ਮੌਜੂਦਾ ਕਾਨੂੰਨ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Existing Law_ਮੌਜੂਦਾ ਕਾਨੂੰਨ: ਭਾਰਤ ਦੇ ਸੰਵਿਧਾਨ ਦੇ ਅਨੁਛੇਦ 366 (10) ਵਿਚ ਮੌਜੂਦਾ ਕਾਨੂੰਨ ਦੀ ਪਰਿਭਾਸ਼ਾ ਨਿਮਨ ਅਨੁਸਾਰ ਦਿੱਤੀ ਗਈ ਹੈ:-

       ‘‘ਮੌਜੂਦਾ ਕਾਨੂੰਨ ਦਾ ਮਤਲਬ ਹੈ ਕੋਈ ਕਾਨੂੰਨ , ਆਰਡੀਨੈਂਸ, ਹੁਕਮ , ਉਪ ਕਾਨੂੰਨ, ਨਿਯਮ ਜਾਂ ਵਿਨਿਯਮ ਜੋ ਇਸ ਸੰਵਿਧਾਨ ਦੇ ਅਰੰਭ ਤੋਂ ਪਹਿਲਾਂ ਅਜਿਹਾ ਕਾਨੂੰਨ, ਆਰਡੀਨੈਂਸ, ਹੁਕਮ, ਉਪਕਾਨੂੰਨ, ਨਿਯਮ ਜਾਂ ਵਿਨਿਯਮ ਬਣਾਉਣ ਦੀ ਸ਼ਕਤੀ ਰਖਣ ਵਾਲੇ ਕਿਸੇ ਵਿਧਾਨ ਮੰਡਲ, ਸੱਤਾਧਾਰੀ ਜਾਂ ਵਿਅਕਤੀ ਦੁਆਰ ਪਾਸ ਕੀਤਾ ਜਾਂ ਬਣਾਇਆ ਗਿਆ ਹੈ।’’

       ਮੁਹੰਮਦ ਅਬਦੁਲ ਕਾਦਰ ਬਨਾਮ ਸੀ. ਆਈ. ਟੀਂ (ਏ ਆਈ ਆਰ 1962 ਕੇਰਲ 38) ਅਨੁਸਾਰ ਜੇ ਕੋਈ ਐਕਟ ਪਹਿਲੀ ਜੁਲਾਈ 1949 ਤੋਂ ਪਹਿਲਾਂ ਕਾਨੂੰਨ ਪੁਸਤਕ ਤੇ ਹੋਵੇ ਅਤੇ ਉਸ ਦਾ ਨਿਰਾਕਰਨ ਨ ਕੀਤਾ ਗਿਆ ਹੋਵੇ ਤਾਂ ਉਸ ਨੂੰ ਮੌਜੂਦਾ ਐਕਟ ਕਿਹਾ ਜਾ ਸਕਦਾ ਹੈ। ਇਸੇ ਤਰ੍ਹਾਂ ਮੈਸੂਰ ਰਾਜ ਬਨਾਮ ਐਚ. ਸੰਜੀਵੀਆ (ਏ ਆਈ ਆਰ 1967 ਐਸ ਸੀ 1189) ਅਨੁਸਾਰ ਮੌਜੂਦਾ ਕਾਨੂੰਨ ਦੀ ਹੈਸੀਅਤ ਰਖਣ ਲਈ ਜ਼ਰੂਰੀ ਹੈ ਕਿ ਉਹ ਅਜਿਹੇ ਵਿਧਾਨ ਮੰਡਲ ਦੁਆਰਾ ਬਣਾਇਆ ਗਿਆ ਹੋਵੇ ਜੋ ਉਸ ਨੂੰ ਬਣਾਉਣ ਦੀ ਸ਼ਕਤੀ ਰਖਦਾ ਹੋਵੇ।’’

       ਸਿਲਹਟ ਸਹਿਕਾਰੀ ਕੇਂਦਰੀ ਬੈਂਕ ਲਿਮਟਿਡ ਬਨਾਮ ਧੀਰੇਂਦਰ ਨਾਥ ਡੇ (ਏ ਆਈ ਆਰ 1956 ਆਸਾਮ 166) ਅਨੁਸਾਰ ‘‘ਇਹ ਸਪਸ਼ਟ ਹੈ ਕਿ ‘ਮੌਜੂਦਾ ਕਾਨੂੰਨ’ ਵਿਚ ਸੰਕੇਤ ਪ੍ਰਵਿਧਾਨਕ ਕਾਨੂੰਨ ਵਲ ਹੈ। ਇਥੇ ਮਤਲਬ ਪ੍ਰਵਿਧਾਨਕ ਕਾਨੂੰਨ ਤੋਂ ਹੈ ਕਿਉਂਕਿ ਮਜੌਦਾ ਕਾਨੂੰਨ ਹੋਣ ਦੇ ਮੰਤਵ ਨਾਲ ਉਸਦਾ ਕੋਈ ਕਾਨੂੰਨ ਆਰਡੀਨੈਂਸ, ਹੁਕਮ ਆਦਿ ਹੋਣਾ ਜ਼ਰੂਰੀ ਹੈ ਜੋ ਵਿਧਾਨ ਮੰਡਲ ਜਾਂ ਹੋਰ ਸ਼ਕਤੀ ਰਖਣ ਵਾਲੇ ਸੱਤਾਧਾਰੀ ਦੁਆਰਾ ਪਾਸ ਕੀਤਾ ਜਾਂ ਬਣਾਇਆ ਗਿਆ ਹੋਵੇ। ਇਸ ਵਿਚ ਮਿਸਾਲ ਲਈ, ਹਿੰਦੂਆਂ ਦੇ ਜਾਂ ਮੁਸਲਮਾਨਾਂ ਦੇ ਨਿਜੀ ਕਾਨੂੰਨ ਸ਼ਾਮਲ ਨਹੀਂ ਹੋਣਗੇ ਅਤੇ ਨ ਹੀ ਇਸ ਦੇ ਘੇਰੇ ਵਿਚ ਅਜਿਹਾ ਰਵਾਜ ਜਾਂ ਪ੍ਰਥਾ ਆਵੇਗੀ ਜਿਸ ਨੇ ਕਾਨੂੰਨ ਦਾ ਬਲ ਹਾਸਲ ਕਰ ਲਿਆ ਹੋਵੇ।’’

       ਐਨ ਸੀ ਬੋਸ ਬਨਾਮ ਐਸ. ਐਨ. ਦੇਸ (ਏ ਆਈ ਆਰ 1956 ਕਲਕੱਤਾ 222) ਅਨੁਸਾਰ ਭਾਰਤ ਦੇ ਸੰਵਿਧਾਨ ਦੇ ਅਨੁਛੇਦ 366 (10) ਅਤੇ ਅਨੁਛੇਦ 372 (1) ਦੀ ਸ਼ਬਦਾਵਲੀ ਦੀ ਤੁਲਨਾ ਤੋਂ ਮਲੂਮ ਹੁੰਦਾ ਹੈ ਕਿ ਅਨੁਛੇਦ 366 (10) ਵਿਚ ਯਥਾ-ਪਰਿਭਾਸ਼ਤ ਮੌਜੂਦਾ ਕਾਨੂੰਨ ਪ੍ਰਵਿਧਾਨਕ ਕਾਨੂੰਨ ਜਾਂ ਆਰਡੀਨੈਂਸ; ਹੁਕਮਾਂ, ਉਪਕਾਨੂੰਨਾਂ ਨਿਯਮਾਂ ਅਤੇ ਵਿਨਿਯਮਾਂ ਤਕ ਸੀਮਤ ਹੈ, ਪਰ ਅਨੁਛੇਦ 372 (1) ਵਿਚ ‘‘ਨਾਫ਼ਜ਼ ਸਭ ਕਾਨੂੰਨ’’ ਇਤਨਾ ਸੀਮਤ ਨਹੀਂ ਅਤੇ ਰਵਾਜੀ ਕਾਨੂੰਨ ਅਤੇ ਹਿੰਦੂ ਅਤੇ ਮੁਸਲਿਮ ਕਾਨੂੰਨ ਵਰਗੇ ਨਿਜੀ ਕਾਨੂੰਨ ਤਕ ਵਿਸਤ੍ਰਿਤ ਹੈ, ਅਤੇ ਅਨੁਛੇਦ 366 (10) ਵਿਚ ਯਥਾ ਪਰਿਭਾਸ਼ਤ ਮੌਜੂਦਾ ਕਾਨੂੰਨ ਤੋਂ ਕਿਤੇ ਜ਼ਿਆਦਾ ਸਰਬਗ੍ਰਾਹੀ ਹੈ। ਇਸ ਤੋਂ ਇਹ ਨਤੀਜਾ ਨਿਕਲਦਾ ਹੈ ਕਿ ਉਥੇ 366 (10) ਵਿਚ ਯਥਾ ਪਰਿਭਾਸ਼ਤ ਮੌਜੂਦਾ ਕਾਨੂੰਨ ‘‘ਨਾਫ਼ਜ਼ ਸਭ ਕਾਨੂੰਨ’’ ਦਾ ਭਾਗ ਹੈ ਅਤੇ ਅਨੁਛੇਦ 372 ਦੀ ਵਿਆਖਿਆ I ਵਿਚ ਉਸ ਦੀ ਪਰਿਭਾਸ਼ਾ ਵਿਚ ‘‘ਸ਼ਾਮਲ ਹੈ’’ ਸ਼ਬਦਾਂ ਦੀ ਵਰਤੋਂ ਉਸ ਦੇ ਅਰਥਾਂ ਨੂੰ ਸੰਕੁਚਿਤ ਕਰਨ ਦੀ ਥਾਂ ਉਸ ਵਿਚ ਵਿਸਤਾਰ ਲਿਆਂਦਾ ਗਿਆ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1329, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.