ਯੁਗ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਯੁਗ : ਹਿੰਦੂ ਮਤ ਦੇ ਧਰਮ ਗ੍ਰੰਥਾਂ ਵਿਚ ਸਮੇਂ ਨੂੰ ਚਾਰ ਯੁਗਾਂ ਵਿਚ ਵੰਡਿਆ ਗਿਆ ਹੈ –ਸਤਿਯੁਗ, ਤ੍ਰੇਤਾ, ਦੁਆਪਰ ਅਤੇ ਕਲਯੁਗ। ਯੁਗ ਦੇ ਆਰੰਭ ਦਾ ਸਮਾਂ ‘ਸੰਧਿਆ’ ਅਤੇ ਸਮਾਪਤੀ ਦਾ ਸਮਾਂ ‘ਸੰਧਿਆਸ਼’ ਅਖਵਾਉਂਦਾ ਹੈ ਅਤੇ ਇਨ੍ਹਾਂ ਦੋਹਾਂ ਦਾ ਪ੍ਰਮਾਣ ਹਰ ਇਕ ਯੁਗ ਦਾ ਦੱਸਵਾਂ ਹਿੱਸਾ ਹੁੰਦਾ ਹੈ। ਚੌਹਾਂ ਯੁਗਾਂ ਦੀ ਗਿਣਤੀ ਦੇਵਤਿਆਂ ਦੇ ਵਰ੍ਹਿਆਂ ਅਨੁਸਾਰ ਇਸ ਤਰ੍ਹਾਂ ਹੈ:–
(ੳ) ਕ੍ਰਿਤ ਅਥਵਾ ਸਤਯੁਗ 4000
ਸੰਧਿਆ 400
ਸੰਧਿਆਸ਼ 400
ਕੁੱਲ (4800 ਸਾਲ)
(ਅ) ਤ੍ਰੇਤਾ ਯੁਗ 3000
ਸੰਧਿਆ 300
ਸੰਧਿਆਸ਼ 300
ਕੁੱਲ (3600 ਸਾਲ)
(ੲ) ਦੁਆਪਰ ਯੁਗ 2000
ਸੰਧਿਆ 200
ਸੰਧਿਆਸ਼ 200
ਕੁੱਲ (2400 ਸਾਲ)
(ਸ) ਕਲਯੁਗ 1000
ਸੰਧਿਆ 100
ਸੰਧਿਆਸ਼ 100
ਕੁੱਲ (1200 ਸਾਲ)
ਦੇਵਤਿਆਂ ਦਾ ਇਕ ਵਰ੍ਹਾ ਆਮ ਲੋਕਾਂ ਦੇ 360 ਵਰ੍ਹਿਆਂ ਦੇ ਬਰਾਬਰ ਹੈ। ਇਸ ਲਈ ਮਨੁੱਖਾਂ ਦੇ ਸਾਲਾਂ ਮੁਤਾਬਕ ਗਿਣਤੀ ਇਸ ਤਰ੍ਹਾਂ ਹੈ :–
ਸਤਯੁਗ 17,28,000 ਸਾਲ
ਤ੍ਰੇਤਾ ਯੁਗ 12,96,000 ਸਾਲ
ਦੁਆਪਰ ਯੁਗ 8,64,000 ਸਾਲ
ਕਲਯੁਗ 4,32,000 ਸਾਲ
ਜੋੜ 43,20,000 ਸਾਲ
ਯੁਗਾਂ ਦੀ ਇਕ ਚੌਕੜੀ ਨੂੰ ‘ਮਹਾਂਯੁਗ’ ਕਿਹਾ ਜਾਂਦਾ ਹੈ। ਦੋ ਹਜ਼ਾਰ ਮਹਾਂਯੁਗ ਅਥਵਾ 8,64,00,00,000 ਵਰ੍ਹਿਆਂ ਦਾ ਇਕ ਕਲਪ ਅਰਥਾਤ ਬ੍ਰਹਮਾ ਦਾ ਇਕ ਦਿਨ ਤੇ ਰਾਤ ਬਣਦਾ ਹੈ। ਯੁਗਾਂ ਦੀ ਇਹ ਗਿਣਤੀ ਵੇਦਾਂ ਵਿਚ ਨਹੀਂ ਹੈ ਪਰ ਪੁਰਾਣੀ ਮਹਾਭਾਰਤ ਅਤੇ ਰਾਮਾਇਣ ਵਿਚ ਕੀਤੀ ਮਿਲਦੀ ਹੈ। ਹਨੂੰਮਾਨ ਦੇ ਮੂੰਹੋਂ ਚਾਰ ਯੁਗਾਂ ਦਾ ਵਰਣਨ ਬਾਲਮੀਕੀ ਰਾਮਾਇਣ ਵਿਚ ਬੜੇ ਵਿਸਥਾਰ ਨਾਲ ਕਰਵਾਇਆ ਗਿਆ ਹੈ, ਜਿਸ ਦਾ ਸਾਰ ਨਿਮਨ ਅਨੁਸਾਰ ਹੈ।
(ੳ) ਸਤਯੁਗ (ਕ੍ਰਿਤਯੁਗ) ਵਿਚ ਲੋਕ ਸਦਾ ਹੀ ਚੰਗੇ ਕੰਮ ਕਰਦੇ ਸਨ। ਇਸ ਤਰ੍ਹਾਂ ਨਾ ਹੀ ਧਰਮ ਦੀ ਹਾਨੀ ਹੁੰਦੀ ਸੀ ਅਤੇ ਨਾ ਹੀ ਲੋਕਾਂ ਦੀ। ਲੋਕਾਂ ਨੂੰ ਬਹੁਤੀ ਮਿਹਨਤ ਵੀ ਨਹੀਂ ਸੀ ਕਰਨੀ ਪੈਂਦੀ। ਨਾ ਕੋਈ ਰੋਂਦਾ ਸੀ, ਨਾ ਹੀ ਕਿਸੇ ਵਿਚ ਹਉਮੈਂ ਸੀ, ਨਾ ਕੋਈ ਧੋਖੇਬਾਜ਼ ਸੀ, ਨਾ ਹੀ ਕੋਈ ਕਿਸੇ ਨਾਲ ਲੜਾਈ ਝਗੜਾ ਕਰਦਾ ਸੀ, ਨਾ ਕੋਈ ਕਿਸੇ ਤੋਂ ਡਰਦਾ ਸੀ ਅਤੇ ਨਾ ਹੀ ਕਿਸੇ ਨੂੰ ਡਰਾਉਂਦਾ ਸੀ। ਲੋਕਾਂ ਵਿਚ ਸਾੜਾ ਜਾਂ ਵੈਰ ਨਹੀਂ ਸੀ ਹਰ ਜਾਤੀ ਦੇ ਲੋਕ ਆਪੋ ਆਪਣੇ ਨੇਮ ਅਤੇ ਕਰਮ ਨਿਬਾਹੀ ਜਾਂਦੇ ਸਨ।
(ਅ) ਤ੍ਰੇਤੇ ਯੁਗ ਵਿਚ ਯਗ ਆਦਿ ਹੋਣ ਲਗੇ, ਧਰਮ ਦਾ ਚੌਥਾ ਹਿੱਸਾ ਘਟ ਗਿਆ। ਲੋਕ ਸੱਚ ਬੋਲਦੇ ਸਨ ਪਰ ਆਪਣੇ ਹਿੱਤ ਨੂੰ ਮੁੱਖ ਰਖਦੇ ਸਨ। ਬਲਿਦਾਨ ਅਤੇ ਹੋਮ ਪੂਜਨ ਆਦਿ ਕਰਮਾਂ ਦਾ ਪ੍ਰਚਾਰ ਕੀਤਾ ਜਾਂਦਾ ਸੀ। ਲੋਕ ਦਿਲ ਵਿਚ ਕਿਸੇ ਚੀਜ਼ ਦੀ ਲਾਲਸਾ ਰੱਖ ਕੇ ਭਗਤੀ ਕਰਦੇ ਸਨ।
(ੲ) ਦੁਆਪਰ ਯੁਗ ਵਿਚ ਨੇਕੀ ਅੱਧੀ ਰਹਿ ਗਈ। ਕਈ ਲੋਕ ਚਾਰ ਵੇਦ ਪੜ੍ਹਦੇ, ਕਈ ਤਿੰਨ, ਕਈ ਦੋ ਅਤੇ ਕਈ ਇਕ ਅਤੇ ਕਈ ਇਕ ਵੀ ਨਹੀਂ ਸਨ ਪੜ੍ਹਦੇ। ਰਸਮਾਂ ਕਈ ਢੰਗਾਂ ਅਨੁਸਾਰ ਹੋਣ ਲੱਗ ਪਈਆਂ। ਨੇਕੀ ਬਦੀ ਅਤੇ ਝੂਠ ਦਾ ਪਸਾਰਾ ਹੋਣ ਲੱਗਾ। ਜਦ ਲੋਕ ਸਚਾਈ ਦੇ ਰਸਤੇ ਤੋਂ ਭਟਕ ਗਏ ਤਾਂ ਉਨ੍ਹਾਂ ਦੇ ਮਨਾਂ ਵਿਚ ਕਈ ਬੁਰੀਆਂ ਇੱਛਾਵਾਂ/ ਕਾਮਨਾਵਾਂ ਦਾ ਵਾਸਾ ਹੋ ਗਿਆ ਜਿਸ ਕਾਰਨ ਲੋਕ ਦੁਖ ਭੋਗਣ ਲੱਗੇ। ਫਿਰ ਉਹ ਪ੍ਰਾਸ਼ਚਿਤ ਵੱਜੋਂ ਤਪ ਕਰਨ ਲਗੇ। ਕਈ ਸਵਰਗ ਲੋਕ ਦੇ ਸੁਖ ਮਾਣਨ ਦੀ ਇੱਛਾ ਨਾਲ ਯਗ ਕਰਨ ਲਗੇ। ਪਰ ਲੋਕਾਂ ਦੀ ਬੁੱਧੀ, ਦਿਨੋ ਦਿਨ ਮਲੀਨ ਹੀ ਹੁੰਦੀ ਚਲੀ ਗਈ।
(ਸ) ਜਦ ਕਲਯੁਗ ਦਾ ਪ੍ਰਚਾਰ ਹੋਇਆ ਤਾਂ ਭਲਾਈ ਕੇਵਲ ਚੌਥਾ ਹਿੱਸਾ ਹੀ ਰਹਿ ਗਈ। ਵੇਦ ਸ਼ਾਸਤਰ ਦੇ ਨੇਮ, ਨੇਕੀ ਦੇ ਕੰਮ ਅਤੇ ਯਗ, ਹੋਮ ਆਦਿ ਸਭ ਬੰਦ ਹੋ ਗਏ। ਮੁਸੀਬਤਾਂ, ਰੋਗ, ਥਕਾਨ, ਕ੍ਰੋਧ, ਸੰਤਾਪ, ਭੁੱਖ ਅਤੇ ਡਰ ਆਦਿ ਨੇ ਆ ਕੇ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ।
ਸਤਯੁਗ ਵਿਚ ਲੋਕਾਂ ਦੀ ਉਮਰ 4000 ਵਰ੍ਹੇ ਸੀ। ਤ੍ਰੇਤੇ ਵਿਚ 3000 ਵਰ੍ਹੇ ਅਤੇ ਦੁਆਪਰ ਵਿਚ 2000 ਵਰ੍ਹੇ ਰਹਿ ਗਈ ਪਰ ਕਲਯੁਗ ਦੀ ਉਮਰ ਦਾ ਕੋਈ ਨੇਮ ਹੀ ਨਹੀਂ ਰਿਹਾ। ਮਨੁ ਨੇ ਸਤਯੁਗ ਵਿਚ ਲੋਕਾਂ ਦੀ ਉਮਰ 400 ਵਰ੍ਹੇ, ਤ੍ਰੇਤੇ ਵਿਚ 300 ਵਰ੍ਹੇ, ਦੁਆਪਰ ਵਿਚ 200 ਵਰ੍ਹੇ ਅਤੇ ਕਲਯੁਗ ਵਿਚ 100 ਵਰ੍ਹੇ ਲਿਖੀ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਯੁਗਾਂ ਦੀ ਵੰਡ ਪੁਰਾਣਾਂ ਅਨੁਸਾਰ ਨਹੀਂ ਮੰਨੀ –
ਸੋਈ ਚੰਦੁ ਚੜਹਿ ਸੇ ਤਾਰੇ, ਸੋਈ ਦਿਨੀਅਰੁ ਤਪਤ ਰਹੇ।
ਸਾ ਧਰਤੀ ਸੇ ਪਉਣੁ ਝੁਲਾਰੇ, ਜੁਗ ਜੀਅ ਖੇਲੇ ਥਾਵ ਕੈਸੇ ‖
ਸ੍ਰੀ ਗੁਰੂ ਅਮਰਦਾਸ ਜੀ ਨੇ ਰਾਮਕਾਲੀ ਰਾਗ ਵਿਚ ਚਾਰੇ ਯੁਗਾਂ ਦਾ ਵਰਤਾਰਾ ਅਤੇ ਪ੍ਰਭੂ ਨਾਮ ਦੀ ਮਹਿਮਾ ਵਰਣਨ ਕੀਤੀ ਹੈ :
ਸਤਜੁਗਿ ਸਚੁ ਕਹੇ ਸਭੁ ਕੋਈ ‖
ਘਰਿ ਘਰਿ ਭਗਤਿ ਗੁਰਮੁਖਿ ਹੋਈ ‖
ਸਤਜੁਗਿ ਧਰਮੁ ਪੈਰ ਹੈ ਚਾਰਿ ‖
ਗੁਰਮੁਖਿ ਬੂਝੈ ਕੋ ਬੀਚਾਰਿ ‖੧‖
ਜੁਗ ਚਾਰੇ ਨਾਮ ਵਡਿਆਈ ਹੋਈ ‖ ਜਿ ਨਾਮ ਲਾਗੈ ਸੋ ਮੁਕਤਿ ਹੋਵੇ ਗੁਰਬਿਨੁ ਨਾਮੁ ਨ ਪਾਵੈ ਕੋਈ ‖੧‖
.............................................................................................
ਤ੍ਰੇਤੇ ਇਕ ਕਲ ਕੀਨੀ ਦੂਰਿ ‖ ਪਾਖੰਡੁ ਵਰਤਿਆ ਹਰਿ ਜਾਣਨਿ ਦੂਰਿ ‖
.................................................................................
ਦੁਆਪੁਰਿ ਧਰਮ ਦੁਇ ਪੈਰ ਰਖਾਏ ‖ ਗੁਰਮੁਖਿ ਹੋਵੈ ਤ ਨਾਮੁ ਦ੍ਰਿੜਾਏ ‖
................................................................................
ਕਲਜੁਗਿ ਧਰਮ ਕਲਾ ਇਕ ਰਹਾਏ ‖ ਇਕ ਪੈਰ ਚਲੈ ਮਾਇਆ ਮੋਹੁ ਵਧਾਏ ‖
.....................................................................................
ਸਭ ਜੁਗ ਮਹਿ ਨਾਮੁ ਊਤਮ ਹੋਈ ‖ ਗੁਰਮੁਖਿ ਵਿਰਲਾ ਬੂਝੈ ਕੋਈ ‖
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 14208, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-18-12-30-12, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. ; ਪੰ. ਸਾ. ਸੰ. ਕੋ. ; ਚ. ਕੋ. ; ਹਿੰ. ਵਿ. ਕੋ.
ਵਿਚਾਰ / ਸੁਝਾਅ
Please Login First