ਮਿਸਲਾਂ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਮਿਸਲਾਂ: ਇਸ ਤੋਂ ਭਾਵ ਹੈ ਸਿੱਖਾਂ ਦੀਆਂ ਉਹ ਜੱਥੇਬੰਦੀਆਂ ਜੋ ‘ਦਲ ਖ਼ਾਲਸਾ ’ (ਵੇਖੋ) ਦੀ ਸਥਾਪਨਾ ਤੋਂ ਬਾਦ ਹੋਂਦ ਵਿਚ ਆਈਆਂ। ‘ਮਿਸਲ ’ ਸ਼ਬਦ ਦੇ ਵਿਦਵਾਨਾਂ ਨੇ ਕਈ ਅਰਥ ਕੀਤੇ ਹਨ। ਪਰ ਇਸ ਦੇ ਮੁੱਖ ਤੌਰ ’ਤੇ ਦੋ ਅਰਥ ਰਹੇ ਹਨ। ਇਕ ਇਹ ਕਿ ਮਿਸਲ ਅਰਬੀ/ਫ਼ਾਰਸੀ ਦਾ ਹੈ ਅਤੇ ਇਸ ਦਾ ਅਰਥ ਹੈ—ਫ਼ਾਈਲ ਜਾਂ ਖੁਲ੍ਹੇ ਕਾਗ਼ਜ਼ਾਂ ਦਾ ਸਮੁੱਚ, ਕਿਉਂਕਿ ਹਰ ਇਕ ਜੱਥੇ ਦੀ ਕਾਰਗੁਜ਼ਾਰੀ ਦਾ ਵੇਰਵਾ ਅਕਾਲ ਤਖ਼ਤ ਉਤੇ ਰਖਿਆ ਜਾਂਦਾ ਸੀ , ਜਿਸ ਨੂੰ ਸ. ਜੱਸਾ ਸਿੰਘ ਸਮੇਂ ਸਮੇਂ ਵਾਚਦਾ ਸੀ। ਇਸ ਦਾ ਦੂਜਾ ਅਰਥ ਹੈ ਜੱਥਾ , ਟੋਲਾ ਜਾਂ ਸੈਨਿਕ ਟੁਕੜੀ। ਕਵੀ ਸੈਨਾਪਤੀ ਨੇ ‘ਸ੍ਰੀ ਗੁਰ ਸੋਭਾ ’ ਵਿਚ ਇਸ ਦੀ ਇਸੇ ਅਰਥ ਵਿਚ ਵਰਤੋਂ ਕੀਤੀ ਹੈ। ਇਹ ਸ਼ਬਦ ਸਿੱਖ ਇਤਿਹਾਸ ਅਤੇ ਸਾਹਿਤ ਵਿਚ 18ਵੀਂ ਸਦੀ ਤੋਂ ਉਨ੍ਹਾਂ ਸਿੱਖ-ਦਸਤਿਆਂ ਲਈ ਵਰਤਿਆ ਜਾਣ ਲਗਿਆ, ਜਿਨ੍ਹਾਂ ਨੇ ਆਪਣੀ ਸ਼ਕਤੀ ਨਾਲ ਇਲਾਕਿਆਂ ਨੂੰ ਜਿਤ ਕੇ ਰਿਆਸਤਾਂ ਬਣਾ ਲਈਆਂ ਸਨ ।
ਬਾਬਾ ਬੰਦਾ ਬਹਾਦਰ ਦੀ ਸ਼ਹੀਦੀ ਤੋਂ ਬਾਦ ਮੁਗ਼ਲ ਸਰਕਾਰ ਦੇ ਤਸ਼ੱਦਦ ਕਾਰਣ ਸਿੱਖ ਪਹਾੜਾਂ , ਛੰਭਾਂ ਅਤੇ ਰੇਗਿਸਤਾਨਾਂ ਵਿਚ ਲੁਕ ਛਿਪ ਕੇ ਸਮਾਂ ਕਟਣ ਲਗੇ। ਸੰਨ 1734 ਈ. ਵਿਚ ਨਵਾਬ ਕਪੂਰ ਸਿੰਘ ਨੇ ਸਿੱਖਾਂ ਨੂੰ ਦੋ ਪ੍ਰਮੁਖ ਦਲਾਂ—ਬੁੱਢਾ ਦਲ ਅਤੇ ਤਰੁਣਾ ਦਲ— ਵਿਚ ਵੰਡ ਦਿੱਤਾ। ਤਰੁਣਾ ਦਲ ਵਿਚ ਅਗੋਂ ਕਾਫ਼ੀ ਵਿਕਾਸ ਹੁੰਦਾ ਰਿਹਾ ਅਤੇ ਅਨੇਕ ਛੋਟੇ ਛੋਟੇ ਜੱਥੇ ਬਣਦੇ ਗਏ। ਅਹਿਮਦ ਸ਼ਾਹ ਦੁਰਾਨੀ ਦੇ ਸੰਨ 1748 ਈ. ਵਿਚ ਹੋਏ ਪਹਿਲੇ ਹਮਲੇ ਵੇਲੇ ਇਨ੍ਹਾਂ ਜੱਥਿਆਂ ਦੀ ਗਿਣਤੀ 65 ਤਕ ਪਹੁੰਚ ਗਈ। 29 ਮਾਰਚ 1748 ਈ. ਨੂੰ ਵਿਸਾਖੀ ਵਾਲੇ ਦਿਨ ਸਾਰੇ ਜੱਥੇ ਦਰਬਾਰ ਸਾਹਿਬ ਅੰਮ੍ਰਿਤਸਰ ਇਕੱਠੇ ਹੋਏ। ਸਰਬੱਤ ਖ਼ਾਲਸੇ ਨੇ ਗੁਰਮਤੇ ਰਾਹੀਂ ਸ. ਜੱਸਾ ਸਿੰਘ ਆਹਲੂਵਾਲੀਆ ਦੀ ਸਰਦਾਰੀ ਅਧੀਨ ‘ਦਲ ਖ਼ਾਲਸਾ ’ ਦੀ ਸਥਾਪਨਾ ਕੀਤੀ। ਇਸ ਨੂੰ ਅਗੋਂ ਯਾਰ੍ਹਾਂ ਮਿਸਲਾਂ ਵਿਚ ਵੰਡਿਆ ਗਿਆ ਜਿਨ੍ਹਾਂ ਦੇ ਆਪਣੇ ਹੀ ਸਰਦਾਰ (ਮਿਸਲਦਾਰ) ਸਨ ਅਤੇ ਆਪਣੇ ਹੀ ਨਿਸ਼ਾਨ ਸਨ। ਇਨ੍ਹਾਂ ਯਾਰ੍ਹਾਂ ਮਿਸਲਾਂ ਅਤੇ ਇਨ੍ਹਾਂ ਦੇ ਸਰਦਾਰਾਂ ਦੇ ਨਾਂ ਇਸ ਪ੍ਰਕਾਰ ਹਨ—(1) ਸ. ਜੱਸਾ ਸਿੰਘ ਅਧੀਨ ਆਹਲੂਵਾਲੀਆ ਮਿਸਲ , (2) ਨਵਾਬ ਕਪੂਰ ਸਿੰਘ ਅਧੀਨ ਸਿੰਘਪੁਰੀਆਂ (ਨਾਮਾਂਤਰ ਫ਼ੈਜ਼ੁਲਪੁਰੀਆ) ਮਿਸਲ, (3) ਸ. ਕਰੋੜਾ ਸਿੰਘ ਅਧੀਨ ਕਰੋੜਸਿੰਘੀਆ ਮਿਸਲ (ਨਾਮਾਂਤਰ ਕਰੋੜੀਆ), (4) ਸ. ਦਸੌਂਧਾ ਸਿੰਘ ਅਧੀਨ ਨਿਸ਼ਾਨਾਂ ਵਾਲੀ ਮਿਸਲ , (5) ਬਾਬਾ ਦੀਪ ਸਿੰਘ ਅਧੀਨ ਸ਼ਹੀਦਾਂ ਵਾਲੀ ਮਿਸਲ , (6) ਸ. ਗੁਲਾਬ ਸਿੰਘ ਅਧੀਨ ਡੱਲੇਵਾਲੀਆ ਮਿਸਲ , (7) ਸ. ਚੜ੍ਹਤ ਸਿੰਘ ਅਧੀਨ ਸੁਕਰਚਕੀਆ ਮਿਸਲ , (8) ਸ. ਹਰੀ ਸਿੰਘ ਅਧੀਨ ਭੰਗੀ ਮਿਸਲ, (9) ਸ. ਜੈ ਸਿੰਘ ਅਧੀਨ ਕਨ੍ਹੀਆ ਮਿਸਲ , (10) ਸ. ਹੀਰਾ ਸਿੰਘ ਅਧੀਨ ਨਕੈਈ ਮਿਸਲ ਅਤੇ (11) ਸ. ਜੱਸਾ ਸਿੰਘ ਅਧੀਨ ਰਾਮਗੜ੍ਹੀਆ ਮਿਸਲ। ਫੁਲਕੀਆਂ ਨਾਂ ਦੀ ਇਕ ਹੋਰ ਮਿਸਲ ਬਾਬਾ ਆਲਾ ਸਿੰਘ ਅਧੀਨ ਸੀ ਅਤੇ ਉਹ ਦਲ ਖ਼ਾਲਸਾ ਦੀ ਕਮਾਨ ਹੇਠ ਨਹੀਂ ਸੀ। ਹਰ ਇਕ ਮਿਸਲ ਬਾਰੇ ਸੁਤੰਤਰ ਇੰਦਰਾਜ ਵੇਖੋ।
ਇਨ੍ਹਾਂ ਮਿਸਲਾਂ ਵਿਚ ਹਰ ਅੰਮ੍ਰਿਤਧਾਰੀ ਸਿੱਖ ਬਿਨਾ ਕਿਸੇ ਜਾਤਿ ਭੇਦ-ਭਾਵ ਦੇ ਸ਼ਾਮਲ ਹੋ ਸਕਦਾ ਸੀ, ਸ਼ਰਤ ਇਹ ਸੀ ਕਿ ਉਹ ਚੰਗਾ ਘੋੜਸਵਾਰ ਹੋਵੇ ਅਤੇ ਸ਼ਸਤ੍ਰ ਚਲਾਉਣ ਵਿਚ ਨਿਪੁਣ ਹੋਵੇ। ਇਹ ਅਸਲੋਂ ਘੋੜਸਵਾਰਾਂ ਦੇ ਦਸਤੇ ਸਨ। ਇਕ ਮਿਸਲ ਦਾ ਮੈਂਬਰ ਦੂਜੀ ਮਿਸਲ ਵਿਚ ਸ਼ਾਮਲ ਹੋ ਸਕਦਾ ਸੀ। ਹਰ ਯੋਧੇ ਪਾਸ ਆਪਣਾ ਘੋੜਾ , ਬੰਦੂਕ, ਸ਼ਸਤ੍ਰ, ਦੋ ਕੰਬਲ , ਬਾਰੂਦ ਦੇ ਥੈਲੇ ਅਤੇ ਹੋਰ ਜ਼ਰੂਰੀ ਚੀਜ਼ਾਂ ਮੌਜੂਦ ਹੁੰਦੀਆਂ ਸਨ। ਇਹ ਸਾਰੀਆਂ ਮਿਸਲਾਂ ਸਰਬੱਤ ਖ਼ਾਲਸੇ ਦੇ ਹੁਕਮ ਅਧੀਨ ਸਨ ਜਿਸ ਦੀ ਵਿਸਾਖੀ ਅਤੇ ਦਿਵਾਲੀ ਉਤੇ ਅਕਾਲ ਤਖ਼ਤ ਉਤੇ ਇਕਤਰਤਾ ਹੁੰਦੀ ਸੀ। ਇਨ੍ਹਾਂ ਮਿਸਲਾਂ ਵਿਚ ਸੱਤਰ ਹਜ਼ਾਰ ਯੋਧੇ ਸ਼ਾਮਲ ਦਸੇ ਜਾਂਦੇ ਹਨ। ਕੁਝ ਇਤਿਹਾਸਕਾਰਾਂ ਨੇ ਇਹ ਗਿਣਤੀ ਦੋ ਲੱਖ ਤਕ ਮੰਨੀ ਹੈ। ਇਨ੍ਹਾਂ ਮਿਸਲਾਂ ਦੀ ਆਮਦਨ ਦਾ ਮੁਢਲਾ ਸਾਧਨ ਲੁਟ-ਮਾਰ ਹੀ ਸੀ। ਪਰ ਬਾਦ ਵਿਚ ‘ਰਾਖੀ ’ ਵਿਧੀ ਅਧੀਨ ਉਪਜ ਦਾ ਪੰਜਵਾਂ ਹਿੱਸਾ ਲਿਆ ਜਾਣ ਲਗਿਆ। ਜਦੋਂ ਮਿਸਲਾਂ ਦੇ ਸਰਦਾਰ ਆਪਣੇ ਆਪਣੇ ਇਲਾਕਿਆਂ ਨੂੰ ਰਿਆਸਤਾਂ ਦਾ ਰੂਪ ਦੇਣ ਲਗ ਗਏ, ਤਾਂ ‘ਬਟਾਈ ’ ਵਿਧੀ ਲਾਗੂ ਕਰ ਦਿੱਤੀ ਗਈ। ਵਪਾਰੀਆਂ ਨੂੰ ਵਿਸ਼ੇਸ਼ ਰੂਪ ਵਿਚ ਸੁਰਖਿਆ ਪ੍ਰਦਾਨ ਕੀਤੀ ਗਈ।
ਮਿਸਲਦਾਰਾਂ ਨੇ ਪਿੰਡਾਂ ਵਿਚ ਪੰਚਾਇਤੀ ਰਾਜ ਲਾਗੂ ਕੀਤਾ ਹੋਇਆ ਸੀ ਜਿਸ ਵਿਚ ਪਿੰਡ ਦੇ ਮੁਖੀ , ਪਟਵਾਰੀ ਅਤੇ ਚੌਕੀਦਾਰ ਦਾ ਵਿਸ਼ੇਸ਼ ਮਹੱਤਵ ਅਤੇ ਸਥਾਨ ਸੀ। ਪੰਚਾਇਤੀ ਫ਼ੈਸਲਿਆਂ ਅਨੁਸਾਰ ‘ਚੱਟੀ ’ (ਜੁਰਮਾਨਾ) ਵਸੂਲਿਆ ਜਾਂਦਾ ਸੀ। ਪੰਚਾਇਤ ਦੇ ਅਨੁਸ਼ਾਸਨ ਵਿਰੁੱਧ ਕਾਰਜ ਕਰਨ ਵਾਲਿਆਂ ਨੂੰ ਛੇਕਿਆ ਜਾਂਦਾ ਸੀ। ਸਾਰੀਆਂ ਪੰਚਾਇਤਾਂ ਉਤੇ ਮਿਸਲਦਾਰ ਦੀ ਅਦਾਲਤ ਹੁੰਦੀ ਸੀ ਜੋ ਸਮਾਜਿਕ ਅਤੇ ਧਾਰਿਮਕ ਰਸਮਾਂ ਰਿਵਾਜਾਂ ਅਤੇ ਰਵਾਇਤਾਂ ਅਨੁਸਾਰ ਨਿਆਂ ਕਰਦਾ ਸੀ। ਸਿੱਖ ਰਾਜ ਦੀ ਸਥਾਪਨਾ ਤਕ ਇਨ੍ਹਾਂ ਮਿਸਲਾਂ ਦਾ ਦਬਦਬਾ ਸਾਰੇ ਪੰਜਾਬ ਉਤੇ ਛਾਇਆ ਰਿਹਾ।
ਸਮਾਂ ਬੀਤਣ ਨਾਲ ਇਨ੍ਹਾਂ ਮਿਸਲਾਂ ਵਿਚ ਸਾਮੰਤੀ ਬਿਰਤੀਆਂ ਨੇ ਸਿਰ ਚੁਕਣਾ ਸ਼ੁਰੂ ਕਰ ਦਿੱਤਾ। ਫਲਸਰੂਪ ਕਈ ਪ੍ਰਕਾਰ ਦੀਆਂ ਮਾਨਸਿਕ ਅਤੇ ਸ਼ਰੀਰਿਕ ਕਮਜ਼ੋਰੀਆਂ ਪੈਦਾ ਹੋਣ ਲਗ ਗਈਆਂ। ਸਭ ਤੋਂ ਵੱਡੀ ਕਮਜ਼ੋਰੀ ਕੌਮੀ ਏਕਤਾ ਦਾ ਅਭਾਵ ਸੀ। ਇਸ ਪਿਛੇ ਪਰੰਪਰਾਗਤ ਰਾਜਪੂਤੀ ਹੈਕੜ ਕੰਮ ਕਰ ਰਹੀ ਸੀ। ਇਕ ਮਿਸਲ ਦੂਜੀ ਮਿਸਲ ਦੀ ਵੈਰਨ ਸੀ। ਇਕ ਦੂਜੇ ਦੇ ਇਲਾਕੇ ਹਥਿਆਉਣ ਵਿਚ ਸ਼ਕਤੀ ਨਸ਼ਟ ਹੋ ਰਹੀ ਸੀ। ਹੌਲੀ ਹੌਲੀ ਇਨ੍ਹਾਂ ਮਿਸਲਾਂ ਦੇ ਸਰਦਾਰਾਂ ਵਿਚ ਜਾਗੀਰਦਾਰੀ ਰੁਚੀਆਂ ਘਰ ਕਰਨ ਲਗ ਗਈਆਂ। ਇਨ੍ਹਾਂ ਮਿਸਲਾਂ ਵਿਚੋਂ ਹੀ ਸ਼ਕਤੀਵਰ ਮਿਸਲ (ਸੁਕਰਚਕੀਆ) ਨੇ ਲਾਹੌਰ ਉਤੇ ਕਬਜ਼ਾ ਕੀਤਾ ਅਤੇ ਸਹਿਜੇ ਸਹਿਜੇ ਹੋਰਨਾਂ ਮਿਸਲਾਂ ਨਾਲ ਰਿਸ਼ਤੇ ਕਾਇਮ ਕਰਕੇ ਜਾਂ ਯੁੱਧ ਵਿਚ ਭਾਂਝ ਦੇ ਕੇ ਉਨ੍ਹਾਂ ਦੀ ਹੋਂਦ ਨੂੰ ਖ਼ਤਮ ਕੀਤਾ। ਸਤਲੁਜ ਪਾਰ ਦੀਆਂ ਰਿਆਸਤਾਂ ਨੂੰ ਲਾਹੌਰ ਦਰਬਾਰ ਅਧੀਨ ਕਰਨ ਵਿਚ ਮਹਾਰਾਜਾ ਸਫਲ ਨ ਹੋ ਸਕਿਆ, ਕਿਉਂਕਿ ਉਨ੍ਹਾਂ ਨੇ ਅਗ੍ਰੇਜ਼ ਸਰਕਾਰ ਦੀ ਸਰਪ੍ਰਸਤੀ ਲੈ ਲਈ ਅਤੇ 25 ਅਪ੍ਰੈਲ 1809 ਈ. ਨੂੰ ਮਹਾਰਾਜੇ ਨੂੰ ਅੰਗ੍ਰੇਜ਼ਾਂ ਨਾਲ ਸੰਧੀ ਕਰਨੀ ਪਈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7697, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First