ਮੇਹਰਾਜ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਮੇਹਰਾਜ (ਕਸਬਾ): ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦਾ ਇਕ ਕਸਬਾ ਜੋ ਰਾਮਪੁਰਾਫੂਲ ਤੋਂ ਉੱਤਰ-ਪੱਛਮ ਵਾਲੇ ਪਾਸੇ 6 ਕਿ.ਮੀ. ਦੀ ਵਿਥ ਉਤੇ ਸਥਿਤ ਹੈ। ਕਹਿੰਦੇ ਹਨ ਕਿ ਭਾਈ ਮੋਹਨ ਸਿੱਧੂ ਜੱਟ ਆਪਣੇ ਕਬੀਲੇ ਲਈ ਇਸ ਖੇਤਰ ਵਿਚ ਪਿੰਡ ਕਾਇਮ ਕਰਨਾ ਚਾਹੁੰਦਾ ਸੀ , ਪਰ ਭੁੱਲਰ ਕਬੀਲੇ ਵਾਲੇ ਉਸ ਨੂੰ ਪਿੰਡ ਵਸਾਉਣੋ ਰੋਕਦੇ ਸਨ। ਆਖ਼ਿਰ ਗੁਰੂ ਹਰਿਗੋਬਿੰਦ ਸਾਹਿਬ ਦੀ ਅਸੀਸ ਨਾਲ ਉਸ ਨੇ ਸੰਨ 1627 ਈ. ਵਿਚ ਇਹ ਪਿੰਡ ਵਸਾਇਆ ਅਤੇ ਇਸ ਦਾ ਨਾਂ ਆਪਣੇ ਪੜਦਾਦੇ ਦੇ ਨਾਂ ਉਤੇ ਰਖਿਆ। ਉਦੋਂ ਜਿਸ ਸਥਾਨ ਉਤੇ ਗੁਰੂ ਜੀ ਨੇ ਆਪਣਾ ਤੰਬੂ ਗਡਿਆ ਸੀ, ਉਥੇ ਹੁਣ ‘ਗੁਰਦੁਆਰਾ ਛੋਟਾ ਗੁਰੂਸਰ ਤੰਬੂ ਸਾਹਿਬ’ ਬਣਿਆ ਹੋਇਆ ਹੈ ਅਤੇ ਮੇਹਰਾਜ ਕਸਬੇ ਤੋਂ ਇਕ ਕਿ.ਮੀ. ਦੱਖਣ-ਪੱਛਮ ਵਲ ਹੈ। ਇਸ ਦੀ ਵਿਵਸਥਾ ਸਥਾਨਕ ਸੰਗਤ ਕਰਦੀ ਹੈ।
ਇਸ ਕਸਬੇ ਤੋਂ ਲਗਭਗ ਤਿੰਨ ਕਿ.ਮੀ. ਦੂਰ ਸੰਨ 1631 ਈ. ਵਿਚ ਗੁਰੂ ਹਰਿਗੋਬਿੰਦ ਜੀ ਨੇ ਲੱਲਾ ਬੇਗ ਅਤੇ ਕਰਮ ਬੇਗ ਦੀ ਕਮਾਂਡ ਅਧੀਨ ਚੜ੍ਹ ਆਈ ਮੁਗ਼ਲ ਸੈਨਾ ਨਾਲ ਯੁੱਧ ਕੀਤਾ ਅਤੇ ਉਸ ਨੂੰ ਪਰਾਜਿਤ ਕੀਤਾ। ਲੱਲਾ ਬੇਗ ਅਤੇ ਕਈ ਹੋਰ ਸੈਨਿਕ ਅਧਿਕਾਰੀ ਮਾਰੇ ਗਏ। ਗੁਰੂ ਜੀ ਨੇ ਜਿਸ ਟੋਭੇ ਦੇ ਕੰਢੇ ਉਤਾਰਾ ਕੀਤਾ ਸੀ ਅਤੇ ਜਿਥੇ ਯੁਧ ਵਿਚ ਸ਼ਹੀਦ ਹੋਏ 1273 ਸਿੱਖਾਂ ਦਾ ਸਸਕਾਰ ਕੀਤਾ ਸੀ, ਉਸ ਸਥਾਨ ਦਾ ਨਾਂ ਖ਼ੁਦ ਹੀ ‘ਗੁਰੂ-ਸਰ’ ਰਖਿਆ। ਕਾਲਾਂਤਰ ਵਿਚ ਉਸ ਸਥਾਨ ਉਪਰ ਨਾਭਾ-ਪਤਿ ਮਹਾਰਾਜਾ ਹੀਰਾ ਸਿੰਘ ਨੇ ਗੁਰੂ-ਧਾਮ ਦੀ ਇਮਾਰਤ ਬਣਵਾਈ ਅਤੇ ਸਰੋਵਰ ਦੀ ਸੇਵਾ ਵੀ ਕਰਵਾਈ। ਸੰਨ 1980 ਈ. ਵਿਚ ਪੁਰਾਣੀ ਇਮਾਰਤ ਦੀ ਥਾਂ ਸੰਤ ਗੁਰਮੁਖ ਸਿੰਘ ਕਾਰਸੇਵਾ ਵਾਲੇ ਨੇ ਨਵੀਂ ਇਮਾਰਤ ਦੀ ਉਸਾਰੀ ਸ਼ੁਰੂ ਕਰਵਾਈ, ਜੋ ਸੰਨ 1990 ਈ. ਵਿਚ ਪੂਰੀ ਹੋਈ। ਇਹ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ। ਹਰ ਸੋਮਵਾਰ ਇਸ ਗੁਰੂ-ਧਾਮ ਦੇ ਸਰੋਵਰ ਵਿਚ ਇਸ਼ਨਾਨ ਕਰਨਾ ਪਵਿੱਤਰ ਸਮਝਿਆ ਜਾਂਦਾ ਹੈ। ਹਰ ਸਾਲ 14-15 ਮੱਘਰ ਨੂੰ ਵੱਡਾ ਮੇਲਾ ਲਗਦਾ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1863, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First