ਮੀਣਾ ਸੰਪ੍ਰਦਾਇ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮੀਣਾ ਸੰਪ੍ਰਦਾਇ: ‘ਮੀਣਾ ’ ਦਾ ਸ਼ਾਬਦਿਕ ਅਰਥ ਹੈ ਮੀਸਣਾ , ਮਿੰਨ੍ਹਾ , ਕਪਟੀ ਆਦਿ। ਇਸ ਤਰ੍ਹਾਂ ਇਹ ਸ਼ਬਦ ਹੀਣਤਾ ਬੋਧਕ ਹੈ। ਰਾਜਸਥਾਨ ਦੀ ਇਕ ਜਰਾਇਮ-ਪੇਸ਼ਾ ਜਾਤਿ ਨੂੰ ਉਨ੍ਹਾਂ ਦੇ ਕਰਮਾਚਾਰ ਕਰਕੇ ‘ਮੀਣਾ’ ਕਿਹਾ ਜਾਂਦਾ ਹੈ।

ਗੁਰੂ ਰਾਮਦਾਸ ਜੀ ਦੇ ਵੱਡੇ ਪੁੱਤਰ ਪ੍ਰਿਥੀਚੰਦ ਨੂੰ ਗੁਰੂ-ਗੱਦੀ ਨ ਮਿਲਣ ਕਾਰਣ ਉਸ ਨੇ ਗੁਰੂ-ਘਰ ਦਾ ਵਿਰੋਧ ਸ਼ੁਰੂ ਕਰ ਦਿੱਤਾ। ਉਸ ਨੂੰ ਇਤਨਾ ਧਰਵਾਸ ਜ਼ਰੂਰੀ ਸੀ ਕਿ ਗੁਰੂ ਅਰਜਨ ਦੇਵ ਜੀ ਦੀ ਕੋਈ ਸੰਤਾਨ ਨਹੀਂ ਹੈ ਅਤੇ ਉਸ ਦੇ ਬੇਟੇ ਮਨੋਹਰ ਦਾਸ ਨੂੰ ਗੁਰੂ ਅਰਜਨ ਦੇਵ ਜੀ ਆਪਣੇ ਨਿਕਟ ਰਖ ਕੇ ਧਰਮ-ਸਾਧਨਾ ਵਿਚ ਨਿਪੁਣ ਕਰ ਰਹੇ ਹਨ, ਇਸ ਲਈ ਗੁਰੂ ਅਰਜਨ ਦੇਵ ਜੀ ਤੋਂ ਬਾਦ ਉਹ ਗੁਰੂ-ਗੱਦੀ ਉਪਰ ਆਸੀਨ ਹੋਵੇਗਾ। ਪਰ ਗੁਰੂ ਹਰਿਗੋਬਿੰਦ ਜੀ ਦੇ ਜਨਮ ਲੈਣ ’ਤੇ ਸਥਿਤੀ ਬਦਲ ਗਈ। ਪ੍ਰਿਥੀ ਚੰਦ ਨੂੰ ਗੁਰੂ ਗੱਦੀ ਮਿਲਣ ਦੀ ਕੋਈ ਆਸ ਨ ਰਹੀ। ਫਲਸਰੂਪ ਵਿਰੋਧ ਤੀਬਰ ਹੋ ਗਿਆ। ਮਨੋਹਰ ਦਾਸ ਵੀ ਆਪਣੇ ਪਿਤਾ ਦੇ ਧੜੇ ਨਾਲ ਜਾ ਰਲਿਆ। ਉਨ੍ਹਾਂ ਨੇ ਹੇਹਰ ਪਿੰਡ (ਜ਼ਿਲ੍ਹਾ ਲਾਹੌਰ) ਵਿਚ ਆਪਣੀ ਸਮਾਨਾਂਤਰ ਗੱਦੀ ਸਥਾਪਿਤ ਕਰ ਲਈ ਅਤੇ ਪ੍ਰਮਾਣਿਕ ਗੁਰੂ-ਗੱਦੀ ਪ੍ਰਤਿ ਨਿੱਤ ਕੋਈ ਨ ਕੋਈ ਬਖੇੜਾ ਖੜਾ ਕਰਦੇ ਰਹੇ। ਬਾਲਕ ਹਰਿਗੋਬਿੰਦ ਨੂੰ ਵੀ ਮਾਰਨ ਦੇ ਕਈ ਪ੍ਰਯਾਸ ਕੀਤੇ ਗਏ। ਰਿਸ਼ਤੇ ਵਿਚ ਮਾਮਾ ਲਗਦੇ ਭਾਈ ਗੁਰਦਾਸ ਪ੍ਰਿਥੀ ਚੰਦ ਨੂੰ ਵੈਰ-ਵਿਰੋਧ ਤਿਆਗਣ ਅਤੇ ਵਾਸਤਵਿਕਤਾ ਨੂੰ ਸਮਝਾਉਣ ਲਈ ਹੇਹਰ ਗਏ। ਪ੍ਰਿਥੀ ਚੰਦ ਨੇ ਭਾਈ ਗੁਰਦਾਸ ਜੀ ਦੀ ਕੋਈ ਗੱਲਮੰਨੀ , ਸਗੋਂ ਉਨ੍ਹਾਂ ਦਾ ਅਪਮਾਨ ਕੀਤਾ। ਇਸ ਵਿਵਹਾਰ ਤੋਂ ਨਾਖੁਸ਼ ਹੋ ਕੇ ਭਾਈ ਸਾਹਿਬ ਨੇ ਪ੍ਰਿਥੀ ਚੰਦ ਨੂੰ ‘ਮੀਣਾ’ ਸ਼ਬਦ ਨਾਲ ਵਿਸ਼ਿਸ਼ਟ ਕੀਤਾ। ਉਨ੍ਹਾਂ ਨੇ ਇਸ ਪਰਥਾਇ ਲਿਖੀ 36ਵੀਂ ਵਾਰ ਵਿਚ ਅੰਕਿਤ ਕੀਤਾ—ਸਤਿਗੁਰ ਸਚਾ ਪਾਤਿਸਾਹੁ ਮੁਹੁ ਕਾਲੇ ਮੀਣਾ; ਤਿਉ ਦਰਗਹਿ ਮੀਣਾ ਮਾਰੀਐ ਕਰਿ ਕੂੜੁ ਕੁਪਤਾ; ਖੋਟੀ ਸੰਗਤਿ ਮੀਣਿਆ ਦੁਖ ਦੇਂਦੀ ਮਿਤੈ; ਤਿਉ ਨਕਟ ਪੰਥੁ ਹੈ ਮੀਣਿਆ ਮਿਲਿ ਨਰਕ ਨਿਬਾਹੈ ਇਸ ਤੋਂ ਇਲਾਵਾ 26ਵੀਂ ਵਾਰ ਦੀ 33ਵੀਂ ਪਉੜੀ ਵਿਚ ਗੁਰੂ-ਬੰਸਾਵਲੀ ਚਿਤਰਦਿਆਂ ਪ੍ਰਿਥੀ ਚੰਦ ਨੂੰ ‘ਮੀਣਾ’ ਠਹਿਰਾਇਆ—ਬਾਲ ਜਤੀ ਹੈ ਸਿਰੀ ਚੰਦੁ ਬਾਬਾਣਾ ਦੇਹੁਰਾ ਬਣਾਇਆ ਲਖਮੀਦਾਸਹੁ ਧਰਮਚੰਦ ਪੋਤਾ ਹੁਇਕੈ ਆਪੁ ਗਣਾਇਆ ਮੰਜੀ ਦਾਸੁ ਬਹਾਲਿਆ ਦਾਤਾ ਸਿਧਾਸਣ ਸਿਖ ਆਇਆ ਮੋਹਣੁ ਕਮਲਾ ਹੋਇਆ ਚਉਬਾਰਾ ਮੋਹਰੀ ਮਨਾਇਆ ਮੀਣਾ ਹੋਆ ਪਿਰਥੀਆ ਕਰਿ ਕਰਿ ਟੇਢਕ ਬਰਲ ਚਲਾਇਆ ਮਹਾਦੇਉ ਅਹੰਮੇਉ ਕਰਿ ਕਰਿ ਬੇਮੁਖ ਕੁਤਾ ਭਉਕਾਇਆ ਚੰਦਨ ਵਾਸੁ ਵਾਸ ਬੋਹਾਇਆ

ਸਪੱਸ਼ਟ ਹੈ ਕਿ ਤਤਕਾਲੀਨ ਪ੍ਰਮੁਖ ਸਿੱਖ ਪ੍ਰਵਕਤਾ ਭਾਈ ਗੁਰਦਾਸ ਨੇ ਪ੍ਰਿਥੀਚੰਦ ਨੂੰ ‘ਮੀਣਾ’ ਘੋਸ਼ਿਤ ਕੀਤਾ। ਪ੍ਰਿਥੀਚੰਦ ਨੇ ਆਪਣੇ ਆਪ ਨੂੰ ਛੇਵਾਂ ਗੁਰੂ ਅਤੇ ਮਨੋਹਰ ਦਾਸ ਮਿਹਰਬਾਨ ਨੇ ਸੱਤਵਾਂ ਗੁਰੂ ਅਤੇ ਹਰਿਜੀ ਨੇ ਅੱਠਵਾਂ ਗੁਰੂ ਘੋਸ਼ਿਤ ਕੀਤਾ। ਇਸ ਤਰ੍ਹਾਂ ਇਨ੍ਹਾਂ ਦਾ ਇਕ ਵਖਰਾ ਸੰਪ੍ਰਦਾਇ ਚਲ ਪਿਆ, ਪਰ ਇਸ ਸੰਪ੍ਰਦਾਇ ਨਾਲ ਗੁਰ- ਸਿੱਖਾਂ ਦਾ ਵਰਤਣ-ਵਿਹਾਰ ਵਰਜਿਤ ਸੀ। ਹਰਿਜੀ ਦੇ ਦੇਹਾਂਤ ਸੰਨ 1696 ਈ. ਤਕ ਇਹ ਸੋਢੀ ਦਰਬਾਰ ਸਾਹਿਬ ਉਤੇ ਕਾਬਜ਼ ਰਹੇ। ਉਸ ਤੋਂ ਬਾਦ ਇਨ੍ਹਾਂ ਦੀ ਸੰਤਾਨ ਮਾਲਵੇ ਦੇ ਪਿੰਡਾਂ ਵਿਚ ਇਧਰ-ਉਧਰ ਖਿੰਡ ਗਈ। ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਤੋਂ ਭਾਈ ਮਨੀ ਸਿੰਘ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਵਿਵਸਥਾ ਕਰਨ ਲਈ ਭੇਜਿਆ। ਇਸ ਸੰਪ੍ਰਦਾਇ ਦੇ ਵਿਦਵਾਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਜਨਮਸਾਖੀ, ਗੋਸਟਾਂ ਮਿਹਰਬਾਨ ਜੀ ਕੀਆਂ, ਸੁਖਮਨੀ ਸਹੰਰਸਨਾਮ ਆਦਿ ਅਨੇਕ ਸਾਹਿਤ ਰਚਨਾਵਾਂ ਸਿਰਜੀਆਂ। ਵੇਖੋ ‘ਕੱਚੀ ਬਾਣੀ ’ ਅਤੇ ‘ਮਨੋਹਰਦਾਸ ਮਿਹਰਬਾਨ ’।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7218, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਮੀਣਾ ਸੰਪ੍ਰਦਾਇ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਮੀਣਾ ਸੰਪ੍ਰਦਾਇ : ਮੀਣਾ ਸੰਪ੍ਰਦਾਇ ਧੀਰ ਮੱਲੀਏ ਤੇ ਰਾਮ ਰਾਈਏ ਸੰਪ੍ਰਦਾਵਾਂ ਵਾਂਗ ਗੁਰੂ–ਘਰ ਦੀ ਵਿਰੋਧੀ ਸੰਪ੍ਰਦਾਇ ਹੈ। ਇਹ ਲੋਕ ਗੁਰੂ ਬੰਸ ਵਿਚੋਂ ਸੋਢੀ ਸਨ। ਇਨ੍ਹਾਂ ਦੀ ਈਰਖਾ ਤੇ ਝਗੜੇ ਦਾ ਕਾਰਣ ਇਨ੍ਹਾਂ ਦਾ ਗੁਰੂ ਨਾਨਕ ਦੀ ਗੱਦੀ ਉੱਤੇ ਕਬਜ਼ਾ ਕਰਨ ਦੀ ਮੰਦ ਭਾਵਨਾ ਸੀ। ਮੀਣਾ ਸੰਪ੍ਰਦਾਇ ਦਾ ਆਰੰਭ ਗੁਰੂ ਰਾਮਦਾਸ ਦੇ ਵੱਡੇ ਪੁੱਤਰ ਅਤੇ ਗੁਰੂ ਅਰਜਨ ਦੇਵ ਦੇ ਵੱਡੇ ਭਾਈ ਪ੍ਰਿਥੀ ਚੰਦ (1558–1618 ਈ.) ਤੋ ਹੋਇਆ। ਮੀਣਾ ਤੋਂ ਭਾਵ ਮਿਨ੍ਹਾ, ਮੀਸਣਾ, ਕਪਟੀ ਹੈ ਜੋ ਮਨ ਦੇ ਭਾਵ ਨੂੰ ਪ੍ਰਗਟ ਨਾ ਹੋਣ ਦੇਵੇ। ਪ੍ਰਿਥੀਚੰਦ ਲਈ ਸਭ ਤੋਂ ਪਹਿਲਾਂ ‘ਮੀਣਾ’ ਸ਼ਬਦ, ਪ੍ਰਿਥੀ ਚੰਦ ਦੇ ਮਾਮੇ ਭਾਈ ਗੁਰਦਾਸ ਨੇ ਆਪਣੀ 36ਵੀਂ ਵਾਰ ਵਿਚ ਵਰਤਿਆ। ‘ਸਤਿਗੁਰੂ ਸੱਚਾ ਪਾਤਸਾਹ, ਮੁਹਿ ਕਾਲੈ ਮੀਣਾ’, “ਮੀਣਾ ਹੋਇਆ ਪਿਰਥੀਆ, ਕਰਿ ਕਰਿ ਤੋਢਕ ਬਰਲ ਚਲਾਇਆ।” ਭਾਈ ਸੰਤੋਖ ਸਿੰਘ ਅਨੁਸਾਰ ਭਾਈ ਗੁਰਦਾਸ ਨੇ 36ਵੀਂ ਵਾਰ ਉਸਿ ਸਮੇਂ ਲਿਖੀ ਜਦੋ ਗੁੱਸੇ ਹੋ ਚਲੇ ਗਏ ਪ੍ਰਿਥੀਚੰਦ ਨੂੰ ਮਨਾਉਣ ਲਈ ਭਾਈ ਸਾਹਿਬ ਪਿੰਡ ਹੈਹਰ (ਜਿਲ੍ਹਾ ਲਾਹੌਰ) ਗਏ ਜਿੱਥੇ ਪ੍ਰਿਥੀਚੰਦ ਨੇ ਭਾਈ ਸਾਹਿਬ ਦਾ ਨਿਰਾਦਰ ਕੀਤਾ। ਇਸ ਤੋਂ ਬਾਅਦ ਪ੍ਰਿਥੀਚੰਦ ਦੇ ਬੰਸ ਤੇ ਅਨੁਯਾਈਆਂ ਨੂੰ ਤ੍ਰਿਸਕਾਰ ਦੇ ਰੂਪ ਵਿਚ ਮੀਣਾ ਅੱਲ ਨਾਲ ਸੰਬੋਧਨ ਕੀਤਾ ਜਾਣ ਲੱਗ ਪਿਆ। ਗੁਰੂ ਰਾਮਦਾਸ ਨੇ ਜਦੋਂ ਗੁਰਿਆਈ ਗੁਰੂ ਅਰਜਨ ਦੇਵ ਨੂੰ ਦੇ ਦਿੱਤੀ ਤਾਂ ਪ੍ਰਿਥੀਚੰਦ ਗੁਰੂ ਘਰ ਦਾ ਸਖ਼ਤ ਵਿਰੋਧੀ ਹੋ ਗਿਆ। ਪ੍ਰਿਥੀਚੰਦ ਦਾ ਪੁੱਤਰ ਮਨੋਹਰ ਦਾਸ ਮਿਹਰਬਾਨ (1581–1640 ਈ.) ਸੀ। ‘ਗੋਸ਼ਟਾਂ ਮਿਹਰਬਾਨ ਜੀ ਕੀਆਂ’ ਦੇ ਆਰੰਭ ਵਿਚ ਮਿਹਰਬਾਨ ਨੂੰ ਗੁਰੂ ਨਾਨਕ ਦੀ ਗੱਦੀ ਦਾ ਸੱਤਵਾਂ ਗੱਦੀਕਾਰ ਲਿਖਿਆ ਹੈ; “ਬੋਲਹੁ ਭਾਈ ਵਾਹਿਗੁਰੂ ਨਾਨਕ, ਸਤਿਗੁਰੂ ਅੰਗਦ, ਸਤਿਗੁਰੂ ਅਮਰਦਾਸ, ਸਤਿਗੁਰੂ ਰਾਮਦਾਸ, ਸਤਿਗੁਰੂ ਅਰਜਨ, ਸਤਿਗੁਰੂ ਸਾਹਿਬ, ਸਤਿਗੁਰੂ ਮਿਹਰਬਾਨ ਜੀ”। ਭਾਵੇਂ ‘ਦਬਿਸਤਾਨ–ਇ–ਮਜ਼ਾਹਿਬ’ ਵਿਚ ਲਿਖਿਆ ਹੈ ਕਿ ਮਿਹਰਬਾਨ ਤੇ ਉਸ ਦਾ ਪੁੱਤਰ ਹਰਿ–ਜੀ ਦੋਵੇਂ ਆਪਣੇ ਆਪ ਨੂੰ ਭਗਤ ਸਮਝਦੇ ਹਨ ਪਰ ਮਿਹਰਬਾਨ ਆਪਣੀ ਲਿਖਤ ਵਿਚ ਥਾਂ ਥਾਂ ਆਪਣੇ ਆਪ ਨੂੰ ‘ਨਾਨਕ’ ਲਿਖਦਾ ਹੈ। ਮਿਹਰਬਾਨ ਦੀ ਰਚਨਾ ਪੁਰਾਤਨ ਹੱਥ–ਲਿਖਤਾਂ ਵਿਚ ਮਹਲਾ ਸੱਤਵਾਂ ਤੇ ਸਿਰਲੇਖ ਹੇਠ ਮਿਲਦੀ ਹੈ। ਮਿਹਰਬਾਨ (ਕਰਤਾ ਜਨਮ–ਸਾਖੀ ਆਦਿ) ਆਪ ਇਕ ਵਿਸ਼ਸ਼ਟ ਸਾਹਿੱਤਕਾਰ ਸੀ। ਗੁਰਬਾਣੀ ਵਿਚ ਰਲਾ ਪੈ ਜਾਣ ਦੇ ਡਰ ਤੋਂ ਹੀ ਗੁਰੂ ਅਰਜਨ ਦੇਵ ਨੇ ਕੱਚੀ ਬਾਣੀ ਨੂੰ ਰੱਦ ਕੇ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਕੀਤਾ। ਮਿਹਰਬਾਨ ਦੇ ਤਿੰਨ ਪੁੱਤਰ ਸਨ, ਕਰਨ ਮੱਲ, ਹਰਿਜੀ, ਚਤਰਭੁਜ। ਹਰਿ–ਜੀ (ਦੇਹਾਂਤ 1696 ਈ.) ਨੇ ‘ਗੋਸਟਾਂ ਮਿਹਰਬਾਨ ਜੀ ਕੀਆਂ’, ‘ਗੋਸਟ ਬਾਬਾ ਨਾਨਕ’, ‘ਸੁਖਮਨੀ ਸਹੰਸਰ ਨਾਮ ਪਰਮਾਰਥ’ ਦੀ ਰਚਨਾ ਕੀਤੀ। ਗੁਰੂ ਤੇਗ਼ ਬਹਾਦਰ 1664 ਈ. ਵਿਚ ਜਦੋਂ ਅੰਮ੍ਰਿਤਸਰ ਆਏ ਤਾਂ ਹਰਿ–ਜੀ ਦੇ ਸੇਵਾਦਾਰਾਂ ਨੇ ਹੀ ਉਨ੍ਹਾਂ ਨੂੰ ਦਰਬਾਰ ਸਾਹਿਬ ਵਿਚ ਅੰਦਰ ਆਉਣ ਤੋਂ ਰੋਕਣ ਲਈ ਦਰਬਾਰ ਸਾਹਿਬ ਦੇ ਦਰਵਾਜ਼ੇ ਬੰਦ ਕਰਵਾ ਦਿੱਤੇ ਸਨ।

          ਮਿਹਰਬਾਨ ਦੇ ਚੇਲੇ ਭਾਈ ਭੂੰਦੜ ਦਾਸ ਉੱਤੇ ਹਰਿ ਰਇ ਨੇ ਬਖ਼ਸ਼ਿਸ਼ ਕੀਤੀ। ਭੂੰਦੜ ਦਾਸ ਨੂੰ ਉਨ੍ਹਾਂ ਨੇ ‘ਦੀਵਾਨਾ ਸਾਹਿਬ’ ਦਾ ਖ਼ਿਤਾਬ ਦਿੱਤਾ। ਜਦੋਂ ਗੁਰੂ ਗੋਬਿਦ ਸਿੰਘ ਮਾਲਵੇ ਵਿਚ ਆਏ ਤਾਂ ਦੀਵਾਨਾ ਸਾਹਿਬ ਨੇ ਉਨ੍ਹਾਂ ਦੀ ਟਹਿਲ ਸੇਵਾ ਕੀਤੀ। ਦੀਵਾਨਿਆਂ ਨੂੰ ਉਦਾਸੀਆਂ ਦੀ ਇਕ ਸ਼ਾਖ ਖ਼ਿਆਲ ਕੀਤਾ ਜਾਂਦਾ ਹੈ। ਭੂੰਦੜ ਦਾਸ ਦੀ ਪ੍ਰਣਾਲੀ ਇਸ ਪ੍ਰਕਾਰ ਹੈ––ਭੂੰਦੜ ਦਾਸ ਤੋਂ ਪਿੱਛੋਂ ਬਾਲਾ ਦਾਸ (ਬਾਲਾ), ਉਸ ਦਾ ਚੇਲਾ ਹਰੀ ਦਾਸ (ਹਰੀਆ), ਉਸ ਦੇ ਚੇਲੇ ਮਸਾ ਦਾਸ, ਦਰਬਾਰੀ ਦਾਸ, ਚਤੁਰ ਦਾਸ, ਰਾਮ ਸੁੰਦਰ, ਨਿਕਟੀ, ਸਿਦਕੀ, ਦਾਸ, ਮੋਹਨ। ਦਰਬਾਰੀ ਦਾਸ ਮੀਣਾ ਸੰਪ੍ਰਦਾਇ ਦੇ ਪ੍ਰਮੁੱਖ ਪ੍ਰਚਾਰਕਾਂ ਵਿਚੋਂ ਇਕ ਸੀ ਇਸ ਨੇ 1863 ਈ. ਵਿਚ 1838 ਪੰਨਿਆਂ ਦੇ ਆਕਾਰ ਦੀ ਦੀਰਘ ਆਕਾਰ ਵਾਲੀ ‘ਪੋਥੀ ਹਰਿਜਸ’ ਮੁਕੰਮਲ ਕੀਤੀ ਜੋ ਆਦਿ ਗ੍ਰੰਥ ਦੀ ਬਾਣੀ ਵਿਚ ਰਲਾ ਪਾ ਕੇ ਅਤੇ ਨਕਲ ਕਰਕੇ ਆਦਿ ਗ੍ਰੰਥ ਦੇ ਮੁਕਾਬਲੇ ਦਾ ਗ੍ਰੰਥ ਤਿਆਰ ਕਰਨ ਦਾ ਨਿਸਫ਼ਲ ਯਤਨ ਹੈ।

          ਹਰਿ–ਜੀ ਦਾ ਪੋਤਰਾ ਦੱਖਨੀ ਰਾਇ ਵੀ ਕਰਨੀ ਵਾਲਾ ਮੰਨਿਆ ਜਾਂਦਾ ਸੀ, ਜਿਸ ਨੂੰ ਰਿਆਸਤ ਪਟਿਆਲਾ ਵੱਲੋਂ ਜਾਗੀਰ ਮਿਲੀ ਸੀ। ਇਹ ਘਰਾਚੋਂ (ਜ਼ਿਲ੍ਹਾ ਪਟਿਆਲਾ) ਵਿਚ ਰਿਹ। ਹਰਿ–ਜੀ ਦਾ ਇਕ ਪੜ–ਪੋਤਰਾ ਅਭੈ ਚੰਦ ਗੁਰੂ ਗੋਬਿੰਦ ਸਿੰਘ ਤੋਂ ਅੰਮ੍ਰਿਤ ਛਕ ਕੇ ਅਭੈ ਸਿੰਘ ਬਣਿਆ। ਅਭੈ ਸਿੰਘ ਦੇ ਲੜਕੇ ਰਾਮ ਕੌਇਰ ਨੇ ‘ਸੌ ਸਾਖੀ’ ਲਿਖੀ। ਗੁਰੂ ਹਰਿ ਸਹਾਇ ਜ਼ਿਲ੍ਹਾ ਫਿਰੋਜ਼ਪੁਰ ਵਿਚ ਹਰਿ ਜੀ ਦੇ ਇਕ ਹੋਰ ਪੜ–ਪੋਤਰੇ ਜੀਵਨ ਮੱਲ ਦੀ ਔਲਾਦ ਵੱਸਦੀ ਹੈ ਜਿਨ੍ਹਾਂ ਪਾਸ ਇਕ ‘ਪੁਰਾਤਨ ਪੋਥੀ’ ਤੇ ‘ਮਾਲਾ’ ਹੈ।

          ਮੀਣੇ ਗੁਰੂ ਘਰ ਦੇ ਨਿੰਦਕ ਮੰਨੇ ਜਾਂਦੇ ਹਨ। ਅਕਾਲ ਤਖ਼ਤ ਉੱਤੇ ਮੀਣਿਆਂ ਨੂੰ ਜਾਣ ਤੇ ਅਰਦਾਸ ਕਰਨ ਦੀ ਮਨਾਹੀ ਹੈ ਖ਼ਾਲਸਾ ਪੰਥ ਵਿਚ ਮੀਣਿਆਂ ਨਾਲ ਰੋਟੀ ਬੇਟੀ ਦੀ ਸਾਂਝ ਰੱਖਣ ਦੀ ਮਨਾਹੀ ਹੈ। ਮੀਣਿਆਂ ਦਾ ਜ਼ੋਰ ਗੁਰੂ ਅਰਜਨ ਦੇਵ ਤੋਂ ਲੈ ਕੇ ਗੁਰੂ ਤੇਗ਼ ਬਹਾਦਰ ਤਕ ਰਿਹਾ। ਖ਼ਾਲਸਾ ਪੰਥ ਦੀ ਚੜ੍ਹਤ ਨਾਲ ਇਸ ਸੰਪ੍ਰਦਾਇ ਦਾ ਪਤਨ ਹੋ ਗਿਆ। ਪੁਰਾਤਨ ਪੰਜਾਬੀ ਵਾਰਤਕ ਦੇ ਵਿਕਾਸ ਵਿਚ ਮੀਣਾ ਸੰਪ੍ਰਦਾਇ ਦਾ ਯੋਗਦਾਨ ਵਰਣਨਯੋਗ ਹੈ।

          [ਸਹਾ. ਗ੍ਰੰਥ––ਗਿਆਨੀ ਗਿਆਨ ਸਿੰਘ : ‘ਸ਼੍ਰੀ ਗੁਰੂ ਪੰਥ ਪ੍ਰਕਾਸ਼’; ਭਾਈ ਸੰਤੋਖ ਸਿੰਘ : ‘ਗੁਰ ਪ੍ਰਤਾਪ ਸੂਰਜ’;ਭਾਈ ਗੁਰਦਾਸ : ‘ਵਾਰਾਂ’; ਕਿਰਪਾਲ ਸਿੰਘ : ‘ਮਨੋਹਰ ਦਾਸ ਮਿਹਰਬਾਨ’; ਹਰਿ–ਜੀ : ‘ਗੋਸ਼ਟਾਂ ਮਿਹਰਬਾਨ ਜੀ ਕੀਆਂ’; ਦਰਬਾਰੀ ਦਾਸ : ‘ਪੋਥੀ ਹਰਿ ਜਸ’ (ਹੱਥ–ਲਿਖਤ)]   


ਲੇਖਕ : ਡਾ. ਅਜਮੇਰ ਸਿੰਘ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 6124, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.