ਮੈਦਾਨ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੈਦਾਨ (ਨਾਂ,ਪੁ) ਵੇਖੋ : ਮਦਾਨ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8539, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਮੈਦਾਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੈਦਾਨ 1 [ਨਾਂਪੁ] ਖੇਤਰ , ਇਲਾਕਾ; ਸਮਤਲ ਭੂਮੀ , ਪੱਧਰੀ ਜਮੀਨ, ਰਣਭੂਮੀ; ਅਖਾੜਾ ਪਿੜ 2 [ਨਾਂਪੁ] (ਸੰਗੀ) ਤਬਲੇ ਦੇ ਮੂੰਹ ਵਿਚਲੇ ਸਿਆਹੀ ਵਾਲ਼ੇ ਭਾਗ ਨੂੰ ਛੱਡ ਕੇ ਬਾਕੀ ਚਾਂਟੀ ਤੱਕ ਦਾ ਭਾਗ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8530, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਮੈਦਾਨ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ

ਮੈਦਾਨ : ਧਰਤੀ ਦੇ ਖੁੱਲ੍ਹੇ ਅਤੇ ਪੱਧਰੇ ਜਾਂ ਲਹਿਰੀਏਦਾਰ ਸਤ੍ਹਾ ਵਾਲੇ ਭਾਗਾਂ ਨੂੰ ਮੈਦਾਨ ਆਖਦੇ ਹਨ। ਇਹਨਾਂ ਦੀ ਢਲਾਣ ਅਤੇ ਸਮੁੰਦਰੀ ਤਲ ਤੋਂ ਉਚਾਈ ਘੱਟ ਹੁੰਦੀ ਹੈ। ਆਮ ਤੌਰ ਤੇ ਮੈਦਾਨ ਸਮੁੰਦਰ ਤਲ ਤੋਂ ਬਹੁਤੇ ਉੱਚੇ ਨਹੀਂ ਹੁੰਦੇ। ਇਹਨਾਂ ਦੀ ਉਚਾਈ ਸਮੁੰਦਰ ਤਲ ਤੋਂ ਲੈ ਕੇ ਤਿੰਨ ਸੌ ਮੀਟਰ ਤੱਕ ਮੰਨੀ ਗਈ ਹੈ, ਅਰਥਾਤ ਮੈਦਾਨ ਅਕਸਰ ਸਮੁੰਦਰ ਤਲ ਤੋਂ 300 ਮੀਟਰ ਤੱਕ ਉੱਚੇ ਹੁੰਦੇ ਹਨ, ਪਰੰਤੂ ਕੁਝ ਮੈਦਾਨ ਤਿੰਨ ਸੌ ਮੀਟਰ ਤੋਂ ਵੀ ਵੱਧ ਉੱਚੇ ਹੁੰਦੇ ਹਨ। ਮਿਸਾਲ ਦੇ ਤੌਰ ਤੇ, ਮਿਸੀਸਿਪੀ ਦੇ ਪੱਛਮ ਵੱਲ ਅਮਰੀਕਾ ਦੇ ਉੱਚੇ ਮੈਦਾਨ ਸਮੁੰਦਰ ਤਲ ਤੋਂ 1,500 ਮੀਟਰ ਉੱਚੇ ਹਨ। ਇਸੇ ਤਰ੍ਹਾਂ, ਕਸ਼ਮੀਰ ਘਾਟੀ ਵਿੱਚ ਵੂਲਰ ਝੀਲ ਦਾ ਮੈਦਾਨ 1,700 ਮੀਟਰ ਤੱਕ ਉੱਚਾ ਹੈ ਪਰੰਤੂ ਵਿਸ਼ਵ ਪ੍ਰਸਿੱਧ ਭਾਰਤ ਦਾ ਗੰਗਾ-ਸਿੰਧ ਦਾ ਮੈਦਾਨ ਖਾੜੀ ਬੰਗਾਲ ਦੇ ਸਿਰੇ ਤੋਂ ਸਮੁੰਦਰ ਤਲ ਦੀ ਔਸਤ ਉਚਾਈ, ਅਰਥਾਤ ਸਿਫ਼ਰ ਮੀਟਰ ਤੋਂ ਲੈ ਕੇ ਹਰਿਆਣਾ ਅਤੇ ਪੰਜਾਬ ਤੱਕ 300 ਮੀਟਰ ਤੱਕ ਹੀ ਉੱਚਾ ਹੈ। ਧਰਤੀ ਦੇ ਲਗਪਗ 40 ਪ੍ਰਤਿਸ਼ਤ ਖੇਤਰਫਲ ਉੱਤੇ ਮੈਦਾਨ ਹਨ। ਦੂਸਰੇ ਸ਼ਬਦਾਂ ਵਿੱਚ, ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਥਲਮੰਡਲ ਦੇ ਸਭ ਤੋਂ ਵੱਧ ਭਾਗ ਉੱਤੇ ਮੈਦਾਨ ਫੈਲੇ ਹੋਏ ਹਨ।

ਮੈਦਾਨਾਂ ਦੀਆਂ ਕਿਸਮਾਂ : ਧਰਤੀ ਉੱਪਰ ਮੈਦਾਨ ਕਈ ਤਰੀਕਿਆਂ ਨਾਲ ਬਣਦੇ ਹਨ। ਇਸ ਲਈ ਮੈਦਾਨਾਂ ਦੀ ਉਤਪਤੀ  (origin) ਨੂੰ ਧਿਆਨ ਵਿੱਚ ਰੱਖ ਕੇ ਇਹਨਾਂ ਨੂੰ ਹੇਠ ਦਿੱਤੀਆਂ ਮੁੱਖ ਕਿਸਮਾਂ ਵਿੱਚ ਵੰਡਿਆ ਗਿਆ ਹੈ :

(ੳ) ਰਚਨਾਤਮਕ ਮੈਦਾਨ : ਰਚਨਾਤਮਕ ਮੈਦਾਨ ਉਹ ਹੁੰਦੇ ਹਨ ਜਿਹੜੇ ਧਰਤੀ ਦੇ ਕਿਸੇ ਭਾਗ ਦੇ ਉੱਪਰ ਉੱਠਣ ਜਾਂ ਹੇਠਾਂ ਧੱਸਣ ਕਾਰਨ ਬਣਦੇ ਹਨ ਜਿਵੇਂ ਕਿ ਕਈ ਸਮੁੰਦਰ ਤੱਟੀ ਮੈਦਾਨ ਮਹਾਂਦੀਪੀ ਸ਼ੈੱਲਫ ਦੇ ਉੱਪਰ ਉੱਠਣ ਨਾਲ ਬਣੇ ਹਨ। ਇਹਨਾਂ ਨੂੰ ਭੂ-ਉਚਾਣ ਦੇ ਮੈਦਾਨ ਵੀ ਕਹਿੰਦੇ ਹਨ। ਇਹ ਮੈਦਾਨ ਮਹਾਂਦੀਪਾਂ ਦੇ ਤੱਟ ਦੇ ਨਾਲ-ਨਾਲ ਬਣੇ ਲੰਬੇ ਅਤੇ ਘੱਟ ਚੌੜੇ ਹੁੰਦੇ ਹਨ। ਇਹ ਸਮੁੰਦਰੀ ਕਿਨਾਰਿਆਂ ਦੇ ਉੱਪਰ ਉੱਠਣ ਨਾਲ ਹੋਂਦ ਵਿੱਚ ਆਉਂਦੇ ਹਨ। ਯੂ.ਐੱਸ.ਏ. ਦਾ ਪੂਰਬੀ ਤੱਟੀ ਮੈਦਾਨ ਇਸ ਕਿਸਮ ਦਾ ਮੈਦਾਨ ਹੈ।

ਇਸ ਦੇ ਉਲਟ, ਕਿਸੇ ਵਿਸ਼ਾਲ ਖੇਤਰ ਦੇ ਹੇਠ ਬੈਠ ਜਾਣ ਨਾਲ ਵੀ ਮੈਦਾਨ ਹੋਂਦ ਵਿੱਚ ਆਉਂਦੇ ਹਨ। ਇਹਨਾਂ ਨੂੰ ਭੂ-ਧੱਸਣ ਮੈਦਾਨ ਕਿਹਾ ਜਾਂਦਾ ਹੈ। ਭੂ-ਧੱਸਣ ਮੈਦਾਨ ਜ਼ਮੀਨੀ ਹਲਚਲਾਂ ਕਾਰਨ, ਧਰਤੀ ਦੇ ਹੇਠ ਧੱਸਣ ਕਰਕੇ ਬਣਦੇ ਹਨ। ਆਸਟਰੇਲੀਆ ਅਤੇ ਅਮਰੀਕਾ ਦੇ ਮੱਧਵਰਤੀ ਭਾਗਾਂ ਦੀ ਨਿਮਨ ਧਰਤੀ ਅਤੇ ਯੂਰਪ ਦੇ ਮੈਦਾਨ ਧਰਤੀ ਹੇਠ ਧੱਸਣ ਕਾਰਨ ਬਣੇ ਹਨ। ਜਵਾਲਾਮੁਖੀ ਵਿਸਫੋਟ ਸਮੇਂ ਲਾਵੇ ਦੇ ਵਹਿਣ ਅਤੇ ਠੰਢਾ ਹੋ ਕੇ ਜੰਮਣ ਕਾਰਨ ਬਣੇ ਮੈਦਾਨ ਵੀ ਰਚਨਾਤਮਕ ਮੈਦਾਨਾਂ ਦੇ ਵਰਗ ਵਿੱਚ ਗਿਣੇ ਜਾਂਦੇ ਹਨ। ਇਹਨਾਂ ਨੂੰ ਲਾਵੇ ਦੇ ਮੈਦਾਨ ਕਹਿੰਦੇ ਹਨ।

(ਅ) ਅਪਰਦਨ ਦੇ ਮੈਦਾਨ : ਇਹ ਪਠਾਰਾਂ, ਪਰਬਤਾਂ, ਅਰਥਾਤ ਉੱਚ ਪ੍ਰਦੇਸ਼ਾਂ ਦੇ ਘੱਸ ਕੇ ਨੀਵੇਂ ਹੋ ਜਾਣ ਕਰਕੇ ਬਣਦੇ ਹਨ। ਅਪਰਦਨ ਦੇ ਕਾਰਕ ਨਦੀਆਂ, ਗਲੇਸ਼ੀਅਰ, ਪੌਣਾਂ ਅਤੇ ਸਮੁੰਦਰੀ ਲਹਿਰਾਂ ਆਪਣੀ ਅਪਰਦਨ ਕਿਰਿਆ ਨਾਲ ਧਰਤੀ ਦੇ ਉੱਚੇ ਹਿੱਸਿਆਂ ਨੂੰ ਕੱਟ ਕੇ ਨੀਵਾਂ ਕਰਦੀਆਂ ਹਨ। ਇਸ ਤਰ੍ਹਾਂ, ਉੱਚੀਆਂ ਚੋਟੀਆਂ ਅਤੇ ਤਿੱਖੀਆਂ ਢਲਾਣਾਂ ਖੁਰ-ਖੁਰ ਕੇ ਧਰਤੀ ਪੱਧਰ ਹੋ ਜਾਂਦੀ ਹੈ ਅਜਿਹੇ ਮੈਦਾਨਾਂ ਨੂੰ ਪੈਨੀਪਲੇਨ  (Peneplain)  ਕਿਹਾ ਜਾਂਦਾ ਹੈ। ਯੂਰਪ ਵਿੱਚ ਪੈਰਿਸ ਬੇਸਿਨ ਅਤੇ ਭਾਰਤ ਵਿੱਚ ਰਾਜਸਥਾਨ ਅੰਦਰ ਅਰਾਵਲੀ ਪਹਾੜੀਆਂ ਦੇ ਆਸਪਾਸ ਦਾ ਮੈਦਾਨੀ ਖੇਤਰ ਚਟਾਨਾਂ ਦੇ ਅਪਰਦਨ ਹੋਣ ਕਰਕੇ ਹੀ ਹੋਂਦ ਵਿੱਚ ਆਏ ਹਨ।

ਮਾਰੂਥਲਾਂ ਵਿੱਚ ਪੌਣਾਂ ਦੇ ਰੇਤ ਉਡਾ ਕੇ ਲੈ ਜਾਣ ਨਾਲ ਵੀ ਧਰਤੀ ਨੀਵੀਂ ਅਤੇ ਪੱਧਰ ਹੋ ਜਾਂਦੀ ਹੈ। ਇਸ ਤਰ੍ਹਾਂ ਦੇ ਪੌਣ ਨਿਰਮਿਤ ਮੈਦਾਨ ਅਮਰੀਕਾ ਅਤੇ ਅਫ਼ਰੀਕਾ ਦੇ ਕੁਝ ਭਾਗਾਂ ਵਿੱਚ ਮਿਲਦੇ ਹਨ।

ਬਰਫ਼ ਦੀ ਅਪਰਦਨ ਕਿਰਿਆ ਨਾਲ ਧਰਤੀ ਪੱਧਰ ਹੋ ਕੇ ਮੈਦਾਨ ਬਣ ਜਾਂਦੀ ਹੈ। ਅਜਿਹੇ ਮੈਦਾਨਾਂ ਨੂੰ ਗਲੇਸ਼ੀਅਰ ਦੁਆਰਾ ਬਣੇ ਮੈਦਾਨ ਕਿਹਾ ਜਾਂਦਾ ਹੈ। ਕੈਨੇਡਾ, ਨਾਰਵੇ, ਸਵੀਡਨ ਆਦਿ ਵਿੱਚ ਹਿਮ ਚਾਦਰਾਂ ਦੀ ਅਪਰਦਨ ਕਿਰਿਆ ਨਾਲ ਇਸ ਤਰ੍ਹਾਂ ਦੇ ਮੈਦਾਨ ਹੋਂਦ ਵਿੱਚ ਆਏ ਹਨ।

(ੲ) ਨਿਖੇਪ ਦੇ ਮੈਦਾਨ : ਇਹ ਘੱਟ ਡੂੰਘੇ ਸਾਗਰਾਂ, ਝੀਲਾਂ ਜਾਂ ਖੱਡਾਂ ਵਿੱਚ ਮਲ੍ਹਬਾ ਜ਼ਮ੍ਹਾ ਹੋ ਕੇ ਭਰ ਜਾਣ ਨਾਲ ਬਣਦੇ ਹਨ। ਹੜ੍ਹ ਦੇ ਸਮੇਂ ਨਦੀਆਂ ਨਾਲ ਰੁੜ ਕੇ ਆਈ ਮਿੱਟੀ ਜ਼ਮ੍ਹਾ ਹੋਣ ਨਾਲ ਜੋ ਮੈਦਾਨ ਬਣਦੇ ਹਨ, ਉਹਨਾਂ ਨੂੰ ਕਛਾਰੀ ਮੈਦਾਨ ਜਾਂ ਹੜ੍ਹ ਦੇ ਮੈਦਾਨ ਜਾਂ ਜਲੋਢੀ ਮੈਦਾਨ ਕਹਿੰਦੇ ਹਨ। ਪਰਬਤੀ ਖੇਤਰਾਂ ਤੋਂ ਬਾਹਰ ਨਿਕਲ ਕੇ ਮੈਦਾਨਾਂ ਵਿੱਚ ਦਾਖ਼ਲ ਹੁੰਦੀਆਂ ਨਦੀਆਂ ਮਲ੍ਹਬੇ ਦਾ ਢੇਰ ਲੱਗਾ ਦਿੰਦੀਆਂ ਹਨ। ਇਸ ਤਰ੍ਹਾਂ ਬਣੇ ਉੱਚੇ-ਨੀਵੇਂ ਮੈਦਾਨ ਨੂੰ ਭਾਰਤ ਵਿੱਚ ਭੱਬਰ ਕਿਹਾ ਜਾਂਦਾ ਹੈ ਭੱਬਰ ਖੇਤਰ ਵਿੱਚ ਨਦੀਆਂ ਆਪਣੇ ਜਮ੍ਹਾ ਕੀਤੇ ਮਲ੍ਹਬੇ ਦੇ ਹੇਠ ਚੱਲਦੀਆਂ ਹਨ। ਭੱਬਰ ਤੋਂ ਬਾਅਦ ਜਿਸ ਖੇਤਰ ਵਿੱਚ ਨਦੀਆਂ ਮਲ੍ਹਬੇ ਤੋਂ ਬਾਹਰ ਆਉਂਦੀਆਂ ਹਨ, ਉਸ ਨੂੰ ਤਰਾਈ ਕਿਹਾ ਜਾਂਦਾ ਹੈ।

ਸਮੁੰਦਰ ਦੇ ਕੰਢੇ ਪਹੁੰਚ ਕੇ ਨਦੀਆਂ ਦੀ ਰਫ਼ਤਾਰ ਧੀਮੀ ਹੋ ਜਾਂਦੀ ਹੈ। ਇਹ ਹੌਲੀ-ਹੌਲੀ ਆਪਣੇ ਨਾਲ ਲਿਆਂਦਾ ਮਲ੍ਹਬਾ ਸਮੁੰਦਰ ਵਿੱਚ ਜਮ੍ਹਾ ਕਰਦੀਆਂ ਰਹਿੰਦੀਆਂ ਹਨ। ਇਸ ਤਰ੍ਹਾਂ ਬਣੇ ਮੈਦਾਨਾਂ ਨੂੰ ਡੈੱਲਟਾ ਮੈਦਾਨ ਕਿਹਾ ਜਾਂਦਾ ਹੈ। ਸੰਸਾਰ ਵਿੱਚ ਗੰਗਾ-ਬ੍ਰਹਮਪੁੱਤਰ ਨਦੀ ਦਾ ਡੈੱਲਟਾ ਸਭ ਤੋਂ ਮਸ਼ਹੂਰ ਹੈ।

ਸਮੁੰਦਰਾਂ ਦੇ ਕਿਨਾਰੇ ਸਮੁੰਦਰੀ ਲਹਿਰਾਂ ਦੇ ਮਲ੍ਹਬਾ ਜਮ੍ਹਾ ਕਰਨ ਨਾਲ ਵੀ ਮੈਦਾਨ ਬਣਦੇ ਹਨ ਜਿਨ੍ਹਾਂ ਨੂੰ ਸਮੁੰਦਰ ਤੱਟੀ ਮੈਦਾਨ ਕਿਹਾ ਜਾਂਦਾ ਹੈ। ਨੀਦਰਲੈਂਡ ਦੇ ਤਟ ਉੱਪਰ ਬਣੇ ਇਸ ਕਿਸਮ ਦੇ ਘੱਟ ਚੌੜੇ ਅਤੇ ਨੀਵੇਂ ਮੈਦਾਨ ਲਹਿਰਾਂ ਦੀ ਨਿਖੇਪਣ ਕਿਰਿਆ ਨਾਲ ਬਣੇ ਹਨ।

ਨਦੀਆਂ ਦੁਆਰਾ ਝੀਲਾਂ ਵਿੱਚ ਮਲ੍ਹਬਾ ਜਮ੍ਹਾ ਕਰਨ ਨਾਲ ਜੋ ਮੈਦਾਨ ਹੋਂਦ ਵਿੱਚ ਆਉਂਦੇ ਹਨ, ਉਹਨਾਂ ਨੂੰ ਝੀਲਕ੍ਰਿਤ  (Lacustrine)  ਮੈਦਾਨ ਕਿਹਾ ਜਾਂਦਾ ਹੈ। ਕਸ਼ਮੀਰ ਵਿੱਚ ਡੱਲ ਅਤੇ ਵੂਲਰ ਝੀਲ ਦੇ ਨਾਲ ਲੱਗਦੇ ਮੈਦਾਨ ਇਸ ਤਰ੍ਹਾਂ ਝੀਲ ਵਿੱਚ ਮਲ੍ਹਬਾ ਜਮ੍ਹਾ ਹੋਣ ਨਾਲ ਬਣੇ ਹਨ। ਇਸੇ ਤਰ੍ਹਾਂ, ਗਲੇਸ਼ੀਅਰ ਦੇ ਮਲ੍ਹਬਾ ਜਮ੍ਹਾ ਕਰਨ ਨਾਲ ਗਲੇਸ਼ੀਅਰ ਦੇ ਮੈਦਾਨ ਬਣਦੇ ਹਨ।

ਮੈਦਾਨਾਂ ਦੇ ਲਾਭ : ਮਨੁੱਖਾਂ ਲਈ ਮੈਦਾਨ ਬੜੇ ਲਾਭਦਾਇਕ ਹਨ। ਸੰਸਾਰ ਦੀਆਂ ਪ੍ਰਾਚੀਨ ਸੱਭਿਅਤਾਵਾਂ ਦਾ ਵਿਕਾਸ ਅਕਸਰ ਮੈਦਾਨੀ ਭਾਗਾਂ ਵਿੱਚ ਹੀ ਹੋਇਆ ਹੈ। ਮਿਸਾਲ ਦੇ ਤੌਰ ਤੇ, ਨੀਲ ਘਾਟੀ ਅਤੇ ਸਿੰਧੂ ਘਾਟੀ ਦੇ ਮੈਦਾਨੀ ਭਾਗ ਪ੍ਰਾਚੀਨ ਸੱਭਿਅਤਾਵਾਂ ਦੇ ਕੇਂਦਰ ਰਹੇ ਹਨ। ਮੈਦਾਨ ਸੰਘਣੀ ਅਬਾਦੀ ਵਾਲੇ ਪੁਰਾਣੇ ਵੱਸੇ ਹੋਏ ਖੇਤਰ ਹਨ। ਮੈਦਾਨਾਂ ਦੀ ਪੱਧਰ, ਨਰਮ ਅਤੇ ਉਪਜਾਊ ਮਿੱਟੀ ਖੇਤੀ-ਬਾੜੀ ਲਈ ਬੜੀ ਮਹੱਤਵਪੂਰਨ ਹੁੰਦੀ ਹੈ। ਮੈਦਾਨਾਂ ਵਿੱਚ ਸਿੰਜਾਈ ਦੇ ਸਾਧਨ ਨਹਿਰਾਂ, ਖੂਹ, ਟਿਊਬ-ਵੈੱਲ ਆਦਿ ਅਸਾਨੀ ਨਾਲ ਮੁਹੱਈਆ ਕਰਵਾਏ ਜਾ ਸਕਦੇ ਹਨ। ਧਰਤੀ ਪੱਧਰ ਹੋਣ ਕਰਕੇ ਆਵਾਜਾਈ ਦੇ ਸਾਧਨਾਂ ਦਾ ਵਿਕਾਸ ਅਸਾਨੀ ਨਾਲ ਹੋ ਸਕਦਾ ਹੈ, ਜਿਸ ਕਰਕੇ ਮੈਦਾਨਾਂ ਵਿੱਚ ਵੱਡੇ-ਵੱਡੇ ਉਦਯੋਗਿਕ ਕੇਂਦਰ ਅਤੇ ਸ਼ਹਿਰ ਸਥਾਪਿਤ ਹੋ ਜਾਂਦੇ ਹਨ।

ਸਮੱਸਿਆਵਾਂ : ਮੈਦਾਨੀ ਭਾਗਾਂ ਵਿੱਚ ਕਈ ਤਰ੍ਹਾਂ ਦੀਆਂ ਵਿਕਾਸ ਸਹੂਲਤਾਂ ਦੇ ਨਾਲ-ਨਾਲ ਕੁਝ ਸਮੱਸਿਆਵਾਂ ਵੀ ਹਨ ਜਿਵੇਂ ਕਿ ਸੰਘਣੀ ਅਬਾਦੀ ਅਤੇ ਉਦਯੋਗਿਕ ਵਿਕਾਸ ਦੇ ਨਾਲ ਪ੍ਰਦੂਸ਼ਣ ਦੀ ਸਮੱਸਿਆ ਪੈਦਾ ਹੋ ਗਈ ਹੈ। ਮੋਟਰਾਂ ਅਤੇ ਫੈਕਟਰੀਆਂ ਤੋਂ ਨਿਕਲਦਾ ਧੂੰਆਂ ਅਤੇ ਗੈਸਾਂ ਮਨੁੱਖੀ ਸਿਹਤ ਲਈ ਹਾਨੀਕਾਰਕ ਹਨ। ਖੇਤੀ ਦੇ ਨਾਲ-ਨਾਲ ਮਕਾਨਾਂ, ਦੁਕਾਨਾਂ, ਕਾਰਖ਼ਾਨਿਆਂ ਅਤੇ ਦਫ਼ਤਰਾਂ ਲਈ ਧਰਤੀ ਦੀ ਵੱਧਦੀ ਹੋਈ ਮੰਗ ਕਾਰਨ ਜ਼ਮੀਨ ਦੀ ਕੀਮਤ ਲਗਾਤਾਰ ਵੱਧ ਰਹੀ ਹੈ। ਵੱਧਦੀ ਅਤੇ ਸੰਘਣੀ ਅਬਾਦੀ ਕਰਕੇ ਸਮਾਜਿਕ ਸੇਵਾਵਾਂ, ਜਿਵੇਂ ਕਿ ਵਿੱਦਿਅਕ ਸੰਸਥਾਵਾਂ, ਆਵਾਜਾਈ ਦੇ ਸਾਧਨਾਂ, ਸਿਹਤ ਸੇਵਾਵਾਂ, ਡਾਕ ਸੇਵਾਵਾਂ ਆਦਿ ਉੱਪਰ ਵੀ ਜ਼ਿਆਦਾ ਦਬਾਅ ਪੈਂਦਾ ਹੈ ਅਤੇ ਇਹਨਾਂ ਵਾਸਤੇ ਸਰਕਾਰੀ ਖ਼ਰਚਾ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ।


ਲੇਖਕ : ਆਈ. ਐੱਨ. ਚਾਵਲਾ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 3932, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-03-31-04-27-44, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.