ਯਥਾਰਥਵਾਦ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਯਥਾਰਥਵਾਦ : ਯਥਾਰਥਵਾਦੀ ਲਹਿਰ ਫ਼੍ਰਾਂਸ ਵਿੱਚ ਪੈਦਾ ਹੋ ਕੇ 1840 ਤੋਂ 1880 ਦੌਰਾਨ ਵਿਕਸਿਤ ਹੋਈ ਅਤੇ ਛੇਤੀ ਹੀ ਸਾਰੇ ਯੂਰਪ ਅਤੇ ਅਮਰੀਕਾ ਵਿੱਚ ਫੈਲ ਗਈ। ਯਥਾਰਵਾਦੀਆਂ ਨੇ ਰੁਮਾਂਸਵਾਦੀਆਂ ਦੀ ਆਤਮਪਰਕਤਾ, ਵਿਅਕਤੀਵਾਦ ਅਤੇ ਇਤਿਹਾਸਿਕ ਜਨੂੰਨ ਦੇ ਖਿਲਾਫ਼ ਪ੍ਰਤਿਕਰਮ ਕਰਦਿਆਂ ਜੀਵਨ ਦੇ ਆਮ ਸੱਚ ਜਾਂ ਕੁਦਰਤੀ ਸੱਚ ਦਾ ਵਰਣਨ ਕਰਨ ਦਾ ਉਪਰਾਲਾ ਕੀਤਾ। ਜਦੋਂ ਕਿ ਰੁਮਾਂਸਵਾਦ ਸੱਚ ਦੇ ਆਦਰਸ਼ੀਕਰਨ ਵੱਲ ਰੁਚਿਤ ਸੀ ਅਤੇ ਨਵ-ਸਨਾਤਨਵਾਦ ਸਮਕਾਲੀ ਯਥਾਰਥ ਦੀ ਗ਼ੈਰ-ਸੰਜੀਦਾ ਅਤੇ ਤੋੜੀ-ਮਰੋੜੀ ਪੇਸ਼ਕਾਰੀ ਕਰ ਰਿਹਾ ਸੀ। ਯਥਾਰਥਵਾਦੀ ਲਹਿਰ ਨੇ ਨਿਤਾਪ੍ਰਤੀ ਜੀਵਨ ਦੀਆਂ ਘਟਨਾਵਾਂ, ਪਾਤਰਾਂ ਅਤੇ ਪਰਿਸਥਿਤੀਆਂ ਨੂੰ ਠੀਕ ਓਵੇਂ ਪੇਸ਼ ਕਰਨ ਤੇ ਬਲ ਦਿੱਤਾ ਜਿਵੇਂ ਉਹ ਨਜ਼ਰ ਆਉਂਦੇ ਸਨ। ਭਾਵੇਂ ਯੂਨਾਨੀ ਅਤੇ ਪੁਨਰ-ਜਾਗਰਨ ਲਹਿਰ ਤੋਂ ਪ੍ਰੇਰਿਤ ਕਲਾ ਅਤੇ ਸਾਹਿਤ (ਜਿਵੇਂ ਕਿ ਸ਼ੇਕਸਪੀਅਰ ਦਾ ਦੁਖਾਂਤ ਨਾਟਕ) ਵੀ ਯਥਾਰਥਵਾਦੀ ਸੀ ਪਰ ਉਸ ਦਾ ਸੰਬੰਧ ਮਨੁੱਖੀ ਜੀਵਨ ਦੇ ਸਰਬ-ਵਿਆਪੀ ਯਥਾਰਥ ਨਾਲ ਸੀ। ਯਥਾਰਥਵਾਦੀ ਲਹਿਰ ਆਧੁਨਿਕ ਸਮਿਆਂ ਵਿੱਚ ਅਤੇ ਆਧੁਨਿਕ ਅਰਥਾਂ ਵਿੱਚ ਉਨ੍ਹੀਵੀਂ ਸਦੀ ਵਿੱਚ ਹੀ ਪ੍ਰਚਲਿਤ ਹੋਈ। ਇਹ ਆਧੁਨਿਕ ਸੰਸਾਰ-ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਹੈ, ਜਿਸ ਦਾ ਅਰਥ ਹੈ ਕਿ ਆਤਮ-ਖ਼ੁਦਮੁਖ਼ਤਿਆਰ ਹੈ ਅਤੇ ਯਥਾਰਥ ਨੂੰ ਜਾਣਨ ਦੀ ਸਮਰੱਥਾ ਰੱਖਦਾ ਹੈ ਅਤੇ ਵਸਤੂ-ਪਰਕ ਸੱਚ ਠੋਸ ਹਕੀਕਤ ਹੈ ਜਿਸ ਨੂੰ ਜਾਣਿਆ ਜਾ ਸਕਦਾ ਹੈ ਅਤੇ ਭਾਸ਼ਾ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਯਥਾਰਥਵਾਦ ਭਾਸ਼ਾ ਨੂੰ ਯਥਾਰਥ ਦੇ ਚਿਤਰਨ ਦਾ ਇੱਕ ਸਪਸ਼ਟ ਮਾਧਿਅਮ ਮੰਨਦਾ ਹੈ ਬੇਸ਼ੱਕ ਇਹ ਧਾਰਨਾ ਆਧੁਨਿਕਤਾਵਾਦ ਅਤੇ ਉੱਤਰ-ਸੰਰਚਨਾਵਾਦ/ਉੱਤਰ- ਆਧੁਨਿਕਤਾਵਾਦ ਤੋਂ ਮਗਰੋਂ ਸਮੱਸਿਆਕਾਰੀ ਹੋ ਗਈ ਹੈ। ਯਥਾਰਥਵਾਦ ਕਾਲਪਨਿਕ, ਮਿੱਥਕ ਅਤੇ ਗ਼ੈਰ- ਯਥਾਰਥਿਕ ਪਾਤਰ ਉਸਾਰੀ ਅਤੇ ਬੇਤਰਤੀਬੇ ਪਲਾਟਾਂ ਦੀ ਨਿਖੇਧੀ ਕਰਦਾ ਹੈ ਅਤੇ ਆਧੁਨਿਕਤਾਵਾਦ ਵਾਂਗ ਆਪਣੇ-ਆਪ ਵੱਲ ਧਿਆਨ ਖਿੱਚਣ ਲਈ ਭਾਸ਼ਕ ਜੁਗਤਾਂ ਦੀ ਘਾੜਤ ਅਤੇ ਤਜਰਬੇਕਾਰੀ ਤੋਂ ਗ਼ੁਰੇਜ਼ ਕਰਦਾ ਹੈ। ਭਾਵੇਂ ਯਥਾਰਥਵਾਦ ਦਾ ਮੁਢਲਾ ਪ੍ਰਗਟਾਅ ਅਠਾਰਵੀਂ ਸਦੀ ਵਿੱਚ ਜੌਨ ਸਿੰਗਲਟਨ ਕੌਪਾਲੇ ਅਤੇ ਗੋਯਾ ਦੀ ਚਿੱਤਰਕਾਰੀ ਵਿੱਚ ਹੋਇਆ ਪਰ ਇੱਕ ਲਹਿਰ ਦੇ ਰੂਪ ਵਿੱਚ ਇਸ ਦਾ ਉਭਾਰ ਉਨ੍ਹੀਵੀਂ ਸਦੀ ਵਿੱਚ ਹੀ ਹੋਇਆ, ਜਦੋਂ ਕਲਾਕਾਰਾਂ ਦਾ ਵਿਸ਼ਵਾਸ ਸਮੇਂ ਦੀਆਂ ਅਕਾਦਮਿਕ ਅਤੇ ਕਲਾ ਸੰਸਥਾਵਾਂ ਤੋਂ ਉੱਠ ਗਿਆ ਸੀ।

     ਫ਼੍ਰਾਂਸ ਵਿੱਚ 1848 ਦੇ ਇਨਕਲਾਬ ਪਿੱਛੋਂ ਜਦੋਂ ਇੱਕ ਵਧੇਰੇ ਜਮਹੂਰੀ ਸਰਕਾਰ ਹੋਂਦ ਵਿੱਚ ਆਈ ਤਾਂ ਜਮਹੂਰੀਅਤ ਅਤੇ ਸਮਾਜਵਾਦ ਦੇ ਆਦਰਸ਼ ਪੈਰਿਸ ਦੇ ਕਾਫ਼ੀ ਹਾਊਸਾਂ ਵਿੱਚ ਕਲਾਕਾਰਾਂ, ਲੇਖਕਾਂ ਅਤੇ ਬੁੱਧੀ- ਜੀਵੀਆਂ ਵਿੱਚ ਵਿਚਾਰ-ਚਰਚਾ ਦਾ ਵਿਸ਼ਾ ਬਣੇ। ਐਂਡਲਰ ਕੈਲਰ ਅਤੇ ਗਸਟਾਵ ਕੂਰਬੇ ਇਹਨਾਂ ਇਕੱਠਾਂ ਵਿੱਚ ਸ਼ਾਮਲ ਹੁੰਦੇ। ਇੱਥੋਂ ਉਹਨਾਂ ਨੂੰ ਕਲਾ ਵਿੱਚ ਨਵੇਂ ਵਿਚਾਰਾਂ ਦੀ ਪੇਸ਼ਕਾਰੀ ਦੀ ਪ੍ਰੇਰਨਾ ਮਿਲੀ। ਕੂਰਬੇ ਇੱਕ ਸ੍ਵੈ- ਸਿੱਖਿਅਤ ਕਲਾਕਾਰ ਸੀ ਜਿਸ ਨੇ ਆਪਣੀਆਂ ਕਲਾ ਕ੍ਰਿਤਾਂ ਵਿੱਚ ਬਾਹਰੀ ਸੱਚ ਦੀ ਹੂ-ਬਹੂ ਪੇਸ਼ਕਾਰੀ ਕਰਨ ਦਾ ਯਤਨ ਕੀਤਾ। ਉਹ ਆਪਣੇ ਯਥਾਰਥ ਬਾਰੇ ਮਨੋ- ਵੇਗਾਂ, ਅੰਤਰ-ਅਨੁਭਵਾਂ ਅਤੇ ਪ੍ਰਭਾਵਾਂ ਨੂੰ ਵੀ ਉਸੇ ਤਰ੍ਹਾਂ ਕੈਨਵਸ `ਤੇ ਉਤਾਰਨਾ ਚਾਹੁੰਦਾ ਸੀ ਜਿਵੇਂ ਉਹ ਉਹਨਾਂ ਨੂੰ ਮਹਿਸੂਸ ਕਰਦਾ ਸੀ। ਆਪਣੀਆਂ ਰਚਨਾਵਾਂ ਵਿੱਚ ਉਸ ਨੇ ਦੇਵੀ-ਦੇਵਤਿਆਂ ਜਾਂ ਨਾਇਕਾਂ ਦੀ ਬਜਾਏ ਨਿਮਾਣੇ ਜਿਹੇ ਪੇਂਡੂਆਂ, ਕਿਰਸਾਣਾਂ ਅਤੇ ਮਜ਼ਦੂਰਾਂ ਨੂੰ ਪੇਸ਼ ਕੀਤਾ, ਬੇਸ਼ੱਕ ਸਮੇਂ ਦੀ ਪੈਰਿਸ ਦੀ ਜਨਤਾ ਇਹਨਾਂ ਨੂੰ ਕਲਾ ਵਿੱਚ ਵੇਖਣ ਦੀ ਆਦੀ ਨਹੀਂ ਸੀ। ਦਾ ਸਟੋਨਬਰੇਕਰਜ਼ ਵਿੱਚ ਉਸ ਨੇ ਇੱਕ ਅਜਿਹੇ ਬੁੱਢੇ ਆਦਮੀ ਦੀ ਤਸਵੀਰ ਖਿੱਚੀ ਜੋ ਕੰਮ ਕਰਨ ਦੀ ਉਮਰ ਲੰਘਾ ਚੁੱਕਾ ਸੀ ਅਤੇ ਇੱਕ ਲੜਕਾ ਪੇਸ਼ ਕੀਤਾ ਜੋ ਅਜੇ ਕੰਮ ਕਰਨ ਜੋਗਾ ਨਹੀਂ ਸੀ ਹੋਇਆ। ਦੋਵੇਂ ਚੀਥੜਿਆਂ ਵਿੱਚ ਸਨ ਅਤੇ ਉਹਨਾਂ ਦੇ ਚਿਹਰੇ ਲੁਕੇ ਹੋਏ ਸਨ। ਇਹ ਤਸਵੀਰਾਂ ਕੰਮ ਕਰਦੇ ਵਿਅਕਤੀ ਦੀ ਸ਼ਾਨ ਦਾ ਪ੍ਰਤੀਕ ਹਨ। ਇਸੇ ਤਰ੍ਹਾਂ ਕੈਮਿਲੇ ਕੋਰੇ, ਜਿਸ ਨੇ ਬਾਰਬੀਜ਼ੋ ਸਕੂਲ ਨੂੰ ਗਹਿਰਾ ਪ੍ਰਭਾਵਿਤ ਕੀਤਾ, ਨੇ ਕੁਦਰਤੀ ਵਾਤਾਵਰਨ ਨੂੰ ਆਪਣੀ ਕਲਾ ਦਾ ਵਿਸ਼ਾ-ਵਸਤੂ ਬਣਾਇਆ। ਇਸ ਤਰ੍ਹਾਂ ਜਾਂ ਫ੍ਰਾਂਕੋਇ ਮਿਲੇ ਬਾਰਬੀਜ਼ੋ ਸਕੂਲ ਦਾ ਇੱਕ ਪ੍ਰਤਿਨਿਧ ਕਲਾਕਾਰ ਸੀ ਜਿਸ ਨੇ ਆਪਣੇ ਰੋਜ਼ਾਨਾ ਜੀਵਨ ਵਿੱਚ ਕੰਮ-ਧੰਦੇ ਲੱਗੀ ਪੇਂਡੂ ਕਿਰਸਾਣੀ ਨੂੰ ਆਪਣੀ ਕਲਾ ਵਿੱਚ ਵਿਸ਼ੇਸ਼ ਸਥਾਨ ਦਿੱਤਾ। ਉਹ ਬਾਰਬੀਜ਼ੋ ਸਕੂਲ ਦੇ ਆਦਰਸ਼ਾਂ ਤੋਂ ਏਨਾ ਪ੍ਰਭਾਵਿਤ ਹੋਇਆ ਕਿ ਉਹ ਬਾਰਬੀਜ਼ੋ ਦੇ ਜੰਗਲਾਂ ਵਿੱਚ ਹੀ ਆਪਣੀ ਬੀਵੀ ਅਤੇ ਚੌਦਾਂ ਬੱਚਿਆਂ ਨਾਲ ਰਹਿਣ ਲੱਗ ਪਿਆ ਅਤੇ ਗ਼ੁਰਬਤ ਦਾ ਜੀਵਨ ਬਸਰ ਕਰਦਿਆਂ ਆਪਣੀ ਕਲਾ ਨੂੰ ਸਿਰਜਿਆ। ਉਸ ਦੇ ਨੇਕ ਕਿਰਸਾਣਾਂ ਅਤੇ ਸ਼ਾਂਤਮਈ ਕੁਦਰਤੀ ਵਾਤਾਵਰਨ ਦੇ ਚਿਤਰਨ ਨੇ ਮਗਰੋਂ ਵਾਂ ਗੌਗ ਨੂੰ ਵੀ ਗਹਿਰਾ ਪ੍ਰਭਾਵਿਤ ਕੀਤਾ।

     ਸਾਹਿਤ ਦੇ ਖੇਤਰ ਵਿੱਚ ਯਥਾਰਥਵਾਦ ਦਾ ਮੁਢਲਾ ਪ੍ਰਗਟਾਅ ਫ਼੍ਰਾਂਸੀਸੀ ਲੇਖਕ ਸਟੈਂਥਾਲ ਦੀਆਂ ਲਿਖਤਾਂ ਵਿੱਚ ਹੋਇਆ ਪਰ ਆਮ ਤੌਰ ਤੇ ਇਸ ਦਾ ਪਿਤਾਮਾ ਬਲਜ਼ਾਕ ਨੂੰ ਸਮਝਿਆ ਜਾਂਦਾ ਹੈ। ਉਸ ਦੀ ਕਿਰਤ ‘ਹਿਊਮਨ ਕਾਮੇਡੀ’ 70 ਤੋਂ ਉਪਰ ਨਾਵਲਾਂ ਵਿੱਚ ਉਨ੍ਹੀਵੀਂ ਸਦੀ ਦੇ ਫ਼੍ਰਾਂਸ ਦੀ ਵਿਸਤ੍ਰਿਤ ਤਸਵੀਰ ਪੇਸ਼ ਕਰਦੀ ਹੈ। ਇਸੇ ਤਰ੍ਹਾਂ ਗਸਤਾਵ ਫ਼ਲੋਬੇਅ ਆਪਣੇ ਨਾਵਲ ਮਦਾਮ ਬੋਵਰੀ ਵਿੱਚ ਯਥਾਰਥਵਾਦ ਦੀ ਸ਼ਾਨਦਾਰ ਮਿਸਾਲ ਪੇਸ਼ ਕਰਦਾ ਹੈ। ਬਲਜ਼ਾਕ ਅਤੇ ਫ਼ਲੋਬੇਅ ਨੇ ਬਾਅਦ ਦੇ ਯਥਾਰਥਵਾਦੀਆਂ `ਤੇ ਗਹਿਰਾ ਪ੍ਰਭਾਵ ਪਾਇਆ। ਮਗਰਲੇ ਯਥਾਰਥਵਾਦੀਆਂ ਵਿੱਚ ਫ਼੍ਰਾਂਸ ਦੇ ਮੋਪਾਸਾਂ, ਪੁਰਤਗਾਲ ਦੇ ਇਕਾ ਕੁਈਰੋ, ਸਪੇਨ ਦੇ ਪੈਲੀਟੋ ਪੈਰਜ਼ ਗੈਨਡੋਜ਼, ਇਟਲੀ ਦੇ ਅਲੈਮਡਰੋ ਮਨਜ਼ੋਲੀ, ਇੰਗਲੈਂਡ ਦੇ ਜਾਰਜ ਇਲੀਅਟ ਦੇ ਨਾਂ ਸ਼ਾਮਲ ਕੀਤੇ ਜਾ ਸਕਦੇ ਹਨ। ਰੂਸੀ ਲੀਓ ਤਾਲਸਤਾਏ ਨੂੰ ਸਭ ਤੋਂ ਵੱਡਾ ਯਥਾਰਥਵਾਦੀ ਮੰਨਿਆ ਜਾਂਦਾ ਹੈ। ਨਾਟਕ ਵਿੱਚ ਇਸ ਦੀ ਪ੍ਰਤਿਨਿਧਤਾ ਇਬਸਨ ਅਤੇ ਬਰਨਾਰਡ ਸ਼ਾਅ ਕਰਦੇ ਹਨ। ਫ਼੍ਰਾਂਸ ਵਿੱਚ ਮਗਰੋਂ ਯਥਾਰਥਵਾਦ ਪ੍ਰਕਿਰਤੀਵਾਦ ਵਿੱਚ ਬਦਲ ਗਿਆ। ਐਮਾਈਲ ਜ਼ੋਲਾ ਨੂੰ ਇਸ ਦਾ ਮੋਢੀ ਮੰਨਿਆ ਜਾਂਦਾ ਹੈ। ਕੁਝ ਲੋਕ ਯਥਾਰਥਵਾਦ ਅਤੇ ਪ੍ਰਕਿਰਤੀਵਾਦ ਨੂੰ ਸਮਾਨਾਂਤਰ ਅਰਥਾਂ ਵਿੱਚ ਹੀ ਲੈਂਦੇ ਹਨ। ਪ੍ਰਕਿਰਤੀ- ਵਾਦੀ ਲਹਿਰ ਕੁਦਰਤੀ ਵਿਗਿਆਨਾਂ ਨੂੰ (ਵਿਸ਼ੇਸ਼ ਤੌਰ ਤੇ ਜੀਵ ਵਿਗਿਆਨ ਅਤੇ ਮਨੋਵਿਗਿਆਨ) ਨੂੰ ਸਾਹਿਤ/ਕਲਾ ਦਾ ਆਧਾਰ ਬਣਾਉਣ ਦਾ ਯਤਨ ਕਰਦੀ ਹੈ। ਇਹ ਲਹਿਰ ਜੀਵਨ ਵਿੱਚ ਮਨੁੱਖ ਦੀਆਂ ਮੂਲ-ਪ੍ਰਵਿਰਤੀਆਂ ਅਤੇ ਵਾਤਾਵਰਨ ਦੇ ਮਹੱਤਵ ਨੂੰ ਉਜਾਗਰ ਕਰਦੀ ਹੈ। ਇਸ ਨੂੰ ਆਮ ਤੌਰ ਤੇ ਯਥਾਰਥਵਾਦ ਦਾ ਵਿਸਤਾਰ ਹੀ ਸਮਝਿਆ ਜਾਂਦਾ ਹੈ। ਭਾਵੇਂ ਵੀਹਵੀਂ ਸਦੀ ਵਿੱਚ ਆਧੁ- ਨਿਕਤਾਵਾਦ ਦੇ ਪਸਾਰ ਨਾਲ ਯਥਾਰਥਵਾਦੀ ਲਹਿਰ ਅਪ੍ਰਸੰਗਕ ਹੋ ਗਈ ਪਰ ਫਿਰ ਵੀ ਇਸ ਨੇ ਅਣਗਿਣਤ ਸਾਹਿਤਕਾਰਾਂ ਨੂੰ ਪ੍ਰੇਰਿਤ ਕੀਤਾ।


ਲੇਖਕ : ਮਨਮੋਹਨ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 8784, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਯਥਾਰਥਵਾਦ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਯਥਾਰਥਵਾਦ [ਨਾਂਪੁ] ਸਮਾਜਿਕ ਅਸਲੀਅਤ ਦੀ ਉਸੇ ਰੂਪ ਵਿੱਚ ਪੇਸ਼ਕਾਰੀ ਦਾ ਸਿਧਾਂਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8781, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਯਥਾਰਥਵਾਦ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਯਥਾਰਥਵਾਦ  : ਦਰਸ਼ਨ ਵਿਚ ਵੀ ਅਸਲਵਾਦ ਜਾਂ ਯਥਾਰਥਵਾਦ ਇਕ ਵਿਰੋਧਾਰਥੀ ਧਾਰਣਾ ਹੈ। ਜਿਹੜੀ ਦੋ ਪੱਧਤੀਆਂ ਵੱਲੋਂ ਵੱਖ ਵੱਖ ਅਰਥਾਂ ਵਿਚ ਪੇਸ਼ ਕੀਤੀ ਜਾਂਦੀ ਹੈ। ਪਲੈਟੋ ਤੇ ਉਸ ਦੇ ਅਨੁਯਾਈ ਦਾਰਸ਼ਨਿਕਾਂ ਦਾ ਇਹ ਵਿਚਾਰ ਸੀ ਕਿ ਦਿਖਾਈ ਦੇਣ ਵਾਲੀ ਦੁਨੀਆ ਛਾਇਆ ਜਾਂ ਮਾਇਆ ਹੈ ਅਤੇ ਅਸਲੀ ਦੁਨੀਆ ਦੀ ਕੇਵਲ ਨਕਲ ਹੀ ਹੈ। ਦਿਖਾਵੇ ਦੇ ਇਸ ਪਦਾਰਥਕ ਸੰਸਾਰ ਤੋਂ ਪਰ੍ਹੇ ਵਿਚਾਰਾਂ ਦੇ ਬ੍ਰਹਿਮੰਡ ਦਾ ਸੰਸਾਰ ਹੈ। ਮਨ, ਆਤਮਾ ਤੇ ਪ੍ਰਮਾਤਮਾ ਦਾ ਸੰਸਾਰ ਹੈ। ਇਹੀ ਸੱਚ ਹੈ, ਇਹੀ ਅਸਲ ਹੈ, ਬਾਕੀ ਸਭ ਮਿਥਿਆ ਹੈ। ਅਸਲਵਾਦ ਦਾ ਦੂਜਾ ਵਿਚਾਰ ਆਧੁਨਿਕ ਹੈ ਜਿਸ ਅਨੁਸਾਰ ਦਿਖਾਵੇ ਦਾ ਸੰਸਾਰ ਹੀ ਅਸਲੀਅਤ ਹੈ। ਇਹ ਕੇਵਲ ਕਲਪਨਾ ਦੀ ਸਿਰਜਣਾ ਨਹੀਂ। ਵਾਸਤਵਿਕਤਾ ਦਾ ਆਧੁਨਿਕ ਰੂਪ ਪੱਛਮ ਦੀ ਉਪਯੋਗਤਾਵਾਦ ਲਹਿਰ ਦੀ ਉਪਜ ਹੈ, ਜਿਸ ਦੇ ਅਨੁਯਾਈ ਪਲੈਟੋ ਦੇ ਅਸਲਵਾਦ ਨੂੰ ਆਦਰਸ਼ਵਾਦ ਦਾ ਨਾਉਂ ਦਿੰਦੇ ਹਨ।

          ਸਾਹਿੱਤ ਵਿਚ, ਆਦਰਸ਼ਵਾਦ ਤੇ ਰੁਮਾਂਸਵਾਦ ਦੇ ਉਲਟ ਇਸ ਸ਼ਬਦ ਦਾ ਪ੍ਰਯੋਗ ਅਜਿਹੀਆਂ ਰਚਨਾਵਾਂ ਬਾਰੇ ਕੀਤਾ ਜਾਂਦਾ ਹੈ ਜਿਨ੍ਹਾਂ ਵਿਚ ਹੱਡ ਮਾਸ ਦੇ ਇਸ ਜੀਵਨ ਦਾ ਹੂ–ਬਹੂ ਚਿਤ੍ਰਣ ਕੀਤਾ ਗਿਆ ਹੋਵੇ ਅਤੇ ਜਿਨ੍ਹਾਂ ਵਿਚ ਸਾਰੀ ਕਲਾ ਸਾਮੱਗਰੀ ਦਾ ਆਧਾਰ ਦੇਖਿਆ ਤੇ ਮਹਿਸੂਸ ਕੀਤਾ ਜਾਣ ਵਾਲਾ ਇਹੀ ਸੰਸਾਰ ਹੋਵੇ। ਯਥਾਰਥਵਾਦੀ ਕਲਾਕਾਰ ਪਾਤਰਾਂ ਤੇ ਘਟਨਾਵਾਂ ਨੂੰ ਆਪਣੀ ਕਲਪਨਾ ਰਾਹੀਂ ਕੋਈ ਆਦਰਸ਼ ਰੂਪ ਨਹੀਂ ਦਿੰਦਾ। ਉਹ ਨਿਰਪੱਖ ਹੋਕੇ ਉਨ੍ਹਾਂ ਨੂੰ ਅੰਕਿਤ ਕਰਦਾ ਹੈ। ਆਧੁਨਿਕ ਸਾਹਿੱਤ ਵਿਚ ਯਥਾਰਥਵਾਦ ਜਰਮਨ ਦਾਰਸ਼ਨਿਕਾਂ––ਲੈਸਿੰਗ (Lessing, 1729–1781 ਈ.), ਤੇ ਹਰਡਰ (Herder, 1744–1803 ਈ.), ਅਤੇ ਫ਼੍ਰਾਂਸੀਸੀ ਸਾਹਿਤਿਕ ਇਤਿਹਾਸਕਾਰ ਤੇਨ (Taine, 1828–1893 ਈ.) ਦੇ ਵਿਚਾਰਾਂ ਨਾਲ ਦਾਖ਼ਲ ਹੋਇਆ। ਤੇਨ ਅਨੁਸਾਰ ਹਰੇਕ ਸਥਾਈ ਸਾਹਿਤਿਕ ਰਚਨਾ ਉੱਤੇ ਵਿਸ਼ੇਸ਼ ਵਰਗ (race), ਵਾਤਾਵਰਣ (milieu) ਅਤੇ ਕਾਲ (moment) ਦਾ ਪ੍ਰਭਾਵ ਪੈਣਾ ਆਵੱਸ਼ਕ ਹੈ। ਤੇਨ ਤੋਂ ਪੂਰੀ ਇਕ ਸਦੀ ਪਹਿਲਾਂ ਇਹੀ ਵਿਚਾਰ ਲੈਸਿੰਗ, ਹਰਡਰ ਤੇ ਹੇਗਲ ਨੇ ਪ੍ਰਗਟ ਕੀਤੇ ਸਨ। ਇੰਗਲੈਂਡ ਵਿਚ ਇਨ੍ਹਾਂ ਵਿਚਾਰਕਾਂ ਨੇ ਸਭ ਤੋਂ ਨਜ਼ਦੀਕੀ ਵਾਰਿਸ ਵਰਡਜ਼ਵਰਥ ਤੇ ਕੋਲਰਿਜ ਸਨ, ਜਿਨ੍ਹਾਂ ਨੇ ‘ਲਿਰਿਕਲ ਬੈਲੇਡਜ਼’ (Lyrical Ballads) ਦੇ ਮੁੱਖ–ਬੰਧ ਵਿਚ ਕਵਿਤਾ ਵਿਚ ਲੋਕ ਮੁਹਾਵਰਾ ਅਪਣਾਉਣ ਦੀ ਘੋਸ਼ਣਾ ਕੀਤੀ ਤਾਂ ਜੋ ਕਵਿਤਾ ਵਿਚ ਸਾਧਾਰਣ ਮਨੁੱਖ ਦੇ ਹਾਵ–ਭਾਵ ਪ੍ਰਗਟ ਕੀਤੇ ਜਾ ਸਕਣ। ਉਨ੍ਹੀਵੀਂ ਸਦੀ ਈ. ਵਿਚ ਇਨ੍ਹਾਂ ਕਵੀਆਂ ਦੇ ਵਿਚਾਰ ਫ਼੍ਰਾਂਸੀਸੀ ਲੇਖਕਾਂ ਸੇਂਟ ਬਉਵ (Sainte–Beuve) ਤੇ ਬਾਦੇਲੇਅਰ (Baudelaire), ਅਮਰੀਕਨ ਲੇਖਕ ਐਡਗਰ ਐਲਨ ਪੋ (E.A.Poe), ਜਰਮਨ ਲੇਖਕਾਂ ਦੇ ਸਟਾਇਲ (De Stael, 1766–1817 ਈ.) ਨੇ ਅਪਣਾਏ। ਦ ਸਟਾਇਲ ਦਾ ਇਹ ਕਹਿਣਾ ਕਿ ‘ਸਾਹਿੱਤ ਸਾਮਜ ਦਾ ਹੀ ਪ੍ਰਗਟਾ ਹੈ’ ਹੁਣ ਤਮ ਅਸਲਵਾਦੀ ਲੇਖਕਾਂ ਦਾ ਮੂਲ–ਮੰਤ੍ਰ ਬਣਿਆ ਹੋਇਆ ਹੈ। ਇਹ ਲੇਖਕ ਆਪਣੀਆਂ ਰਚਨਾਵਾਂ ਵਿਚ ਯਥਾਰਥ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਮੋਟੇ ਤੌਰ ਤੇ ਇਹ ਵਿਧੀਆਂ ਵਰਤਦੇ ਹਨ––(1) ਸਥਾਨਕ ਚਿੱਤਰ ਅਤੇ ਵਾਤਾਵਰਣ ਦਾ ਪ੍ਰਯੋਗ, (2) ਸਮਕਾਲੀਨ ਘਟਨਾਵਾਂ ਅਤੇ ਰਿਵਾਜਾਂ ਦਾ ਵਰਣਨ, (3) ਰਚਨਾਵਾਂ ਵਿਚ ਆਈਆਂ ਹੋਈਆਂ ਥਾਂਵਾਂ ਤੇ ਲੋਕਾਂ ਬਾਰੇ ਬਿਆਨ, (4) ਉਪਭਾਸ਼ਾ ਦੀ ਖੁੱਲ੍ਹੀ ਵਰਤੋਂ ਆਦਿ ਉਨ੍ਹੀਵੀਂ ਸਦੀ ਈ. ਦੇ ਅੰਤ ਤੇ ਵੀਹਵੀਂ ਸਦੀ ਦੇ ਆਰੰਭ ਵਿਚ ਯੂਰਪੀ ਤੇ ਅਮਰੀਕੀ ਸਾਹਿੱਤ ਵਿਚ ਅਸਲਵਾਦ ਦਾ ਇਤਨਾ ਪ੍ਰਸਾਰ ਹੋਇਆ ਕਿ ਕੋਈ ਵੀ ਸਾਹਿੱਤਕਾਰ ਇਸ ਤੋਂ ਅਭਿੱਜ ਨਾ ਰਿਹਾ। ਇੰਗਲੈਂਡ ਵਿਚ ਡਿਕਨਜ਼, ਥੈਕਰੇ, ਹਾਰਡੀ, ਸੈਮੁਅਲ ਬਟਲਰ, ਟਾਮਜ਼ ਮੋਅਰ, ਆਰਨਲਡ ਬੈਨੇਟ; ਫ਼੍ਰਾਂਸ ਵਿਚ ਵਿਕਟਰ ਹਿਊਗੋ, ਬਾਲਜ਼ਕ ਅਤੇ ਪਾਲ ਵੈਲਰੀ (Paul Valery); ਰੂਸ ਵਿਚ ਤੁਰਗਨੀਫ਼ (Turgnev), ਦਸਤਓਵਸਕੀ (Dostoevsky), ਤਾਲਸਤਾਈ (Talstoy) ਅਤੇ ਚੈਖ਼ਫ਼ (Chekov); ਆਇਰਲੈਂਡ ਵਿਚ ਸਿੰਗ (Synge) ਅਤੇ ਲੇਡੀ ਗ੍ਰੈਗਰੀ (Lady Gregory); ਡੈਨਮਾਰਕ ਵਿਚ ਇਬਸਨ; ਅਤੇ ਅਮਰੀਕਾ ਵਿਚ ਵਾਲਟ ਵ੍ਹਿਟਮੈਨ ਤੇ ਐਮਰਸਨ ਨੇ ਵਾਸਤਵਿਕਤਾ ਦੇ ਇਸ ਸਿਧਾਂਤ ਦੀ ਪਾਲਣਾ ਕੀਤੀ। ਸਾਹਿੱਤ ਵਿਚ ਮਾਨਵ ਦੀ ਇਸ ਮਹੱਤਾ ਦਾ ਕਾਰਣ ਫ਼੍ਰਾਂਸ ਦਾ ਇਨਕਲਾਬ ਅਤੇ ਵਿਗਿਆਨਕ ਗਿਆਨ ਦਾ ਪ੍ਰਸਾਰ ਅਤੇ ਕਲਾ ਰਾਹੀਂ ਪਦਾਰਥਕ ਸਚਾਈ ਦਾ ਭਾਲ ਕਰਨਾ ਸੀ।

          ਡਾਰਵਿਨ ਦੇ ਵਿਕਾਸ ਸਿਧਾਂਤ ਅਤੇ ਫ਼ਰਾਇਡ ਤੇ ਐਡਲਰ ਦੇ ਮਨੋਵਿਗਿਆਨਕ ਸਿਧਾਂਤਾਂ ਨੇ ਵਾਸਤਵਿਕਤਾ ਦੇ ਰੂਪ ਨੂੰ ਬਦਲ ਦਿੱਤਾ। ਜਿੱਥੇ ਫ਼ਰਾਇਡ ਨੇ ਮਨੁੱਖ ਵਿਚ ਪਸ਼ੂ ਬਿਰਤੀ ਦਾ ਜ਼ਿਕਰ ਕੀਤਾ, ਐਡਲਰ ਨੇ ਮਨੁੱਖ ਵਿਚ ਸ਼ਕਤੀ ਦੇ ਭੁੱਖੇ ਸ਼ੈਤਾਨ (ਪਿਸ਼ਾਚ) ਨੂੰ ਨੰਗਾ ਕੀਤਾ। ਬਾਲਜ਼ਕ (Balzac, 1799–1850 ਈ.) ਨੇ ਆਪਣੀ ਪੁਸਤਕ ਮਨੁੱਖੀ ਸੁਖਾਂਤ (The Comedie Humaine) ਵਿਚ ਯਥਾਰਥਵਾਦ ਜਾਂ ਅਸਲਵਾਦ ਲਈ ਪ੍ਰਾਕ੍ਰਿਤਵਾਦ (Naturalism) ਸ਼ਬਦ ਦਾ ਪ੍ਰਯੋਗ ਕੀਤਾ। ਉਸ ਨੇ ਆਪਣਾ ਉਦੇਸ਼ ਦੱਸਦੇ ਹੋਏ ਇਹ ਕਿਹਾ ਕਿ ਮੇਰਾ ਮੰਤਵ ਕੇਵਲ ਉਪਰਲੀ ਤਹਿ ਦੇ ਜੀਵਨ ਨੂੰ ਬਿਆਨ ਕਰਨਾ ਨਹੀਂ, ਸਗੋਂ ਮੇਰਾ ਯਥਾਰਥ ਇਸਤ੍ਰੀਆਂ ਵੱਲੋਂ ਪੈਦਾ ਕੀਤੇ ਹੋਏ ਵਾਤਾਵਰਣ ਅਤੇ ਅਦਿੱਖ ਸਮੱਸਿਆਵਾਂ ਦਾ ਡੂੰਘਾ ਅਧਿਐਨ ਹੈ। ਸਮਾਜ ਵੱਲੋਂ ਕੋਝੀ, ਘਟੀਆ, ਗੰਦੀ ਅਖਵਾਉਣ ਵਾਲੀ ਵਾਸਤਵਿਕਤਾ ਵੀ ਇਸ ਵਿਚ ਸ਼ਾਮਲ ਹੈ। ਫ਼੍ਰਾਂਸ ਵਿਚ ਇਹ ਲਹਿਰ ਬੜੇ ਜ਼ੋਰਾਂ ’ਤੇ ਚਲੀ। ਫ਼ਲਾਬੇਅਰ (Gustave Flaubert, 1821–1880 ਈ.), ਕਲਾਕਾਰ ਦੀ ਬਾਹਰਮੁੱਖੀ ਸੁਤੰਤਰਤਾ ਉੱਤੇ ਜ਼ੋਰ ਦਿੱਤਾ ਤੇ ਕਿਹਾ ਕਿ ਕਲਾਕਾਰ ਪ੍ਰਮਾਤਮਾ ਵਾਂਗ ਆਪਣੀ ਰਚਨਾ ਵਿਚ ਹਰੇਕ ਥਾਂ ਰਹੇ ਪਰ ਨਜ਼ਰ ਨਾ ਆਏ। ਫਲਾਬੇਅਰ ਦਾ ਉਪਨਿਆਸ ‘ਮਦਾਮ ਬਵੇਰੀ’ ਅਤੇ ਬਾਦੇਲੇਅਰ ਦਾ ਕਾਵਿ ਸੰਗ੍ਰਹਿ ‘ਦ ਫ਼ਲਾਵਰਜ਼ ਆਫ਼ ਈਵਲ’ (The Flowers of Evil, 1857 ਈ.), ਅਜਿਹੇ ਯਥਾਰਥ ਦੇ ਮੁੱਢਲੇ ਨਮੂਨੇ ਹਨ। ਜ਼ੋਲਾ (Emile Zola, 1840–1902 ਈ.), ਮੋਪਾਸਾਂ ਤੇ ਡਉਡੇ (Daudet) ਨੇ ਇਸ ਰੁਚੀ ਨੂੰ ਹੋਰ ਅੱਗੇ ਤੋਰਿਆ। ਅਸਲਵਾਦ ਦੀ ਇਹ ਧਾਰਾ ਮਾਨਵਵਾਦੀ ਯਥਾਰਥਵਾਦ ਅਤੇ ਰਵਾਇਤੀ ਸਾਹਿਤਿਕ ਵਿਚਾਰਾਂ ਵਿਰੁੱਧ ਬਗ਼ਾਵਤ ਸੀ। ਇਨ੍ਹਾਂ ਲੇਖਕਾਂ ਨੇ ਸਮਾਜ ਵਿਚ ਸਦੀਆਂ ਤੋਂ ਚਲ ਰਹੇ ਗੰਦ ਨੂੰ ਫਰੋਲ ਕੇ ਲੋਕਾਂ ਸਾਮ੍ਹਣੇ ਪੇਸ਼ ਕੀਤਾ ਤੇ ਕਾਮ, ਕ੍ਰੋਧ ਅਤੇ ਈਰਖਾ ਵਿਚ ਗ੍ਰਸੇ ਹੋਏ ਮਨੁੱਖੀ ਜੀਵਨ ਦੇ ਉਹਲੇ ਨੂੰ ਦੂਰ ਕੀਤਾ। ਮਨੁੱਖ ਦੀ ਪਸ਼ੂ ਬਿਰਤੀ ਤੇ ਉਸ ਦਾ ਸ਼ੈਤਾਨੀ ਪ੍ਰਗਟਾ, ਮਨੁੱਖ ਦੁਆਲੇ ਖਿਲਰਿਆ ਹੋਇਆ ਦਲਿੱਦਰ ਤੇ ਗੰਦ ਇਨ੍ਹਾਂ ਦੀਆਂ ਕਹਾਣੀਆਂ ਦੇ ਵਿਸ਼ੈ ਹਨ। ਮੰਗਤੇ, ਰੋਗੀ, ਸ਼ਰਾਬੀ, ਨੀਚ, ਜੇਬ ਕਤਰੇ, ਲਾਲਚੀ, ਵੇਸਵਾਵਾਂ ਅਤੇ ਪਤਿਤਾ ਲੋਕ ਇਨ੍ਹਾਂ ਦੇ ਪਾਤਰ ਹਨ। ਇਨ੍ਹਾਂ ਵਿਚ ਨਿਰਾਸ਼ਾ ਤੇ ਬੋਧਿਕ ਅਸ਼ਾਂਤੀ ਹੈ। ਇਨ੍ਹਾਂ ਲੇਖਕਾਂ ਦੀ ਦਲੀਲ ਇਹ ਹੈ ਕਿ ਚੰਗਿਆਈਆਂ ਨੂੰ ਜਾਣਨ ਲਈ ਮੰਦਿਆਈਆਂ ਜਾਂ ਭੈੜਾਂ ਨੂੰ ਜਾਣਨਾ ਜ਼ਰੂਰੀ ਹੈ। ਗੰਦ ਨੂੰ ਢਕ ਕੇ, ਬੁਰਾਈ ਨੂੰ ਉਹਲੇ ਰੱਖ ਕੇ ਜੀਵਨ ਦੀ ਸ੍ਰੇਸ਼ਠਤਾ ਨੂੰ ਅਨੁਭਵ ਕਰਨਾ ਅਸੰਭਵ ਹੈ। ਅੰਗ੍ਰੇਜ਼ੀ ਲੇਖਕ ਡੀ. ਐਚ. ਲਾਰੰਸ ਨੇ ਵੀ ਇਹੀ ਵਿਚਾਰ ਆਪਣੇ ਨਾਵਲਾਂ ਵਿਚ ਵਿਅਕਤ ਕੀਤੇ ਹਨ ਤੇ ਨਾਲ ਹੀ ਕਾਮ–ਵਾਸਨਾਵਾਂ ਦਾ ਨੰਗਾ ਤੇ ਖੁੱਲ੍ਹਾਂ ਜ਼ਿਕਰ ਕੀਤਾ ਹੈ।

          ਇਸ ਪ੍ਰਾਕ੍ਰਿਤਕਵਾਦੀ ਯਥਾਰਥ ਦਾ ਬਹੁਤ ਵਿਰੋਧ ਹੋਇਆ ਤੇ ਇਸ ਨੂੰ ‘ਅਸਲਵਾਦ ਤੋਂ ਮੋੜਾ’ ਕਹਿ ਕੇ ਭੰਡਿਆ ਗਿਆ। ਸਮਰਵਿਲ (Somerville) ਨੇ ਸਮਾਜ ਦੀਆ ਬਦਲ ਰਹੀਆਂ ਬਿਰਤੀਆਂ ਨੂੰ ਅਨੁਭਵ ਕਰਨ ਦੀ ਇਸ ਦੀ ਅਸਫਲਤਾ ਵੱਲ ਸੰਕੇਤ ਕੀਤਾ। ਪਰੰਤੂ ਇਸ ਪ੍ਰਤਿਕਰਮ ਦਾ ਸਭ ਤੋਂ ਵੱਡਾ ਕਾਰਲ ਮਾਰਕਸ (Marx) ਦੇ ਸਮਾਜਵਾਦੀ ਸਿਧਾਂਤ ਦਾ ਵਿਆਪਕ ਪ੍ਰਚਾਰ ਸੀ। ਮਾਰਕਸ ਦੇ ਆਰਥਿਕ ਵਿਚਾਰਾਂ ਨੇ ਯੂਰਪ ਵਿਚ ਇਕ ਪ੍ਰਕਾਰ ਦੀ ਕ੍ਰਾਂਤੀ ਲੈ ਆਂਦੀ। ਰੂਸ ਵਿਚ ਪ੍ਰੋਲਤਾਰੀ ਵਰਗ ਦੀ ਸੱਤਾ ਕਾਇਮ ਹੋਣ ਨਾਲ ਬੌਧਿਕ ਸ਼੍ਰੇਣੀ ਨੇ ਪਹਿਲੀ ਵਾਰ ਪਰੰਪਰਾਗਤ ਮਨੁੱਖ ਤੇ ਸਮਾਜ ਦੀਆਂ ਢਹਿੰਦੀਆਂ ਕੀਮਤਾਂ ਨੂੰ ਅਨੁਭਵ ਕੀਤਾ, ਤੇ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਆਕਾਸ਼ਾਂ ਵਾਲੇ ਅਦਿੱਖ ਆਦਰਸ਼ ਦੀ ਭਾਲ ਦੀ ਥਾਂ ਮਨੁੱਖ ਤੇ ਸਮਾਜਕ ਸ਼ਕਤੀ ਇਸ ਧਰਤੀ ਨੂੰ ਸਵਰਗ ਬਣਾ ਸਕਦੇ ਹਨ। ਜੇਰੋਮ (Jerome) ਅਨੁਸਾਰ ਪੂੰਜੀਪਤੀ ਸਮਾਜ ਦੇ ਪਤਨ ਨਾਲ ਇਹ ਸਿੱਧ ਹੋ ਗਿਆ ਹੈ ਕਿ ਆਦਰਸ਼ਵਾਦ ਵਿਚ ਯਥਾਰਥ ਅਤੇ ਚਿੰਤਨ ਵਿਚ ਕੋਈ ਸੰਬੰਧ ਨਹੀਂ ਰਹਿੰਦਾ ਜਿਸ ਨਾਲ ਲੇਖਕ ਦੀ ਰਚਨਾ ਪ੍ਰਭਾਵਹੀਣ ਹੋ ਜਾਂਦੀ ਹੈ। ਦੂਜੇ ਸ਼ਬਦਾਂ ਵਿਚ ਜਿਹੜੇ ਲੇਖਕ ਅਸਲੀਅਤ ਨਾਲ ਭਿੜਨ ਤੋਂ ਸੰਕੋਚ ਕਰਕੇ ਹਨ, ਜਾਂ ਡਰਦੇ ਹਨ, ਆਪਣੀ ਨਜ਼ਰ ਦੁਨੀਆ ਤੋਂ ਦੂਰ ਲੈ ਜਾਂਦੇ ਹਨ ਅਤੇ ਇਲੀਆ ਏਹਰਨ ਬਰਗ (Ilya Ehrunburg) ਦੇ ਸ਼ਬਦਾਂ ਵਿਚ ‘ਸੁਪਨ ਫ਼ੈਕਟਰੀਆਂ ਦੀ ਉਪਜ’ ਬਣ ਕੇ ਰਹਿ ਜਾਂਦੇ ਹਨ। ਸਮਾਜਵਾਦੀ ਯਥਾਰਥਵਾਦ ਅਨੁਸਾਰ ਲੇਖਕ ਨੂੰ ਵਿਅਕਤੀਗਤ ਅਧਿਐਨ ਦੀ ਥਾਂ ਸਮਾਜ ਨੂੰ ਦ੍ਰਿਸ਼ਟੀਗੋਚਰ ਕਰਨਾ ਚਾਹੀਦਾ ਹੈ। ਸੱਚਾਈ ਤੇ ਯਥਾਰਥ ਦੇ ਨਵੇਂ ਮਾਪਦੰਡ ਬਣੇ ਅਤੇ ਇਸ ਨੂੰ ‘ਮਨੁੱਖ ਦਾ ਮਾਨਵਤਾਵਾਦ’ (Humanism of mankind) ਕਹਿ ਕੇ ਸੰਬੋਧਿਤ ਕੀਤਾ ਹੈ। ਵਾਸਤਵ ਵਿਚ ਸਮਾਜਵਾਦੀ ਯਥਾਰਥ ਯਥਾਰਥਵਾਦ ਦਾ ਹੀ ਬਦਲਿਆ ਹੋਇਆ ਰੂਪ ਹੈ। ਭੇਦ ਇਹ ਹੈ ਕਿ ਯਥਾਰਥਵਾਦ ਵਿਚ ਸਾਹਿੱਤ ਰਚਨਾ ਨਿਆਂਪੂਰਣ ਨਿਰਪੱਖਤਾ ਨਾਲ ਕੀਤੀ ਜਾਂਦੀ ਹੈ, ਸਮਾਜਵਾਦੀ ਯਥਾਰਥ ਵਿਚ ਇਹ ਨਿਰਪੱਖਤਾ ਦਾ ਪ੍ਰਯੋਗ ਕ੍ਰਿਤੀਆਂ ਤੇ ਕਾਮਿਆਂ ਨੂੰ ਵਿਦਰੋਹ ਕਰਨ ਦੀ ਪ੍ਰੇਰਣਾ ਲਈ ਕੀਤਾ ਗਿਆ ਹੈ। 1936 ਈ. ਵਿਚ ਪੈਰਿਸ ਵਿਚ ਯੂਰਪੀ ਲੇਖਕਾਂ ਦੇ ਇਕ ਸੰਮੇਲਨ ਮਗਰੋਂ ਇਹ ਲਹਿਰ ਨੇ ਜ਼ੋਰ ਫੜਿਆ। ਰੂਸ ਦੇ ਲੇਖਕ ਮੈਕਸਿਮ ਗੋਰਕੀ (Gorky), ਇਲੀਆ ਏਹਰਨਬਰਗ (Ilya Ehrumburg); ਅੰਗ੍ਰੇਜ਼ ਲੇਖਕ ਰੈਲਫ਼ ਫ਼ਾਕਸ, ਕ੍ਰਿਸਟੋਫਰ ਕਾਡਵੈਲ, ਹੌਵਰਡ ਫ਼ਾਸਟ, ਸਟੀਫਨ ਸਪੈਂਡਰ, ਸੀ. ਡੀ. ਲੁਇਸ; ਫ਼੍ਰਾਂਸ ਵਿਚ ਲੁਈ ਆਰਾਗਨ, ਸੀਅਨ ਕੇਸੀ ਆਇਰਲੈਂਡ ਵਿਚ; ਚਿੱਲੀ ਵਿਚ ਪਾਬਲੋ ਨੇਰੂਦਾ ਅਤੇ ਤੁਰਕੀ ਵਿਚ ਨਾਜ਼ਿਮ ਵਿਚ ਹਿਕਮਤ ਪ੍ਰਸਿੱਧ ਸਮਾਜਵਾਦੀ ਲੇਖਕ ਤੇ ਆਲੋਚਕ ਮੰਨੇ ਗਏ ਹਨ।

          ਵਾਸਤਵ ਵਿਚ ਯਥਾਰਥਵਾਦ ਵੱਖ ਵੱਖ ਸਮਿਆਂ ਵਿਚ ਨਵੀਆਂ ਵਿਗਿਆਨਕ ਖੋਜਾਂ ਅਤੇ ਵਿਚਾਰਾਂ ਕਾਰਥ ਯਥਾਰਥ ਦੀ ਬਦਲਦੀ ਪਰਿਭਾਸ਼ਾ ਅਨੁਸਾਰ ਬਦਲਦਾ ਰਿਹਾ ਹੈ। ਮਨੋਵਿਗਿਆਨਕਾਂ ਨੇ ਤਾਂ ਅਸਲ ਦਾ ਰੂਪ ਅੰਦਰਲਾ ਮਨ ਹੀ ਦੱਸਿਆ ਹੈ। ਉਨ੍ਹਾਂ ਮਨ ਦੀਆਂ ਗੁੰਝਲਾਂ ਦੀ ਜਾਂਚ ਕਰਨਾ ਹੀ ਯਥਾਰਥ ਸਮਝਿਆ ਹੈ। ਇਸ ਲਈ ਆਧੁਨਿਕ ਸਾਹਿੱਤ ਵਿਚ ਜੀਵਨ ਦੀ ਅਸਲੀਅਤ ਦਾ ਪ੍ਰਕਾਸ਼ ਕਰਨ ਵਾਲੇ ਯਥਾਰਥ ਦਾ ਅਰਥ ਮਹੱਤਵ ਨਹੀਂ ਰੱਖਦਾ! ਪਰ ਸਮਾਜ ਦੇ ਸਾਰੇ ਵਰਗਾਂ ਨਾਲ ਸੰਬੰਧਿਤ ਘਟਨਾਵਾਂ, ਪਾਤਰਾਂ ਤੇ ਥਾਂਵਾਂ ਦਾ ਨਿਰਪੱਖ ਤੇ ਨਿਆਂ–ਪੂਰਣ ਬਿਆਨ ਹੁਣ ਵੀ ਯਥਾਰਥਵਾਦੀ ਸਾਹਿੱਤ ਦੇ ਵਿਸ਼ੇਸ਼ ਗੁਣ ਹਨ।

          ਆਧੁਨਿਕ ਅਰਥਾਂ ਵਿਚ ਪੰਜਾਬੀ ਸਾਹਿੱਤ ਵਿਚ ਯਥਾਰਥਵਾਦ ਦਾ ਈਸ਼ਵਰ ਚੰਦਰ ਨੰਦਾ ਦੇ ਨਾਟਕਾਂ ਦੁਆਰਾ ਪ੍ਰਵੇਸ਼ ਹੋਇਆ ਜਿਸ ਨੇ ਆਇਰਲੈਂਡ ਦੇ ਯਥਾਰਥਵਾਦੀ ਨਾਟਕਕਾਰਾਂ ਤੋਂ ਪ੍ਰੇਰਣਾ ਲੈ ਕੇ ਆਪਣੇ ਨਾਟਕਾਂ ਵਿਚ ਪੰਜਾਬ ਦਾ ਅਸਲ ਰੂਪ ਪੇਸ਼ ਕੀਤਾ। ਸ਼ਰਧਾ ਰਾਮ ਫ਼ਲੌਰੀ ਨੇ ਆਪਣੀ ਵਾਰਤਕ ‘ਪੰਜਾਬੀ ਬਾਤਚੀਤ’ ਵਿਚ ਲੋਕ ਮੁਹਾਵਰੇ ਰਾਹੀਂ ਪੰਜਾਬ ਦੀਆਂ ਰਸਮਾਂ ਰਿਵਾਜਾਂ ਉੱਤੇ ਚਾਨਣਾ ਪਾਇਆ। ਭਾਈ ਮੋਹਨ ਸਿੰਘ ਵੈਦ ਅਤੇ ਚਰਨ ਸਿੰਘ ਸ਼ਹੀਦ ਨੇ ਆਪਣੀਆਂ ਰਚਨਾਵਾਂ ਵਿਚ ਸਮਾਜਕ ਕੁਰੀਤੀਆਂ ਵੱਲ ਧਿਆਨ ਦੁਆਇਆ। ਨਾਨਕ ਸਿੰਘ ਦੇ ਨਾਵਲਾਂ ਵਿਚ ਯਥਾਰਥ ਪ੍ਰਧਾਨ ਰਿਹਾ ਹੈ ਇਸ ਸਮੇਂ ਲੇਖਕਾਂ ਦੀ ਰੁਚੀ ਸਮਾਜਕ ਸੁਧਾਰ ਕਰਨ ਵਿਚ ਸੀ। 1936 ਈ. ਵਿਚ ਭਾਰਤ ਵਿਚ ਪ੍ਰਗਤੀਵਾਦੀ ਲਹਿਰ ਦਾ ਆਰੰਭ ਹੋਇਆ ਜਿਸ ਤੋਂ ਪ੍ਰਭਾਵਿਤ ਹੋਕੇ ਪੰਜਾਬੀ ਲੇਖਕਾਂ ਨੇ ਸਮਾਜਵਾਦੀ ਯਥਾਰਥ ਅਤੇ ਪ੍ਰਾਕ੍ਰਿਤਿਕ ਯਥਾਰਥ ਦਾ ਮਿਸ਼ਰਣ ਆਪਣੀਆਂ ਰਚਨਾਵਾਂ ਵਿਚ ਅੰਕਿਤ ਕੀਤਾ। ਕਵਿਤਾ ਵਿਚ ਮੋਹਨ ਸਿੰਘ, ਬਾਵਾ ਬਲਵੰਤ, ਪ੍ਰੀਤਮ ਸਿੰਘ ਸਫ਼ੀਰ, ਪਿਆਰਾ ਸਿੰਘ ਸਹਿਰਾਹੀ, ਅੰਮ੍ਰਿਤਾ ਪ੍ਰੀਤਮ, ਸੰਤੋਖ ਸਿੰਘ ਧੀਰ; ਨਾਟਕ ਵਿਚ ਸੰਤ ਸਿੰਘ ਸੇਖੋਂ , ਹਰਚਰਨ ਸਿੰਘ, ਬਲਵੰਤ ਗਾਰਗੀ, ਨਾਵਲ ਵਿਚ ਸੁਰਿੰਦਰ ਸਿੰਘ ਨਰੂਲਾ, ਸੇਖੋਂ, ਅੰਮ੍ਰਿਤਾ ਪ੍ਰੀਤਮ ਅਤੇ ਜਸਵੰਤ ਸਿੰਘ ਕੰਵਲ ਅਤੇ ਕਹਾਣੀ ਵਿਚ ਸੇਖੋਂ, ਸੁਜਾਨ ਸਿੰਘ, ਕਰਤਾਰ ਸਿੰਘ ਦੁਗਲ, ਕੁਲਵੰਤ ਸਿੰਘ ਵਿਰਕ, ਧੀਰ ਪ੍ਰਸਿੱਧ ਯਥਾਰਥਵਾਦੀ ਲੇਖਕ ਹਨ। ਇਨ੍ਹਾਂ ਵਿਚ ਸੇਖੋਂ, ਸੁਜਾਨ ਸਿੰਘ ਤੇ ਜਸਵੰਤ ਸਿੰਘ ਕੰਵਲ ਸਮਾਜਵਾਦੀ ਯਥਾਰਥਵਾਦੀ ਹਨ। ਵਿਰਕ, ਅੰਮ੍ਰਿਤਾ ਪ੍ਰੀਤਮ ਅਤੇ ਧੀਰ ਨਿਰੋਲ ਯਥਾਰਥਵਾਦੀ ਹਨ। ਗਾਰਗੀ ਤੇ ਨਰੂਲਾ ਦਾ ਯਥਾਰਥ ਮਿਸ਼ਰਿਤ ਹੈ ਪਰ ਕਰਤਾਰ ਸਿੰਘ ਦੁੱਗਲ ਦਾ ਯਥਾਰਥ ਪ੍ਰਾਕ੍ਰਿਤਿਕਵਾਦੀ ਅਤੇ ਮਨੋਵਿਗਿਆਨਕ ਯਥਾਰਥ ਦਾ ਮਿਸ਼ਰਣ ਹੈ।

          [ਸਹਾ. ਗ੍ਰੰਥ––C. E. M. Joad : A Guide to Modern Thought; Mary Colum : From These Roots]    


ਲੇਖਕ : ਡਾ. ਮਹਿੰਦਰ ਪਾਲ ਕੋਹਲੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 7389, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no

ਯਥਾਰਥਵਾਦ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ

ਯਥਾਰਥਵਾਦ : ਯਥਾਰਥਵਾਦ ਧਾਰਨਾਵਾਦ ਦਾ ਵਿਰੋਧ ਕਰਦਾ ਹੈ ਅਤੇ ਜਗਤ ਨੂੰ ਇੱਕ ਧਾਰਨਾ ਦਾ ਰੂਪ ਨਹੀਂ ਸਮਝਦਾ, ਬਲਕਿ ਇਹ ਅਨੁਭਵ ਅਤੇ ਵਿਗਿਆਨ ਦਾ ਸਮਰਥਨ ਕਰਦਾ ਹੈ। ਇਸ ਸਿਧਾਂਤ ਅਨੁਸਾਰ ਵਸਤੂਆਂ ਗੁਣਾਂ ਦਾ ਸੰਯੁਕਤ ਰੂਪ ਹਨ ਜਿਵੇਂ ਸੋਨਾ ਚਮਕੀਲਾ ਤੇ ਭਾਰਾ ਹੁੰਦਾ ਹੈ। ਇੱਥੇ ਵਿਰੋਧਾਤਮਕ ਪਦਾਰਥ ਜਾਂ ਤੱਤ ਨੂੰ ਯਥਾਰਥ ਨਹੀਂ ਕਿਹਾ ਜਾ ਸਕਦਾ, ਇਸ ਕਰਕੇ ਸੱਤਾ ਉਹ ਹੁੰਦੀ ਹੈ ਜੋ ਆਪਣੇ-ਆਪ ਵਿੱਚ ਪੂਰਨ ਅਤੇ ਆਤਮਕੇਂਦ੍ਰਿਤ ਹੁੰਦੀ ਹੈ। ਜੇ ਸਾਨੂੰ ਸੰਸਾਰ ਵਿੱਚ ਕੁਝ ਵਿਰੋਧਾਤਮਕ ਤੱਤ ਮਿਲਦੇ ਹਨ, ਤਾਂ ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਉਹਨਾਂ ਵਿਰੋਧਾਂ ਨੂੰ ਹਟਾਉਣ ਦਾ ਯਤਨ ਕਰੀਏ ਅਤੇ ਆਪਣੇ ਸਧਾਰਨ ਤੇ ਵਿਗਿਆਨਿਕ ਵਿਚਾਰਾਂ ਨੂੰ ਠੀਕ ਕਰੀਏ ਜਿਸ ਦੁਆਰਾ ਅਸੀਂ ਜਗਤ ਦੇ ਜਾਂ ਅਨੁਭਵਾਤਮਕ ਜਗਤ ਦੀ ਯਥਾਰਥਕਤਾ ਦਾ ਬੋਧ ਪ੍ਰਾਪਤ ਕਰ ਸਕੀਏ।

ਯਥਾਰਥਵਾਦ ਦੇ ਅਨੁਭਵਾਤਮਕ ਸਿਧਾਂਤ ਅਨੁਸਾਰ ਗਿਆਨ ਦਾ ਵਿਸ਼ਾ ਜੋ ਪਦਾਰਥ ਹੈ, ਉਹ ਪ੍ਰਬੋਧ ਦੀ ਕਿਰਿਆ ਤੋਂ ਵੱਖਰਾ ਹੈ ਅਤੇ ਉਸ ਦੀ ਹੋਂਦ ਸਾਡੇ ਗਿਆਨ ਤੇ ਆਧਾਰਤ ਨਹੀਂ ਹੈ, ਬਲਕਿ ਸੁਤੰਤਰ ਹੈ। ਅਸੀਂ ਕਿਸੇ ਪਦਾਰਥ ਨੂੰ ਵੇਖੀਏ ਜਾਂ ਨਾ ਵੇਖੀਏ, ਇਸ ਨਾਲ ਪਦਾਰਥ ਦੀ ਹੋਂਦ ਤੇ ਕੋਈ ਅਸਰ ਨਹੀਂ ਹੁੰਦਾ, ਕਿਉਂਕਿ ਉਸ ਦ੍ਰਿਸ਼ਟ ਪਦਾਰਥ ਦੀ ਹੋਂਦ ਵੇਖਣ ਵਾਲੇ ਦੀ ਹੋਂਦ ਤੋਂ ਵੱਖਰੀ ਹੈ ਅਤੇ ਯਥਾਰਥ ਹੈ। ਇਸ ਦਾ ਭਾਵ ਇਹ ਹੈ ਕਿ ਸਾਰੇ ਭੌਤਿਕ ਪਦਾਰਥਾਂ ਅਤੇ ਪ੍ਰਾਣੀਆਂ ਜਾਂ ਜੀਵਾਂ ਸਮੇਤ ਬਾਹਰਲੇ ਜਗਤ ਵਿੱਚ ਜੋ ਸੱਤਾ ਹੈ, ਉਹ ਸਾਡੀਆਂ ਧਾਰਨਾਵਾਂ ਅਤੇ ਸਾਡੇ ਅਨੁਭਵਾਂ ਤੋਂ ਸੁਤੰਤਰ ਹੈ ਅਤੇ ਸਾਡੇ ਵਿਚਾਰਾਂ ਦਾ ਉਸ ਦੀ ਸੁਤੰਤਰ ਹੋਂਦ ਤੇ ਕੋਈ ਅਸਰ ਨਹੀਂ ਹੁੰਦਾ, ਕਿਉਂਕਿ ਜਗਤ ਵਿੱਚ ਅਜਿਹੇ ਅਨੇਕ ਪਦਾਰਥ ਹਨ ਜਿਨ੍ਹਾਂ ਨੂੰ ਅਸੀਂ ਕਦੇ ਵੇਖਿਆ ਹੀ ਨਹੀਂ ਅਤੇ ਨਾ ਉਹਨਾਂ ਬਾਰੇ ਸਾਡੇ ਮਨ ਵਿੱਚ ਕੋਈ ਧਾਰਨਾ ਹੈ।

ਯਥਾਰਥਵਾਦੀਆਂ ਦਾ ਸਪੱਸ਼ਟ ਰੂਪ ਵਿੱਚ ਇਹ ਕਹਿਣਾ ਹੈ ਕਿ ਬਾਹਰਲੇ ਪਦਾਰਥਾਂ ਵਿੱਚ ਜੋ ਰੂਪ, ਰੰਗ, ਗੰਧ, ਰਸ, ਸ਼ਬਦ ਆਦਿ ਮੌਜੂਦ ਹਨ, ਉਹਨਾਂ ਦੀਆਂ ਸੰਵੇਦਨਾਵਾਂ ਅਸੀਂ ਪ੍ਰਤੱਖ ਬੋਧ ਜਾਂ ਅਨੁਭਵ ਦੁਆਰਾ ਪ੍ਰਾਪਤ ਕਰਦੇ ਹਾਂ। ਸਾਡਾ ਬੋਧ ਭੌਤਿਕ ਪਦਾਰਥਾਂ ਤੇ ਆਧਾਰਤ ਹੈ ਜਿਵੇਂ ਇਹ ਗੇਂਦ ਹੈ, ਉਹ ਗੋਲ ਹੈ ਅਤੇ ਸਫ਼ੈਦ ਹੈ ਅਤੇ ਉਸ ਦੀ ਹੋਂਦ ਸਾਡੇ ਪ੍ਰਤੱਖਣ ਤੇ ਨਿਰਭਰ ਨਹੀਂ ਹੈ; ਇਹੀ ਉਸ ਦੀ ਯਥਾਰਥਕਤਾ ਦਾ ਸਰੂਪ ਹੈ, ਇਹੀ ਉਸ ਦੀ ਹੋਂਦ ਦੀ ਸੁਤੰਤਰਤਾ ਹੈ ਅਰਥਾਤ ਕੋਈ ਉਸ ਨੂੰ ਵੇਖੇ ਜਾਂ ਨਾ ਵੇਖੇ, ਉਸ ਤੇ ਕੋਈ ਪ੍ਰਭਾਵ ਨਹੀਂ ਪੈਂਦਾ।

ਨਵੇਂ ਯਥਾਰਥਵਾਦ ਅਨੁਸਾਰ ਭੌਤਿਕ-ਵਿਗਿਆਨ ਨੂੰ ਗਿਆਨ ਦਾ ਨਿਸ਼ਚਿਤ ਆਕਾਰ ਮੰਨਿਆ ਜਾਂਦਾ ਹੈ। ਇਸ ਗਿਆਨ ਦੀ ਅਨੁਭੂਤੀ ਲਈ ਵਿਗਿਆਨਿਕ ਵਿਧੀ ਦੀ ਲੋੜ ਹੁੰਦੀ ਹੈ ਅਤੇ ਇਸ ਵਿਧੀ ਅਨੁਸਾਰ ਵਿਗਿਆਨਿਕ ਤੱਥਾਂ ਦਾ ਵਿਸ਼ਲੇਸ਼ਣ ਕਰਨਾ ਜ਼ਰੂਰੀ ਸਮਝਿਆ ਜਾਂਦਾ ਹੈ। ਇਸ ਨਵੇਂ ਯਥਾਰਥਵਾਦ ਅਨੁਸਾਰ ਗਿਆਨ ਦੀ ਅਵਸਥਾ ਦੇ ਵਿਸ਼ਲੇਸ਼ਣ ਲਈ ਅਨੁਭਵਵਾਦ ਦੀ ਲੋੜ ਹੁੰਦੀ ਹੈ। ਇਹ ਯਥਾਰਥਵਾਦੀ ਸੁਤੰਤਰਤਾ ਨੂੰ ਆਪਣਾ ਮੁੱਖ ਸਿਧਾਂਤ ਸਮਝਦੇ ਹਨ ਅਤੇ ਇਸ ਸਿਧਾਂਤ ਦੀ ਵਰਤੋਂ ਉਹ ਗਿਆਨ ਦੇ ਸੰਬੰਧਾਂ ਵਾਸਤੇ ਕਰਦੇ ਹਨ। ਗਿਆਨ ਦੇ ਇਹਨਾਂ ਸੰਬੰਧਾਂ ਵਿੱਚ ਉਹ ਭੌਤਿਕ ਪਦਾਰਥਕ, ਤਾਰਕਿਕ ਤੇ ਗਣਿਤ ਦੇ ਤੱਤ ਅਤੇ ਹੋਰ ਮਾਨਸਾਂ ਨੂੰ ਲੈਂਦੇ ਹਨ ਅਤੇ ਇਹ ਸ੍ਵੀਕਾਰ ਕਰਦੇ ਹਨ ਕਿ ਸਾਡੀ ਚੇਤਨਾ ਵਿੱਚ ਜਾਣਨ ਦੀ ਜੋ ਪ੍ਰਕਿਰਿਆ ਹੈ, ਉਸ ਤੋਂ ਇਹ ਸਭ ਸੁਤੰਤਰ ਹਨ ਅਤੇ ਇਹ ਸਭ ਸਾਡੀ ਚੇਤਨਾ ਦਾ ਵਿਸ਼ਾ ਬਣ ਜਾਣ ਤੋਂ ਬਾਅਦ ਵੀ ਆਪਣੀ ਸੁਤੰਤਰ ਹੋਂਦ ਰੱਖਦੇ ਹਨ ਅਤੇ ਉਹਨਾਂ ਦੇ ਸਰੂਪ ਜਾਂ ਵਿਧਾਨ ਵਿੱਚ ਕੋਈ ਫ਼ਰਕ ਨਹੀਂ ਪੈਂਦਾ। ਅਜਿਹੇ ਪਦਾਰਥ ਜਦੋਂ ਸਾਡੇ ਗਿਆਨ ਦਾ ਵਿਸ਼ਾ ਬਣਦੇ ਹਨ, ਤਾਂ ਉਹਨਾਂ ਦੇ ਸਰੂਪ ਵਿੱਚ ਕੋਈ ਪਰਿਵਰਤਨ ਨਹੀਂ ਹੁੰਦਾ ਅਤੇ ਜਦੋਂ ਉਹ ਸਾਡੇ ਗਿਆਨ ਦਾ ਵਿਸ਼ਾ ਨਹੀਂ ਹੁੰਦੇ, ਫਿਰ ਉਹ ਬਿਨਾਂ ਕਿਸੇ ਵਿਕਾਰ ਤੋਂ ਆਪਣੀ ਮੂਲ ਸਥਿਤੀ ਵਿੱਚ ਹੀ ਰਹਿੰਦੇ ਹਨ। ਇਸ ਤਰ੍ਹਾਂ ਇਹਨਾਂ ਪਦਾਰਥਾਂ ਨੂੰ ਜਾਣੋ ਜਾਂ ਨਾ ਜਾਣੋ, ਵੇਖੋ ਜਾਂ ਨਾ ਵੇਖੋ, ਉਹ ਪਰਿਵਰਤਿਤ ਨਹੀਂ ਹੁੰਦੇ। ਇਸ ਤਰ੍ਹਾਂ ਕੋਈ ਵੀ ਪਦਾਰਥ ਕਿਸੇ ਗਿਆਤਾ ਦੇ ਅਨੁਭਵ ਤੇ ਜਾਂ ਗਿਆਨ ਤੇ ਆਪਣੀ ਸੱਤਾ ਵਾਸਤੇ ਨਿਰਭਰ ਨਹੀਂ ਹੈ; ਇਹ ਸਾਰੇ ਬਾਹਰਲੇ ਪਦਾਰਥ ਅਨੁਭਵ, ਵਿਚਾਰ ਤੇ ਬੋਧ ਤੋਂ ਸੁਤੰਤਰ ਸੱਤਾ ਰੱਖਦੇ ਹਨ; ਇਹੀ ਇਸ ਦਾ ਭਾਵ ਹੈ।

ਕੁਝ ਦਾਰਸ਼ਨਿਕਾਂ ਨੇ ਪੁਰਾਣੇ ਦ੍ਵੈਤਵਾਦ ਦੇ ਆਧਾਰ ਤੇ ਆਲੋਚਨਾਤਮਕ ਯਥਾਰਥਵਾਦ ਦਾ ਨਿਰੂਪਣ ਕੀਤਾ ਹੈ, ਪਰ ਇਹ ਸਿਧਾਂਤ ਚੇਤਨ ਤੇ ਅਚੇਤਨ ਪਦਾਰਥਾਂ ਦੇ ਦ੍ਵੈਤ ਦਾ ਸਮਰਥਨ ਨਹੀਂ ਕਰਦਾ, ਬਲਕਿ ਅਨੁਭਵਾਤਮਕ ਦ੍ਵੈਤਵਾਦ ਨੂੰ ਸ੍ਵੀਕਾਰ ਕਰਦਾ ਹੈ। ਇਸ ਸਿਧਾਂਤ ਅਨੁਸਾਰ ਦਰਸ਼ਕ ਤੇ ਦ੍ਰਿਸ਼ਟ-ਪਦਾਰਥ ਦੋਹਾਂ ਦੀ ਸੁਤੰਤਰ ਹੋਂਦ ਹੈ, ਇਹੀ ਦ੍ਵੈਤਵਾਦੀ ਅਨੁਭਵਵਾਦ ਹੈ। ਇੱਥੇ ਕਿਹਾ ਹੈ ਕਿ ਜਦੋਂ ਮਨ ਦਾ ਪਦਾਰਥ ਨਾਲ ਸੰਬੰਧ ਹੋ ਜਾਂਦਾ ਹੈ, ਤਾਂ ਇਹ ਸੰਬੰਧ ਗਿਆਨ ਦਾ ਸਾਧਨ ਬਣ ਜਾਂਦਾ ਹੈ। ਭੌਤਿਕ ਪਦਾਰਥ ਮਨ ਤੋਂ ਵੱਖਰੀ ਹੋਂਦ ਵਾਲੇ ਹਨ ਅਤੇ ਇੰਦਰੀਆਂ ਦੁਆਰਾ ਇਹਨਾਂ ਦਾ ਗਿਆਨ ਹੁੰਦਾ ਹੈ ਅਤੇ ਭੌਤਿਕ ਪਦਾਰਥ ਗਿਆਨ ਤੋਂ ਵੀ ਵੱਖਰੇ ਹਨ।


ਲੇਖਕ : ਆਰ. ਡੀ. ਨਿਰਾਕਾਰੀ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 3392, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-04-05-11-10-16, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.