ਮੱਸਾ ਰੰਘੜ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਮੱਸਾ ਰੰਘੜ (ਮ. 1740 ਈ.): ਅੰਮ੍ਰਿਤਸਰ ਨਗਰ ਤੋਂ 8 ਕਿ.ਮੀ.ਦੱਖਣ ਵਲ ਸਥਿਤ ਪਿੰਡ ਮੰਡਿਆਲੀ ਦੇ ਨਿਵਾਸੀ ਮੱਸੇ ਖ਼ਾਨ ਰੰਘੜ ਨੂੰ ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਨ ਨੇ ਕਾਜ਼ੀ ਅਬਦੁਰ ਰਹਿਮਾਨ ਦੇ ਮਾਰੇ ਜਾਣ ਤੋਂ ਬਾਦ ਅੰਮ੍ਰਿਤਸਰ ਦਾ ਕੋਤਵਾਲ ਨਿਯੁਕਤ ਕੀਤਾ। ਇਸ ਨੂੰ ਵਿਸ਼ੇਸ਼ ਕੰਮ ਇਹ ਸੌਂਪਿਆ ਗਿਆ ਕਿ ਸਿੱਖਾਂ ਨੂੰ ਹਰਿਮੰਦਿਰ ਸਾਹਿਬ ਵਿਚ ਦਾਖ਼ਲ ਨ ਹੋਣ ਦੇਵੇ। ਇਸ ਨੇ ਹਰਿਮੰਦਿਰ ਸਾਹਿਬ ਵਿਚ ਹੀ ਆਪਣਾ ਅੱਡਾ ਜਮਾ ਲਿਆ। ਉਥੇ ਨਿੱਤ ਵੇਸਵਾ ਦਾ ਨਾਚ ਕਰਾਉਂਦਾ ਅਤੇ ਸ਼ਰਾਬ ਤੇ ਤੰਬਾਕੂ ਪੀਂਦਾ ਸੀ। ਉਨ੍ਹਾਂ ਦਿਨਾਂ ਵਿਚ ਜ਼ਕਰੀਆ ਖ਼ਾਨ ਦੇ ਅਤਿਆਚਾਰਾਂ ਕਾਰਣ ਸਿੰਘ ਜੋਧੇ ਪਹਾੜਾਂ ਅਤੇ ਮਰੂਥਲਾਂ ਵਲ ਨਿਕਲ ਗਏ ਸਨ। ਜਦੋਂ ਹਰਿਮੰਦਿਰ ਸਾਹਿਬ ਦੇ ਇਸ ਅਪਮਾਨ ਦਾ ਪਤਾ ਸਰਦਾਰ ਸ਼ਿਆਮ ਸਿੰਘ ਦੇ ਜੱਥੇ ਨੂੰ ਲਗਾ ਜੋ ਉਸ ਵੇਲੇ ਰਾਜਸਥਾਨ ਵਿਚ ਪਨਾਹ ਲਈ ਬੈਠਾ ਸੀ, ਤਾਂ ਸ. ਮਤਾਬ ਸਿੰਘ ਮੀਰਾਕੋਟੀਏ ਨੇ ਇਸ ਅਪਮਾਨ ਦਾ ਬਦਲਾ ਲੈਣ ਦਾ ਪ੍ਰਣ ਕੀਤਾ ਅਤੇ ਇਕ ਹੋਰ ਯੋਧੇ ਸ. ਸੁੱਖਾ ਸਿੰਘ ਕੰਬੋਮਾੜੀ ਵਾਲੇ ਨੂੰ ਨਾਲ ਲੈ ਕੇ ਅੰਮ੍ਰਿਤਸਰ ਲਈ ਪ੍ਰਸਥਾਨ ਕੀਤਾ। ਹਰਿਮੰਦਿਰ ਸਾਹਿਬ ਦੇ ਪ੍ਰਵੇਸ਼ ਦੁਆਰ ਉਤੇ ਲਗੇ ਪਹਿਰੇ ਤੋਂ ਬਚਣ ਲਈ ਇਨ੍ਹਾਂ ਨੇ ਮਾਲੀਆ ਤਾਰਨ ਵਾਲੇ ਕਿਸਾਨਾਂ ਦਾ ਰੂਪ ਧਾਰਿਆ ਅਤੇ 11 ਅਗਸਤ 1740 ਈ. ਨੂੰ ਹਰਿਮੰਦਿਰ ਸਾਹਿਬ ਵਿਚ ਪ੍ਰਵੇਸ਼ ਕੀਤਾ। ਅੰਦਰ ਵੜ ਕੇ ਇਨ੍ਹਾਂ ਨੇ ਮੱਸੇ ਰੰਘੜ ਦਾ ਸਿਰ ਵਢਿਆ ਅਤੇ ਉਸ ਦੇ ਸੰਪਰਕ ਵਿਚ ਬੈਠਿਆਂ ਨੂੰ ਦੰਡ ਦਿੱਤਾ। ਕਿਸੇ ਮੁਗ਼ਲ ਹਾਕਮ ਨੂੰ ਪਤਾ ਲਗਣ ਤੋਂ ਪਹਿਲਾਂ ਇਹ ਸੁਰਖਿਅਤ ਇਲਾਕੇ ਵਲ ਨਿਕਲ ਗਏ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5973, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਮੱਸਾ ਰੰਘੜ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਮੱਸਾ ਰੰਘੜ :ਇਹ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਮੰਡਿਆਲੀ ਦਾ ਚੌਧਰੀ ਸੀ। ਹਾਕਮ ਜ਼ਕਰੀਆ ਖ਼ਾਨ ਦੇ ਜ਼ੁਲਮਾਂ ਤੋਂ ਤੰਗ ਆ ਕੇ ਕੁਝ ਸਿੰਘ ਪਹਾੜਾਂ ਵੱਲ ਤੇ ਕੁਝ ਬੀਕਾਨੇਰ ਜੈਪੁਰ ਤੇ ਜੋਧਪੁਰ ਆਦਿ ਰਿਆਸਤਾਂ ਵਿਚ ਚਲੇ ਗਏ ਅਤੇ ਜਿਹੜੇ ਪੰਜਾਬ ਵਿਚ ਸਨ ਉਹ ਤੰਗੀ ਦਾ ਸਮਾਂ ਗੁਜ਼ਾਰਦੇ ਤੇ ਦਿਨੇ ਲੁਕ ਕੇ ਰਹਿੰਦੇ ਸਨ। ਇਲਾਕਿਆਂ ਦੇ ਚੌਧਰੀਆਂ ਨੇ ਸਿੰਘਾਂ ਨੂੰ ਦਬਾਉਣ ਬਦਲੇ ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਨ ਨੂੰ ਜਾਗੀਰਾਂ ਤੇ ਹੋਰ ਇਨਾਮ ਆਦਿ ਦਿੱਤੇ। ਇਨ੍ਹਾਂ ਚੌਧਰੀਆਂ ਵਿਚ ਮੰਡਿਆਲੀ ਦਾ ਇਹ ਚੌਧਰੀ ਵੀ ਸੀ।
ਲੁਕੇ ਛਿਪੇ ਸਿੰਘ ਰਾਤ ਬਰਾਤੇ ਅੰਮ੍ਰਿਤਸਰ ਸਰੋਵਰ ਵਿਚ ਇਸ਼ਨਾਨ ਕਰਨ ਆਇਆ ਕਰਦੇ ਸਨ। ਇਸ ਦੀ ਰਾਖੀ ਲਈ ਜ਼ਕਰੀਆ ਖ਼ਾਨ ਨੇ ਮੱਸਾ ਰੰਘੜ ਨੂੰ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦਾ ਚਾਰਜ ਦੇ ਦਿੱਤਾ। ਦੂਜਾ ਖਿਆਲ ਇਹ ਵੀ ਕੀਤਾ ਜਾਂਦਾ ਸੀ ਕਿ ਪੰਜਾਬ ਤੋਂ ਬਾਹਰ ਗਏ ਹੋਏ ਸਿੰਘ ਵੀ ਜਦੋਂ ਪੰਜਾਬ ਆਉਣਗੇ ਤਾਂ ਉਹ ਪਹਿਲਾਂ ਹਰਿਮੰਦਰ ਸਾਹਿਬ ਦਰਸ਼ਨਾਂ ਲਈ ਜ਼ਰੂਰ ਆਉਣਗੇ। ਮੱਸਾ ਫ਼ੌਜ ਲੈ ਕੇ ਹਰਿਮੰਦਰ ਸਾਹਿਬ ਵਿਚ ਆ ਬੈਠਾ। ਇਸ ਤੀਰਥ ਅਸਥਾਨ ਦੀ ਮੱਸੇ ਨੇ ਬੇਅਦਬੀ ਕਰਨੀ ਸ਼ੁਰੂ ਕਰ ਦਿੱਤੀ। ਜਿਥੇ ਚੌਵੀ ਘੰਟੇ ਇਲਾਹੀ ਬਾਣੀ ਦਾ ਕੀਰਤਨ ਹੋਇਆ ਕਰਦਾ ਸੀ ਉਥੇ ਮੱਸਾ ਪਲੰਘ ਡਾਹ ਕੇ ਬੈਠ ਜਾਂਦਾ ਤੇ ਸਾਰਾ ਦਿਨ ਗ਼ੈਰ ਮਰਿਯਾਦਾ ਵਾਲੇ ਕੰਮ ਕਰਦਾ ਰਹਿੰਦਾ। ਨਾਚ ਕਰਵਾਉਂਦਾ, ਹੁੱਕਾ ਪੀਂਦਾ ਤੇ ਸ਼ਰਾਬ ਦਾ ਦੌਰ ਵੀ ਚਲਾਇਆ ਕਰਦਾ ਸੀ। ਹਰਿਮੰਦਰ ਸਾਹਿਬ ਦੀ ਇਹ ਬੇਅਦਬੀ ਸਮੁੱਚੇ ਸ਼ਰਧਾਲੂਆਂ ਲਈ ਅਸਹਿ ਸੀ। ਪੰਜਾਬ ਵਿਚ ਲੁਕੇ ਹੋਏ ਸਿੱਖਾਂ ਵਿਚੋਂ ਪਿੰਡ ਕੰਗ ਦਾ ਇਕ ਸਿੰਘ ਬੁਲਾਕਾ ਸਿੰਘ ਵੀ ਸੀ। ਉਸ ਨੂੰ ਜਦੋਂ ਮੱਸੇ ਦੀਆਂ ਕਰਤੂਤਾਂ ਦਾ ਪਤਾ ਲੱਗਾ ਤਾਂ ਉਸ ਦਾ ਖੂਨ ਖੌਲ ਉਠਿਆ ਪਰ ਇਕੱਲਾ ਕੁਝ ਨਹੀਂ ਸੀ ਕਰ ਸਕਦਾ, ਕੇਵਲ ਲਹੂ ਦੇ ਘੁੱਟ ਭਰ ਕੇ ਰਹਿ ਗਿਆ। ਬੁਲਾਕਾ ਸਿੰਘ ਜਿਵੇਂ ਨਾ ਕਿਵੇਂ ਰਾਹਾਂ ਦੇ ਦੁਖ ਝਲਦਾ ਹੋਇਆ ਜੈਪੁਰ (ਬੀਕਾਨੇਰ) ਗਿਆ ਜਿਥੇ ਸ. ਸ਼ਾਮ ਸਿੰਘ ਨਾਰਲੀ ਤੇ ਸ. ਬੁੱਢਾ ਸਿੰਘ ਦਾ ਜੱਥਾ ਟਿਕਿਆ ਹੋਇਆ ਸੀ। ਇਨ੍ਹਾਂ ਨੇ ਸ. ਬੁਲਾਕਾ ਸਿੰਘ ਨੂੰ ਹਰਿਮੰਦਰ ਸਾਹਿਬ ਦਾ ਹਾਲ ਪੁਛਿਆ। ਅੱਗੋਂ ਬੁਲਾਕਾ ਸਿੰਘ ਭੁੱਬਾਂ ਮਾਰ ਕੇ ਰੋਣ ਲਗ ਪਿਆ। ਉਨ੍ਹਾਂ ਉਸ ਤੋਂ ਰੋਣ ਦਾ ਕਾਰਣ ਪੁਛਿਆ ਤਾਂ ਬੁਲਾਕਾ ਸਿੰਘ ਨੇ ਉੱਤਰ ਦਿੱਤਾ ਕਿ ਖਾਲਸਾ ਜੀ! ਅਸੀਂ ਤੁਸੀਂ ਜੀਉਂਦੇ ਹੀ ਮਰ ਗਏ ਹਾਂ। ਸ੍ਰੀ ਹਰਿਮੰਦਰ ਸਾਹਿਬ ਅੰਦਰ ਮੱਸਾ ਰੰਘੜ ਜੁੱਤੀਆਂ, ਹੁੱਕਿਆਂ ਸਮੇਤ ਮਜਲਸ ਲਾ ਕੇ ਕੰਜਰੀ ਦਾ ਨਾਚ ਵੇਖਦਾ ਹੈ, ਜਿਹੜੇ ਕੰਮ ਨਹੀ ਕਰਨੇ ਸਨ, ਕਰਦਾ ਹੈ। ਅੱਗੋਂ ਮਹਿਤਾਬ ਸਿੰਘ ਬੋਲਿਆ ‘‘ਉਸ ਦਾ ਸਿਰ ਕਿਉਂ ਨਾ ਲਾਹਿਆ ? ਐਡੀ ਵਡੀ ਬੇਅਦਬੀ ਦਰਬਾਰ ਸਾਹਿਬ ਦੀ ਹੁੰਦੀ ਵੇਖ ਕੇ ਤੂੰ ਜਿਉਂਦਾ ਕਿਉਂ ਚਲਾ ਆਇਆ ?’’ ਅਗੋਂ ਬੁਲਾਕਾ ਸਿੰਘ ਨੇ ਆਖ਼ਿਆ ਜਿਸ ਤਰ੍ਹਾਂ ਤੁਸੀਂ ਚਲੇ ਆਏ ਹੋ ਉਸੇ ਤਰ੍ਹਾਂ ਮੈਂ ਵੀ ਤੇ ਹੋਰ ਸਿੰਘ ਨੱਠ ਗਏ। ਇਹ ਸੁਣ ਸ. ਬੁੱਢਾ ਸਿੰਘ ਨੇ ਤਲਵਾਰ ਸਭਾ ਵਿਚ ਰੱਖ ਦਿੱਤੀ ਤੇ ਆਖਿਆ ‘‘ਕੋਈ ਸਿੰਘ ਹੈ ਜੋ ਮੱਸੇ ਦਾ ਸਿਰ ਲਿਆਵੇ’’। ਇਹ ਸੁਣ ਕੇ ਸ. ਸੁੱਖਾ ਸਿੰਘ ਤਰਖਾਣ ਕੰਬੋ ਮਾੜੀ ਵਾਲਾ ਤੇ ਸ. ਮਹਿਤਾਬ ਸਿੰੰਘ ਪਿੰਡ ਮੀਰਾਂ ਕੋਟ ਦੋਵੇਂ ਤਲਵਾਰਾਂ ਧੂਹ ਕੇ ਉਠ ਖਲੋਤੇ ਤੇ ਸੰਗਤ ਤੋਂ ਆਪਣੇ ਕਾਰਜ ਦੀ ਸਫ਼ਲਤਾ ਦੀ ਆਗਿਆ ਮੰਗੀ ਤੇ ਵਾਹਿਗੁਰੂ ਅੱਗੇ ਅਰਦਾਸ ਕਰ ਕੇ ਪੰਜਾਬ ਵੱਲ ਰਵਾਨਾ ਹੋ ਗਏ। ਕਈ ਦਿਨਾਂ ਵਿਚ ਉਹ ਪੰਜਾਬ ਪੁੱਜੇ।
ਅੰਮ੍ਰਿਤਸਰ ਦੇ ਨੇੜੇ ਪਹੁੰਚੇ ਤਾਂ ਦੋਹਾਂ ਸਿੰਘਾਂ ਨੇ ਮੱਸੇ ਤਕ ਪਹੁੰਚਣ ਦੀ ਵਿਉਂਤ ਬਣਾਈ। ਉਨ੍ਹਾਂ ਥੇਹ ਤੋਂ ਠੀਕਰੀਆਂ ਇਕੱਠੀਆਂ ਕਰਕੇ ਦੋ ਥੈਲੇ ਭਰ ਲਏ ਤੇ ਕੇਸ ਪਿਛਾਂਹ ਸੁੱਟ ਲਏ ਤਾਂ ਜੋ ਵੇਖਣ ਵਾਲੇ ਇਹ ਸਮਝਣ ਕਿ ਕਿਸੇ ਪਿੰਡ ਦੇ ਨੰਬਰਦਾਰ ਮਾਮਲਾ ਤਾਰਨ ਆਏ ਹਨ। ਦੁਪਹਿਰ ਵੇਲੇ ਦੋਵੇਂ ਦਰਸ਼ਨੀ ਡਿਉਢੀ ਅੱਗੇ ਜਾ ਪੁੱਜੇ। ਡਿਉਢੀ ਦੇ ਬੂਹਿਓਂ ਬਾਹਰ ਖੱਬੇ ਹੱਥ ਬੇਰੀ (ਜੋ ਲਾਚੀ ਬੇਰੀ ਦੇ ਨਾਂ ਨਾਲ ਪ੍ਰਸਿੱਧ ਹੈ) ਨਾਲ ਘੋੜੇ ਬੰਨ੍ਹ ਦਿੱਤੇ। ਪਹਿਰੇਦਾਰਾਂ ਨੇ ਸੋਚਿਆ ਕਿ ਕਿਸੇ ਪਿੰਡ ਦੇ ਨੰਬਰਦਾਰ ਹੋਣਗੇ ਜੋ ਮਾਮਲਾ ਤਾਰਨ ਲਈ ਆਏ ਹਨ ਜਿਸ ਕਰਕੇ ਸਿੰਘਾਂ ਨੂੰ ਕਿਸੇ ਨੇ ਵੀ ਨਾ ਰੋਕਿਆ। ਦੁਪਹਿਰ ਦਾ ਸਮਾਂ ਹੋਣ ਕਰਕੇ ਬਹੁਤੀ ਫ਼ੌਜ ਥਾਓਂ ਥਾਈਂ ਆਰਾਮ ਕਰ ਰਹੀ ਸੀ ਤੇ ਕੋਈ ਕੋਈ ਪਹਿਰੇਦਾਰ ਜਾਗਦਾ ਸੀ। ਸਿੰਘ ਹਰਿਮੰਦਰ ਸਾਹਿਬ ਅੰਦਰ ਦਾਖ਼ਲ ਹੋ ਗਏ, ਵੇਖਿਆ ਤਾਂ ਅੱਗੇ ਮੱਸਾ ਪਲੰਘ ਤੇ ਬੈਠਾ ਹੁੱਕਾ ਪੀ ਰਿਹਾ ਸੀ ਤੇ ਸਾਹਮਣੇ ਨਾਚ ਹੋ ਰਿਹਾ ਸੀ। ਉਸ ਦੇ ਇਰਦ ਗਿਰਦ ਉਸ ਦੇ ਕੁਝ ਦੋਸਤ ਮਿੱਤਰ ਬੈਠੇ ਸ਼ਰਾਬ ਦੇ ਨਸ਼ੇ ਵਿਚ ਝੂਮ ਰਹੇ ਸਨ। ਇਹ ਵੇਖ ਕੇ ਸਿੰਘਾਂ ਦੇ ਦਿਲਾਂ ਅੰਦਰ ਭਾਂਬੜ ਮਚ ਉਠੇ। ਸੁੱਖਾ ਸਿੰਘ ਨੇ ਥੈਲੀ (ਜੋ ਠੀਕਰੀਆਂ ਨਾਲ ਭਰੀ ਹੋਈ ਸੀ) ਮੱਸੇ ਦੇ ਪਲੰਘ ਹੇਠਾਂ ਜਾ ਸੁੱਟੀ। ਮੱਸੇ ਨੇ ਥੈਲੀ ਵੇਖਣ ਲਈ ਜਦੋਂ ਗਰਦਨ ਜ਼ਰਾ ਕੁ ਪਲੰਘ ਹੇਠਾਂ ਨੂੰ ਝੁਕਾਈ ਤਾਂ ਮਹਿਤਾਬ ਸਿੰਘ ਨੇ ਤਲਵਾਰ ਸੂਤ ਕੇ ਉਸ ਦਾ ਸਿਰ ਲਾਹ ਸੁਟਿਆ। ਲਗਦੇ ਹੱਥ ਸੁੱਖਾ ਸਿੰਘ ਨੇ ਵੀ ਪੰਜਾਂ ਦੱਸਾਂ ਦੇ ਹੋਰ ਸਿਰ ਝਟਕਾ ਦਿੱਤੇ। ਸੁੱਖਾ ਸਿੰਘ ਨੇ ਮੱਸੇ ਦੇ ਗਹਿਣੇ ਲਾਹ ਲਏ। ਦੋਵੇਂ ਸਿੰਘ ਮੱਸੇ ਦਾ ਸਿਰ ਲੈ ਕੇ ਬਾਹਰ ਨਿਕਲੇ ਤੇ ਫ਼ੌਜ ਦੇ ਜਾਗਣ ਤੋਂ ਪਹਿਲਾਂ ਹੀ ਘੋੜਿਆਂ ਤੇ ਚੜ੍ਹ ਜੈਪੁਰ ਨੂੰ ਰਵਾਨਾ ਹੋ ਗਏ। ਮੱਸੇ ਦੇ ਕੁਝ ਕੁ ਫ਼ੌਜੀਆਂ ਨੇ ਸਿੰਘਾਂ ਦਾ ਪਿੱਛਾ ਕੀਤਾ ਪਰ ਕੋਈ ਵਾਹ ਪੇਸ਼ ਨਾ ਜਾਂਦੀ ਵੇਖ ਕੇ ਵਾਪਸ ਪਰਤ ਆਏ। ਮੱਸੇ ਦੇ ਕਤਲ ਦੀ ਘਟਨਾ 1740 ਈ. (1797 ਬਿਕਰਮੀ ਵਿਚ) ਦੀ ਹੈ।
ਸ. ਮਹਿਤਾਬ ਸਿੰਘ ਤੇ ਸ. ਸੁੱਖਾ ਸਿੰਘ ਨੇ ਮੱਸੇ ਦਾ ਸਿਰ ਜੱਥੇਦਾਰ ਬੁੱਢਾ ਸਿੰਘ ਅੱਗੇ ਜਾ ਧਰਿਆ। ਇਹ ਵੇਖ ਸਮੂਹ ਸੰਗਤ ਦੀ ਖੁਸ਼ੀ ਦੀ ਹੱਦ ਨਾ ਰਹੀ। ਅੰਤ ਮੱਸੇ ਦਾ ਸਿਰ ਸਾੜ ਦਿੱਤਾ। ਮੱਸੇ ਦੇ ਕਤਲ ਦੀ ਇਸ ਘਟਨਾ ਨੇ ਪੰਜਾਬ ਦੇ ਹਾਕਮਾਂ ਦੇ ਦਿਲ ਹਿਲਾ ਦਿੱਤੇ। ਉਸ ਦਾ ਪਰਿਵਾਰ ਉਸ ਦੀ ਸਿਰੋਂ ਸੱਖਣੀ ਲਾਸ਼ ਲੈ ਕੇ ਖ਼ਾਨ ਬਹਾਦਰ ਸਾਹਮਣੇ ਜਾ ਪੇਸ਼ ਹੋਇਆ। ਇਹ ਵੇਖ ਕੇ ਜ਼ਕਰੀਆ ਖ਼ਾਨ ਨੇ ਚੌਧਰੀਆਂ ਦੀ ਬਹੁਤ ਮਾਰ ਕੁਟਾਈ ਕੀਤੀ ਤੇ ਕਿਹਾ ਤੁਸੀਂ ਕਹਿੰਦੇ ਸੀ ਸਿੱਖ ਰਹਿਣ ਕੋਈ ਨਹੀਂ ਦਿੱਤਾ ਤਾਂ ਦੱਸੋ ਇਹ ਕਿਥੋਂ ਆ ਗਏ ਹਨ। ਸੋ ਜਾਂ ਤਾਂ ਮੱਸੇ ਦੇ ਕਾਤਲ ਫੜਾ ਦਿਓ ਨਹੀਂ ਤਾਂ ਬਦਲਾ ਤੁਹਾਡੇ ਤੋਂ ਲਿਆ ਜਾਵੇਗਾ। ਇਸ ਤਰ੍ਹਾਂ ਮੱਸਾ ਗੁਰੂ ਘਰ ਦੀ ਕੀਤੀ ਬੇਅਦਬੀ ਕਾਰਨ ਆਪਣੀ ਜਾਨ ਤੋਂ ਹੱਥ ਧੋ ਬੈਠਾ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2672, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-14-11-38-32, ਹਵਾਲੇ/ਟਿੱਪਣੀਆਂ: ਹ. ਪੁ. –ਸਿੱਖ ਰਾਜ ਕਿਵੇਂ ਬਣਿਆ -ਸੋਹਣ ਸਿੰਘ ਸੀਤਲ; 90-95; ਤ. ਗੁ. ਖਾ. ਭਾਗ ਦੂਜਾ : 131-132; ਹਿ. ਸਿ.-ⅠⅠ -ਹਰੀ ਰਾਮ ਗੁਪਤਾ : 58-59; ਮ. ਕੋ. : ਸਿ. ਇ. -ਪਿੰ. ਤੇਜਾ ਸਿੰਘ. ਡਾ. ਗੰਡਾ ਸਿੰਘ
ਵਿਚਾਰ / ਸੁਝਾਅ
Please Login First