤੇਦਾਰੀ ਵੈਰ-ਵਿਰੋਧ ਵਿੱਚ ਬਦਲ ਗਈ।
ਪੰਜਾਬ ਦੀਆਂ ਪ੍ਰੀਤ ਕਹਾਣੀਆਂ ਵਿੱਚੋਂ ਮਿਰਜ਼ਾ- ਸਾਹਿਬਾਂ ਦੀ ਲੋਕ-ਗਾਥਾ ਸਭ ਤੋਂ ਪੁਰਾਣੀ ਹੈ। ਇਸ ਨੂੰ ਲਿਖਣ ਵਾਲਾ ਸਭ ਤੋਂ ਪਹਿਲਾ ਕਵੀ ਪੀਲੂ ਹੈ। ਭਾਵੇਂ ਉਸ ਦੁਆਰਾ ਲਿਖਿਆ ਗਿਆ ਪ੍ਰਮਾਣਿਕ ਹੱਥ-ਲਿਖਤ ਖਰੜਾ ਤਾਂ ਮਿਲਿਆ ਨਹੀਂ, ਪਰੰਤੂ ਰਿਚਰਡ ਟੈਂਪਲ ਨੇ ਲੋਕ ਗਾਇਕਾਂ ਜਾਂ ਗਵੱਈਆਂ ਪਾਸੋਂ ਸੁਣ ਕੇ ਦੀ ਲਿਜੈਂਡਸ ਆਫ਼ ਦਾ ਪੰਜਾਬ (ਭਾਗ ਤੀਜਾ) ਰੋਮਨ ਅੱਖਰਾਂ ਵਿੱਚ ਛਾਪ ਦਿੱਤਾ। ਪਿੱਛੋਂ ਇਹ ਪੁਸਤਕ ਭਾਸ਼ਾ ਵਿਭਾਗ, ਪੰਜਾਬ ਵੱਲੋਂ ਲਿਪੀ ਅੰਤਰ ਕਰਵਾ ਕੇ ਗੁਰਮੁਖੀ ਲਿਪੀ ਵਿੱਚ ਵੀ ਪ੍ਰਕਾਸ਼ਿਤ ਕੀਤੀ ਗਈ। ਪਿਆਰਾ ਸਿੰਘ ਪਦਮ ਨੇ ਮਿਰਜ਼ੇ ਦੀਆਂ ਸੱਦਾਂ ਨਾਂ ਦੀ ਪੁਸਤਕ ਵਿੱਚ ਇੱਕ ਹੱਥ-ਲਿਖਤ ਖਰੜੇ ਦਾ ਉਤਾਰਾ ਵੀ ਸ਼ਾਮਲ ਕੀਤਾ ਹੈ।
ਪੀਲੂ ਨੇ ਲੋਕ ਕਹਾਣੀ ਨੂੰ ਆਧਾਰ ਬਣਾ ਕੇ ਮਿਰਜ਼ਾ ਸਾਹਿਬਾਂ ਦਾ ਕਿੱਸਾ ਸੱਦ ਕਾਵਿ-ਰੂਪ ਵਿੱਚ ਲਿਖਿਆ ਹੈ। ਸੱਦ ਪੰਜਾਬੀ ਦਾ ਅਜਿਹਾ ਲੋਕ-ਕਾਵਿ ਰੂਪ ਹੈ, ਜਿਸ ਦਾ ਗਾਇਨ ਲੰਮੀ ਹੇਕ ਨਾਲ ਕੀਤਾ ਜਾਂਦਾ ਹੈ। ਇਹ ਕਿੱਸਾ ਏਨਾ ਹਰਮਨਪਿਆਰਾ ਹੋਇਆ ਹੈ ਕਿ ਇਸ ਨੂੰ ਲੋਕ-ਗਾਥਾ ਹੀ ਸਮਝਿਆ ਜਾਂਦਾ ਹੈ। ਇਸ ਨੂੰ ਗਾਉਣ ਵਾਲਾ ਇੱਕ ਕੰਨ ਉਪਰ ਹੱਥ ਰੱਖ ਕੇ, ਦੂਜੀ ਬਾਂਹ ਨੂੰ ਫੈਲਾ ਕੇ ਲੰਮੀ ਸੁਰ ਨਾਲ ਗਾਉਂਦਾ ਹੈ। ਅੰਮ੍ਰਿਤਾ ਪ੍ਰੀਤਮ ਦੀ ਮਸ਼ਹੂਰ ਕਵਿਤਾ ‘ਅੱਜ ਆਖਾਂ ਵਾਰਿਸ ਸ਼ਾਹ ਨੂੰ` ਵੀ ਇਸੇ ਤਰਜ਼ ਤੇ ਲਿਖੀ ਗਈ ਹੈ। ਇਸ ਤਰ੍ਹਾਂ ਪੀਲੂ ਰਚਿਤ ਮਿਰਜ਼ਾ ਸਾਹਿਬਾਂ ਦੀ ਪ੍ਰੇਮ ਗਾਥਾ ਨੂੰ ਅਜਿਹੀ ਖ਼ੂਬਸੂਰਤੀ ਨਾਲ ਬਿਆਨ ਕੀਤਾ ਗਿਆ ਹੈ। ਘਟਨਾ ਦਾ ਇਕਹਿਰਾਪਨ, ਬੋਲੀ ਦੀ ਸਾਦਗੀ, ਨਾਟਕੀ ਕਾਰਜਾਂ ਦੀ ਭਰਮਾਰ ਅਤੇ ਸੰਗੀਤਿਕ ਲੈਅ ਨੇ ਇਸ ਗਾਥਾ ਨੂੰ ਅਮਰ ਬਣਾ ਦਿੱਤਾ ਹੈ। ਇਸ਼ਕ ਦੀ ਦਾਸਤਾਨ ਯੁੱਧ ਦਾ ਰੂਪ ਧਾਰਨ ਕਰ ਜਾਂਦੀ ਹੈ। ਇਸ਼ਕ, ਉਧਾਲਾ, ਲੜਾਈ ਅਤੇ ਪ੍ਰੇਮੀਆਂ ਦੀ ਮੌਤ ਤੋਂ ਸ਼ਿੰਗਾਰ-ਰਸ, ਬੀਰ-ਰਸ ਅਤੇ ਕਰੁਣਾ-ਰਸ ਪ੍ਰਗਟ ਹੁੰਦੇ ਹਨ। ਇੱਕ ਪਾਸੇ ਮਨਮਰਜ਼ੀ ਦੀ ਸ਼ਾਦੀ ਵਿਰੁੱਧ ਸਾਹਿਬਾਂ ਦੇ ਮਾਪਿਆਂ ਦੀ ਅਣਖ ਹੈ, ਦੂਜੇ ਪਾਸੇ ਸਾਹਿਬਾਂ ਦੀ ਦੋਚਿੱਤੀ, ਬੀਰਤਾ ਅਤੇ ਕੁਰਬਾਨੀ ਹੈ। ਮਿਰਜ਼ੇ ਦੀ ਵਾਹਰ ਨਾਲ ਟੱਕਰ ਅਤੇ ਬਿਨਾਂ ਹਥਿਆਰਾਂ ਮਾਰੇ ਜਾਣਾ ਪਾਠਕਾਂ ਦੇ ਮਨਾਂ ਵਿੱਚ ਹਮਦਰਦੀ ਪੈਦਾ ਕਰਦੇ ਹਨ। ਮਿਰਜ਼ਾ ਇੱਕ ਬਹਾਦਰ ਯੋਧਾ ਅਤੇ ਪਿਆਰ ਦੀ ਖ਼ਾਤਰ ਮਰ ਮਿਟਣ ਵਾਲਾ ਨਾਇਕ ਨਜ਼ਰ ਆਉਂਦਾ ਹੈ।
ਪੀਲੂ ਤੋਂ ਪਿੱਛੋਂ ਲਗਪਗ ਇੱਕ ਦਰਜਨ ਕਵੀਆਂ ਨੇ ਮਿਰਜ਼ਾਂ ਸਾਹਿਬਾਂ ਦਾ ਕਿੱਸਾ ਲਿਖਿਆ ਹੈ, ਜਿਨ੍ਹਾਂ ਵਿੱਚੋਂ ਹਾਫ਼ਿਜ਼ ਬਰਖੁਰਦਾਰ, ਮੁਹੰਮਦ ਬਖ਼ਸ਼, ਮੀਰਾਂ ਸ਼ਾਹ ਜਾਲੰਧਰੀ, ਭਗਵਾਨ ਸਿੰਘ, ਦਯਾ ਸਿੰਘ ਅਤੇ ਮੁਹੰਮਦ ਬੂਟਾ ਗੁਜਰਾਤੀ ਦੇ ਨਾਂ ਖ਼ਾਸ ਵਰਣਨ ਯੋਗ ਹਨ। ਕੁਝ ਇੱਕ ਨੇ ਕਿੱਸੇ ਦੇ ਅੰਤ ਵਿੱਚ ਰੂਹਾਨੀ ਰੰਗਤ ਦੇਣ ਦੀ ਕੋਸ਼ਿਸ਼ ਵੀ ਕੀਤੀ ਹੈ। ਪਰ, ਪੀਲੂ ਤੱਕ ਕੋਈ ਨਹੀਂ ਪੁੱਜ ਸਕਿਆ। ਉਦਾਹਰਨ ਵਜੋਂ ਸਾਹਿਬਾਂ ਦੇ ਹੁਸਨ ਦੀ ਪ੍ਰਸੰਸਾ ਇਸ ਤਰ੍ਹਾਂ ਕੀਤੀ ਗਈ ਹੈ :
ਸਾਹਿਬਾਂ ਗਈ ਤੇਲ ਨੂੰ ਗਈ ਪਸਾਰੀ ਦੀ ਹੱਟ
ਫੜ ਨਾ ਜਾਵੇ ਤਕੜੀ ਹਾੜ ਨਾ ਜਾਣੇ ਵੱਟ
ਤੇਲ ਤੁਲਾਵੇ ਭੁੱਲਾ ਬਾਣੀਆਂ ਦਿੱਤਾ ਸ਼ਹਿਦ ਉਲੱਟ
ਵਣਜ ਗਵਾ ਲਿਆ ਬਾਣੀਏ, ਬਲਦ ਗਵਾ ਲਏ ਜੱਟ
ਤਿੰਨ ਸੌ ਨਾਂਗਾ ਫਿਰ ਰਿਹਾ ਹੋ ਗਏ ਚੌੜ ਚਪੱਟ
ਮਿਰਜ਼ਾ ਸਾਹਿਬਾਂ ਦੀ ਦੋਸਤੀ ਰਹੂ ਵਿੱਚ ਜਗਤ।
ਲੇਖਕ : ਕਰਨੈਲ ਸਿੰਘ ਥਿੰਦ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 9641, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First