ਮੋਗਾ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਮੋਗਾ : ਜ਼ਿਲ੍ਹਾ– ਸੰਨ 1996 ਵਿਚ ਫ਼ਰੀਦਕੋਟ ਜ਼ਿਲ੍ਹੇ ਦੀ ਵੰਡ ਕਰ ਕੇ ਬਣਿਆ ਇਹ ਜ਼ਿਲ੍ਹਾ ਪੰਜਾਬ ਦੇ ਦੱਖਣ ਪੱਛਮੀ ਜ਼ਿਲ੍ਹਿਆਂ ਵਿੱਚੋਂ ਇਕ ਹੈ। ਇਸ ਦੇ ਉੱਤਰ ਵੱਲ ਫਿਰੋਜ਼ਪੁਰ, ਪੂਰਬ ਵੱਲ ਲੁਧਿਆਣਾ ਦੱਖਣ-ਪੂਰਬ ਵੱਲ ਸੰਗਰੂਰ, ਦੱਖਣ ਵੱਲ ਬਠਿੰਡਾ ਅਤੇ ਪੱਛਮ ਵੱਲ ਫ਼ਰੀਦਕੋਟ ਜ਼ਿਲ੍ਹਿਆਂ ਦੀਆਂ ਹੱਦਾਂ ਲਗਦੀਆਂ ਹਨ। ਇਸ ਜ਼ਿਲ੍ਹੇ ਦੀ ਆਬਾਦੀ 8,86,313 (2001) ਅਤੇ ਕੁੱਲ ਰਕਬਾ 2216 ਵ. ਕਿ. ਮੀ. ਹੈ ਅਤੇ ਮੋਗਾ ਸ਼ਹਿਰ ਇਸ ਦਾ ਸਦਰ ਮੁਕਾਮ ਹੈ।
ਇਸ ਜ਼ਿਲ੍ਹੇ ਦੀਆਂ ਦੋ ਤਹਿਸੀਲਾਂ ਅਤੇ ਚਾਰ ਕਮਿਊਨਿਟੀ ਡਿਵੈਲਪਮੈਂਟ ਬਲਾਕ ਹਨ ਜਿਨ੍ਹਾਂ ਵਿਚ ਤਿੰਨ ਕਸਬੇ ਅਤੇ 180 ਪਿੰਡ ਸ਼ਾਮਲ ਹਨ। ਇਹ ਜ਼ਿਲ੍ਹਾ ਸੜਕਾਂ ਅਤੇ ਰੇਲ ਮਾਰਗਾਂ ਰਾਹੀਂ ਦੂਜੇ ਜ਼ਿਲ੍ਹਿਆਂ ਨਾਲ ਜੁੜਿਆ ਹੋਇਆ ਹੈ।
ਇਸ ਜ਼ਿਲ੍ਹੇ ਦੀ ਆਰਥਿਕਤਾ ਦਾ ਮੁੱਖ ਆਧਾਰ ਖੇਤੀਬਾੜੀ ਹੈ। ਜ਼ਿਲ੍ਹੇ ਦੀ 90 ਪ੍ਰਤੀਸ਼ਤ ਧਰਤੀ ਖੇਤੀਬਾੜੀ ਅਧੀਨ ਹੈ। ਕਣਕ ਅਤੇ ਜੀਰੀ ਤੋਂ ਇਲਾਵਾ ਮੱਕੀ, ਜੌਂ ਅਤੇ ਬਾਜਰਾ ਇੱਥੋਂ ਦੀਆਂ ਮੁੱਖ ਫ਼ਸਲਾਂ ਹਨ। ਕਪਾਹ, ਤੇਲ ਦੇ ਬੀਜ ਅਤੇ ਆਲੂਆਂ ਦੀ ਵੀ ਕਾਸ਼ਤ ਕੀਤੀ ਜਾਂਦੀ ਹੈ।
ਗਾਂ, ਮੱਝ, ਬਲਦ, ਘੋੜੇ, ਖੱਚਰਾਂ, ਭੇਡਾਂ ਅਤੇ ਬੱਕਰੀਆਂ ਇੱਥੋਂ ਦਾ ਮੁੱਖ ਪਸ਼ੂ ਧਨ ਹਨ ਅਤੇ ਇਨ੍ਹਾਂ ਦੀ ਸਹੀ ਦੇਖ ਭਾਲ ਲਈ ਡੰਗਰਾਂ ਦੇ ਹਸਪਤਾਲ ਦੀ ਮੌਜੂਦ ਹਨ।
ਇਥੇ ਖੇਤੀਬਾੜੀ ਦੇ ਸੰਦ, ਨਟ ਬੋਲਟ, ਸਰ੍ਹੋਂ ਦਾ ਤੇਲ, ਇੰਜਣ ਦਾ ਤੇਲ, ਕਾਫ਼ੀ, ਕੰਡੇਨਸਡ ਦੁੱਧ ਅਤੇ ਜੁੱਤੇ ਬਣਾਉਣ ਦੇ ਕਾਰਖ਼ਾਨੇ ਸਥਾਪਤ ਹਨ।
ਇਹ ਜ਼ਿਲ੍ਹਾ ਅਨਾਜ ਦੀ ਇਕ ਮਹੱਤਵਪੂਰਨ ਮੰਡੀ ਹੈ ਜਿਥੇ ਇਸ ਦਾ ਉਤਪਾਦਨ, ਆਯਾਤ ਅਤੇ ਨਿਰਯਾਤ ਕੀਤਾ ਜਾਂਦਾ ਹੈ।
ਵਿਦਿਅਕ ਪੱਖੋਂ ਵੀ ਇਹ ਇਕ ਉੱਨਤ ਜ਼ਿਲ੍ਹਾ ਹੈ ਜਿਸ ਵਿਚ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ, ਕਾਲਜ ਅਤੇ ਲਾਇਬ੍ਰੇਰੀਆਂ ਸਥਾਪਤ ਹਨ। ਇਥੇ ਆਯੁਰਵੈਦਿਕ ਅਤੇ ਐਲੋਪੈਥਿਕ ਡਿਸਪੈਂਸਰੀਆਂ ਅਤੇ ਹਸਪਤਾਲਾਂ ਵਰਗੀਆਂ ਸਿਹਤ ਸਹੂਲਤਾਂ ਵੀ ਮੁਹੱਈਆ ਹਨ।
ਇਸ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿਚ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ, ਸ੍ਰੀ ਗੁਰੂ ਹਰਿ ਰਾਇ ਸਾਹਿਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਇਤਿਹਾਸਕ ਗੁਰਦੁਆਰੇ ਸੁਸ਼ੋਭਿਤ ਹਨ। ਜ਼ਿਲ੍ਹਾ ਨਿਵਾਸੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਗੁਰਪੁਰਬ, ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਗੁਰਪੁਰਬ, ਬਸੰਤ ਪੰਚਮੀ, ਵਿਸਾਖੀ, ਹੋਲਾ ਮਹੱਲਾ, ਸ਼ਿਵਰਾਤਰੀ, ਰਾਮ ਨੌਮੀ, ਜਨਮ ਅਸ਼ਟਮੀ, ਤੀਆਂ ਅਤੇ ਗੁੱਗਾ ਨੌਮੀ ਜਿਹੇ ਤਿਉਹਾਰ ਅਤੇ ਪੁਰਬ ਵਿਸ਼ੇਸ਼ ਉਤਸ਼ਾਹ ਅਤੇ ਧਾਰਮਿਕ ਸਹਿਣਸ਼ੀਲਤਾ ਨਾਲ ਮਨਾਉਂਦੇ ਹਨ। ਦੀਨਾ ਪਿੰਡ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਯਾਦ ਨਾਲ ਸਬੰਧਤ ਜਫ਼ਰਨਾਮਾ ਦੀਵਾਨ ਵਿਸ਼ੇਸ਼ ਰੂਪ ਵਿਚ ਸ਼ਰਧਾ ਨਾਲ ਮਨਾਇਆ ਜਾਂਦਾ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4623, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-18-11-58-33, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.; ਐਨ. ਡਿ. ਗ. ਇੰਡ. 4: 687: ਡਿ. ਸੈ. ਹੈਂ ਬੁ. -ਫਰੀਦਕੋਟ
ਮੋਗਾ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਮੋਗਾ : ਸ਼ਹਿਰ– ਇਹ ਇਸੇ ਹੀ ਨਾਂ ਦੇ ਜ਼ਿਲ੍ਹੇ ਦਾ ਸਦਰ ਮੁਕਾਮ ਹੈ ਜਿਹੜਾ 1996 ਈ. ਤੋਂ ਪਹਿਲਾਂ ਫ਼ਰੀਦਕੋਟ ਜ਼ਿਲ੍ਹੇ ਵਿਚ ਸ਼ਾਮਲ ਸੀ। ਇਹ ਰੇਲ ਮਾਰਗ ਰਾਹੀਂ ਇਕ ਪਾਸੇ ਫਿਰੋਜ਼ਪੁਰ ਅਤੇ ਦੂਜੇ ਪਾਸੇ ਲੁਧਿਆਣੇ ਨਾਲ ਜੁੜਿਆ ਹੋਇਆ ਹੈ। ਸੜਕਾਂ ਰਾਹੀਂ ਇਹ ਫਿਰੋਜ਼ਪੁਰ, ਫ਼ਰੀਦਕੋਟ, ਲੁਧਿਆਣਾ ਅਤੇ ਸੰਗਰੂਰ ਤੋਂ ਇਲਾਵਾ ਮੋਗਾ ਜ਼ਿਲ੍ਹੇ ਦੇ ਬਾਕੀ ਕਸਬਿਆਂ ਅਤੇ ਪਿੰਡਾਂ ਨਾਲ ਵੀ ਜੁੜਿਆ ਹੋਇਆ ਹੈ।
ਮੋਗਾ ਸ਼ਹਿਰ ਦੀ ਮੁੱਖ ਪਛਾਣ ਇਥੇ ਸਥਾਪਤ ਨੈਸਲੇ ਫੂਡ ਸਪੈਸ਼ਲਿਸਟ ਲਿਮਿਟਿਡ ਕਰ ਕੇ ਹੈ। ਨੈਸਲੇ ਵੱਲੋਂ ਦੁੱਧ ਅਤੇ ਦੁੱਧ ਦੀਆਂ ਵਸਤਾਂ ਅਤੇ ਮੈਗੀ ਆਦਿ ਬਣਾਏ ਜਾਂਦੇ ਹਨ। ਇਸ ਸ਼ਹਿਰ ਨੇ ਰੂਸ, ਇੰਗਲੈਂਡ, ਅਮਰੀਕਾ, ਮਲੇਸ਼ੀਆ, ਥਾਈਲੈਂਡ, ਪੋਲੈਂਡ ਆਦਿ ਦੇਸ਼ਾਂ ਨੂੰ ਮੋਟਰ ਕਲਪੁਰਜ਼ੇ, ਕਪਾਹ ਦੇ ਬੀਜ, ਤੇਲ ਦੇ ਬੀਜ, ਮੇਵੇ ਆਦਿ ਨਿਰਯਾਤ ਕਰ ਕੇ ਬਹੁਤ ਸਾਰੀ ਬਦੇਸ਼ੀ ਮੁਦਰਾ ਕਮਾਈ ਹੈ।
ਇਥੇ ਦੇਸ਼ ਦੀ ਇਕ ਬਹੁਤ ਹੀ ਮਹੱਤਵਪੂਰਨ ਅਨਾਜ ਮੰਡੀ ਹੈ ਜਿਥੇ ਕਣਕ, ਚੌਲ, ਦਾਲਾਂ, ਤੇਲ ਦੇ ਬੀਜ, ਕਪਾਹ ਆਦਿ ਦੇ ਵਾਧੂ ਭੰਡਾਰ ਵਿਕਰੀ ਲਈ ਲਿਆਏ ਜਾਂਦੇ ਹਨ।
ਇਸ ਸ਼ਹਿਰ ਵਿਚ ਪ੍ਰਾਇਮਰੀ, ਮਿਡਲ, ਸੈਕੰਡਰੀ, ਸਕੂਲ ਤੋਂ ਇਲਾਵਾ ਸਾਇੰਸ, ਆਰਟਸ ਐਜੂਕੇਸ਼ਨ ਅਤੇ ਆਯੁਰਵੈਦਿਕ ਕਾਲਜ ਮੌਜੂਦ ਹਨ। ਰੀਡਿੰਗ ਰੂਮ ਦੀ ਸਹੂਲਤ ਸਹਿਤ ਦੋ ਪਬਲਿਕ ਲਾਇਬ੍ਰੇਰੀਆਂ ਵੀ ਹਨ।
ਸਿਹਤ ਪੱਖੋਂ ਇਸ ਸ਼ਹਿਰ ਵਿਚ ਇਕ ਹਸਪਤਾਲ, ਪਰਿਵਾਰ ਨਿਯੋਜਨ ਕੇਂਦਰ, ਆਯੁਰਵੈਦਿਕ ਅਤੇ ਐਲੋਪੈਥਿਕ ਡਿਸਪੈਂਸਰੀਆਂ ਮੌਜੂਦ ਹਨ।
ਸੰਨ 1973 ਵਿਚ ਰੀਗਲ ਸਿਨੇਮਾ ਨੇੜੇ ਇਕ ਖੂਨੀ ਕਾਂਡ ਵਾਪਰਿਆ ਸੀ ਜਿਸ ਨੇ ਇਕ ਬੜੀ ਵੱਡੀ ਵਿਦਿਆਰਥੀ ਲਹਿਰ ਨੂੰ ਜਨਮ ਦਿੱਤਾ ਅਤੇ ਬਾਅਦ ਵਿਚ ਇਸ ਸਿਨੇਮਾ ਦੀ ਥਾਂ ਸ਼ਹੀਦ ਵਿਦਿਆਰਥੀਆਂ ਦੀ ਯਾਦਗਾਰ ਦੇ ਰੂਪ ਵਿਚ ਲਾਇਬ੍ਰੇਰੀ ਬਣਾਈ ਗਈ।
ਮੋਗਾ ਸ਼ਹਿਰ ਪੰਜਾਬ ਦੇ ਉਨ੍ਹਾਂ ਸ਼ਹਿਰਾਂ ਵਿੱਚੋਂ ਇਕ ਹੈ ਜਿਨ੍ਹਾਂ ਨੇ ਬਹੁਤ ਛੇਤੀ ਤਰੱਕੀ ਕੀਤੀ ਹੈ ਅਤੇ ਬੜੀਆਂ ਨਵੀਆਂ ਆਬਾਦ ਹੋਈਆਂ ਕਾਲੋਨੀਆਂ ਇਥੇ ਬਣੀਆਂ ਹਨ। ਇਸ ਸ਼ਹਿਰ ਦਾ ਜ਼ਿਕਰ ਪੰਜਾਬੀ ਲੋਕਯਾਨ ਵਿਚ ਵੀ ਹੈ। ਬਹੁਤ ਸਾਰੀਆਂ ਪੰਜਾਬੀ ਬੋਲੀਆਂ ਅਤੇ ਟੱਪਿਆਂ ਵਿਚ ਇਸ ਸ਼ਹਿਰ ਦੀ ਵਿਸ਼ੇਸ਼ਤਾ ਦਰਸਾਈ ਗਈ ਹੈ।
ਆਬਾਦੀ – 1,34,242 (2001)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4911, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-18-11-59-44, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.; ਐਨ. ਡਿ. ਗ. ਇੰਡ. 4. 688-689; ਡਿ. ਸੈਂ. ਹੈਂ. ਬੁ. ਫਰੀਦਕੋਟ
ਵਿਚਾਰ / ਸੁਝਾਅ
Please Login First