ਰਹਾਉ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਰਹਾਉ [ਨਾਂਪੁ] ਠਹਿਰਨ ਦਾ ਭਾਵ, ਧਿਆਨ ਦੇਣ ਦਾ ਭਾਵ, ਠਹਿਰਾਅ; ਪੜ੍ਹਨ ਜਾਂ ਗਾਉਣ ਦਾ ਢੰਗ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9244, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਰਹਾਉ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਰਹਾਉ: ਇਸ ਦਾ ਸੰਬੰਧ ਸੰਗੀਤ-ਅਨੁਸ਼ਾਸਨ ਨਾਲ ਹੈ। ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਚਉਪਦਿਆਂ ਜਾਂ ਅਸ਼ਟਪਦੀਆਂ ਦੇ ਪਹਿਲੇ ਪਦੇ ਤੋਂ ਪਹਿਲਾਂ ਜਾਂ ਬਾਦ ਆਮ ਤੌਰ ’ਤੇ ਇਕ ਜਾਂ ਦੋ ਤੁਕਾਂ ‘ਰਹਾਉ’ ਦੀਆਂ ਲਿਖੀਆਂ ਮਿਲਦੀਆਂ ਹਨ। ਭਾਰਤੀ ਸੰਗੀਤ-ਸ਼ਾਸਤ੍ਰ ਵਿਚ ਇਸ ਨੂੰ ‘ਟੇਕ ’ ਜਾਂ ‘ਸਥਾਈ ’ ਕਿਹਾ ਜਾਂਦਾ ਹੈ। ਇਸ ਦਾ ਭਾਵ ਹੈ ਠਹਿਰਨਾ ਜਾਂ ਰੁਕਣਾ। ਬਾਣੀਕਾਰਾਂ ਨੇ ਪਦਿਆਂ/ਸ਼ਬਦਾਂ ਦੇ ਭਾਵਾਂ ਨੂੰ ‘ਸਾਰਾਂਸ਼’ ਰੂਪ ਵਿਚ ‘ਰਹਾਉ’ ਵਿਚ ਬੰਨ੍ਹਿਆ ਹੈ। ਇਸ ਤਰ੍ਹਾਂ ‘ਰਹਾਉ’ ਦੀਆਂ ਤੁਕਾਂ ਕੇਂਦਰੀ ਭਾਵ ਦੀਆਂ ਸੂਚਕ ਹਨ। ਕਈ ਵਡੀਆਂ ਬਾਣੀਆਂ ਵਿਚ ਵੀ ‘ਰਹਾਉ’ ਦੀਆਂ ਤੁਕਾਂ ਮਿਲ ਜਾਂਦੀਆਂ ਹਨ, ਉਥੇ ਇਹ ਉਸ ਬਾਣੀ ਦੇ ਕੇਂਦਰੀ ਭਾਵ ਦੀਆਂ ਸੂਚਕ ਹਨ, ਜਿਵੇਂ ‘ਸੁਖਮਨੀ ’, ‘ਸਿਧ-ਗੋਸਟਿ’, ‘ਓਅੰਕਾਰ ’ ਆਦਿ ਵਿਚ। ਕਈਆਂ ਸ਼ਬਦਾਂ ਵਿਚ ਇਕ ਤੋਂ ਅਧਿਕ ਰਹਾਉ ਵੀ ਲਿਖੇ ਮਿਲਦੇ ਹਨ। ਇਹ ਪਹਿਲੇ ਰਹਾਉ ਦੇ ਭਾਵ ਦੀ ਪੁਸ਼ਟੀ, ਸਪੱਸ਼ਟਤਾ ਜਾਂ ਪ੍ਰਤਿ-ਉਤਰ ਦੀ ਭੂਮਿਕਾ ਨਿਭਾਉਂਦੇ ਹਨ।
ਭਾਈ ਕਾਨ੍ਹ ਸਿੰਘ (‘ਮਹਾਨਕੋਸ਼’) ਦੀ ਧਾਰਣਾ ਹੈ ਕਿ ‘ਰਹਾਉ’ ਤੋਂ ਭਾਵ ਉਹ ਪਦ ਜੋ ਗਾਉਣ ਵੇਲੇ ਬਾਰ ਬਾਰ ਅੰਤਰੇ ਪਿਛੋਂ ਵਰਤਿਆ ਜਾਵੇ। ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਵਿਚ ਜੋ ‘ਰਹਾਉ’ ਸ਼ਬਦ ਆਉਂਦਾ ਹੈ, ਉਸ ਦਾ ਇਹੀ ਭਾਵ ਹੈ। ਇਸ ਨੂੰ ਟੇਕ ਜਾਂ ਸਥਾਈ ਵੀ ਕਿਹਾ ਜਾ ਸਕਦਾ ਹੈ।
ਡਾ. ਗੁਰਨਾਮ ਸਿੰਘ (‘ਗੁਰਮਤਿ ਸੰਗੀਤ: ਪਰਬੰਧ ਤੇ ਪਾਸਾਰ’) ਅਨੁਸਾਰ ਗੁਰਮਤਿ ਸੰਗੀਤ-ਵਿਧਾਨ ਦੇ ਅੰਤਰਗਤ ਸ਼ਬਦ ਗਾਇਨ ਪ੍ਰਸਤੁਤੀ ਹਿਤ ‘ਰਹਾਉ’ ਦਾ ਕੇਂਦਰਕਾਰੀ ਅਤੇ ਵਿਸ਼ੇਸ਼ ਮਹੱਤਵ ਹੈ। ‘ਰਹਾਉ’ ਦੀ ਤੁਕ ਵਿਚ ਸ਼ਬਦ-ਰਚਨਾ ਦਾ ਕੇਂਦਰੀ ਭਾਵ ਮੌਜੂਦ ਹੁੰਦਾ ਹੈ, ਜਿਸ ਨੇ ਕੇਂਦਰਕਾਰੀ ਸੰਚਾਲਕ ਸ਼ਕਤੀ ਵਜੋਂ ਕਾਰਜਸ਼ੀਲ ਹੋਣਾ ਹੈ।
ਸੰਖੇਪ ਵਿਚ, ਕਿਸੇ ਸ਼ਬਦ ਵਿਚ ‘ਰਹਾਉ’ ਦੀ ਸਥਿਤੀ ਆਧਾਰ-ਸ਼ਿਲਾ ਵਲੀ ਹੈ ਕਿਉਂਕਿ ਇਸ ਵਿਚ ਸ਼ਬਦ ਦਾ ਕੇਂਦਰੀ ਭਾਵ ਸਮੋਇਆ ਹੋਇਆ ਹੁੰਦਾ ਹੈ। ਧਿਆਨ ਰਹੇ ਕਿ ਜੇ ‘ਰਹਾਉ’ ਵਾਲੀ ਤੁਕ ਨੂੰ ਸਥਾਈ ਬਣਾਉਣ ਦੀ ਥਾਂ’ਤੇ ਉਸ ਸ਼ਬਦ ਦੀ ਕਿਸੇ ਹੋਰ ਤੁਕ ਨੂੰ ਸਥਾਈ ਬਣਾਇਆ ਜਾਏ ਤਾਂ ਸ਼ਬਦ ਦਾ ਪੂਰਾ ਭਾਵ ਹੀ ਬਦਲ ਜਾਂਦਾ ਹੈ। ਜਿਵੇਂ ਕਿਸੇ ਇਕ ਰਾਗ ਦਾ ਸ਼ਬਦ ਕਿਸੇ ਦੂਜੇ ਰਾਗ ਵਿਚ ਗਾਉਣ ਨਾਲ ਉਸ ਦਾ ਪ੍ਰਭਾਵ ਬਦਲ ਜਾਂਦਾ ਹੈ, ਉਸੇ ਤਰ੍ਹਾਂ ‘ਰਹਾਉ’ ਵਾਲੀ ਤੁਕ ਨੂੰ ਕਿਸੇ ਹੋਰ ਤੁਕ ਨਾਲ ਬਦਲਣ’ਤੇ ਸ਼ਬਦ ਦਾ ਪ੍ਰਭਾਵ ਵਿਖੰਡਿਤ ਹੋ ਜਾਂਦਾ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8908, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਰਹਾਉ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਰਹਾਉ (ਸੰ.। ਦੇਸ਼ ਭਾਸ਼ਾ) ਰਾਗ ਵਿਦ੍ਯਾ ਵਿਚ ਸਥਾਈ , ਟੇਕ। ਗਵੱਯੇ ਜਿਸ ਹਿੱਸੇ ਗੌਣ ਦੇ ਤੇ ਬਾਰ ਬਾਰ ਆ ਕੇ ਟਿਕਣ, ਉਹ ਸਥਾਈ ਯਾ ਟੇਕ ਯਾ ਰਹਾਉ ਹੈ, ਜੈਸਾ ਕਿ ‘ਰਹਿ ਰਹਿ ਕਹੀਏ ਏਕ ਸ੍ਵਰ ਸਥਾਈ ਤਾਕੋ ਨਾਮ*’। ਇਹ ਸਿਰਲੇਖ ਸ਼ਬਦਾਂ ਦੇ ਵਿਚ ਬਹੁਤ ਲਿਖਿਆ ਹੈ ਅਤੇ ਰਹਾਉ ਦੇ ਪਹਿਲੇ ੧ ਏਕੜਾ ਵੀ ਲਿਖਿਆ ਹੋਇਆ ਹੈ ਭਾਵ ਇਕ ਰਹਾਉ ਜਾਂ ਰਹਾਉ ਪਹਿਲਾ ਹੈ, ਕਿਉਂਕਿ ਇਕੇ ਸ਼ਬਦ ਵਿਚ ਰਹਾਉ ਦੂਜਾ , ਰਹਾਉ ਤੀਜਾ ਕਰ ਕੇ ਵੀ ਆਇਆ ਹੈ। ਇਕ ਦੀ ਸੂਚਨਾ ਦੂਜੇ ਤੀਜੇ ਤੋਂ ਅੱਡਰੀ ਕਰਨ ਲਈ ਹੈ।
੨. ਅਰਥ ਕਰਨ ਵਿਚ ਰਹਾਉ ਦਾ ਭਾਵ ਇਹ ਬੀ ਹੈ ਕਿ ਸ਼ਬਦ ਦੇ ਅਰਥ ਦਾ ਕ੍ਰਮ ਰਹਾਉ ਦੀ ਤੁਕ ਤੋਂ ਚੁਕਿਆਂ ਬਿਵਸਥਾ ਠੀਕ ਲਗਦੀ ਜਾਂਦੀ ਹੈ।
੩. (ਕ੍ਰਿ.। ਪੰਜਾਬੀ ਰਹਿਣਾ ਤੋਂ) ਰਹੋ , ਟਿਕੋ। ਯਥਾ-‘ਭਾਈ ਰੇ ਗੁਰਮਤਿ ਸਾਚਿ ਰਹਾਉ’।
----------
* ਦੇਖੋ , ਬਾਣੀ ਬੇਉਰਾ, ਕ੍ਰਿਤ ਡਾਕਟਰ ਚਰਨ ਸਿੰਘ ਜੀ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8911, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no
ਰਹਾਉ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਰਹਾਉ :‘ਰਹਾਉ’ ਦੇ ਅਰਥ ਹਨ ਰਹਿਣ ਦੀ ਕ੍ਰਿਆ ਜਾਂ ਇਕ ਥਾਂ ਠਹਿਰ ਜਾਣ ਦਾ ਕੰਮ, ਵਿਸ੍ਰਾਮ ਅਥਵਾ ਸਥਿਤੀ। ਗੁਰਬਾਣੀ ਦੇ ਇਕ ਸ਼ਬਦ ਵਿਚ ‘ਰਹਾਉ’ ਇਨ੍ਹਾਂ ਅਰਥਾਂ ਵਿਚ ਹੀ ਆਇਆ ਹੈ; ‘ਭਾਈ ਰੇ : ਗੁਰਮਤਿ ਸਾਚਿ ਰਹਉ’ (ਸ੍ਰੀ ਰਾਗ ਮ. 3)।
ਰਹਾਉ ਦੇ ਅਰਥ ਹੇਕ, ਸੁਰ ਜਾਂ ਪਾਠ ਦੀ ਧਾਰਣਾ ਆਦਿ ਵੀ ਹਨ। ਪਰ ਗੁਰਬਾਣੀ ਵਿਚ ‘ਰਹਾਉ’ ਸ਼ਬਦ ਟੇਕ ਦੇ ਅਰਥਾਂ ਵਿਚ ਵੀ ਵਰਤਿਆ ਗਿਆ ਹੈ। ਟੇਕ ਉਹ ਪਦ ਹੁੰਦਾ ਹੈ ਜਿਸ ਨੂੰ ਗਾਉਣ ਵਾਲੇ ਮੁੜ ਮੁੜ ਪੜ੍ਹਦੇ ਹਨ। ਇਸ ਨੂੰ ਸਥਾਈ ਵੀ ਆਖਦੇ ਹਨ। ਸੰਗੀਤ ਵਿਚ ਅੰਤਰੇ ਤੋਂ ਮਗਰੋਂ ਸਥਾਈ ਨੂੰ ਮੁੜ ਮੁੜ ਪੜ੍ਹਿਆ ਅਥਵਾ ਗਾਇਆ ਜਾਂਦਾ ਹੈ। ਮਿਸਾਲ ਦੇ ਤੌਰ ’ਤੇ ਰਾਗ ਰਾਮਕਲੀ ਦੱਖਣੀ ਦੀ ਪਹਿਲੀ ਪਉੜੀ ਮਗਰੋਂ ‘ਰਹਉ’ ਸ਼ਬਦ ਲਿਖਿਆ ਹੋਇਆ ਹੈ। ਇਸ ਦਾ ਮਤਲਬ ਇਹ ਹੈ ਕਿ ਵਾਰ ਵਿਚ ਆਉਣ ਵਾਲੀ ਹਰੇਕ ਪਉੜੀ ਦੇ ਪਾਠ ਜਾਂ ਗਾਇਨ ਮਗਰੋਂ ਰਹਾਉ ਤੋਂ ਪਹਿਲਾਂ ਆਉਣ ਵਾਲੀਆਂ ਤੁਕਾਂ ਦਾ ਪਾਠ ਅਥਵਾ ਗਾਇਨ ਕਰਨਾ ਹੈ। ਕਈ ਵਾਰ ਸਥਾਈ ਲਈ ਦੋ ਤੁਕਾਂ ਹੁੰਦੀਆਂ ਹਨ ਤੇ ਇਹ ਗਾਉਣ ਵਾਲੇ ਦੀ ਮਰਜ਼ੀ ਉੱਤੇ ਛੱਡ ਦਿੱਤਾ ਜਾਂਦਾ ਹੈ, ਜਿਸ ਸਥਾਈ ਦਾ ਗਾਇਨ ਕਰਨਾ ਚਾਹੇ ਕਰੇ ਤੇ ਜਿਸ ਨੂੰ ਛੱਡਣਾ ਚਾਹੇ ਬੇਸ਼ੱਕ ਛੱਡ ਵੀ ਦੇਵੇ। ਉੱਥੇ ਪਹਿਲੀ ਸਥਾਈ ਨਾਲ ‘ਰਹਾਉ’ ਤੇ ਦੂਜੀ ਨਾਲ ‘ਰਹਾਉ ਦੂਜਾ’ ਲਿਖ ਦਿੱਤਾ ਦਿੱਤਾ ਜਾਂਦਾ ਹੈ।
ਰਹਾਉ ਤੋਂ ਪਹਿਲਾਂ ਆਉਣ ਵਾਲੀਆਂ ਤੁਕਾਂ ਵਿਚ ਆਮ ਤੌਰ ’ਤੇ ਸਾਰੇ ਸ਼ਬਦ ਦਾ ਸਾਰ ਜਾਂ ਤੱਤ ਦਿੱਤਾ ਹੁੰਦਾ ਹੈ ਤੇ ‘ਰਹਾਉ’ ਸ਼ਬਦ ਇਕ ਤਰ੍ਹਾਂ ਨਾਲ ਪਾਠਕ ਨੂੰ ਠਹਿਰ ਜਾਣ ਦਾ ਇਸ਼ਾਰਾ ਕਰਦਾ ਹੈ ਕਿ ਪਹਿਲਾਂ ਪੜ੍ਹੀਆਂ ਗਈਆਂ ਟੂਕਾਂ ਦਾ ਭਾਵ ਸਮਝ ਕੇ ਅੱਗੇ ਤੁਰਨਾ ਹੈ। ਡਾ. ਬਚਨ ਦੇਵ ਕੁਮਾਰ ਅਨੁਸਾਰ ਇਸ ਵਿਚ ਕਿਸੇ ਪਦ ਦੇ ਭਾਵ ਨੂੰ ਗ੍ਰਹਿਣ ਕੀਤਾ ਜਾਂਦਾ ਹੈ। ਕਵੀ ਆਪਣੀ ਕਹਿਣ ਦੀ ਗੱਲ ਦੇ ਸਾਰ ਜਾਂ ਸੰਖੇਪ ਨੂੰ ਟੇਕ ਵਿਚ ਬੰਨ੍ਹਦਾ ਹੈ। ਉਸ ਨੂੰ ਆਪਣੇ ਮਨ ਵਿਚ ਗੁਣਗੁਣਾਉਂਦਾ ਹੈ ਅਤੇ ਉਸੇ ਗੁਣਗੁਣਾਹਟ ਦੀ ਸੀਮਾ ਦਾ ਵਿਸਤਾਰ ਕਰਦਿਆਂ ਕਰਦਿਆਂ ਪੂਰਾ ਪਦ ਘੜ ਦਿੰਦਾ ਹੈ। ਸਮੁੰਦਰ ਨੂੰ ਬੂੰਦ ਵਿਚ ਬੰਨ੍ਹਣ ਦਾ ਯਤਨ ਜੇ ਟੇਕ ਹੈ ਤਾਂ ਬੂੰਦ ਨੂੰ ਸਮੁੰਦਰ ਵਿਚ ਖਿਲਾਰਨ ਦੀ ਕੁਸ਼ਲਤਾ ਸਾਰੇ ਪਦ ਦੀ ਸਿਰਜਣਾ ਵਿਚ ਹੈ। ਕਈ ਲੰਮੀਆਂ ਬਾਣੀਆਂ ਜਿਵੇਂ ਕਿ ‘ਸਿਧ ਗੋਸਟਿ’ ਆਦਿ ਵਿਚ ਵੀ ਰਹਾਉ ਇਸੇ ਆਸ਼ੇ ਨੂੰ ਮੁੱਖ ਰੱਖ ਕੇ ਲਿਖਿਆ ਗਿਆ ਹੈ ਕਿ ਸਾਰੀ ਬਾਣੀ ਦਾ ਕੇਂਦਰੀ ਭਾਵ ਰਹਾਉ ਦੀਆਂ ਤੁਕਾਂ ਤੋਂ ਸਮਝ ਕੇ ਅੱਗੇ ਤੁਰਿਆ ਜਾਵੇ। ‘ਸਿਧ ਗੋਸਟਿ’ ਦੀਆਂ 73 ਪਉੜੀਆਂ ਹਨ, ਪਰ ਪਹਿਲੀ ਪਾਉੜੀ ਦੀਆਂ ਅੰਤਿਮ ਦੋ ਤੁਕਾਂ ਮਗਰੋਂ ਰਹਾਉ ਲਿਖਿਆ ਹੈ। ਇਹ ਤੁਕਾਂ ਹਨ : ‘ਕਿਆ ਭਵੀਐ ਸਚਿ ਸੂਚਾ ਹੋਇ। ਸਾਚ ਸਬਦ ਬਿਨੁ ਮੁਕਤਿ ਨ ਕੋਇ’ ।1। ਰਹਾਉ। ਸਾਰੀ ਬਾਣੀ ਦਾ ਸਾਰ ਇਹ ਪਹਿਲੀ ਪਉੜੀ ਹੈ ਤੇ ਸਾਰੀ ਬਾਣੀ ਇਸੇ ਪਉੜੀ ਦੀ ਵਿਆਖਿਆ ਮਾਤਰ ਹੈ। ਇਸੇ ਤਰ੍ਹਾਂ ਓਅੰਕਾਰ ਨਾਂ ਦੀ ਬਾਣੀ ਵਿਚ 54 ਪਉੜੀਆਂ ਹਨ, ਪਰ ਪਹਿਲੀ ਪਉੜੀ ਸਾਰੀ ਬਾਣੀ ਦਾ ਸਾਰ ਹੈ। ਇਸ ਪਾਉੜੀ ਦੀਆਂ ਅੰਤਿਮ ਤੁਕਾਂ ਅਤੇ ਰਹਾਉ ਇਸ ਤਰ੍ਹਾਂ ਆਏ ਹਨ––“ਸੁਣ ਪਾਡੇ ਕਿਆ ਲਿਖਹੁ ਜੰਜਾਲਾ। ਲਿਖੁ ਰਾਮ ਨਾਮ ਗੁਰਮੁਖਿ ਗੋਪਾਲਾ” ।1। ਰਹਾਉ। ‘ਸੁਖਮਨੀ’ ਦੀਆਂ 24 ਅਸਟਪਦੀਆਂ ਹਨ ਤੇ ਪਹਿਲੀ ਅਸਟਪਦੀ ਦੀ ਪਹਿਲੀ ਪਉੜੀ ਤੋਂ ਮਗਰੋਂ ਰਹਾਉ ਦੀਆਂ ਦੋ ਤੁਕਾਂ ਹਨ : “ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ। ਭਗਤ ਜਨਾ ਕੈ ਮਨਿ ਬਿਸ੍ਰਾਮ” ।ਰਹਾਉ।
[ਸਹਾ. ਗ੍ਰੰਥ––ਡਾ. ਬਚਨ ਦੇਵ ਕੁਮਾਰ ਸਿੰਘ : ‘ਤੁਲਸੀ ਕੇ ਭਕੑਤੑਯਾਤਮਕ ਗੀਤ’ (ਹਿੰਦੀ); ਪ੍ਰੋ. ਸਾਹਿਬ ਸਿੰਘ : ‘ਸੁਖਮਨੀ ਸਾਹਿਬ ਸਟੀਕ’]
ਲੇਖਕ : ਡਾ. ਗੁਰਦੇਵ ਸਿੰਘ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 6164, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no
ਰਹਾਉ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਰਹਾਉ : ਕਿਸੇ ਕਾਵਿ-ਰੂਪ ਦੀ ਟੇਕ, ਸਥਾਈ ਜਾਂ ਉਹ ਪਦ ਜੋ ਗਾਉਣ ਵੇਲੇ ਅੰਤਰੇ ਤੋਂ ਬਾਅਦ ਬਾਰ ਬਾਰ ਗਾਇਆ ਜਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੇ ਸ਼ਬਦਾਂ ਵਿਚ ਰਹਾਉ ਦੀਆਂ ਤੁਕਾਂ ਸ਼ਬਦ ਦੇ ਕੇਂਦਰੀ ਭਾਵ ਨੂੰ ਨਿਰੂਪਨ ਕਰਦੀਆਂ ਹਨ। ਰਹਾਉ ਦਾ ਅਰਥ ਸੁਰ, ਪਾਠ ਦੀ ਧਾਰਨਾ ਅਤੇ ਬਿਸਰਾਮ ਵੀ ਹੈ–
ਭਾਈ ਰੇ ਗੁਰਮਤਿ ਸਾਚਿ ਰਹਾਉ ‖
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਰਾਮਕਾਲੀ ਦੀ ਪਹਿਲੀ ਵਾਰ ਜਿਸ ਨੂੰ ‘ਜੋਧੇ ਵੀਰੇ ਪੂਰਬਾਣੇ ਕੀ ਧੁਨੀ ਉਪਰਿ ਗਾਵਣੀ’ ਦਾ ਆਦੇਸ਼ ਹੈ, ਦੀ ਪਹਿਲੀ ਪਉੜੀ ਦੇ ਅੰਤ ਵਿਚ ‘ਰਹਾਉ’ ਸ਼ਬਦ ਦਿੱਤਾ ਹੈ ਜਿਸ ਦਾ ਅਰਥ ਹੈ ਕਿ ਇਹ ਤੁਕ ਹਰੇਕ ਪਉੜੀ ਦੇ ਅੰਤ ਵਿਚ ਜੋੜ ਕੇ ਪੜ੍ਹਨੀ ਹੈ, ਅਰਥਾਤ ਹਰੇਕ ਪਉੜੀ ਦੇ ਅੰਤ ਵਿਚ ‘ਵਾਹੁ ਵਾਹੁ ਸਚੇ ਪਾਤਸਾਹਿ ਤੂ ਸਚੀ ਨਾਈ’ ਪੜ੍ਹਨਾ ਜ਼ਰੂਰੀ ਹੈ।
ਕਈ ਸ਼ਬਦ ਜਿਨ੍ਹਾਂ ਦੀ ਸਥਾਈ ਲਈ ਦੋ ਤੁਕਾਂ ਰਚੀਆਂ ਹਨ ਉਥੇ ਰਹਾਉ ਦੂਜਾ ਪਦ ਵਰਤਿਆ ਹੈ। ਕੀਰਤਨ ਕਰਨ ਵਾਲਾ ਦੋਹਾਂ ਰਹਾਉ ਦੇ ਪਦਿਆਂ ਵਿੱਚੋਂ ਕਿਸੇ ਨੂੰ ਵੀ ਸ਼ਬਦ ਦੀ ਸਥਾਈ ਜਾਂ ਟੇਕ ਮੰਨ ਕੇ ਗਾ ਸਕਦਾ ਹੈ। ਉਦਾਹਰਣ ਵੱਜੋਂ ਸੋਰਠਿ ਰਾਗ ਵਿਚ ਗੁਰੂ ਅਰਜਨ ਦੇਵ ਜੀ ਦਾ ਉਚਾਰਿਆ ਸ਼ਬਦ ‘ਪਾਠ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ’ ਵਿਚ ਦੋ ਰਹਾਉ ਹਨ।
ਪਹਿਲਾ -
ਪਿਆਰੇ ਇਨ ਬਿਧਿ ਮਿਲਣ ਨ ਜਾਈ ਮੈ ਕੀਏ ਕਰਮ ਅਨੇਕਾ ‖
ਹਾਰਿ ਪਰਿਓ ਸੁਆਮੀ ਕੈ ਦੁਆਰੇ ਦੀਜੈ ਬੁਧਿ ਬਿਬੇਕਾ ‖ ਰਹਾਉ‖
ਅਤੇ ਦੂਜਾ -
ਤੇਰੋ ਸੇਵਕੁ ਇਹ ਰੰਗਿ ਮਾਤਾ ‖
ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ ਹਰਿ ਹਰਿ ਕੀਰਤਨਿ ਇਹੁ ਮਨੁ ਰਾਤਾ ‖ ਰਹਾਉ ਦੂਜਾ ‖
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4009, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-18-12-45-39, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. ; ਪੰ. ਸਾ. ਕੋ. ; ਸ਼ਬਦਾਰਥ ਸ੍ਰੀ ਗੁਰੂ ਸਾਹਿਬ – ਪੋਥੀ ਦੂਜੀ, ਤੀਜੀ
ਵਿਚਾਰ / ਸੁਝਾਅ
Please Login First