ਯਮਰਾਜ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਯਮਰਾਜ: ਇਕ ਕਲਪਿਤ ਰਾਜਾ , ਜੋ ਪ੍ਰਾਣੀਆਂ ਨੂੰ ਕਰਮਾਂ ਅਨੁਸਾਰ ਫਲ ਅਥਵਾ ਦੰਡ ਦਿੰਦਾ ਹੈ। ਯਮ ਦਾ ਬ੍ਰਿੱਤਾਂਤ ‘ਰਿਗ-ਵੇਦ’ ਵਿਚ ਮਿਲਦਾ ਹੈ। ਇਸ ਦੀ ਇਕ ਜੁੜਵੀਂ ਭੈਣ ਯਮੀ ਵੀ ਹੈ। ਇਹ ਦੋਵੇਂ ਸੂਰਜ ਪਿਤਾ ਅਤੇ ਸੰਜਨਾ ਜਾਂ ਸੰਗਿਆ ਜਾਂ ਸਰਣਯੂ ਤੋਂ ਪੈਦਾ ਹੋਏ ਦਸੇ ਜਾਂਦੇ ਹਨ। ਇਕ ਪੁਰਾਣ-ਕਥਾ ਅਨੁਸਾਰ ਦੋਵੇਂ ਜਲ-ਗੰਧਰਵ ਅਤੇ ਜਲ-ਅਪਛੱਰਾ ਦੀ ਸੰਤਾਨ ਹਨ। ਯਮ ਦੀ ਉਮਰ ਯਮੀ ਤੋਂ ਕੁਝ ਛਿਣ ਜ਼ਿਆਦਾ ਸੀ। ਇਸ ਲਈ ਇਸ ਨੂੰ ਯਮੀ ਦਾ ਵਡਾ ਭਰਾ ਮੰਨਿਆ ਜਾਂਦਾ ਹੈ। ‘ਰਿਗਵੇਦ ’ ਦੇ ‘ਯਮੀ-ਯਮੀ ਸੰਵਾਦ’ ਵਿਚ ਇਸਤਰੀ ਵਲੋਂ ਸੰਤਾਨ ਪੈਦਾ ਕਰਨ ਲਈ ਸਹਿਵਾਸ ਦੀ ਇੱਛਾ ਪ੍ਰਗਟ ਕਰਵਾਈ ਗਈ ਹੈ।
ਯਮ ਮੁੱਖ ਤੌਰ ’ਤੇ ਮ੍ਰਿਤੂ ਦਾ ਦੇਵਤਾ ਹੈ, ਇਸ ਲਈ ਡਰ ਦਾ ਪ੍ਰਤੀਕ ਬਣ ਗਿਆ ਹੈ। ਇਸ ਦਾ ਰੰਗ ਹਰਾ ਹੈ ਅਤੇ ਲਾਲ ਬਸਤ੍ਰ ਧਾਰਣ ਕਰਦਾ ਹੈ। ਇਹ ਝੋਟੇ ਉਪਰ ਸਵਾਰੀ ਕਰਦਾ ਹੈ। ਇਸ ਨੇ ਹੱਥ ਵਿਚ ਗੁਰਜ , ਭਾਲਾ ਅਤੇ ਕਮੰਦ ਆਦਿ ਸ਼ਸਤ੍ਰਾਸਤ੍ਰ ਧਾਰਣ ਕੀਤੇ ਹੋਏ ਹਨ। ਇਸ ਨੂੰ ਦੱਖਣ ਦਿਸ਼ਾ ਦਾ ਦਿਕਪਾਲ ਵੀ ਕਿਹਾ ਜਾਂਦਾ ਹੈ। ਇਸ ਕੋਲ ਸੁਨੇਹਾ ਲੈ ਜਾਣ ਵਾਲੇ ਭੂਰੇ ਰੰਗ ਦੇ ਦੋ ਕੁੱਤੇ ਹਨ ਜੋ ‘ਸਰਮਾ ’ ਦੇ ਪੁੱਤਰ ਮੰਨੇ ਜਾਂਦੇ ਹਨ। ਇਨ੍ਹਾਂ ਦੀਆਂ ਚਾਰ ਅੱਖਾਂ ਅਤੇ ਚੌੜੀਆਂ ਨਾਸਾਂ ਹਨ। ਇਹ ਧਰਤੀ ਤੋਂ ਸਵਰਗ ਦੇ ਰਾਹ ਦੀ ਰਖਿਆ ਕਰਦੇ ਹਨ। ਇਹ ਮ੍ਰਿਤੂ ਦੇ ਪਾਤਰਾਂ ਨੂੰ ਚੁਣਦੇ ਅਤੇ ਉਨ੍ਹਾਂ ਨੂੰ ਲੈ ਜਾਣ ਲਈ ਤੇਜ਼ ਤੋਂ ਤੇਜ਼ ਚਲਣ ਲਈ ਮਜਬੂਰ ਕਰਦੇ ਹਨ। ਇਸ ਤਰ੍ਹਾਂ ਇਹ ਯਮ ਦੇ ਸੰਦੇਸ਼- ਵਾਹਕ ਹਨ।
ਕਹਿੰਦੇ ਹਨ ਇਨ੍ਹਾਂ ਦੋ ਕੁੱਤਿਆਂ ਤੋਂ ਇਲਾਵਾ ਯਮ ਕੋਲ ਇਕ ਪੰਛੀ ਵੀ ਹੈ ਜੋ ਇਕ ਤਰ੍ਹਾਂ ਨਾਲ ਹੋਣੀ ਦਾ ਸੱਦਾ ਦਿੰਦਾ ਹੈ। ‘ਪਟੀ ’ ਨਾਂ ਦੀ ਬਾਣੀ ਵਿਚ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਹੈ—ਕਕੈ ਦੇਸ ਪੁੰਡਰ ਜਬ ਹੂਏ ਵਿਣੁ ਸਾਬੂਣੈ ਉਜਲਿਆ। ਜਮ ਰਾਜੇ ਕੇ ਹੇਰੂ ਆਏ ਮਾਇਆ ਕੈ ਸੰਗਲਿ ਬੰਧਿ ਲਇਆ। (ਗੁ.ਗ੍ਰੰ.432)।
ਯਮ ਦੀਆਂ ਅਨੇਕ ਪਤਨੀਆਂ ਹਨ। ਇਸ ਦਾ ਨਿਵਾਸ ਯਮਪੁਰੀ ਵਿਚ ਹੈ ਜਿਥੇ ਉਹ ਆਪਣੇ ‘ਕਾਲੀਚੀ’ ਨਾਂ ਦੇ ਮਹੱਲ ਵਿਚ ‘ਵਿਚਾਰ-ਭੂ’ ਨਾਂ ਵਾਲੇ ਤਖ਼ਤ ਉਤੇ ਬਹਿੰਦਾ ਹੈ। ਚਿਤਰ ਅਤੇ ਗੁਪਤ ਨਾਂ ਦੇ ਦੋ ਇਸ ਦੇ ਮੁਨਸ਼ੀ ਹਨ ਜੋ ਸਾਰਿਆਂ ਜੀਵਾਂ ਦਾ ਲੇਖਾ ‘ਅਗ੍ਰਸੰਧਾਨੀ’ ਨਾਂ ਦੀ ਇਕ ਵੱਡੀ ਵਹੀ ਵਿਚ ਰਖਦੇ ਹਨ।
ਪੁਰਾਣ-ਸਾਹਿਤ ਵਿਚ ਇਸ ਦੇ ਦੋ ਰੂਪ ਹਨ—ਯਮਰਾਜ ਅਤੇ ਧਰਮਰਾਜ। ਯਮਰਾਜ ਰੂਪ ਵਿਚ ਇਹ ਦੁਸ਼ਟਾਂ ਨੂੰ ਦੰਡ ਦੇ ਕੇ ਨਰਕਾਂ ਨੂੰ ਭੇਜਦਾ ਹੈ ਅਤੇ ਧਰਮਰਾਜ (ਵੇਖੋ) ਰੂਪ ਵਿਚ ਇਹ ਨੇਕ ਬੰਦਿਆਂ ਦੇ ਕਰਮਾਂ ਦੀ ਕਦਰ ਪਾਉਂਦਾ ਹੋਇਆ ਸਵਰਗ ਨੂੰ ਭੇਜਦਾ ਹੈ।
ਸਿੱਖ ਧਰਮ ਦੀ ਆਧਾਰਭੂਤ ਸਾਧਨਾ ਹੈ ਹਰਿ- ਭਗਤੀ। ਪਰਮਾਤਮਾ ਦੇ ਨਾਮ ਦੀ ਆਰਾਧਨਾ ਕਰਨ ਵਾਲਿਆਂ ਲਈ ਯਮ ਦਾ ਡਰ ਨਿਰਮੂਲ ਹੈ। ਇਸ ਬਾਰੇ ਗੁਰਬਾਣੀ ਦਾ ਪ੍ਰਮਾਣ ਹੈ—ਜਮ ਕੰਕਰੁ ਨੇੜਿ ਨ ਆਵਈ ਗੁਰਸਿਖ ਪਿਆਰੇ। (ਗੁ.ਗ੍ਰੰ.818); ਨਾਨਕ ਗੁਰਮਖਿ ਜਮੁ ਸੇਵਾ ਕਰੇ ਜਿਨ ਮਨਿ ਸਚਾ ਹੋਇ। (ਗੁ.ਗ੍ਰੰ.588)। ਇਸ ਲਈ ਸਿੱਖ-ਧਰਮ-ਸਾਧਨਾ ਵਿਚ ਯਮਰਾਜ ਦਾ ਕੋਈ ਮਹੱਤਵ ਨਹੀਂ , ਸਚੇ ਸਿੱਖ ਉਤੇ ਇਸ ਦੇ ਡਰ ਦਾ ਕੋਈ ਅਸਰ ਨਹੀਂ ਹੁੰਦਾ। ਆਪਣੇ ਨਾਮਾਂਤਰਿਤ ਰੂਪ ‘ਧਰਮਰਾਜ’ ਵਿਚ ਵੀ ਇਸ ਦਾ ਪ੍ਰਭਾਵ ਸਚੇ ਸਿੱਖ ਉਤੇ ਨਹੀਂ ਪੈਂਦਾ। ਗੁਰੂ ਰਾਮਦਾਸ ਜੀ ਨੇ ਕਿਹਾ ਹੈ—ਜਿਨ ਕਉ ਕ੍ਰਿਪਾ ਕਰੀ ਜਗ ਜੀਵਨਿ ਹਰਿ ਉਰਿ ਧਾਰਿਓ ਮਨ ਮਾਝਾ। ਧਰਮ ਰਾਇ ਦਰਿ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ। (ਗੁ.ਗ੍ਰੰ. 698)। ਸਪੱਸ਼ਟ ਹੈ ਕਿ ਸਚੇ ਸਿੱਖਾਂ ਦਾ ਯਮਰਾਜ ਜਾਂ ਧਰਮਰਾਜ ਦੀ ਮਾਨਤਾ ਨਾਲ ਕੋਈ ਵਾਸਤਾ ਨਹੀਂ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2686, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਯਮਰਾਜ ਸਰੋਤ :
ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ
ਯਮਰਾਜ : ਯਮਰਾਜ ਹਿੰਦੂ ਵਿਸ਼ਵਾਸ ਅਨੁਸਾਰ ਮੌਤ ਦਾ ਦੇਵਤਾ। ਇਹ ਪਰਜਾ ਨੂੰ ਨਿਯਮ ਅਤੇ ਸੰਜਮ ਵਿੱਚ ਰੱਖਦਾ ਹੈ। ਇਸ ਦਾ ਪਿਤਾ ਸੂਰਜ ਤੇ ਮਾਤਾ ਸੰਜਨਾ ਹੈ। ਇਸ ਦੀ ਇੱਕ ਭੈਣ ਹੈ ਜਿਸ ਦਾ ਨਾਮ ਯਮੀ ਕਿਹਾ ਜਾਂਦਾ ਹੈ। ਯਮ ਦੀ ਉਮਰ ਯਮੀ ਨਾਲੋਂ ਕੁਝ ਪਲ ਵਧੇਰੇ ਹੈ ਜਿਸ ਕਾਰਨ ਇਸ ਨੂੰ ਯਮੀ ਦਾ ਵੱਡਾ ਭਰਾ ਆਖਿਆ ਜਾਂਦਾ ਹੈ। ਯਮ ਤੇ ਯਮੀ ਨੂੰ ਚੰਦਰਮਾ ਤੇ ਊਸ਼ਾ ਦੇ ਰੂਪ ਵਿੱਚ ਮੰਨਿਆ ਗਿਆ ਹੈ ਕਿਉਂਕਿ ਇਹ ਦੋਨੋਂ ਹੀ ਦਿਨ ਅਤੇ ਰਾਤ ਦੇ ਗੁਣਾ ਵਿੱਚ ਸ਼ਾਮਲ ਹਨ ਅਤੇ ਇਹਨਾਂ ਦੋਨਾਂ ਦੀ ਪ੍ਰੇਮ-ਕਥਾ ਦਾ ਅੰਤ ਵਿਆਹ ਤੇ ਹੁੰਦਾ ਹੈ। ਇੱਕ ਪੁਰਾਣਿਕ ਕਥਾ ਅਨੁਸਾਰ ਯਮ ਤੇ ਯਮੀ ਜਲ ਗੰਧਰਵ ਤੇ ਜਲ ਅਪਸਰਾ ਦੀ ਸੰਤਾਨ ਹਨ। ਇਸ ਦਾ ਸਰੂਪ ਡਰਾਉਣਾ ਅਤੇ ਭਿਆਨਕ ਹੈ। ਇਸ ਦਾ ਰੰਗ ਹਰਾ ਹੈ ਅਤੇ ਇਸ ਦਾ ਪਹਿਰਾਵਾ ਲਾਲ ਹੈ। ਇਸ ਦੇ ਹੱਥ ਵਿੱਚ ਗੁਰਜ, ਭਾਲਾ, ਕਮੰਦ ਆਦਿ ਸ਼ਸਤਰ ਹਨ ਜਿਨ੍ਹਾਂ ਨਾਲ ਇਹ ਜੀਵ ਦੀ ਜਾਨ ਲੈਂਦਾ ਹੈ। ਇਸ ਨੂੰ ਦੱਖਣ ਦਿਸ਼ਾ ਦਾ ਦਿਕਪਾਲ ਵੀ ਆਖਿਆ ਜਾਂਦਾ ਹੈ। ਇਸ ਪਾਸ ਸੁਨੇਹਾ ਲੈ ਜਾਣ ਵਾਲੇ ਦੋ ਭੂਰੇ ਰੰਗ ਦੇ ਕੁੱਤੇ ਹਨ ਜੋ ਸਰਮਾਂ ਦੇ ਪੁੱਤਰ ਮੰਨੇ ਗਏ ਹਨ। ਇਹਨਾਂ ਦੀਆਂ ਚਾਰ-ਚਾਰ ਅੱਖਾਂ ਤੇ ਚੌੜੀਆਂ-ਚੌੜੀਆਂ ਨਾਸਾਂ ਹਨ। ਇਹ ਧਰਤੀ ਤੋਂ ਸ੍ਵਰਗ ਤੱਕ ਦੇ ਰਾਹ ਦੀ ਰੱਖਿਆ ਕਰਦੇ ਹਨ ਅਤੇ ਮੌਤ ਦੇ ਪਾਤਰਾਂ ਦੀ ਚੋਣ ਕਰਦੇ ਹਨ ਅਤੇ ਉਹਨਾਂ ਨੂੰ ਲੈ ਜਾਣ ਲਈ ਬਹੁਤ ਤੇਜ਼ੀ ਨਾਲ ਤੁਰਨ ਲਈ ਮਜਬੂਰ ਕਰਦੇ ਹਨ। ਇਸ ਲਈ ਇਹਨਾਂ ਨੂੰ ਯਮ ਦੇ ਸੰਦੇਸ਼ਵਾਹਕ ਆਖਿਆ ਜਾਂਦਾ ਹੈ। ਯਮਰਾਜ ਪਾਸ ਇਹਨਾਂ ਦੋ ਕੁੱਤਿਆਂ ਤੋਂ ਇਲਾਵਾ ਇੱਕ ਪੰਛੀ ਵੀ ਹੈ ਜੋ ਹੋਣੀ ਦਾ ਸੱਦਾ ਦਿੰਦਾ ਹੈ। ਯਮ ਦੀਆਂ ਬਹੁਤ ਸਾਰੀਆਂ ਪਤਨੀਆਂ ਹਨ ਜਿਨ੍ਹਾਂ ਤੋਂ ਇਸ ਦੀ ਕਾਫ਼ੀ ਔਲਾਦ ਹੈ। ਇਸ ਦਾ ਨਿਵਾਸ ਸਥਾਨ ਯਮਪੁਰੀ ਹੈ। ਇਸ ਦੇ ਮਹਿਲ ਦਾ ਨਾਮ ਕਾਲੀਚੀ ਹੈ ਅਤੇ ਤਖ਼ਤ ਦਾ ਨਾਮ ਵਿਚਾਰ ਭੂ ਹੈ। ਇਸ ਦੇ ਮੁਨਸ਼ੀ ਚਿਤਰ ਅਤੇ ਗੁਪਤ ਹਨ ਜੋ ਸਮਸਤ ਜੀਵਾਂ ਦੇ ਕਰਮਾਂ ਦਾ ਲੇਖਾ-ਜੋਖਾ ਰੱਖਦੇ ਹਨ। ਇਹਨਾਂ ਦੀ ਵਹੀ ਦਾ ਨਾਂ ਅਗ੍ਰਸੰਧਨੀ ਹੈ। ਪੁਰਾਣਿਕ ਸਾਹਿਤ ਵਿੱਚ ਯਮਰਾਜ ਦਾ ਚਿੱਤਰ ਬਹੁਤ ਭਿਆਨਕ ਦਰਸਾਇਆ ਗਿਆ ਹੈ ਕਿ ਇਹ ਵਿਕਰਾਲ ਤੇ ਭਿਆਨਕ ਮੂੰਹ ਵਾਲੇ, ਮਸਤਕ ਤੇ ਕੁਟਿਲ ਦ੍ਰਿਸ਼ਟੀ ਵਾਲੇ, ਲੰਮੇ ਕੇਸਾਂ ਤੇ ਦਾੜ੍ਹੀ ਮੁੱਛਾਂ ਵਾਲੇ, ਅਠਾਰ੍ਹਾਂ ਬਾਹਾਂ ਵਾਲੇ, ਗੁਸੈਲ, ਸੰਪੂਰਨ ਸ਼ਸਤਰਾਂ ਨਾਲ ਘਿਰੇ ਹੋਏ ਹੱਥਾਂ ਵਾਲੇ, ਡੰਡੇ ਨਾਲ ਡਾਂਟਣ ਵਾਲੇ, ਵੱਡ-ਆਕਾਰੀ ਝੋਟੇ ਉੱਪਰ ਸਵਾਰ, ਬਲਦੀ ਅੱਗ ਵਰਗੀਆਂ ਅੱਖਾਂ ਵਾਲੇ, ਸੁਮੇਰ ਪਰਬਤ ਵਰਗੇ ਉੱਚੇ, ਪਰਲੋ ਲੈ ਆਉਣ ਵਾਲੇ, ਬੱਦਲਾਂ ਦੀ ਗਰਜ ਵਰਗੀ ਅਵਾਜ਼ ਵਾਲੇ, ਸਮੁੰਦਰ ਪੀ ਜਾਣ ਵਾਲੇ, ਹਿਮਾਲਾ ਪਰਬਤ ਨੂੰ ਨਿਗਲਣ ਵਾਲੇ ਅਤੇ ਅਗਨੀ ਉਗਲਣ ਵਾਲੇ ਵਾਂਗ ਹਨ। ਭਿਆਨਕ ਚਮਕ-ਦਮਕ ਵਾਲੀ ਮੌਤ ਹਮੇਸ਼ਾ ਉਸ ਦੇ ਨੇੜੇ ਰਹਿੰਦੀ ਹੈ। ਇਸ ਦੀਆਂ ਅੱਖਾਂ ਲਹੂ ਵਰਗੀਆਂ ਲਾਲ ਹਨ ਅਤੇ ਅਤਿਅੰਤ ਕਾਲੇ ਰੰਗ ਦੀਆਂ ਹਨ। ਇਸ ਦੀ ਪੁਰੀ ਅਤਿਅੰਤ ਵੱਡ-ਆਕਾਰੀ ਤੇ ਲੋਹੇ ਵਰਗੀ ਮਜ਼ਬੂਤ ਹੈ। ਇਸ ਦਾ ਘੇਰਾ ਛਿਆਸੀ ਹਜ਼ਾਰੀ ਯੋਜਨ ਮੰਨਿਆ ਗਿਆ ਹੈ। ਇਸ ਦਾ ਕਰਮ ਭਿਆਨਕ ਅਤੇ ਸਜ਼ਾਵਾਂ ਬਹੁਤ ਕਠਨ ਹਨ। ਪੁਰਾਣਾਂ ਵਿੱਚ ਇਸ ਦੇਵਤੇ ਦੇ ਦੋ ਰੂਪ ਮੰਨੇ ਗਏ ਹਨ-ਯਮਰਾਜ ਅਤੇ ਧਰਮਰਾਜ। ਯਮਰਾਜ ਰੂਪ ਵਿੱਚ ਇਹ ਦੇਵਤਾ ਦੁਸ਼ਟਾਂ ਨੂੰ ਦੰਡ ਦਿੰਦਾ ਹੈ ਅਤੇ ਨਰਕਾਂ ਵਿੱਚ ਭੇਜਦਾ ਹੈ। ਧਰਮਰਾਜ ਦੇ ਰੂਪ ਵਿੱਚ ਇਹ ਧਰਮੀਆਂ ਦੇ ਕਰਮਾਂ ਦੀ ਕਦਰ ਕਰਦਿਆਂ ਉਹਨਾਂ ਨੂੰ ਸ੍ਵਰਗ ਵਿੱਚ ਭੇਜਦਾ ਹੈ। ਇਸ ਦੀ ਸਵਾਰੀ ਝੋਟੇ ਦੀ ਹੈ ਜੋ ਬਹੁਤ ਭਿਆਨਕ ਰੂਪ ਵਾਲਾ ਹੈ। ਪ੍ਰਾਚੀਨ ਸਾਹਿਤ ਵਿੱਚ ਯਮਰਾਜ ਦੇ ਕਈ ਨਾਂ ਹਨ। ਸ਼ਮਨ, ਕਾਲ, ਦਰਸ਼ਨਾਂ ਧਿਪਤੀ, ਪ੍ਰੇਤਰਾਜ, ਪਿਤ੍ਰਪਤੀ, ਸੂਰਜ ਪੁੱਤਰ ਆਦਿ। ਇਸ ਦੇ ਦੂਤ ਮ੍ਰਿਤਿਕ ਪ੍ਰਾਣੀ ਦੀ ਆਤਮਾ ਨੂੰ ਘੜੀਸ ਕੇ ਯਮਪੁਰੀ ਲੈ ਜਾਂਦੇ ਹਨ ਜਿੱਥੇ ਚਿਤਰ ਗੁਪਤ ਇਹਨਾਂ ਦੇ ਕਰਮਾਂ ਦਾ ਲੇਖਾ-ਜੋਖਾ ਦੱਸਦੇ ਹਨ ਤੇ ਯਮਰਾਜ ਉਹਨਾਂ ਦੇ ਨਿਆਂ ਲਈ ਬੈਠਦੇ ਹਨ।
ਪੁਰਾਣਾਂ ਵਿੱਚ ਇਸ ਬਾਰੇ ਕਈ ਕਥਾਵਾਂ ਮਿਲਦੀਆਂ ਹਨ। ਇੱਕ ਵਾਰ ਯਮ ਨੇ ਆਪਣੇ ਪਿਤਾ ਦੀ ਦਾਸੀ ਛਾਯਾ ਨੂੰ ਮਾਰਨ ਲਈ ਲੱਤ ਚੁੱਕੀ ਤਾਂ ਦਾਸੀ ਨੇ ਇਸ ਨੂੰ ਸ੍ਹਾਪ ਦੇ ਦਿੱਤਾ ਕਿ ਤੇਰੀ ਲੱਤ ਵਿੱਚ ਕੀੜੇ ਪੈ ਜਾਣ। ਅਜਿਹਾ ਹੀ ਹੋਇਆ। ਪਿਤਾ ਨੇ ਇਸ ਦੀ ਮੰਦੀ ਦਸ਼ਾ ਉੱਪਰ ਤਰਸ ਖਾ ਕੇ ਇਸਨੂੰ ਇੱਕ ਕੁੱਕੜ ਦਿੱਤਾ ਜਿਸ ਨੇ ਇਸ ਦੀ ਲੱਤ ਵਿੱਚੋਂ ਸਾਰੇ ਕੀੜੇ ਚੁਗ ਲਏ ਤੇ ਇਸ ਦੇ ਜ਼ਖ਼ਮ ਭਰ ਗਏ। ਇਸ ਦੇ ਪੈਰਾਂ ਉੱਪਰ ਝੁਰੜੀਆਂ ਰਹਿ ਗਈਆਂ ਜਿਸ ਕਾਰਨ ਇਸ ਨੂੰ ਸ਼ੀਰਣਪਾਦ ਭਾਵ ਝੁਰੜੀਆਂ ਵਾਲੇ ਪੈਰਾਂ ਵਾਲਾ ਵੀ ਆਖਿਆ ਜਾਂਦਾ ਹੈ।
ਭਵਿੱਖ ਪੁਰਾਣ ਵਿੱਚ ਇੱਕ ਕਥਾ ਆਉਂਦੀ ਹੈ ਕਿ ਯਮ ਬ੍ਰਾਹਮਣਾਂ ਦੀ ਲੜਕੀ ਵਿਜਯ ਨੂੰ ਪਿਆਰ ਕਰਦਾ ਸੀ। ਉਸ ਨਾਲ ਵਿਆਹ ਕਰਕੇ ਉਸ ਨੂੰ ਯਮ-ਲੋਕ ਲੈ ਗਿਆ। ਯਮ ਨੇ ਉਸ ਨੂੰ ਹੁਕਮ ਦਿੱਤਾ ਕਿ ਤੂੰ ਦੱਖਣੀ ਖੇਤਰ ਵੱਲ ਕਦੇ ਨਾ ਜਾਈਂ। ਪਹਿਲਾਂ ਕਾਫ਼ੀ ਚਿਰ ਉਹ ਨਾ ਗਈ ਪਰ ਉਸ ਨੂੰ ਫਿਰ ਸ਼ੱਕ ਪੈ ਗਿਆ ਕਿ ਹੋ ਸਕਦਾ ਹੈ ਕਿ ਇੱਧਰ ਇਸ ਨੇ ਮੇਰੀ ਕੋਈ ਸੌਕਣ ਲੁਕਾ ਕੇ ਰੱਖੀ ਹੋਵੇ। ਉਹ ਇੱਕ ਦਿਨ ਦੱਖਣ ਦਿਸ਼ਾ ਵੱਲ ਗਈ ਅਤੇ ਉੱਧਰ ਨਰਕਾਂ ਵਿੱਚ ਤੜਪ ਰਹੀਆਂ ਆਤਮਾਵਾਂ ਦੇਖੀਆਂ ਜਿਨ੍ਹਾਂ ਵਿੱਚ ਉਸ ਦੀ ਆਪਣੀ ਮਾਂ ਵੀ ਸੀ। ਵਿਜਯ ਨੇ ਯਮ ਨੂੰ ਉਸ ਨੂੰ ਮੁਕਤ ਕਰਨ ਲਈ ਬੇਨਤੀ ਕੀਤੀ ਤਾਂ ਉਸ ਨੇ ਆਖਿਆ ਕਿ ਤੇਰੀ ਮਾਤਾ ਦਾ ਕੋਈ ਸੰਬੰਧੀ ਬਲੀ ਦੇਵੇ ਤਾਂ ਹੀ ਅਜਿਹਾ ਹੋ ਸਕਦਾ ਹੈ। ਬਲੀ ਦਿੱਤੀ ਗਈ ਤਾਂ ਮੁਕਤ ਹੋ ਗਈ।
ਯਮ ਦੱਖਣ ਦਿਸ਼ਾ ਦਾ ਕੂਟ ਪਾਲ ਹੈ, ਜਿਸ ਕਾਰਨ ਹਿੰਦੂ ਇਸ ਦਿਸ਼ਾ ਨੂੰ ਅਸ਼ੁੱਭ ਮੰਨਦੇ ਹਨ ਅਤੇ ਇਸ ਦਿਸ਼ਾ ਵੱਲ ਮੂੰਹ ਕਰਕੇ ਕੋਈ ਵੀ ਸ਼ੁੱਭ ਜਾਂ ਮੰਗਲ ਕਾਰਜ ਨਹੀਂ ਕਰਦੇ। ਹਿੰਦੂਆਂ ਵਿੱਚ ਯਮ ਨੂੰ ਦੇਵਤੇ ਦੇ ਰੂਪ ਵਿੱਚ ਵੀ ਪੂਜਿਆ ਜਾਂਦਾ ਹੈ। ਕਈ ਹਿੰਦੂ ਇਸ ਨੂੰ ਪ੍ਰਸੰਨ ਕਰਨ ਲਈ ਯਮ ਦੀ ਸੋਨੇ ਦੀ ਮੂਰਤੀ ਬਣਾ ਕੇ ਪੂਜਣ ਮਗਰੋਂ ਬ੍ਰਾਹਮਣ ਨੂੰ ਦਾਨ ਦੇ ਦਿੰਦੇ ਹਨ। ਇਹਨਾਂ ਦਾ ਵਿਸ਼ਵਾਸ ਹੈ ਕਿ ਇਉਂ ਕਰਨ ਨਾਲ ਯਮ ਉਸ ਪ੍ਰਾਣੀ ਨੂੰ ਮਰਨ ਵੇਲੇ ਬਹੁਤਾ ਕਸ਼ਟ ਨਹੀਂ ਦਿੰਦਾ।
ਯਮ ਦੂਜ ਦਾ ਤਿਉਹਾਰ ਕੱਤਕ ਸੁਦੀ ਦੋ ਨੂੰ ਮਨਾਇਆ ਜਾਂਦਾ ਹੈ ਜਿਸ ਨੂੰ ਭਈਆ ਦੂਜ ਵੀ ਆਖਿਆ ਜਾਂਦਾ ਹੈ। ਮਹਾਂਭਾਰਤ ਵਿੱਚ ਆਈ ਕਥਾ ਅਨੁਸਾਰ ਇਸ ਦਿਨ ਯਮ ਆਪਣੀ ਭੈਣ ਯਮੀ ਦੇ ਘਰ ਮਿਲਣ ਲਈ ਗਿਆ ਸੀ। ਯਮੀ ਨੇ ਉਸ ਦੇ ਮੱਥੇ ਉੱਪਰ ਟਿੱਕਾ ਲਗਾਇਆ ਸੀ। ਖਾਣਾ ਖੁਆਇਆ ਸੀ। ਯਮ ਨੇ ਪ੍ਰਸੰਨ ਹੋ ਕੇ ਯਮੀ ਨੂੰ ਕੁਝ ਮੰਗਣ ਲਈ ਆਖਿਆ ਤਾਂ ਉਸ ਨੇ ਆਖਿਆ ਹਰ ਸਾਲ ਇਸ ਦਿਨ ਮੇਰੇ ਘਰ ਆਇਆ ਕਰ ਤੇ ਭੋਜਨ ਛਕਿਆ ਕਰ। ਇਸ ਤਿੱਥ ਵਾਲੇ ਦਿਨ ਭੈਣ ਦੇ ਘਰ ਭੋਜਨ ਕਰਨ ਵਾਲਾ ਭਰਾ ਲੰਮੀ ਉਮਰ ਭੋਗਦਾ ਹੈ ਤੇ ਯਮ ਪ੍ਰਸੰਨ ਹੁੰਦਾ ਹੈ।
ਲੇਖਕ : ਬਲਜਿੰਦਰ ਕੌਰ ਜੋਸ਼ੀ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 1117, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-04-06-12-42-06, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First