ਮੋਰਿੰਡਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮੋਰਿੰਡਾ (ਕਸਬਾ): ਪੰਜਾਬ ਦੇ ਰੋਪੜ ਜ਼ਿਲ੍ਹੇ ਦਾ ਇਕ ਕਸਬਾ ਜਿਸ ਦਾ ਇਕ ਨਾਮਾਂਤਰ ‘ਬਾਗਾਂ ਵਾਲਾ’ ਵੀ ਹੈ। ਦਸੰਬਰ 1705 ਈ. ਵਿਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਦਾ ਕਿਲ੍ਹਾ ਛਡਿਆ ਤਾਂ ਸਰਸਾ ਨਦੀ ਵਿਚ ਹੜ੍ਹ ਆਏ ਹੋਣ ਕਾਰਣ ਸਾਰਾ ਪਰਿਵਾਰ ਵਿਛੜ ਗਿਆ। ਛੋਟੇ ਦੋ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਗੰਗੂ ਰਸੋਈਏ ਨਾਲ ਉਸ ਦੇ ਪਿੰਡ ਖੇੜੀ (ਸਹੇੜੀ) ਪਹੁੰਚੇ। ਗੰਗੂ ਨੇ ਧੋਖੇ ਨਾਲ ਇਸ ਦੀ ਸੂਚਨਾ ਮੋਰਿੰਡਾ ਨਿਵਾਸੀ ਜਾਨੀ ਖ਼ਾਨ ਅਤੇ ਮਾਨੀ ਖ਼ਾਨ ਨਾਂ ਦੇ ਰੰਘੜ ਮੁਖੀਆਂ ਨੂੰ ਦੇ ਦਿੱਤੀ। ਉਹ ਦੋਵੇਂ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਪਕੜ ਕੇ ਪਹਿਲਾਂ ਇਥੇ ਲਿਆਏ ਅਤੇ ਦੂਜੇ ਦਿਨ ਸਰਹਿੰਦ ਲੈ ਗਏ। ਸੰਨ 1763 ਈ. ਦੇ ਅੰਤ ਵਿਚ ਬੁਢਾ ਦਲ ਨੇ ਮੋਰਿੰਡੇ ਉਤੇ ਹਮਲਾ ਕਰਕੇ ਕਸਬੇ ਨੂੰ ਢਾਹ-ਢੇਰੀ ਕੀਤਾ ਅਤੇ ਜਾਨੀ ਤੇ ਮਾਨੀ ਰੰਘੜਾਂ ਦੇ ਪਰਿਵਾਰਾਂ ਨੂੰ ਖ਼ਤਮ ਕੀਤਾ। ਮੋਰਿੰਡੇ ਵਿਚ ਜਿਥੇ ਉਨ੍ਹਾਂ ਤਿੰਨਾਂ ਨੂੰ ਕੈਦ ਰਖਿਆ ਗਿਆ ਸੀ , ਉਥੇ ਹੁਣ ‘ਗੁਰਦੁਆਰਾ ਸ਼ਹੀਦ ਗੰਜ ’ ਬਣਿਆ ਹੋਇਆ ਹੈ। ਇਸ ਦੀ ਇਮਾਰਤ ਰੋਪੜ ਦੇ ਰਾਜਾ ਭੂਪ ਸਿੰਘ ਨੇ ਬਣਵਾਈ ਅਤੇ ਇਕ ਬਾਗ਼ ਵੀ ਗੁਰੂ -ਧਾਮ ਨੂੰ ਅਰਪਿਆ। ਬਾਦ ਵਿਚ ਇਸ ਦੀ ਇਮਾਰਤ ਨੂੰ ਨਵਾਂ ਰੂਪ ਦਿੱਤਾ ਗਿਆ। ਇਸ ਧਰਮ-ਧਾਮ ਦੀ ਵਿਵਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2159, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਮੋਰਿੰਡਾ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਮੋਰਿੰਡਾ : ਇਹ ਪਿੰਡ ਰੂਪ ਨਗਰ (ਰੋਪੜ) ਜ਼ਿਲ੍ਹੇ ਦੀ ਇਸੇ ਹੀ ਨਾਂ ਦੀ ਤਹਿਸੀਲ ਵਿਚ ਕਸਬਾ ਮੋਰਿੰਡਾ ਤੋਂ ਇਕ ਕਿ. ਮੀ. ਦੀ ਦੂਰੀ ਤੇ ਸਥਿਤ ਹੈ। ਇਸ ਪਿੰਡ ਦੇ ਰਹਿਣ ਵਾਲੇ ਜਾਨੀ ਤੇ ਮਾਨੀ ਰੰਘੜ ਗੰਗੂ ਬ੍ਰਾਹਮਣ ਨਾਲ 1704 ਈ. (ਸੰਮਤ 1761) ਵਿਚ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਪਿੱਛੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲੋਂ ਵਿਛੜੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ (ਬਾਬਾ ਜ਼ੋਰਾਵਰ ਸਿੰੰਘ ਤੇ ਬਾਬਾ ਫਤਹਿ ਸਿੰਘ ਜੀ) ਨੂੰ ਫੜ ਕੇ ਖੇੜੀ (ਸਹੇੜੀ) ਤੋਂ ਸਰਹਿੰਦ ਲੈ ਗਏ ਸਨ ਜਿਥੇ ਮਾਸੂਮ ਬੱਚਿਆਂ ਨੂੰ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਨੇ ਬੇਰਹਿਮੀ ਨਾਲ ਨੀਹਾਂ ਵਿਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਸੀ ਅਤੇ ਠੰਡੇ ਬੁਰਜ ਵਿਚ ਕੈਦ ਮਾਤਾ ਗੁਜਰੀ ਜੀ ਵੀ ਸਵਰਗ ਸਿਧਾਰ ਗਏ ਸਨ। ਸੰਨ 1762 (ਸੰਮਤ 1819) ਵਿਚ ਖਾਲਸੇ ਦੇ ਬੁੱਢਾ ਦਲ ਨੇ ਇਸ ਪਿੰਡ ਨੂੰ ਸੋਧ ਕੇ ਜਾਨੀ ਅਤੇ ਮਾਨੀ ਰੰਘੜ ਨੂੰ ਲੁਹਾਰ ਦੇ ਵਦਾਣਾਂ ਨਾਲ ਕੁੱਟ ਕੁੱਟ ਕੇ ਚੂਰਾ ਕਰ ਦਿੱਤਾ ਅਤੇ ਉਨ੍ਹਾਂ ਦੇ ਜ਼ਾਲਮ ਸਹਾਇਕਾਂ ਦੇ ਸਿਰ ਕ੍ਰਿਪਾਨ ਨਾਲ ਧੜਾਂ ਤੋਂ ਅਲੱਗ ਕਰ ਦਿੱਤੇ ਗਏ ਸਨ। ਇਸ ਪਿੰਡ ਦੇ ਉੱਤਰ ਵਾਲੇ ਪਾਸੇ ਪਿੰਡ ਦੇ ਨਜ਼ਦੀਕ ਹੀ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਯਾਦ ਵਿਚ ਬਣਿਆ ਹੋਇਆ ਇਕ ਗੁਰਦੁਆਰਾ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1115, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-18-12-04-43, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. ; ਤ. ਗਾ. ਗੁ.; ਡਿ. ਸੈਂ. ਹੈਂ. ਬੁ. -ਰੂਪਨਗਰ (1981)

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.