ਮੌੜ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮੌੜ (ਪਿੰਡ): ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦਾ ਇਕ ਪਿੰਡ ਜਿਸ ਦਾ ਇਕ ਨਾਮਾਂਤਰ ‘ਢਿਲਵਾਂ ਮੌੜ’ ਵੀ ਹੈ। ਇਸ ਪਿੰਡ ਤੋਂ 2 ਕਿ.ਮੀ. ਉਤਰ-ਪੂਰਬ ਵਲ ਇਕ ਝਿੜੀ ਵਿਚ ‘ਦੁਲਮੀ ਕੀ ਢਾਬ ’ ਨਾਂ ਦਾ ਟੋਭਾ ਸੀ। ਮਾਲਵਾ ਖੇਤਰ ਦੀ ਯਾਤ੍ਰਾ ਵੇਲੇ ਗੁਰੂ ਤੇਗ ਬਹਾਦਰ ਜੀ ਜਦੋਂ ਢਿਲਵਾਂ ਪਿੰਡ ਵਿਚ ਠਹਿਰੇ ਹੋਏ ਸਨ , ਉਦੋਂ ਉਸ ਟੋਭੇ ਵਲ ਗੁਰੂ ਜੀ ਘੋੜਸਵਾਰੀ ਲਈ ਆਉਂਦੇ ਸਨ। ਕਾਲਾਂਤਰ ਵਿਚ ਗੁਰੂ ਜੀ ਦੀ ਆਮਦ ਦੀ ਯਾਦ ਵਿਚ ਉਥੇ ਸਮਾਰਕ ਬਣਾਇਆ ਗਿਆ ਅਤੇ ਟੋਭੇ ਦਾ ਨਾਂ ‘ਦੁਲਮਸਰ’ ਪ੍ਰਚਲਿਤ ਹੋਇਆ। ਉਸੇ ਥਾਂ ਉਤੇ ਬਾਦ ਵਿਚ ‘ਗੁਰਦੁਆਰਾ ਸਾਹਿਬ ਦੁਲਮਸਰ ਪਾਤਿਸ਼ਾਹੀ ਨੌਵੀਂ’ ਦੀ ਇਮਾਰਤ ਉਸਾਰੀ ਗਈ। ਇਸ ਗੁਰਦੁਆਰੇ ਦੀ ਵਿਵਸਥਾ ਬੁੱਢਾ ਦਲ ਦੇ ਨਿਹੰਗ ਸਿੰਘ ਕਰਦੇ ਹਨ। ਇਥੇ ਇਕ ਪੁਰਾਤਨ ‘ਸਿੰਘਾਂ ਵਾਲੀ ਖੂਹੀ ’ ਵੀ ਹੈ ਜਿਸ ਦਾ ਪਿਛੋਕੜ ਅਸਪੱਸ਼ਟ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 29269, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਮੌੜ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਮੌੜ : ਸਿੱਖ ਇਤਿਹਾਸ ਨਾਲ ਸਬੰਧਤ ਇਹ ਪਿੰਡ ਸੰਗਰੂਰ ਜ਼ਿਲ੍ਹੇ ਦੀ ਬਰਨਾਲਾ ਤਹਿਸੀਲ ਵਿਚ ਤਪੇ ਤੋਂ 5 ਕਿ. ਮੀ. ਦੀ ਦੂਰੀ ਤੇ ਸਥਿਤ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਢਿੱਲਵੀਂ ਨਿਵਾਸ ਰੱਖਦੇ ਹੋਏ ਲੋਕਾਂ ਦੇ ਕਲਿਆਣ ਲਈ ਕੁੱਝ ਸਮਾਂ ਇੱਥੇ ਆ ਕੇ ਬਿਰਾਜੇ ਸਨ। ਇਥੋਂ ਦੇ ਲੋਕਾਂ ਦਾ ਪ੍ਰੇਮ ਭਾਵ ਵੇਖ ਕੇ ਗੁਰੂ ਜੀ ਨੇ ਆਪਣਾ ਚੋਲਾ ਬਖਸ਼ਿਆ ਜੋ ਹੁਣ ਭਾਈ ਬਸੰਤ ਸਿੰਘ ਦੇ ਪਰਿਵਾਰ ਕੋਲ ਸੁਰੱਖਿਅਤ ਪਿਆ ਹੈ। ਗੁਰੂ ਜੀ ਦੇ ਆਗਮਨ ਦੀ ਯਾਦ ਵਿਚ ਇਕ ਗੁਰਦੁਆਰਾ ਬਣਿਆ ਹੋਇਆ ਹੈ। ਇਹ ਪਿੰਡ ਪਹਿਲਾਂ ਪੈਪਸੂ ਦੀ ਨਾਭਾ ਰਿਆਸਤ ਵਿਚ ਸ਼ਾਮਲ ਸੀ। ਇਸ ਲਈ ਇਸ ਨੂੰ ਮੌੜ ਨਾਭਾ ਵੀ ਆਖਿਆ ਜਾਂਦਾ ਹੈ।

ਸੰਨ 1981 ਦੀ ਮਰਦਮ ਸ਼ੁਮਾਰੀ ਮੁਤਾਬਕ ਇਸ ਪਿੰਡ ਦਾ ਰਕਬਾ 2,914 ਹੈਕਟੇਅਰ ਹੈ। ਇਥੇ ਹਾਈ ਸਕੂਲ ਅਤੇ ਜੱਚਾ ਬੱਚਾ ਸਹਿਤ ਕੇਂਦਰ ਬਣਿਆ ਹੋਇਆ ਹੈ। ਡਾਕ ਘਰ ਵੀ ਬਣਿਆ ਹੋਇਆ ਹੈ। ਇਥੇ ਕਿਸਾਨ ਵਿਗਿਆਨਕ ਢੰਗਾਂ ਨਾਲ ਕਣਕ, ਨਰਮਾ, ਕਪਾਹ, ਬਾਜਰਾ, ਮੱਕੀ ਅਤੇ ਪਸ਼ੂਆਂ ਲਈ ਚਾਰੇ ਦੀ ਕਾਸ਼ਤ ਕਰਦੇ ਹਨ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 18142, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-18-12-06-24, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. ; ਤ. ਗਾ. ਗੁ. : 126

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.