ਮੰਜੀਆਂ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਮੰਜੀਆਂ: ‘ਮੰਜੀ ’ ਤੋਂ ਭਾਵ ਹੈ ਚਾਰਪਾਈ ਜਿਸ ਉਤੇ ਆਮ ਤੌਰ ’ਤੇ ਲੋਕੀਂ ਬੈਠਦੇ ਅਤੇ ਸੌਂਦੇ ਹਨ। ਪਰ ਸਿੱਖ ਇਤਿਹਾਸ ਵਿਚ ਇਸ ਸ਼ਬਦ ਦਾ ਪਰਿਭਾਸ਼ਿਕ ਮਹੱਤਵ ਹੈ। ਜਦੋਂ ਕੋਈ ਸਤਿਕਾਰਯੋਗ ਪੁਰਸ਼ ਜਾਂ ਧਰਮ-ਸਾਧਕ ਸਿੱਖਾਂ ਵਿਚ ਧਰਮ-ਪ੍ਰਚਾਰ ਲਈ ਜਾਂਦਾ ਸੀ , ਤਾਂ ਉਸ ਨੂੰ ਮੰਜੀ ਉਤੇ ਬਿਠਾ ਕੇ ਸ਼ਰਧਾਲੂ ਜਾਂ ਜਿਗਿਆਸੂ ਉਸ ਦੇ ਪ੍ਰਵਚਨ ਸੁਣਦੇ ਸਨ। ਗੁਰੂ ਨਾਨਕ ਦੇਵ ਜੀ ਉਦਾਸੀਆਂ ਵੇਲੇ ਜਿਥੇ ਗਏ, ਉਥੇ ਧਰਮਸਾਲਾ ਕਾਇਮ ਕੀਤੀ। ਕਿਤੇ ਕਿਤੇ ‘ਸੰਗਤ ’ ਸਥਾਪਿਤ ਕਰਨ ਦੇ ਉੱਲੇਖ ਵੀ ਮਿਲਦੇ ਹਨ। ਗੁਰੂ ਅਮਰਦਾਸ ਜੀ ਦੇ ਸਮੇਂ ਤਕ ਸਿੱਖੀ ਦਾ ਕਾਫ਼ੀ ਵਿਸਤਾਰ ਹੋ ਚੁਕਾ ਸੀ, ਵਖ ਵਖ ਇਲਾਕਿਆਂ ਦੇ ਸਿੱਖਾਂ ਵਿਚ ਪਰਸਪਰ ਸੰਬੰਧ ਬਣਾਏ ਰਖਣ ਅਤੇ ਪ੍ਰ੍ਰਚਾਰ ਦੇ ਸਿਲਸਿਲੇ ਨੂੰ ਜਾਰੀ ਰਖਣ ਲਈ ਗੁਰੂ ਅਮਰਦਾਸ ਜੀ ਨੇ ਆਪਣੇ ਵਿਸ਼ਵਸਤ ਧਰਮ- ਸਾਧਕਾਂ ਨੂੰ ਵਖਰੇ ਵਖਰੇ ਇਲਾਕੇ ਵਿਚ ਧਰਮ- ਪ੍ਰਚਾਰ ਦੀ ਜ਼ਿੰਮੇਵਾਰੀ ਸੌਂਪੀ ਅਤੇ ਸਿੱਖਾਂ ਵਿਚ ਮੰਜੀ ਉਤੇ ਬੈਠ ਕੇ ਪ੍ਰਵਚਨ ਕਰਨ ਦੀ ਆਗਿਆ ਦਿੱਤੀ। ਇਸ ਪ੍ਰਕਾਰ ਦੇ ਧਰਮ-ਸਾਧਕਾਂ ਅਤੇ ਉਨ੍ਹਾਂ ਦੇ ਕੇਂਦਰਾਂ ਦੀ ਗਿਣਤੀ 22 ਤਕ ਦਸੀ ਜਾਂਦੀ ਹੈ। ਇਹ ਕੇਂਦਰ ਬਾਦ ਵਿਚ ‘22 ਮੰਜੀਆਂ’ ਦੇ ਨਾਂ ਨਾਲ ਪ੍ਰਸਿੱਧ ਹੋਏ। ਗੁਰੂ ਅਰਜਨ ਦੇਵ ਜੀ ਨੇ ਇਨ੍ਹਾਂ ਮੰਜੀਆਂ ਨੂੰ ਮਸਨਦਾਂ ਵਿਚ ਬਦਲ ਦਿੱਤਾ। ਇਹੀ ਸ਼ਬਦ ਵਿਗੜ ਕੇ ‘ਮਸੰਦ ’ ਬਣ ਗਿਆ, ਜੋ ਮਸਨਦ-ਨਸ਼ੀਨਾਂ ਲਈ ਵੀ ਵਰਤਿਆ ਜਾਣ ਲਗਾ। ਉਨ੍ਹਾਂ ਮਸੰਦਾਂ ਦੀਆਂ ਮਨਮਾਨੀਆਂ ਅਤੇ ਖ਼ੁਦਮੁਖ਼ਤਿਆਰੀਆਂ ਦੇ ਫਲਸਰੂਪ ਗੁਰੂ ਗੋਬਿੰਦ ਸਿੰਘ ਜੀ ਨੇ ‘ਮਸੰਦ-ਪ੍ਰਥਾ’ ਖ਼ਤਮ ਕਰ ਦਿੱਤੀ।
ਸਿੱਖ ਧਰਮ ਵਿਚ ‘ਮੰਜੀ’ ਸ਼ਬਦ ਦੇ ਪ੍ਰਯੋਗ ਦੀ ਦੂਜੀ ਪ੍ਰਥਾ ਹੈ ਗੁਰੂ-ਧਾਮ ਨੂੰ ‘ਮੰਜੀ ਸਾਹਿਬ’ ਕਹਿਣਾ। ਇਸ ਦੇ ਪਿਛੋਕੜ ਵਿਚ ਜਾਈਏ ਤਾਂ ਪਤਾ ਚਲਦਾ ਹੈ ਕਿ ਜਿਥੇ ਵੀ ਗੁਰੂ-ਸਾਹਿਬਾਨ ਧਰਮ-ਪ੍ਰਚਾਰ ਜਾਂ ਪਰਉਪਕਾਰ ਲਈ ਜਾਂਦੇ , ਉਥੇ ਉਨ੍ਹਾਂ ਦੇ ਬੈਠਣ ਵਾਲੇ ਸਥਾਨ ਉਤੇ ਥੜਾ ਜਿਹਾ ਬਣਾ ਦਿੱਤਾ ਜਾਂਦਾ। ਉਸ ਥੜੇ ਦੇ ਇਰਦ- ਗਿਰਦ ਸ਼ਰਧਾਲੂ ਬੈਠ ਕੇ ਆਪਣੇ ਗੁਰੂ ਪ੍ਰਤਿ ਸ਼ਰਧਾ ਦੀ ਭਾਵਨਾ ਪ੍ਰਗਟ ਕਰਦੇ। ਸਤਿਕਾਰ ਵਜੋਂ ਉਨ੍ਹਾਂ ਥੜਿਆਂ ਨੂੰ ‘ਥੜਾ ਸਾਹਿਬ’ ਕਿਹਾ ਜਾਣ ਲਗਾ। ਪਰ ਮੌਸਮੀ ਮਜਬੂਰੀਆਂ ਕਾਰਣ ਉਨ੍ਹਾਂ ਥੜਿਆਂ ਵਾਲੀ ਥਾਂ ਉਤੇ ਇਕ ਕੋਠਾ ਜਾਂ ਕਮਰਾ ਬਣਾਇਆ ਜਾਣ ਲਗਾ। ਇਹ ਕਮਰੇ ਬਾਦ ਵਿਚ ਮੰਜੀ ਸਾਹਿਬ ਵਜੋਂ ਪ੍ਰਸਿੱਧ ਹੋਏ। ਹੁਣ ਵੀ ਕਈ ਗੁਰਦੁਆਰਿਆਂ ਦੇ ਨਾਂ ਮੰਜੀ ਸਾਹਿਬ ਵਜੋਂ ਵਿਖਿਆਤ ਹਨ। ਇਸ ਤਰ੍ਹਾਂ ‘ਮੰਜੀ ਸਾਹਿਬ’ ਸਿੱਖ ਸਮਾਜ ਦਾ ਆਦਰ- ਭਾਵੀ ਸ਼ਬਦ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3206, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First